ਕੌਂਸਲ ਮੀਟਿੰਗ ਵਿਚ ਹੰਗਾਮਾ, ਵਾਰਡਬੰਦੀ ਦੇ ਮਾਮਲੇ 'ਤੇ ਆਪ ਤੇ ਕਾਂਗਰਸੀ ਕੌਂਸਲਰਾਂ ਵਿਚ ਬਹਿਸਬਾਜ਼ੀ, ਭਾਜਪਾ ਨੇ ਕੀਤਾ ਮੁਜ਼ਾਹਰਾ
ਅਜੀਤ ਡੈਸਕ
30-12-2025
ਮੀਟਿੰਗ ਵਿਚ ਪਾਸ ਹੋਏ ਮਤੇ
ਅੱਜ ਪਾਸ ਕੀਤੇ ਮਤਿਆਂ ਵਿਚ ਸਿਟੀ 1 ਤੇ ਸਿਟੀ 2 ਇਲਾਕਿਆਂ ਵਿਚ ਸਾਫ਼ ਸਫ਼ਾਈ ਲਈ ਸਾਰੇ ਵਾਰਡਾਂ ਵਿਚ ਸਫ਼ਾਈ ਸੇਵਕਾਂ ਲਈ ਰੱਖੇ 59.98 - 59.98 ਲੱਖ ਰੁਪਏ ਦੇ ਖਰਚੇ ਦਾ ਮਤਾ ਪਾਸ ਕਰ ਦਿੱਤਾ ਗਿਆ |
ਇਸ ਮੌਕੇ ਆਵਾਰਾ ਕੁੱਤਿਆਂ ਲਈ ਸ਼ੈਲਟਰ ਹਾਊਸ ਬਣਾਉਣ ਲਈ ਜਗਾ ਦੇਣ ਸਬੰਧੀ ਕਰਵਾਉਣ ਸਬੰਧੀ ਮਤਾ ਵੀ ਪਾਸ ਕੀਤਾ ਗਿਆ | ਨਗਰ ਕੌਂਸਲ ਖੰਨਾ ਵਲੋਂ ਓਲਡ ਡਿਸਪੋਜ਼ਲ ਸਮਰਾਲਾ ਰੋਡ ਵਿਖੇ ਸ਼ੈਲਟਰ ਹਾਊਸ ਬਣਾਉਣ ਦਾ ਫ਼ੈਸਲਾ ਕੀਤਾ ਗਿਆ, ਇਹ ਜਗਾ ਨਗਰ ਕੌਂਸਲ ਖੰਨਾ ਦੀ ਮਲਕੀਅਤ ਹੈ ਤੇ ਇਸ ਦੇ ਆਸ ਪਾਸ ਆਬਾਦੀ ਵੀ ਘੱਟ ਹੈ | ਆਵਾਰਾ ਕੁੱਤਿਆਂ ਨੂੰ ਸ਼ੈਲਟਰ ਹਾਉਸ ਲੈ ਕੇ ਜਾਣ ਸੰਬੰਧੀ ਕੌਂਸਲਰ ਸਰਵਦੀਪ ਸਿੰਘ ਕਾਲੀਰਾਉ ਨੇ ਕਿਹਾ ਕਿ ਜਦੋਂ ਇਨ੍ਹਾਂ ਨੂੰ ਫੜਿਆ ਜਾਂਦਾ ਹੈ ਤਾਂ ਕੁੱਝ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ | ਇਸ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਵੀ ਨਾਲ ਦਿਖਾਈ ਜਾਵੇ ਤਾਂ ਕਿ ਲੋਕ ਇਸ ਦਾ ਵਿਰੋਧ ਨਾ ਕਰਨ |
ਇਸ ਮੌਕੇ ਨਗਰ ਕੌਂਸਲ ਵੱਲੋਂ ਨਵੀ ਟਰੱਕ ਮਾਊਾਟਡ ਰੋਡ ਸਵੀਪਿੰਗ ਮਸ਼ੀਨ ਦਾ ਸੰਚਾਲਨ ਅਤੇ ਰੱਖ-ਰੱਖਾਅ ਲਈ ਅਗਲੇ 2 ਸਾਲਾਂ ਲਈ ਨਵੇਂ ਐਸਟੀਮੇਟ ਤਿਆਰ ਕਰਨ ਦੀ ਪ੍ਰਵਾਨਗੀ ਲਈ ਰੱਖਿਆ ਮਤਾ ਵੀ ਪਾਸ ਕਰ ਦਿੱਤਾ ਗਿਆ | ਜਦੋਂ ਕਿ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਅਤੇ ਸੋਰਸ ਸੈਗਰੀਗ੍ਰੇਸ਼ਨ ਦੇ ਕੰਮ ਸੰਬਧੀ ਯੂਜਰ ਚਾਰਜਿਜ ਕੂਲੈਕਟ ਕਰਨ ਲਈ 15 ਵਿਅਕਤੀ ਡੀ. ਸੀ. ਰੇਟ ਉਪਰ ਰੱਖਣ ਲਈ ਤਖ਼ਮੀਨੇ ਤਿਆਰ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਗਈ |
ਸਫ਼ਾਈ ਸੇਵਕਾਂ, ਸੀਵਰਮੈਨਾਂ, ਮਾਲੀ, ਬੇਲਦਾਰਾਂ, ਸੇਵਾਦਾਰਾਂ, ਹੈਲਪਰਾਂ, ਇਲੈਕਟਰੀਕਲ, ਟਿਊਬਲ ਅਪਰੇਟਰਾਂ ਦੀਆਂ ਸਾਲ 2025 - 26 ਦੀਆਂ ਵਰਦੀਆਂ ਦੇਣ ਲਈ 211606 ਰੁਪਏ ਦੇ ਖਰਚੇ ਦਾ ਮਤਾ ਵੀ ਪਾਸ ਕਰ ਦਿੱਤਾ ਗਿਆ |
ਸਫ਼ਾਈ ਕਰਮੀਆਂ ਦੀਆਂ ਤਨਖ਼ਾਹਾਂ ਵਧਾਉਣ ਲਈ ਕੌਂਸਲਰ ਨੀਨੂੰ ਤੇ ਬੱਬੂ ਨੇ ਦਿੱਤਾ ਮੰਗ ਪੱਤਰ
ਮੀਟਿੰਗ ਵਿਚ ਕੌਂਸਲਰ ਹਰਦੀਪ ਨੀਨੂੰ ਤੇ ਰਵਿੰਦਰ ਬੱਬੂ ਨੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਫਾਈ ਕਰਮੀਆਂ ਤੇ ਸੀਵਰਮੈਨਾਂ ਦੀਆਂ ਤਨਖ਼ਾਹਾਂ ਵਧਾਈਆਂ ਜਾਣ, ਸਰਕਾਰੀ ਭੱਤੇ ਦਿੱਤੇ ਜਾਣ, ਸਫ਼ਾਈ ਕਰਮਚਾਰੀਆਂ ਸੁਰੱਖਿਆ ਅਤੇ ਜ਼ਰੂਰੀ ਸਮਾਨ ਦਿੱਤਾ ਜਾਵੇ ਸਮੇਹ ਕੁੱਝ ਹੋਰ ਮੰਗਾਂ ਪੂਰੀਆਂ ਕਰਨ ਲਈ ਕਿਹਾ ਗਿਆ |
ਨਵੀਂ ਵਾਰਡਬੰਦੀ ਦੇ ਵਿਰੋਧ ਚ ਭੇਜੇ ਨੋਟਿਸ ਦੇ ਮਾਮਲੇ ਤੇ ਹੋਇਆ ਸਖ਼ਤ ਹੰਗਾਮਾ
