ਬਰਨਾਲਾ, 31 ਮਈ (ਗੁਰਪ੍ਰੀਤ ਸਿੰਘ ਲਾਡੀ)-ਸਿਵਲ ਡਿਫੈਂਸ ਵਲੋਂ ਸ਼ਹਿਰ ਦੇ ਸੇਖਾ ਫਾਟਕ 'ਤੇ ਟਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਇੱਕ ਰੋਜ਼ਾ ਸੜਕ ਸੁਰੱਖਿਆ ਕੈਂਪ ਲਗਾਇਆ ਗਿਆ | ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਹੁੰ ਚੁੱਕੀ ਕਿ ਉਹ ਸੜਕ ਸੁਰੱਖਿਆ ਨਿਯਮਾਂ ਅਤੇ ਨਾਗਰਿਕ ਸੁਰੱਖਿਆ ਦਾ ਪਾਲਣ ਕਰਨਗੇ ਅਤੇ ਆਪਣੇ ਸਾਥੀਆਂ ਅਤੇ ਮੁਹੱਲਾ ਵਾਸੀਆਂ ਨੂੰ ਜਾਣਕਾਰੀ ਦੇਣਗੇ | ਡਿਪਟੀ ਕਮਿਸ਼ਨਰ ਅਤੇ ਸਿਵਲ ਡਿਫੈਂਸ ਕੰਟਰੋਲਰ ਸ੍ਰੀ ਟੀ ਬੈਨਿਥ ਅਤੇ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਤੇ ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਮੋਹਿੰਦਰ ਕੁਮਾਰ ਕਪਿਲ ਦੀ ਹਾਜ਼ਰੀ 'ਚ ਲੱਗੇ ਕੈਂਪ ਦੌਰਾਨ ਪੰਜਾਬ ਪੁਲਿਸ ਦੇ ਏ.ਐਸ.ਆਈ. ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਸੜਕੀ ਸੰਕੇਤਾਂ, ਦੋ ਪਹੀਆ ਵਾਹਨ, ਚਾਰ ਪਹੀਆ ਵਾਹਨ ਚਲਾਉਣ, ਸਤਰਕ ਹੋ ਕੇ ਸਫ਼ਰ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਰੇਲਵੇ ਫਾਟਕ ਕ੍ਰਾਸ ਕਰਦੇ ਸਮੇਂ ਰੇਲਵੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ | ਸਿਵਲ ਸੋਲਜ਼ਰ ਦੀ ਭੂਮਿਕਾ ਨਿਭਾ ਰਹੇ ਸੇਵਾਮੁਕਤ ਪਿ੍ੰਸੀਪਲ ਰਾਮ ਕੁਮਾਰ ਸੋਬਤੀ ਨੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਕੀਤੇ | ਵਾਈ.ਐੱਸ. ਸਕੂਲ ਤੋਂ ਪੁੱਜੀ ਵਿਦਿਆਰਥਣ ਪਾਰਥਵੀ ਨੇ ਦੱਸਿਆ ਕਿ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਰਕੇ ਦੇਸ਼ ਅੰਦਰ ਹਰ ਦਿਨ ਸੈਂਕੜੇ ਲੋਕ ਕੀਮਤੀ ਜਾਨਾਂ ਗੁਆ ਰਹੇ ਹਨ ਅਤੇ ਹੁਣ ਤੱਕ ਹਜ਼ਾਰਾਂ ਲੋਕ ਸੜਕੀ ਹਾਦਸਿਆਂ ਕਾਰਨ ਅਪਾਹਜ ਹੋ ਚੁੱਕੇ ਹਨ | ਇਸ ਮੌਕੇ ਪੁਲੀਸ ਵਿਭਾਗ ਤੋਂ ਸੇਵਾਮੁਕਤ ਅਧਿਕਾਰੀ ਅਸ਼ੋਕ ਕੁਮਾਰ ਸ਼ਰਮਾ, ਕੌਂਸਲਰ ਜੁਗਰਾਜ ਸਿੰਘ ਪੰਡੋਰੀ, ਭਗਵਾਨ ਵਾਲਮੀਕਿ ਭਾਈਚਾਰੇ ਦੀ ਆਗੂ ਸ਼੍ਰੀਮਤੀ ਰਾਜਿੰਦਰ ਕੌਰ ਨੇ ਵੀ ਸੰਬੋਧਨ ਕੀਤਾ |