ਮਲੌਦ, 25 ਦਸੰਬਰ (ਦਿਲਬਾਗ ਸਿੰਘ ਚਾਪੜਾ)- ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਮਲੌਦ ਪੁਲਿਸ ਨੂੰ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਜਗਤਾਰ ਸਿੰਘ ਅਤੇ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸੂਆ ਪੁਲੀ ਰੋਸੀਆਣਾ ਵਿਖੇ ਪਿੰਡ ਸਿਆੜ੍ਹ ਵੱਲੋਂ ਆਉਂਦੇ ਵਿਅਕਤੀ ਪਾਸੋ ਇਹ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਹਨ, ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਵੀ ਕੀਤੀ | ਉਕਤ ਕਥਿਤ ਦੋਸ਼ੀ ਦੀ ਪਹਿਚਾਣ ਯਾਦਵਿੰਦਰ ਸਿੰਘ ਉਰਫ਼ ਮੰਗੂ ਪੁੱਤਰ ਅਵਤਾਰ ਸਿੰਘ ਵਾਸੀ ਸਿਆੜ੍ਹ ਵੱਜੋਂ ਹੋਈ ਹੈ, ਜਿਸ ਪਾਸੋਂ 90 ਗੋਲੀਆਂ ਅਲਪਰਾਜੋਲਮ, 450 ਕੈਪਸੂਲ ਪ੍ਰੈਗਾਬਲਿਨ ਅਤੇ 700 ਬਿਨ੍ਹਾਂ ਮਾਰਕਾ ਚਿੱਟੀਆਂ ਗੋਲੀਆਂ ਬਰਾਮਦ ਹੋਈਆਂ ਹਨ | ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਇਨ੍ਹਾਂ ਨਸ਼ੀਲੀਆਂ ਗੋਲੀਆਂ ਸਬੰਧੀ ਕੋਈ ਮੈਡੀਕਲ ਬਿੱਲ, ਡਾਕਟਰੀ ਪਰਚੀ ਜਾਂ ਲਾਇਸੰਸ ਪੇਸ਼ ਨਹੀਂ ਕਰ ਸਕਿਆ, ਇਸ ਲਈ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |