ਸ਼ਹਿਣਾ, 23 ਸਤੰਬਰ (ਸੁਰੇਸ਼ ਗੋਗੀ)-ਹਲਕਾ ਬਰਨਾਲਾ ਦੇ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ 'ਤੇ ਪਿੰਡ ਖੱੁਡੀ ਕਲਾਂ ਵਿਖੇ ਜੋ ਹਮਲਾ ਕੀਤਾ ਗਿਆ, ਉਹ ਬੇਹੱਦ ਘਟੀਆ ਤੇ ਨਿੰਦਣਯੋਗ ਘਟਨਾ ਹੈ | ਇਹ ਸ਼ਬਦ ਬੀਬੀ ਸੁਰਿੰਦਰ ਕੌਰ ਬਾਲੀਆਂ ਸੂਬਾ ਕਮੇਟੀ ਮੈਂਬਰ ਕਾਂਗਰਸ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਲੋਕਾਂ ਨਾਲ ਹੋ ਰਹੀ ਬੇਇਨਸਾਫ਼ੀ ਖ਼ਿਲਾਫ਼ ਵਿਧਾਇਕ ਨੇ ਆਵਾਜ਼ ਉਠਾਈ ਜੋ ਕਿ ਸੰਵਿਧਾਨਕ ਹੱਕ ਬਣਦਾ ਹੈ | ਬੀਬੀ ਬਾਲੀਆ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਤੇ ਪਤਵੰਤੇ ਸੱਜਣ ਵੀ ਉਸ ਬੇਇਨਸਾਫ਼ੀ ਖ਼ਿਲਾਫ਼ ਡਟੇ ਹੋਏ ਹਨ ਅਤੇ ਪੰਚਾਇਤਾਂ ਸਾਡੀ ਸਮਾਜਿਕ ਪ੍ਰਣਾਲੀ ਦਾ ਮੁੱਢਲਾ ਅੰਗ ਹਨ ਅਤੇ ਚੁਣੇ ਹੋਏ ਨੁਮਾਇੰਦੇ ਇਸ ਵਿਚ ਸ਼ਾਮਿਲ ਹੁੰਦੇ ਹਨ | ਜਿਸ ਲਈ ਪੰਚਾਇਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸੱਤਾਧਾਰੀ ਆਗੂਆਂ ਨੇ ਆਪਣੇ ਵਰਕਰਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਕਾਂਗਰਸ ਪਾਰਟੀ ਪੂਰੀ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਡਟ ਕੇ ਖੜੀ ਹੈ |