ਸ਼ਹਿਣਾ, 2 ਸਤੰਬਰ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਨਾਲ ਸਬੰਧਿਤ ਮੌਜੂਦਾ ਪੰਚ ਮੱਖਣ ਰਾਮ ਦੀ ਅਗਵਾਈ ਵਿਚ ਬਾਜ਼ੀਗਰ ਬਿਰਾਦਰੀ ਦੇ ਕਈ ਆਗੂ ਖਰੜ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲੇ | ਬਾਜ਼ੀਗਰ ਬਿਰਾਦਰੀ ਦੇ ਆਗੂ ਪੰਚ ਮੱਖਣ ਰਾਮ, ਸੁਰਜੀਤ ਰਾਮ ਕੀਤਾ ਟਕਸਾਲੀ ਕਾਂਗਰਸੀ, ਅਜੇ ਕੁਮਾਰ, ਕਾਕਾ ਰਾਮ, ਸੁਖਦੇਵ ਰਾਮ ਸੁਤਰਾਣਾ ਨੇ ਦੱਸਿਆ ਕਿ ਪਿੰਡ ਭਗਤਪੁਰਾ ਵਿਖੇ ਬਾਜ਼ੀਗਰ ਬਿਰਾਦਰੀ ਦੇ ਬਹੁਗਿਣਤੀ ਘਰ ਵੱਸਦੇ ਹਨ ਪਰ ਬਿਰਾਦਰੀ ਦੀਆਂ ਕਈ ਸਮੱਸਿਆਵਾਂ ਹੁਣ ਤੱਕ ਵੀ ਹੱਲ ਨਹੀਂ ਹੋਈਆਂ | ਗਲੀਆਂ-ਨਾਲੀਆਂ ਦਾ ਬੁਰਾ ਹਾਲ ਹੈ ਅਤੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਲੰਘਣਾ ਔਖਾ ਹੈ | ਉਨ੍ਹਾਂ ਦੱਸਿਆ ਕਿ ਸਾਬਕਾ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਭਗਤਪੁਰਾ ਵਿਖੇ ਆਉਣਗੇ ਅਤੇ ਸਰਕਾਰ ਦੀਆਂ ਨਾਲਾਇਕੀਆਂ ਦਾ ਪਰਦਾਫਾਸ਼ ਕਰਨਗੇ | ਬਾਜ਼ੀਗਰ ਆਗੂਆਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਿੰਡਾਂ ਵਿਚ ਘੱਟ ਗਿਣਤੀ ਲੋਕਾਂ ਨੂੰ ਹਮੇਸ਼ਾ ਦਬਾਅ ਕੇ ਰੱਖਿਆ ਜਾਂਦਾ ਹੈ ਅਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਕਾਂਗਰਸ ਪਾਰਟੀ ਨੇ ਹਮੇਸ਼ਾ ਬੁਲੰਦ ਕੀਤੀ ਹੈ | ਉਨ੍ਹਾਂ ਨੇ ਪਾਰਟੀ ਲਈ ਡਟ ਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ |