ਭਦੌੜ, 4 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਫ਼ਰਦ ਕੇਂਦਰ ਭਦੌੜ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਹੜਤਾਲ 'ਤੇ ਚਲੇ ਗਏ ਹਨ | ਜਿਸ ਕਾਰਨ ਲੋਕਾਂ ਦੇ ਰਜਿਸਟਰੀਆਂ ਕਰਵਾਉਣ ਦੇ ਕੰਮ ਪੂਰੀ ਤਰ੍ਹਾਂ ਰੁਕ ਗਏ ਹਨ ਤੇ ਸਰਕਾਰ ਨੂੰ ਵੀ ਘਾਟਾ ਪੈ ਰਿਹਾ ਹੈ | ਫ਼ਰਦ ਕੇਂਦਰ ਭਦੌੜ ਤੇ ਡਾਟਾ ਐਂਟਰੀ ਅਪਰੇਟਰ ਵਜੋਂ ਕੰਮ ਕਰ ਰਹੇ ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਅਤੇ ਸੰਦੀਪ ਕੌਰ ਨੇ ਨਾਇਬ ਤਹਿਸੀਲਦਾਰ ਦਵਿੰਦਰ ਸਿੰਘ ਨੂੰ ਮੰਗ-ਪੱਤਰ ਦੇਣ ਉਪਰੰਤ ਦੱਸਿਆ ਕਿ ਐਸ.ਐਮ.ਐਸ ਕੰਪਨੀ ਰਾਹੀਂ ਫ਼ਰਦ ਕੇਂਦਰ ਤੇ ਪਿਛਲੇ 16 ਸਾਲਾਂ ਤੋਂ ਕੰਮ ਰਹੇ ਹਾਂ | ਕੰਪਨੀ ਵਿਚ ਕੰਮ ਰਹੇ ਪੰਜਾਬ ਭਰ ਦੇ ਸਾਰੇ ਅਪਰੇਟਰਾਂ ਨੂੰ ਕੰਪਨੀ ਕਹਿ ਰਹੀ ਹੈ ਕਿ ਉਨ੍ਹਾਂ ਦਾ ਸਰਕਾਰ ਨਾਲ ਪਿਛਲੇ ਸਾਲ ਅਕਤੂਬਰ ਤੋਂ ਸਰਕਾਰ ਨਾਲ ਕੰਟਰੈਕਟ ਖ਼ਤਮ ਹੋ ਚੁੱਕਾ ਹੈ ਤੇ ਸਰਕਾਰ ਸਾਡੇ ਨਾਲ ਹੋਰ ਕੰਟਰੈਕਟ ਨਹੀਂ ਕਰ ਰਹੀ | ਇਸ ਕਰ ਕੇ ਕੰਪਨੀ ਤੁਹਾਨੂੰ ਤਨਖ਼ਾਹ ਨਹੀਂ ਦੇ ਸਕਦੀ | ਡਾਟਾ ਅਪਰੇਟਰਾਂ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਜਾਰੀ ਨਹੀਂ ਕੀਤੀ | ਇਸ ਕਰ ਕੇ ਅਸੀਂ ਪੰਜਾਬ ਭਰ ਦੇ ਅਪਰੇਟਰਾਂ ਨੇ ਕੰਮ ਬੰਦ ਕੀਤਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਸਮੁੱਚੇ ਪੰਜਾਬ ਦੇ ਫ਼ਰਦ ਕੇਂਦਰ ਬੰਦ ਕਰ ਕੇ ਫ਼ਰਦਾਂ ਦਾ ਕੰਮ ਸੁਵਿਧਾ ਕੇਂਦਰ ਹਵਾਲੇ ਕਰਨ ਦੇ ਰਾਹ ਪਈ ਹੋਈ ਹੈ | ਜੇ ਸਰਕਾਰ ਅਜਿਹਾ ਕਦਮ ਚੁੱਕਦੀ ਹੈ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਡਾਟਾ ਐਂਟਰੀ ਆਪੇ੍ਰਟਰਾਂ ਦਾ ਰੁਜ਼ਗਾਰ ਨਾ ਖੋਹਿਆ ਜਾਵੇ ਤੇ ਉਨ੍ਹਾਂ ਦੀ ਬਣਦੀ ਤਨਖ਼ਾਹ ਜਾਰੀ ਕੀਤੀ ਜਾਵੇ |