ਖੰਨਾ, 24 ਦਸੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਅੰਬੇਦਕਰ ਮਿਸ਼ਨ ਦੇ ਜਨਰਲ ਸਕੱਤਰ ਪੰਜਾਬ ਸੰਜੀਵ ਕੁਮਾਰ ਸੈਨਟਰੀ ਮੇਟ ਵੱਲੋਂ ਨਗਰ ਕੌਂਸਲ ਅਧਿਕਾਰੀਆਂ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਨੌਕਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੁੜ ਤੋਂ ਗੁਹਾਰ ਲਗਾਈ ਗਈ ਹੈ | ਸੰਜੀਵ ਕੁਮਾਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇਸ ਵਿਅਕਤੀ ਖ਼ਿਲਾਫ਼ ਨਗਰ ਕੌਂਸਲ ਖੰਨਾ ਵਿਖੇ ਈ. ਓ. ਚਰਨਜੀਤ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ | ਸੰਜੀਵ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਨਗਰ ਕੌਂਸਲ ਖੰਨਾ 'ਚ ਮੁਲਾਜ਼ਮ ਹੋਣ ਬਾਰੇ ਨਗਰ ਕੌਂਸਲ ਖੰਨਾ 'ਚ ਕੋਈ ਵੀ ਰਿਕਾਰਡ ਨਹੀ ਹੈ | ਇਸ ਬਾਬਤ ਸਾਲ 2018 'ਚ ਸਾਰੇ ਕੌਂਸਲਰਾਂ ਵੱਲੋਂ ਮਤਾ ਪਾਇਆ ਗਿਆ ਸੀ ਕਿ ਇਹ ਵਿਅਕਤੀ ਕੋਈ ਵੀ ਸਰਕਾਰੀ ਮੁਲਾਜ਼ਮ ਨਹੀਂ ਹੈ, ਜਿਸਦੀ ਪੜਤਾਲ ਚੀਫ਼ ਸੈਨੇਟਰੀ ਇੰਸਪੈਕਟਰ ਵਲੋਂ ਕੀਤੀ ਗਈ ਸੀ | ਪੜਤਾਲ ਤੋਂ ਬਾਅਦ ਡਾਇਰੈਕਟਰ, ਨਗਰ ਕੌਂਸਲ ਪੰਜਾਬ ਚੰਡੀਗੜ ਵੱਲੋਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਨਗਰ ਕੌਂਸਲ ਖੰਨਾ ਨੂੰ ਹੁਕਮ ਜਾਰੀ ਕੀਤੇ ਗਏ ਸਨ | ਇਸ ਦੇ ਨਾਲ ਹੀ ਵਿਜੀਲੈਂਸ ਵਿਭਾਗ ਵੱਲੋਂ ਤੇ ਮੁੱਖ ਮੰਤਰੀ ਪੰਜਾਬ ਵਲੋਂ ਵੀ ਕਾਰਜ ਸਾਧਕ ਅਫ਼ਸਰ ਖੰਨਾ ਨੂੰ ਉਕਤ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ | ਸੰਜੀਵ ਨੇ ਦਾਅਵਾ ਕੀਤਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੰਜਾਬ ਚੰਡੀਗੜ੍ਹ 'ਚ ਦਾਇਰ ਕੀਤੀ ਰਿੱਟ ਪਟੀਸ਼ਨ 'ਤੇ ਕਾਰਵਾਈ ਕਰਦੇ ਹੋਏ ਅਦਾਲਤ ਵੱਲੋਂ ਵੀ ਉਕਤ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ | ਪ੍ਰੰਤੂ ਨਗਰ ਕੌਂਸਲ ਖੰਨਾ ਵਲੋਂ ਇਹਨਾਂ ਹੁਕਮਾਂ ਨੂੰ ਅਣ ਦੇਖਿਆ ਕੀਤਾ ਜਾ ਰਿਹਾ ਹੈ, ਜੋਕਿ ਕਾਨੂੰਨੀ ਅਪਰਾਧ ਹੈ | ਸੰਜੀਵ ਕੁਮਾਰ ਨੇ ਬੇਨਤੀ ਕੀਤੀ ਕਿ ਉਕਤ ਵਿਅਕਤੀ ਦੀ ਤਨਖ਼ਾਹ ਅਤੇ ਹੋਰ ਭੱਤੇ ਜਾਰੀ ਨਾ ਕੀਤੇ ਜਾਣ ਨਹੀਂ ਤਾਂ ਮਜਬੂਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਉਣਾ ਪਵੇਗਾ |