ਮਹਿਲ ਕਲਾਂ, 31 ਮਈ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਹਰਦਾਸਪੁਰਾ ਨਾਲ ਸਬੰਧਿਤ ਦੋ ਧਿਰਾਂ ਦਰਮਿਆਨ ਹੋ ਰਹੀ ਖ਼ੂਨੀ ਝੜਪ ਦੀ ਵੱਖ-ਵੱਖ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦੇ ਮਾਮਲੇ ਵਿਚ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਐੱਸ.ਪੀ. (ਡੀ.) ਅਸ਼ੋਕ ਸ਼ਰਮਾ, ਡੀ.ਐੱਸ.ਪੀ ਜਤਿੰਦਰਪਾਲ ਸਿੰਘ ਅਤੇ ਸੀ.ਆਈ.ਏ ਸਟਾਫ਼ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਪੈ੍ਰਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਦੋ ਵਿਅਕਤੀਆਂ ਦਰਮਿਆਨ ਮਾਮੂਲੀ ਲੈਣ ਦੇਣ ਅਤੇ ਗੁਰਦੁਆਰਾ ਭਗਤ ਰਵਿਦਾਸ ਪਿੰਡ ਹਰਦਾਸਪੁਰਾ ਤੋਂ ਹੋਈ ਇਕ ਵਿਵਾਦਿਤ ਅਨਾੳਾੂਸਮੈਂਟ ਦਾ ਮਾਮਲਾ ਖ਼ੂਨੀ ਝੜਪ ਅਤੇ ਆਪਸੀ ਵੱਡੇ ਟਕਰਾਅ ਵਿਚ ਬਦਲ ਗਿਆ | ਪੁਲਿਸ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਵੱਖ-ਵੱਖ ਧਰਾਵਾਂ ਤਹਿਤ ਦੋਵਾਂ ਧਿਰਾਂ ਦੇ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਦੋ ਮੁਕੱਦਮੇ ਮੁਕੱਦਮਾ ਨੰਬਰ 33 ਅਤੇ 34 ਪੁਲਿਸ ਥਾਣਾ ਮਹਿਲ ਕਲਾਂ ਵਿਖੇ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਐੱਸ.ਪੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਗ੍ਰੰਥੀ ਬਲਜੀਤ ਸਿੰਘ ਤੇ ਸਤਪਾਲ ਸਿੰਘ ਦਰਮਿਆਨ ਕਿਸੇ ਮਾਮਲੇ ਨੂੰ ਲੈ ਕੇ ਆਪਸੀ ਖਹਿਬਾਜ਼ੀ ਚੱਲ ਰਹੀ ਸੀ, ਬਲਜੀਤ ਸਿੰਘ ਬਾਬਾ ਡਾਲੀ ਕਰਨ ਦਾ ਕੰਮ ਕਰਦਾ ਹੈ ਤੇ ਹਰਦਾਸਪੁਰਾ ਦੇ ਗੁਰਦੁਆਰਾ ਭਗਤ ਰਵਿਦਾਸ ਵਿਖੇ ਸੇਵਾ ਨਿਭਾ ਰਿਹਾ ਹੈ ਤੇ ਜਦਕਿ ਸਤਪਾਲ ਸਿੰਘ ਲੱਕੜੀ ਦਾ ਕੰਮ ਕਰਦਾ ਹੈ | ਮਿਤੀ 27 ਮਈ ਨੂੰ ਪ੍ਰਧਾਨ ਮਲਕੀਤ ਸਿੰਘ ਨੇ ਗੁਰਦੁਆਰਾ ਭਗਤ ਰਵਿਦਾਸ ਦੇ ਲਾਊਡ ਸਪੀਕਰ ਤੋਂ ਅਨਾੳਾੂਸਮੈਂਟ ਕਰਵਾਈ ਕਿ ਸਤਪਾਲ ਸਿੰਘ ਨੇ ਗ੍ਰੰਥੀ ਬਲਜੀਤ ਸਿੰਘ ਦੀ ਕੁੱਟਮਾਰ ਕੀਤੀ ਹੈ | ਜਿਸ ਦੀ ਰੰਜਸ਼ ਵਿਚ ਸਤਪਾਲ ਸਿੰਘ ਹੋਰਾਂ ਵਲੋਂ ਮਾਰੂ ਹਥਿਆਰਾਂ ਨਾਲ ਸੁਖਦੇਵ ਸਿੰਘ ਦੀ ਕੁੱਟਮਾਰ ਕੀਤੀ ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ | ਪੁਲਿਸ ਵਲੋਂ ਮੁਕੱਦਮਾ ਨੰਬਰ 34 ਵਿਚ ਮੁੱਦਈ ਸਤਪਾਲ ਸਿੰਘ ਦੇ ਭਰਾ ਪਲਵਿੰਦਰ ਸਿੰਘ ਦੇ ਘਰ ਅੰਦਰ ਵੜ ਕੇ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਤੇ ਉਸ ਦੇ ਭਰਾ ਭਤੀਜਿਆਂ ਵਲੋਂ ਸਤਪਾਲ ਸਿੰਘ ਤੇ ਪਿਤਾ ਨਿਰੰਜਣ ਸਿੰਘ ਦੀ ਕੁੱਟਮਾਰ ਕੀਤੀ ਅਤੇ ਤੇ ਪਿੰਡ ਦੇ ਬਰੋਟੇ ਹੇਠਾਂ ਸਤਪਾਲ ਸਿੰਘ ਤੇ ਉਸ ਦੀ ਪਤਨੀ ਲਖਵਿੰਦਰ ਕੌਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਸਮੇਤ 28 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਪੁਲਿਸ ਵਲੋਂ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਸਤਪਾਲ ਸਿੰਘ ਹਸਪਤਾਲ ਏਮਜ਼ ਬਠਿੰਡਾ ਵਿਚ ਜੇਰੇ ਇਲਾਜ ਹੈ | ਮਾਮਲੇ ਵਿਚ ਇਕ ਧਿਰ ਨਾਲ ਸਬੰਧਿਤ ਵਿਅਕਤੀਆਂ ਵਲੋਂ ਪੁਲਿਸ ਦੀ ਗੱਡੀ 'ਤੇ ਚੜ ਕੇ ਹੁੱਲੜਬਾਜ਼ੀ ਕਰਨ ਦੇ ਮਾਮਲੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਪੁਲਿਸ ਨੇ ਕਿਹਾ ਕਿ ਤਫ਼ਤੀਸ਼ ਦੌਰਾਨ ਜੁਰਮ ਵਿਚ ਵਾਧਾ ਕੀਤਾ ਜਾਵੇਗਾ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਕੁਲਵਿੰਦਰ ਸਿੰਘ, ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਅੰਮਿ੍ਤ ਸਿੰਘ, ਸਹਾਇਕ ਥਾਣੇਦਾਰ ਗੁਰਦੀਪ ਸਿੰਘ ਰੀਡਰ ਡੀ.ਐੱਸ.ਪੀ ਮਹਿਲ ਕਲਾਂ ਆਦਿ ਹਾਜ਼ਰ ਸਨ |