ਮੀਟਿੰਗ ਵਿਚ ਵਾਰਡ ਨੰਬਰ 4 ਦੇ ਕੌਂਸਲਰ ਅਮਰੀਸ਼ ਕਾਲੀਆ, ਸਾਬਕਾ ਪ੍ਰਧਾਨ ਵਿਕਾਸ ਮਹਿਤਾ ਅਤੇ ਹੋਰ ਕੌਂਸਲਰਾਂ ਵਲੋਂ ਸਥਾਨਕ ਸਰਕਾਰ ਵਿਭਾਗ, ਪੰਜਾਬ ਦੇ ਉੱਚ-ਅਧਿਕਾਰੀਆਂ, ਕਾਰਜ ਸਾਧਕ ਅਫਸਰ, ਨਗਰ ਕੌਂਸਲ, ਖੰਨਾ ਨੂੰ ਵਕੀਲ ਰਾਹੀਂ ਇੱਕ ਨੋਟਿਸ ਭਿਜਵਾਇਆ ਗਿਆ ਸੀ, ਜਿਸ ਵਿਚ ਨਵੀਂ ਵਾਰਡਬੰਦੀ ਦੀਆਂ ਗੰਭੀਰ ਊਣਤਾਈਆਂ ਤੇ ਇਸ 'ਤੇ ਰੂਲਜ਼ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਵਾਰਡਬੰਦੀ 2025-26 ਨੂੰ ਰੱਦ ਕਰਨ, ਰੋਕਣ ਦੀ ਮੰਗ ਕੀਤੀ ਗਈ ਹੈ | ਮੀਟਿੰਗ ਦੌਰਾਨ ਇਸ ਮਤੇ ਨੂੰ ਵੀ ਵਿਚਾਰਿਆ ਗਿਆ | ਭੇਜੇ ਨੋਟਿਸ ਵਿਚ ਨਗਰ ਕੌਂਸਲ ਦੇ ਹਾਊਸ ਦੀ ਸਹਿਮਤੀ ਤੋਂ ਬਿਨ੍ਹਾ ਨਵੀਂ ਵਾਰਡਬੰਦੀ ਲਈ ਕਾਰਵਾਈ ਜਾਣ ਦੇ ਦੋਸ਼ ਲਗਾਏ ਗਏ | ਨਗਰ ਕੌਂਸਲ ਖੰਨਾ ਨਵੀਂ ਵਾਰਡਬੰਦੀ 2015 ਵਿਚ ਹੀ ਹੋਈ ਸੀ | ਇਸ ਲਈ ਅਜੇ ਨਵੀਂ ਵਾਰਡਬੰਦੀ ਦੀ ਅਜੇ ਕੋਈ ਲੋੜ ਨਹੀਂ ਹੈ ਕਿਉਂ ਕਿ ਨਗਰ ਕੌਂਸਲ ਦੀਆਂ ਹੱਦਾਂ ਵਿਚ 2015 ਦੀ ਵਾਰਡਬੰਦੀ ਤੋਂ ਬਾਅਦ ਕੋਈ ਵਾਧਾ ਜਾਂ ਘਾਟਾ ਨਹੀਂ ਹੋਇਆ, ਜਿਸ ਕਾਰਨ ਵਾਰਡਬੰਦੀ ਦੀ ਕੋਈ ਲੋੜ ਨਹੀਂ ਹੈ, ਸ਼ਹਿਰ ਦੀ ਆਬਾਦੀ ਵਿਚ ਵੀ ਕੋਈ ਖ਼ਾਸ ਫ਼ਰਕ ਨਹੀਂ ਪਿਆ, ਦੋਸ਼ ਲਾਇਆ ਗਿਆ ਕਿ ਕਾਰਜ ਸਾਧਕ ਅਫ਼ਸਰ ਵਲੋਂ ਕੌਂਸਲ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਅਤੇ ਪ੍ਰਧਾਨ ਨਗਰ ਕੌਂਸਲ ਦੀ ਸਹਿਮਤੀ ਤੋਂ ਬਿਨ੍ਹਾ ਹੀ ਵਾਰਡਬੰਦੀ ਲਈ ਸਬ-ਕਮੇਟੀ ਦੇ ਮੈਂਬਰਾਂ ਦੀ ਤਜਵੀਜ਼ ਭੇਜਣਾ ਸਰਾਸਰ ਗਲਤ ਤੇ ਨਿਯਮਾਂ ਦੇ ਉਲਟ ਹੈ, ਉਨ੍ਹਾਂ ਕਿਹਾ ਕਿ ਵਾਰਡਬੰਦੀ ਦਾ ਕੰਮ ਬਿਨ੍ਹਾ ਟੈਂਡਰ ਦੇ ਕੀਤਾ ਗਿਆ | ਕੁਟੇਸ਼ਨਾਂ ਪ੍ਰਧਾਨ ਦੀ ਸਹਿਮਤੀ ਤੋਂ ਬਿਨ੍ਹਾਂ ਫਾਈਨਲ ਕੀਤੀਆਂ ਗਈਆਂ, ਜੋ ਨਿਯਮਾਂ ਦੇ ਉਲਟ ਹੈ, ਇਸ ਦੇ ਨਾਲ ਹੀ ਕਈ ਕੌਂਸਲਾਂ ਦੀ ਵਾਰਡਬੰਦੀ 'ਤੇ ਮਾਨਯੋਗ ਹਾਈਕੋਰਟ ਚੰਡੀਗੜ੍ਹ ਵਲੋਂ ਰੋਕ ਲਗਾਉਣ ਦਾ ਉੱਲੇਖ ਵੀ ਕੀਤਾ ਗਿਆ ਹੈ | ਕੌਂਸਲ ਪ੍ਰਧਾਨ ਕਮਲਜੀਤ ਲੱਧੜ ਸਮੇਤ ਕੌਂਸਲਰਾਂ ਨੇ ਵਾਰਡਬੰਦੀ ਨੂੰ ਗੈਰਕਨੂੰਨੀ ਦੱਸਦੇ ਹੋਏ ਜੰਮਕੇ ਵਿਰੋਧ ਕੀਤਾ ਗਿਆ ਅਤੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਇਆਂ ਗਈਆਂ ਹਨ |
ਉਪਰੋਕਤ ਮਤੇ ਨੂੰ ਲੈ ਕੇ 10 ਆਪ ਕੌਂਸਲਰਾਂ ਅਤੇ 1 ਭਾਜਪਾ ਦੀ ਮਹਿਲਾ ਕੌਂਸਲਰ ਵੱਲੋਂ ਕਾਂਗਰਸ ਤੇ ਵਿਕਾਸ ਕੰਮਾਂ ਵਿਚ ਰੋੜੇ ਅਟਕਾਉਣ, ਕੌਂਸਲ ਦੇ ਪ੍ਰਧਾਨ ਤੇ ਭਿ੍ਸ਼ਟਾਚਾਰ ਕਰਨ ਦੀਆਂ ਤਖ਼ਤੀਆਂ ਫੜ ਕੇ ਵਿਰੋਧ ਕੀਤਾ ਗਿਆ | ਇਸ ਮੌਕੇ ਬੋਲਦੇ ਹੋਏ ਕੌਂਸਲਰ ਪਰਮਪ੍ਰੀਤ ਸਿੰਘ ਪੋਂਪੀ ਨੇ ਕਿਹਾ ਕਿ ਵਾਰਡਬੰਦੀ ਸਬੰਧੀ ਸਭ ਤੋਂ ਪਹਿਲਾ ਇੱਕ ਚਿੱਠੀ ਵਿਭਾਗ ਵੱਲੋਂ ਕੌਂਸਲ ਨੂੰ ਭੇਜ ਦਿੱਤੀ ਗਈ ਸੀ | ਜਿਸ ਨੂੰ ਲੈ ਕੇ ਵਾਰਡ ਬੰਦੀ ਦੀ ਪ੍ਰਕੀਰੀਆ ਸ਼ੁਰੂ ਹੋ ਗਈ ਸੀ ਉਸ ਸਮੇਂ ਕੌਂਸਲ ਪ੍ਰਧਾਨ ਤੇ ਕਾਂਗਰਸੀ ਕੌਂਸਲਰਾਂ ਵੱਲੋਂ ਵਿਰੋਧ ਕਿਉ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ 3 ਦਸੰਬਰ 2025 ਨੂੰ ਮੁੜ ਫਿਰ ਵਾਰਡਬੰਦੀ ਸਬੰਧੀ ਚਿੱਠੀ ਆਈ ਅਤੇ ਪ੍ਰਧਾਨ ਖ਼ੁਦ 9 ਦਸੰਬਰ 25 ਦੀ ਮੀਟਿੰਗ ਵਿਚ ਹਾਜ਼ਰ ਹੋਏ | ਉਸ ਵੇਲੇ ਵੀ ਵਿਰੋਧ ਨਹੀਂ ਜਿਤਾਇਆ | ਹੁਣ ਜਦੋਂ ਵਾਰਡਬੰਦੀ ਦਾ ਨੋਟੀਫ਼ਿਕੇਸ਼ਨ ਹੋ ਗਿਆ ਤਾਂ ਸ਼ਹਿਰਵਾਸੀਆਂ ਨੂੰ ਗੁਮਰਾਹ ਕਰਨ ਲਈ ਇਹ ਮੀਟਿੰਗ ਰੱਖ ਕੇ ਡਰਾਮਾ ਰਚਿਆ ਗਿਆ ਹੈ | ਜਦੋਂ ਕਿ ਵਾਰਡ ਬੰਦੀ ਸਬੰਧੀ ਮੀਟਿੰਗ ਰੱਖਣ ਦਾ ਪ੍ਰਧਾਨ ਕੋਲ ਕੋਈ ਅਧਿਕਾਰ ਹੀ ਨਹੀਂ ਹੈ |
ਕਿਹੜੇ-ਕਿਹੜੇ ਕੌਂਸਲਰ ਸ਼ਾਮਿਲ ਹੋਏ ਮੀਟਿੰਗ ਵਿਚ
ਇਸ ਮੌਕੇ ਕੌਂਸਲਰ ਜਤਿੰਦਰ ਪਾਠਕ, ਸ਼ਮਿੰਦਰ ਸਿੰਘ ਮਿੰਟੂ, ਗੁਰਮੀਤ ਨਾਗਪਾਲ, ਗੌਰਵ ਵਿਜਨ, ਸ਼ਿਲਪਾ ਤਿਵਾੜੀ, ਸੁਖਵਿੰਦਰ ਕੌਰ, ਸੁਰਿੰਦਰ ਕੁਮਾਰ ਬਾਵਾ, ਹਰਦੀਪ ਸਿੰਘ ਨੀਨੂੰ, ਨੀਰੂ ਰਾਣੀ, ਪਰਮਜੀਤ ਕੌਰ, ਰਾਖੀ ਮਨੋਚਾ, ਪ੍ਰਭਜੋਤ ਕੌਰ, ਰੂਬੀ ਭਾਟੀਆ, ਅੰਜਨਜੀਤ ਕੌਰ, ਅਮਰੀਸ਼ ਕਾਲੀਆ, ਰੀਟਾ ਰਾਣੀ, ਸੁਨੀਲ ਕੁਮਾਰ ਨੀਟਾ, ਸੰਦੀਪ ਘਈ, ਕੌਂਸਲਰ ਪਰਮਪ੍ਰੀਤ ਪੋਂਪੀ, ਸਰਬਜੀਤ ਕਾਲੀਰਾਉ, ਸੁਖਮਨਜੀਤ ਸਿੰਘ, ਅਮਨਪ੍ਰੀਤ ਕੌਰ, ਦਲਜੀਤ ਕੌਰ, ਅਮਰਜੀਤ ਕੌਰ, ਮੰਜੂ ਰਾਣੀ, ਸੁਖਦੇਵ ਮਿੱਡਾ, ਰਜਨੀ ਫੱਲੀ, ਏਜੰਡਾ ਕਲਰਕ ਸੰਜੀਵ ਕਪੂਰ, ਅਨਿਲ ਕੁਮਾਰ, ਹਰਪਾਲ ਸਿੰਘ, ਸਵਿਤਾ ਜੋਸ਼ੀ, ਸੰਜੀਵ ਕੁਮਾਰ, ਸੰਦੀਪ ਸਿੰਘ ਜੇਈ, ਹਿੰਮਤ ਸਿੰਘ ਤੇ ਅਮਰਪਾਲ ਵਾਲੀਆ ਸਮੇਤ ਕੌਂਸਲ ਅਮਲਾ ਹਾਜ਼ਰ ਸੀ |
ਭਾਜਪਾ ਨੇ ਨਵੀਂ ਵਾਰਡਬੰਦੀ ਖਿਲਾਫ਼ ਕੀਤਾ ਜ਼ੋਰਦਾਰ ਮੁਜ਼ਾਹਰਾ
