ਤਪਾ ਮੰਡੀ, 27 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਟੱਬਲ ਬਰਨਿੰਗ ਸੀਜ਼ਨ 2025 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ.ਐਮ ਤਪਾ ਆਯੂਸ਼ ਗੋਇਲ (ਆਈ.ਏ.ਐਸ) ਵੱਲੋਂ ਸਬ ਡਵੀਜ਼ਨ ਤਪਾ ਅਧੀਨ ਕਾਨੂੰਗੋ ਹਲਕਾ ਢਿਲਵਾਂ ਵਿਚ ਤਾਇਨਾਤ ਕਲੱਸਟਰ ਅਫ਼ਸਰਾਂ, ਸਹਾਇਕ ਕਲੱਸਟਰ ਅਫ਼ਸਰਾਂ ਅਤੇ ਪਿੰਡਾਂ ਅਨੁਸਾਰ ਤਾਇਨਾਤ ਅਮਲੇ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਪਿੰਡਾਂ ਅਨੁਸਾਰ ਟੀਮਾਂ ਤੈਨਾਤ ਕੀਤੀਆਂ ਪੁਲਿਸ ਪਾਰਟੀਆਂ ਨਾਲ ਸਟੱਬਲ ਬਰਨਿੰਗ ਸੀਜ਼ਨ ਸਾਂਝਾ ਕੀਤਾ ਗਿਆ ਅਤੇ ਹਰੇਕ ਸਟਾਫ਼ ਨੂੰ ਉਸ ਦੀ ਬਣਦੀ ਡਿਊਟੀ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਟੀਮਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਪਿੰਡ ਪਿੰਡ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ | ਇਸ ਤੋਂ ਇਲਾਵਾ ਸਰਕਾਰ ਵਲੋਂ ਉਪਲਬਧ ਕਰਵਾਈ ਜਾ ਰਹੀ ਮਸ਼ੀਨਰੀ ਸਬੰਧੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਸਹੀ ਤਰੀਕੇ ਨਾਲ ਕੀਤੀ ਜਾ ਸਕੇ | ਆਮ ਲੋਕਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਪਰਾਲੀ ਦਾ ਧੂੰਆਂ ਜਿੱਥੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ ਉੱਥੇ ਹੀ ਅੱਗ ਲਗਾਉਣ ਕਰ ਕੇ ਹੋਏ ਧੰੂਏਾ ਨਾਲ ਸਾਹ ਦੇ ਮਰੀਜ਼ਾਂ ਨੂੰ ਵੀ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤ ਵਿਚ ਮੌਜੂਦ ਮਿੱਤਰ ਕੀੜੇ ਮਰ ਜਾਂਦੇ ਹਨ, ਜਿਸ ਕਰ ਕੇ ਅਗਲੀ ਫ਼ਸਲ ਦੀ ਪੈਦਾਵਾਰ ਵੀ ਘਟ ਜਾਂਦੀ ਹੈ | ਕਿਸਾਨਾਂ ਨੂੰ ਸੁੱਕੇ ਝੋਨੇ ਦੀ ਕਟਾਈ ਕਰਵਾਉਣ ਅਤੇ ਸੁੱਕਾ ਝੋਨਾ ਮੰਡੀਆਂ ਵਿਚ ਲਿਆਉਣ ਦੀ ਅਪੀਲ ਵੀ ਕੀਤੀ ਜਾਵੇ |