ਤਪਾ ਮੰਡੀ, 27 ਸਤੰਬਰ (ਪ੍ਰਵੀਨ ਗਰਗ)-ਸ਼ਹਿਰ ਦੇ ਸਦਰ ਬਾਜ਼ਾਰ 'ਚ ਗਲੀ ਨੰਬਰ 9 ਨਜ਼ਦੀਕ ਸਥਿਤ ਇਕ ਵਪਾਰੀ ਦੀ ਕੱਪੜੇ ਦੀ ਦੁਕਾਨ ਤੋਂ ਕੁੱਝ ਨੌਸਰਬਾਜ਼ਾਂ ਵਲੋਂ ਹਜ਼ਾਰਾਂ ਰੁਪਈਆਂ ਦਾ ਕੱਪੜਾ ਲੈ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਖ਼ੁਸ਼ਹਾਲ ਗਰਗ ਪੁੱਤਰ ਪਵਨ ਕੁਮਾਰ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਤਪਾ ਵਿਖੇ ਕੱਪੜੇ ਦੀ ਦੁਕਾਨ ਕਰਦਾ ਹੈ | ਸ਼ੁੱਕਰਵਾਰ ਨੂੰ ਸ਼ਾਮ ਸਮੇਂ ਕੁੱਝ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ 'ਤੇ ਆਏ ਅਤੇ ਕੱਪੜਾ ਦਿਖਾਉਣ ਲਈ ਕਿਹਾ | ਉਸ ਨੇ ਕੱਪੜਾ ਦਿਖਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਵਿਅਕਤੀਆਂ ਨੇ ਕੱਪੜਾ ਪਸੰਦ ਕਰ ਲਿਆ, ਜਿਸ ਦਾ ਬਿੱਲ ਲਗਭਗ 25 ਕੁ ਹਜ਼ਾਰ ਰੁਪਏ ਬਣ ਗਿਆ | ਇਸ ਦੌਰਾਨ ਉਸ ਦੀ ਦੁਕਾਨ 'ਤੇ ਇਕ ਹੋਰ ਗ੍ਰਾਹਕ ਆਪਣੇ ਮੋਟਰਸਾਈਕਲ 'ਤੇ ਆਇਆ ਦੇ ਤੁਰੰਤ ਬਾਅਦ ਦੋ ਨੌਜਵਾਨ ਹੋਰ ਆਏ ਜਿਨ੍ਹਾਂ ਨੇ ਮੋਟਰਸਾਈਕਲ 'ਤੇ ਆਏ ਗ੍ਰਾਹਕ ਦੇ ਮੋਟਰਸਾਈਕਲ ਦਾ ਪਲੱਗ ਕੱਢ ਲਿਆ | ਕੱਪੜਾ ਲੈਣ ਆਏ ਤਿੰਨ ਵਿਅਕਤੀਆਂ ਨੇ 25 ਹਜ਼ਾਰ ਦਾ ਬਿੱਲ ਬਾਅਦ 'ਚ ਪਹੁੰਚੇ ਦੋ ਵਿਅਕਤੀਆਂ ਨੂੰ ਗੂਗਲ ਪੇਅ ਕਰਨ ਲਈ ਕਿਹਾ ਤੇ ਚਲੇ ਗਏ, ਇੰਨੇ ਵਿਚ ਮੋਟਰਸਾਈਕਲ 'ਤੇ ਆਏ ਗ੍ਰਾਹਕ ਨੇ ਕਿਹਾ ਕਿ ਮੈਂ ਫਿਰ ਆ ਜਾਵਾਂਗਾ, ਜਦ ਉਹ ਮੋਟਰਸਾਈਕਲ ਨਜ਼ਦੀਕ ਪਹੁੰਚਿਆ ਤਾਂ ਮੋਟਰਸਾਈਕਲ ਦਾ ਪਲੱਗ ਨਾ ਦੇਖ ਕੇ ਹੈਰਾਨ ਰਹਿ ਗਿਆ | ਜਦ ਉਹ ਮੋਟਰਸਾਈਕਲ ਦਾ ਪਲੱਗ ਲੱਭਣ ਲੱਗੇ ਤਾਂ ਏਨੇ ਵਿਚ ਗੂਗਲ ਪੇ ਕਰਨ ਆਏ ਵਿਅਕਤੀ ਵੀ ਉਸ ਦੀ ਦੁਕਾਨ ਤੋਂ ਖਿਸਕ ਗਏ | ਜਿਸ ਦਾ ਉਸ ਨੂੰ ਬਾਅਦ 'ਚ ਪਤਾ ਲੱਗ ਗਿਆ ਕਿ ਉਸ ਨਾਲ 25000 ਦੀ ਠੱਗੀ ਵੱਜ ਗਈ ਹੈ | ਉਨ੍ਹਾਂ ਤੁਰੰਤ ਇਸ ਸਬੰਧੀ ਆਪਣੀ ਬਸਾਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਦੱਸਿਆ, ਨੂੰ ਨਾਲ ਲੈ ਕੇ ਤਪਾ ਸਿਟੀ ਵਿਚ ਸੂਚਨਾ ਦਿੱਤੀ | ਫ਼ਿਲਹਾਲ ਪੁਲਿਸ ਵਲੋਂ ਇਸ ਘਟਨਾ ਨੂੰ ਲੈ ਕੇ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਘੂੜੇਲਾ, ਮੱਖਣ ਲਾਲ, ਲਾਲ ਚੰਦ ਆਲੀਕੇ, ਰੋਕੀ ਕੁਮਾਰ, ਸਤੀਸ਼ ਕੁਮਾਰ, ਜਤਿੰਦਰ ਕੁਮਾਰ ਮੰਗੂ ਮੌੜ ਆਦਿ ਮੌਜੂਦ ਸਨ |