ਟੱਲੇਵਾਲ, 2 ਸਤੰਬਰ (ਸੋਨੀ ਚੀਮਾ)-ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਹੁਣ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ | ਜਿਸ ਦੇ ਚੱਲਦਿਆਂ ਬੀਤੀ ਦੇਰ ਸ਼ਾਮ ਤੋਂ ਸ਼ੁਰੂ ਹੋਇਆ ਭਾਰੀ ਮੀਂਹ ਮਜ਼ਦੂਰ ਵਰਗ ਨਾਲ ਸਬੰਧਿਤ ਜਗਸੀਰ ਸਿੰਘ ਕਾਲਾ ਪੱੁਤਰ ਹਰੀ ਸਿੰਘ ਦੇ ਪਰਿਵਾਰ 'ਤੇ ਬਿਪਤਾ ਬਣ ਬਹੁੜਿਆ | ਜਿਸ ਦੇ ਚੱਲਦਿਆਂ ਕੁੱਝ ਸਮਾਂ ਪਹਿਲਾਂ ਕਰਜ਼ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਸਿਰ ਢੱਕਣ ਲਈ ਪਾਏ ਘਰ ਦਾ ਇਕ ਹਿੱਸਾ ਡਿਗ ਗਿਆ, ੳੱੁਥੇ ਨਵੇਂ ਬਣਾਏ ਘਰ ਨੂੰ ਤਰੇੜਾਂ ਤੋਂ ਇਲਾਵਾ ਬਿਜਲੀ ਉਪਕਰਨ ਅਤੇ ਹੋਰ ਸਮਾਨ ਬਰਬਾਦ ਹੋ ਗਿਆ | ਜਿਸ ਕਾਰਨ ਕਾਲਾ ਸਿੰਘ ਦਾ ਤਿੰਨ ਤੋਂ ਚਾਰ ਲੱਖ ਦਾ ਨੁਕਸਾਨ ਹੋ ਗਿਆ | ਇਸ ਸਬੰਧੀ ਅੱਜ ਬੀ.ਡੀ.ਪੀ.ਓ ਦਫ਼ਤਰ ਸ਼ਹਿਣਾ ਦੇ ਏ.ਪੀ.ਓ ਹਰਦੇਵ ਸਿੰਘ, ਜੇ.ਈ ਪੰਕਜ ਅਤੇ ਸੈਕਟਰੀ ਬੀਰਾ ਖ਼ਾਨ ਵਲੋਂ ਉਕਤ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਗਿਆ | ਜ਼ਿਕਰਯੋਗ ਹੈ ਕਿ ਜਗਸੀਰ ਸਿੰਘ ਕਾਲਾ ਦੀ ਪਤਨੀ ਜਿੱਥੇ ਗੰਭੀਰ ਬਿਮਾਰ ਹੈ, ੳੱੁਥੇ ਉਸ ਦੀ ਇਕ ਲੜਕੀ ਅਧਰੰਗ ਤੋਂ ਪੀੜਤ ਹੈ ਅਤੇ ਲੋੜਵੰਦ ਪਰਿਵਾਰ 'ਤੇ ਉਕਤ ਘਰ ਡਿੱਗਣ ਕਾਰਨ ਹੋਰ ਬਿਪਤਾ ਆ ਪਈ ਹੈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਦਾਨੀ ਸੱਜਣਾਂ ਤੋਂ ਉਕਤ ਪਰਿਵਾਰ ਦੀ ਬਾਂਹ ਫੜਨ ਦੀ ਮੰਗ ਕੀਤੀ ਹੈ | ਬੀਤੀ ਰਾਤ 11 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਉਪਰੰਤ ਪਿੰਡ ਦੇ ਲੋਕਾਂ ਨੇ ਮਸ਼ੱਕਤ ਕਰ ਕੇ ਪਾਣੀ ਆਦਿ ਕੱਢਿਆ ਅਤੇ ਪਰਿਵਾਰ ਨੂੰ ਕਿਸੇ ਦੇ ਘਰ ਠਹਿਰਾਇਆ ਗਿਆ |