ਬਰਨਾਲਾ, 2 ਜੂਨ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਇਕ ਵਿਅਕਤੀ ਦੀ ਬੱਕਰੀ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਮੱੁਦਈ ਰੇਸ਼ਮ ਸਿੰਘ ਪੱੁਤਰ ਬਲਦੇਵ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਉਸ ਕੋਲ 15 ਬੱਕਰੀਆਂ ਤੇ 5 ਬੱਕਰੇ ਹਨ | ਬੀਤੇ ਦਿਨੀਂ ਉਹ ਉਨ੍ਹਾਂ ਨੂੰ ਚਾਰਨ ਲਈ ਠੀਕਰੀਵਾਲਾ ਰੋਡ ਬਰਨਾਲਾ ਵੱਲ ਗਿਆ ਹੋਇਆ ਸੀ ਤਾਂ ਸੰਘੇੜੇ ਵਾਲੇ ਪਾਸਿਉਂ ਦੋ ਨੌਜਵਾਨ ਜੋ ਕਿ ਮੋਟਰਸਾਈਕਲ 'ਤੇ ਆਏ ਤੇ ਇਕ ਬੱਕਰੀ ਚੱੁਕ ਕੇ ਮੋਟਰਸਾਈਕਲ 'ਤੇ ਲੱਦ ਕੇ ਸੰਘੇੜਾ ਵੱਲ ਫ਼ਰਾਰ ਹੋ ਗਏ | ਬੱਕਰੀ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ | ਮੱੁਦਈ ਨੇ ਇਹ ਵੀ ਦੱਸਿਆ ਕਿ ਕੈਮਰਿਆਂ ਦੀ ਫੂਟੇਜ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਇਹ ਬੱਕਰੀ ਤਲਵਿੰਦਰ ਸਿੰਘ, ਏਕਮ ਸਿੰਘ ਵਾਸੀਅਨ ਕਰਮਗੜ੍ਹ ਨੇ ਚੋਰੀ ਕੀਤੀ ਹੈ | ਪੁਲਿਸ ਵਲੋਂ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਦੋਵੇਂ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |