ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਵਿਖੇ ਐਸ.ਬੀ.ਆਈ. ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵਲੋਂ ਲੋਕਾਂ ਨੂੰ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦੇਣ ਸਬੰਧੀ ਗੁਰਦੁਆਰਾ ਸਿੱਧਸਰ ਵਿਖੇ ਕੈਂਪ ਲਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਭਾਵੇਂ ਸਰਕਾਰ ਵਲੋਂ ਨੌਕਰੀਆਂ ਸਮੁੱਚੇ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਪਰ ਸਰਕਾਰ ਵਲੋਂ ਬੈਂਕਾਂ ਰਾਹੀਂ ਕਈ ਅਜਿਹੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਲਾਭ ਘੱਟ ਪੜੇ੍ਹ ਲਿਖੇ ਲੋਕ ਵੀ ਉਠਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਬੈਂਕ ਵਲੋਂ ਟਰੇਨਿੰਗ ਦੇਣ ਉਪਰੰਤ ਪਲੰਬਰ, ਫਾਸਟ ਫੂਡ, ਇਲੈਕਟੋ੍ਰਨਿਕ ਸਮਾਨ ਦੀ ਮੁਰੰਮਤ, ਬਿਊਟੀ ਪਾਰਲਰ, ਟੇਲਰਿੰਗ, ਡੇਅਰੀ ਫਾਰਮਿੰਗ ਅਤੇ ਹੋਰ ਕੰਮ ਸ਼ੁਰੂ ਕਰਨ ਲਈ ਕਰਜ਼ ਦੇਣ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ | ਹਲਕਾ ਵਿਧਾਇਕ ਨੇ ਕਿਹਾ ਕਿ ਇਲਾਕੇ ਵਿਚ ਅਜਿਹੇ ਅਨੇਕਾਂ ਵਿਅਕਤੀ ਗਿਣੇ ਜਾ ਸਕਦੇ ਹਨ | ਜਿਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਕੇ ਆਪਣੇ ਆਪ ਨੂੰ ਪੈਰਾਂ ਸਿਰ ਹੀ ਨਹੀਂ ਕੀਤਾ, ਬਲਕਿ ਹੋਰਨਾਂ ਨੂੰ ਵੀ ਰੁਜ਼ਗਾਰ ਦਿੱਤਾ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਜੋ ਵਿਅਕਤੀ ਆਪਣੇ ਹੁਨਰ ਦੀ ਵਰਤੋਂ ਕਰ ਕੇ ਆਪਣੇ ਆਪ ਨੂੰ ਕਾਮਯਾਬ ਕਰੇਗਾ, ਉਹੀ ਭਵਿੱਖ ਵਿਚ ਆਪਣਾ ਪਰਿਵਾਰ ਪਾਲਨ ਲਈ ਸੌਖ ਮਹਿਸੂਸ ਕਰੇਗਾ, ਕਿਉਂਕਿ ਮਸ਼ੀਨਰੀ ਯੁੱਗ ਹੋਣ ਕਰ ਕੇ ਤੇਜ਼ੀ ਨਾਲ ਹੱਥੀਂ ਕੰਮ ਕਰਨ ਦਾ ਰੁਜ਼ਗਾਰ ਖ਼ੁਸ਼ ਰਿਹਾ ਹੈ | ਇਸ ਮੌਕੇ ਮਨੋਜ ਕੁਮਾਰ ਸੀਨੀਅਰ ਅਧਿਕਾਰੀ ਐਸ.ਬੀ.ਆਈ, ਗੁਰਪਰਮਿੰਦਰ ਸਿੰਘ ਐਲ.ਡੀ.ਐਮ. ਬਰਨਾਲਾ, ਵਿਸ਼ਵਜੀਤ ਮੁਖਰਜੀ, ਸੰਜੀਵ ਕੁਮਾਰ ਬਰਾਂਚ ਮੈਨੇਜਰ ਚੀਮਾ, ਗੁਰਅੰਮਿ੍ਤਪਾਲ ਕੌਰ, ਕੁਲਵੰਤ ਸਿੰਘ, ਪਰਮਪ੍ਰੀਤ ਕੌਰ ਆਦਿ ਨੇ ਵੀ ਬੈਂਕ ਦੀਆਂ ਵੱਖ-ਵੱਖ ਸਕੀਮਾਂ ਬਾਰੇ ਚਾਨਣਾ ਪਾਇਆ | ਇਸ ਸਮੇਂ ਲੋਕਾਂ ਦੇ ਬੈਂਕ ਖਾਤੇ ਵੀ ਖੋਲੇ ਗਏ | ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਐਡਵੋਕੇਟ ਕੁਆਰਡੀਨੇਟਰ ਨਸ਼ਾ ਮੁਕਤੀ ਅਭਿਆਨ, ਸਰਪੰਚ ਰਾਮ ਸਿੰਘ ਦਿਉਲ, ਲਵਦੀਪ ਸਿੰਘ ਭਗਤਪੁਰਾ, ਚਰਨਜੀਤ ਸਿੰਘ ਫ਼ੌਜੀ, ਅਵਤਾਰ ਸਿੰਘ ਪੰਚਾਇਤ ਅਫ਼ਸਰ, ਹਰੀਸ਼ ਕੁਮਾਰ ਸਕੱਤਰ, ਅੰਮਿ੍ਤ ਸਿੰਘ, ਜਸਵੰਤ ਸਿੰਘ ਨੱਤ, ਬਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਹਾਜਰ ਸਨ |