ਬਰਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਅਰੁਣ ਮੈਮੋਰੀਅਲ ਹਾਲ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਐਸੋਸੀਏਸ਼ਨ ਵਲੋਂ ਪ੍ਰਾਪਤ ਕੀਤੀਆਂ ਉਪਲਬਧੀਆਂ, ਭਵਿੱਖ ਲਈ ਯੋਜਨਾਵਾਂ ਅਤੇ ਸਾਲਾਨਾ ਹਿਸਾਬ-ਕਿਤਾਬ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਸ਼ੁਰੂ ਕੀਤੀ | ਪ੍ਰਧਾਨ ਵਿਵੇਕ ਸਿੰਧਵਾਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਦੂਰਦਰਸ਼ੀ ਅਗਵਾਈ ਹੇਠ ਐਸੋਸੀਏਸ਼ਨ ਦਿਨੋਂ ਦਿਨ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਿ੍ਕੇਟ ਐਸੋਸੀਏਸ਼ਨ ਦੇ 19 ਖਿਡਾਰੀ ਸਟੇਟ ਲੈਵਲ ਲਈ ਚੁਣੇ ਗਏ ਹਨ ਜਦਕਿ 9 ਖਿਡਾਰੀ ਸਿੱਧੇ ਸਟੇਟ ਟੀਮ ਵਿਚ ਸ਼ਾਮਲ ਕੀਤੇ ਗਏ ਹਨ | ਇਹ ਜ਼ਿਲ੍ਹੇ ਲਈ ਵੱਡੀ ਮਾਣ ਵਾਲੀ ਗੱਲ ਹੈ | ਉਨ੍ਹਾਂ ਖ਼ਾਸ ਤੌਰ 'ਤੇ ਖਿਡਾਰਨ ਪਿ੍ਅੰਕਾ ਦਾ ਜ਼ਿਕਰ ਕੀਤਾ, ਜੋ ਅੰਡਰ-23 ਟੀਮ ਦੀ ਪ੍ਰਧਾਨ ਰਹਿ ਚੁੱਕੀ ਹੈ | ਇਸ ਤੋਂ ਇਲਾਵਾ ਖਿਡਾਰਨ ਅਕਸ਼ਿਤਾ ਨੇ ਨੈਸ਼ਨਲ ਕਿ੍ਕਟ ਅਕੈਡਮੀ ਵਿਚ ਟਰਾਇਲ ਦੇ ਕੇ ਬਰਨਾਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਕੰਨਿਆ ਹਾਈ ਸਕੂਲ ਵਿਚ ਐਸੋਸੀਏਸ਼ਨ ਵਲੋਂ ਨਵਾਂ ਕੋਚਿੰਗ ਸੈਂਟਰ ਸ਼ੁਰੂ ਕੀਤਾ ਗਿਆ ਹੈ | ਇਸ ਵੇਲੇ ਜ਼ਿਲ੍ਹੇ ਵਿਚ ਲਗਭਗ 250 ਖਿਡਾਰੀ ਐਸੋਸੀਏਸ਼ਨ ਨਾਲ ਰਜਿਸਟਰਡ ਹਨ | ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਅਗਲੇ ਸਾਲ ਦੇ ਪ੍ਰੋਜੈਕਟਾਂ ਅਤੇ ਖੇਡਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਕੀਤੀਆਂ ਜਾ ਰਹੀਆਂ ਯੋਜਨਾਵਾਂ ਬਾਰੇ ਹਾਊਸ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਲਈ ਅਪਰੂਵਲ ਮੰਗੀ | ਫਾਈਨਾਂਸ ਸਕੱਤਰ ਸੰਜੇ ਗਰਗ ਨੇ ਐਸੋਸੀਏਸ਼ਨ ਦੀ ਸਾਲਾਨਾ ਰਿਪੋਰਟ ਪੇਸ਼ ਕਰ ਕੇ ਵਿੱਤੀ ਹਾਲਾਤਾਂ ਬਾਰੇ ਵੇਰਵਾ ਦਿੱਤਾ | ਹਾਊਸ ਵਲੋਂ ਐਸੋਸੀਏਸ਼ਨ ਦੀਆਂ ਤਰੱਕੀਸ਼ੀਲ ਯੋਜਨਾਵਾਂ ਅਤੇ ਖਿਡਾਰੀਆਂ ਨੂੰ ਵਧੀਆ ਸੁਵਿਧਾਵਾਂ ਪ੍ਰਦਾਨ ਕਰਨ ਲਈ ਆਪਣਾ ਸਹਿਯੋਗ ਯਕੀਨੀ ਬਣਾਇਆ | ਮੀਟਿੰਗ ਵਿਚ ਮੀਤ ਪ੍ਰਧਾਨ ਸਾਹਿਲ ਗੁਲਾਟੀ, ਡਾ. ਨਰੇਸ਼ ਗਰਗ, ਡਾ. ਰਾਜੇਸ਼, ਡਾ. ਰਾਜੀਵ ਗਰਗ, ਅਨਿਲ ਗੁਪਤਾ, ਮੈਡਮ ਸਵਿਤਾ ਕਲਵਾਨੀਆ, ਸ਼ਿਵ ਸਿੰਗਲਾ, ਸੰਜੀਵ ਸ਼ੋਰੀ, ਰਵੀ ਬਾਂਸਲ, ਸੰਜੀਵ ਬਾਂਸਲ, ਸੰਦੀਪ ਅਰੋੜਾ, ਯਾਦਵਿੰਦਰ ਸਿੰਘ ਭੁੱਲਰ, ਬਰਜਿੰਦਰ ਗੋਇਲ, ਕੁਲਦੀਪ ਗਰੇਵਾਲ, ਲਲਿਤ ਕੁਮਾਰ, ਜਗਰਾਜ ਸਿੰਘ, ਜੀਵਨ ਕੁਮਾਰ, ਚਰਨਜੀਤ ਕੁਮਾਰ, ਲੋਕੇਸ਼ ਕੁਮਾਰ, ਕਮਲ ਗੁਪਤਾ ਬੱਬੂ ਆਦਿ ਮੈਂਬਰ ਹਾਜ਼ਰ ਸਨ |