ਅੱਜ ਭਾਜਪਾ ਖੰਨਾ ਮੰਡਲ ਦੇ ਪ੍ਰਧਾਨ ਅਮਿਤ ਭਾਟੀਆ ਅਤੇ ਬਿੰਨੀ ਮਲਹੋਤਰਾ ਦੀ ਅਗਵਾਈ ਹੇਠ ਖੰਨਾ ਕੌਂਸਲ ਦੀ ਨਵੀਂ ਵਾਰਡਬੰਦੀ ਨੂੰ ਗਲਤ ਕਰਾਰ ਦਿੰਦਿਆਂ ਹੋਇਆ ਇਸ ਵਿਰੁੱਧ ਰੋਸ ਮੁਜ਼ਾਹਰਾ ਕੀਤਾ | ਇਸ ਵਿਰੋਧ ਪ੍ਰਦਰਸ਼ਨ ਵਿਚ ਭਾਜਪਾ ਦੇ ਸੂਬਾ ਬੁਲਾਰੇ ਅਤੇ ਸਾਬਕ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੂਬਾ ਭਾਜਪਾ ਮੈਂਬਰ ਅਨੁਜ ਛਾਹੜੀਆ ਅਤੇ ਸੂਬਾ ਭਾਜਪਾ ਓਬੀਸੀ ਮੋਰਚੇ ਦੇ ਉਪ ਪ੍ਰਧਾਨ ਸੁਧੀਰ ਸੋਨੂੰ ਵੀ ਸ਼ਾਮਲ ਸਨ | ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੰਨਾ ਵਿੱਚ ਲਾਗੂ ਕੀਤੀ ਗਈ ਵਾਰਡਬੰਦੀ ਵਾਰਡਬੰਦੀ ਨਹੀਂ ਹੈ, ਸਗੋਂ ਇੱਕ ਪਾੜਬੰਦੀ ਹੈ ਜਿਸ ਨੇ ਹਰੇਕ ਮੁਹੱਲੇ ਨੂੰ ਚਾਰ ਜਾਂ ਪੰਜ ਹਿੱਸਿਆਂ ਵਿੱਚ ਵੰਡ ਦਿੱਤਾ ਹੈ | ਇਸ ਨਾਲ ਖੰਨਾ ਸ਼ਹਿਰ ਦੀ ਸਫ਼ਾਈ ਵਿਵਸਥਾ ਤਬਾਹ ਹੋ ਜਾਵੇਗੀ | ਕਈ ਵਾਰਡ ਲਗਭਗ 2-2 ਅਤੇ 3-3 ਕਿੱਲੋਮੀਟਰ ਇਲਾਕੇ ਵਿਚ ਫੈਲੇ ਹੋਏ ਹਨ | ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦੀ ਟੀਮ ਨੇ ਅੱਜ ਨਗਰ ਕੌਂਸਲ ਦਾ ਦੌਰਾ ਕੀਤਾ, ਤਾਂ ਉਨ੍ਹਾਂ ਨੂੰ ਵਾਰਡਾਂ ਦਾ ਨਕਸ਼ਾ ਵੀ ਨਹੀਂ ਦਿਖਾਇਆ ਗਿਆ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹਨ | ਕਾਂਗਰਸ ਨੇ ਵੀ ਸ਼ਹਿਰ ਦਾ ਵਿਕਾਸ ਨਹੀਂ ਕੀਤਾ ਹੈ, ਅਤੇ ਆਮ ਆਦਮੀ ਪਾਰਟੀ ਨੇ ਭਿ੍ਸ਼ਟਾਚਾਰ ਤੋਂ ਇਲਾਵਾ ਕੁੱਝ ਨਹੀਂ ਕੀਤਾ ਹੈ | ਇਸ ਮੌਕੇ ਜਤਿੰਦਰ ਗੁਲਸ਼ਨ, ਮੋਹਿਤ, ਦੀਪਕ ਵਰਮਾ, ਪ੍ਰਦੀਪ ਕਪੂਰ, ਅਸ਼ੋਕ ਕੁਮਾਰ, ਕਵੀਸ਼, ਪਵਨ ਕੁਮਾਰ, ਰਿਸ਼ੀਦੇਵ ਸ਼ਾਸਤਰੀ ਆਦਿ ਹਾਜ਼ਰ ਸਨ |