ਬਰਨਾਲਾ, 23 ਸਤੰਬਰ (ਨਰਿੰਦਰ ਅਰੋੜਾ)-ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ: ਰਵੀ ਡੂਮਰਾ ਦੇ ਦਿਸ਼ਾ- ਨਿਰਦੇਸ਼ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਬਰਨਾਲਾ ਡਾ: ਅਮਨ ਕੌਸ਼ਲ ਬਰਨਾਲਾ ਦੀ ਅਗਵਾਈ ਹੇਠ ਅੱਜ ਪ੍ਰਾਰਥਨਾ ਹਾਲ ਰਾਮਬਾਗ ਵਿਖੇ 10ਵਾਂ ਆਯੁਰਵੈਦਾਂ ਦਿਵਸ ਮਨਾਇਆ ਗਿਆ | ਇਸ ਦਿਵਸ ਦੀ ਸ਼ੁਰੂਆਤ ਧੰਨਵੰਤਰੀ ਜੈਯੰਤੀ ਮੌਕੇ 'ਤੇ ਕੀਤੀ ਗਈ ਅਤੇ ਡਾ: ਅਮਨ ਕੌਸ਼ਲ ਨੇ ਧੰਨਵੰਤਰੀ ਜੀ ਦੀ ਜੋਤੀ ਪ੍ਰਜਵਲਨ ਸ਼ੁਰੂਆਤ ਕੀਤੀ | ਡਾ: ਅਮਨ ਕੌਸ਼ਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਲੋਕ ਆਯੁਰਵੈਦਾਂ ਨੂੰ ਭੁੱਲਦੇ ਜਾ ਰਹੇ ਹਨ ਜਦਕਿ ਆਯੁਰਵੈਦਾਂ ਸਭ ਤੋਂ ਪ੍ਰਾਚੀਨ ਵਿਧੀ ਹੈ, ਪ੍ਰਾਚੀਨ ਸਮੇਂ ਵੇਲੀ ਰਿਸ਼ੀ ਮੁਨੀਆ ਵਲੋਂ ਇਸ ਆਯੁਰਵੈਦਾਂ ਨਾਲ ਹੀ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਸੀ | ਕਈ ਜੜੀ ਬੂਟੀਆਂ ਅਜਿਹੀਆਂ ਸਨ ਜਿਨ੍ਹਾਂ ਵਿਚ ਬਹੁਤ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਇਲਾਜ ਲੁਕਿਆ ਹੋਇਆ ਹੈ | ਆਯੁਰਵੇਦ ਇਕ ਰਵਾਇਤੀ ਦਵਾਈ ਪ੍ਰਣਾਲੀ ਹੈ ਜੋ ਪ੍ਰਾਚੀਨ ਭਾਰਤ ਵਿਚ ਉਪਜੀ ਹੈ | ਇਹ ਸਮੁੱਚੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਸਰੀਰ, ਦਿਮਾਗ਼ ਅਤੇ ਆਤਮਾ ਵਿਚ ਸੰਤੁਲਨ ਪ੍ਰਾਪਤ ਕਰਨ 'ਤੇ ਕੇਂਦਰਿਤ ਕਰਦੀ ਹੈ | ਆਯੁਰਵੇਦ ਸ਼ਬਦ ਸੰਸਕਿ੍ਤ ਦੇ ਦੋ ਸ਼ਬਦਾਂ ਅਯੂ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਜੀਵਨ ਅਤੇ ਵੇਦ, ਭਾਵ ਗਿਆਨ | ਇਸ ਤਰ੍ਹਾਂ ਆਯੁਰਵੇਦ ਸ਼ਬਦ ਜੀਵਨ ਦੇ ਗਿਆਨ ਨੂੰ ਦਰਸਾਉਂਦਾ ਹੈ | ਇਸ ਦੌਰਾਨ ਡਾ: ਅਮਨਦੀਪ ਸਿੰਘ ਏ.ਐਮ.ਓ ਨੋਡਲ ਅਫ਼ਸਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਆਯੁਰਵੈਦ ਸਿਰਫ਼ ਬਿਮਾਰੀ ਦਾ ਇਲਾਜ ਨਹੀਂ, ਸਗੋਂ ਸਿਹਤਮੰਦ ਜੀਵਨ ਜਿਊਣ ਦੀ ਕਲਾ ਹੈ | ਇਸ ਤੋਂ ਪਹਿਲਾ ਰਨ ਫ਼ਾਰ ਆਯੁਰਵੈਦਾਂ ਤਹਿਤ ਦੌੜ ਵੀ ਕਰਵਾਈ ਗਈ | ਇਸ ਕੈਂਪ ਦੌਰਾਨ ਜੜ੍ਹੀ-ਬੂਟੀਆਂ ਦੀ ਪ੍ਰਦਰਸ਼ਨੀ, ਯੋਗ, ਅਗਨੀਕਰਮ ਪ੍ਰਣਾਲੀ ਤਹਿਤ ਇਲਾਜ ਬਾਰੇ ਦੱਸਿਆ ਗਿਆ | ਇਨ੍ਹਾਂ ਗਤੀਵਿਧੀਆਂ ਦਾ ਕਰੀਬ 200 ਵਿਅਕਤੀਆਂ ਨੇ ਲਾਭ ਲਿਆ ਜਿਨ੍ਹਾਂ ਨੂੰ ਆਯੁਰਵੈਦਿਕ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਮੂਹ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ, ਡਾਕਟਰ ਉਪ ਵੈਦ ਤੇ ਮਾਹਿਰ ਦਾਈਆਂ ਤੇ ਹੋਰ ਸਟਾਫ਼ ਹਾਜ਼ਰ ਸੀ |