ਮਹਿਲ ਕਲਾਂ, 18 ਅਕਤੂਬਰ (ਅਵਤਾਰ ਸਿੰਘ ਅਣਖੀ)-ਲੋਕਾਂ ਨੇ ਇਹ ਪਰਤੱਖ ਰੂਪ 'ਚ ਦੇਖ ਲਿਆ ਹੈ, ਕਿ ਝੂਠ ਦੇ ਆਸਰੇ ਬਣਨ ਵਾਲੀਆਂ ਸਰਕਾਰਾਂ ਜਲਦ ਹੀ ਆਪਣਾ ਜਨ ਆਧਾਰ ਖੋ ਬੈਠਦੀਆਂ ਹਨ | ਅੱਜ ਸੱਚਾਈ ਦੇ ਨਾਲ ਖੜ੍ਹਨ ਦਾ ਵੇਲਾ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਸੇਵਾ-ਮੁਕਤ ਐਸ.ਡੀ.ਐਮ. ਹਰਕੰਵਲਜੀਤ ਸਿੰਘ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਇਮਾਨਦਾਰ ਅਤੇ ਸਹੀ ਪ੍ਰਸ਼ਾਸਨ ਲੋਕਾਂ ਨੂੰ ਮੁਹੱਈਆ ਕਰਵਾ ਸਕਦੀ ਹੈ | ਹੁਣ ਇਹ ਸਭ ਦੇ ਸਾਹਮਣੇ ਆ ਚੁੱਕਾ ਹੈ, ਕਿ ਸੂਬੇ ਅੰਦਰ ਸਰਕਾਰ ਦੀ ਛਤਰ ਛਾਇਆ ਹੇਠ ਵੱਡੀ ਪੱਧਰ 'ਤੇ ਭਿ੍ਸ਼ਟਾਚਾਰ ਵਧ ਫੁੱਲ ਰਿਹਾ ਹੈ | ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੀ ਤਰੱਕੀ ਲਈ ਵੱਡੇ ਕਦਮ ਚੁੱਕ ਰਹੀ ਹੈ, ਪਰ ਰਾਜ ਸਰਕਾਰ ਉਸ ਦਾ ਸਹਿਯੋਗ ਨਹੀਂ ਕਰ ਰਹੀ | ਕੇਂਦਰੀ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਭਾਜਪਾ ਦੇ ਵਰਕਰਾਂ ਨੂੰ ਰੋਕਿਆ ਜਾ ਰਿਹਾ ਹੈ, ਜੋ ਲੋਕਤੰਤਰੀ ਸਿਧਾਂਤਾਂ ਦੇ ਖ਼ਿਲਾਫ਼ ਹੈ | ਸਰਕਲ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ ਦੀ ਅਗਵਾਈ ਹੇਠ ਸੇਵਾਮੁਕਤ ਐਸ.ਡੀ.ਐਮ. ਹਰਕੰਵਲਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸੀਨੀਅਰ ਆਗੂ ਕੁਲਦੀਪ ਮਿੱਤਲ, ਨੰਬਰਦਾਰ ਬਲਵੀਰ ਸਿੰਘ ਮਹਿਲ ਖ਼ੁਰਦ, ਮਹਿੰਦਰ ਸਿੰਘ ਖ਼ਾਲਸਾ, ਰਵਿੰਦਰ ਸ਼ਰਮਾ ਆਦਿ ਹਾਜ਼ਰ ਸਨ |