ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਪਿਛਲੇ ਕੁੱਝ ਸਮੇਂ ਤੋਂ ਜਿਸ ਢੰਗ ਨਾਲ ਵੱਡੀ ਗਿਣਤੀ 'ਚ ਰਿਹਾਇਸ਼ੀ ਅਤੇ ਕਮਰਸ਼ੀਅਲ ਕਾਲੋਨੀਆਂ ਦੀ ਭਰਮਾਰ ਹੋਈ ਹੈ ਉਸ ਨਾਲ ਬੇਸ਼ੱਕ ਸ਼ਹਿਰ ਦੇ ਵਿਕਸਤ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਆਏ ਦਿਨ ਕੱਟੀਆਂ ਜਾ ਰਹੀਆਂ ਨਵੀਆਂ ਕਾਲੋਨੀਆਂ ਨਾਲ ਸ਼ਹਿਰ ਵਿਚ ਪ੍ਰਾਪਰਟੀ ਦਾ ਸੱਟਾ ਵੀ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ | ਪਤਾ ਲੱਗਾ ਹੈ ਕਿ ਕੁੱਝ ਕਾਲੋਨਾਈਜ਼ਰਾਂ ਵਲੋਂ ਕਿਸੇ ਜ਼ਿਮੀਂਦਾਰ ਤੋਂ ਸਸਤੇ ਭਾਅ ਵਿਚ ਜ਼ਮੀਨ ਖ਼ਰੀਦ ਕੇ ਉਸ ਦੀ ਚਾਰਦੀਵਾਰੀ ਕਰ ਕੇ ਕਾਲੋਨੀ ਕੱਟ ਦਿੱਤੀ ਜਾਂਦੀ ਹੈ | ਸਬੰਧਿਤ ਕਾਲੋਨਾਈਜ਼ਰ ਵਲੋਂ ਭਾਵੇਂਕਿ ਅਜੇ ਤੱਕ ਨਗਰ ਕੌਂਸਲ/ਸਬੰਧਿਤ ਸਮਰੱਥ ਅਧਿਕਾਰੀ/ਰੇਰਾ ਪਾਸੋਂ ਕਾਲੋਨੀ ਪਾਸ ਕਰਵਾਉਣ ਲਈ ਅਪਲਾਈ ਵੀ ਨਹੀਂ ਕੀਤਾ ਹੁੰਦਾ ਪਰ ਪਲਾਟਾਂ ਦੀ ਵਿੱਕਰੀ ਵੀ ਹੋ ਜਾਂਦੀ ਹੈ | ਅਜਿਹੀਆਂ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਕੁੱਝ ਦਿਨਾਂ ਦੌਰਾਨ ਸ਼ਹਿਰ ਬਰਨਾਲਾ ਵਿਚ ਸੁਣਨ ਨੂੰ ਮਿਲੀਆਂ ਹਨ ਕਿ ਨਵੀਆਂ ਕੱਟੀਆਂ ਗਈਆਂ ਕਾਲੋਨੀਆਂ ਪ੍ਰਾਪਰਟੀ ਦੇ ਸੱਟੇ ਦੇ ਚਲਦਿਆਂ ਰਾਤੋ ਰਾਤ ਹੀ ਵਿੱਕ ਗਈਆਂ ਹਨ | ਜ਼ਿਕਰਯੋਗ ਹੈ ਕਿ ਸ਼ਹਿਰ ਬਰਨਾਲਾ ਜਿੱਥੇ ਨਾ ਕੋਈ ਬਹੁਤ ਜ਼ਿਆਦਾ ਇੰਡਸਟਰੀ ਹੈ, ਨਾ ਹੀ ਕੋਈ ਵੱਡਾ ਹਸਪਤਾਲ, ਸੈਰਗਾਹ ਜਾਂ ਕੋਈ ਐਸੀ ਜਗ੍ਹਾ ਹੈ ਜਿਸ ਨਾਲ ਟੂਰਿਜ਼ਮ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੋਵੇ ਲੇਕਿਨ ਫਿਰ ਵੀ ਪਿਛਲੇ ਕੁੱਝ ਸਮੇਂ ਦੌਰਾਨ ਸੱਟੇਬਾਜ਼ੀ ਦੇ ਚਲਦਿਆਂ ਸ਼ਹਿਰ ਵਿਚ ਪ੍ਰਾਪਰਟੀ ਦੇ ਰੇਟਾਂ ਨੇ ਸੂਬੇ ਦੇ ਵੱਡੇ ਸ਼ਹਿਰਾਂ ਨੂੰ ਵੀ ਮਾਤ ਪਾ ਦਿੱਤੀ ਹੈ ਅਤੇ ਨਵੀਆਂ ਬਣ ਰਹੀਆਂ ਕਾਲੋਨੀਆਂ ਤੇ ਪ੍ਰਮੁੱਖ ਇਲਾਕਿਆਂ ਵਿਚ ਪ੍ਰਾਪਰਟੀ ਡੀਲਰਾਂ/ਕਾਲੋਨਾਈਜਰਾਂ ਵਲੋਂ ਕੁਲੈਕਟਰ ਰੇਟਾਂ ਦੇ ਨਿਸਬਤ ਜਗ੍ਹਾ ਦੇ ਇੰਨੇ ਜ਼ਿਆਦਾ ਰੇਟ ਵਧਾ ਦਿੱਤੇ ਗਏ ਹਨ ਜਿਸ ਨਾਲ ਘਰ ਬਣਾਉਣਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ | ਦੂਸਰੇ ਪਾਸੇ ਜੇਕਰ ਸ਼ਹਿਰ ਬਰਨਾਲਾ ਵਿਚ ਪਿਛਲੇ 20 ਸਾਲਾਂ ਦੌਰਾਨ ਕਾਲੋਨਾਈਜ਼ਰਾਂ/ਪ੍ਰਮੋਟਰਾਂ ਵਲੋਂ ਕੱਟੀਆਂ ਗਈਆਂ ਤਿੰਨ ਦਰਜਨ ਦੇ ਲਗਭਗ ਵੱਡੀਆਂ-ਛੋਟੀਆਂ ਕਾਲੋਨੀਆਂ ਉੱਪਰ ਝਾਤ ਮਾਰੀ ਜਾਵੇ ਤਾਂ ਸਿਰਫ਼ 4-5 ਕਾਲੋਨੀਆਂ ਹੀ ਅਜਿਹੀਆਂ ਜਿੱਥੇ ਅਜੇ ਤੱਕ 50 ਫ਼ੀਸਦੀ ਤੋਂ ਵਧੇਰੇ ਰਿਹਾਇਸ਼ਾਂ ਹੋਈਆਂ ਹਨ ਜਦੋਂਕਿ ਬਾਕੀ ਕਾਲੋਨੀਆਂ ਲਗਭਗ ਖ਼ਾਲੀ ਪਈਆਂ ਹਨ | ਪਿਛਲੇ ਦੋ-ਤਿੰਨ ਸਾਲਾਂ ਦੌਰਾਨ ਧੜਾਧੜ ਬਣੀਆਂ ਕਾਲੋਨੀਆਂ ਵਿਚ ਤਾਂ ਅਜੇ ਤੱਕ ਨਾਮਾਤਰ ਹੀ ਰਿਹਾਇਸ਼ਾਂ ਹੋਈਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਪ੍ਰਾਪਰਟੀ ਦੇ ਸੱਟੇ ਨਾਲ ਜੁੜੇ ਲੋਕਾਂ ਨੂੰ ਕਾਲੋਨੀਆਂ ਵਿਕਸਤ ਹੋਣ ਜਾਂ ਉਨ੍ਹਾਂ ਵਿਚ ਰਿਹਾਇਸ਼ਾਂ ਬਣਨ ਨਾਲ ਕੋਈ ਮਤਲਬ ਨਹੀਂ ਹੁੰਦਾ, ਉਨ੍ਹਾਂ ਦਾ ਮਕਸਦ ਸਿਰਫ਼ ਅੱਗੇ ਦੀ ਅੱਗੇ ਪਲਾਟ ਵੇਚ ਕੇ ਆਪਣਾ ਮੁਨਾਫ਼ਾ ਕਮਾਉਣਾ ਹੁੰਦਾ ਹੈ |