ਤਪਾ ਮੰਡੀ, 17 ਦਸੰਬਰ (ਪ੍ਰਵੀਨ ਗਰਗ)-ਤਹਿਸੀਲ ਕੰਪਲੈਕਸ ਤਪਾ ਵਿਖੇ ਅੱਜ ਜਿਉਂ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ, ਤਿਉਂ ਹੀ ਕੰਪਲੈਕਸ ਦੇ ਬਾਹਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ ਸੰਬੰਧਿਤ ਉਮੀਦਵਾਰਾਂ ਦੇ ਸਮਰਥਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ, ਜੋ ਆਪੋ ਆਪਣੇ ਉਮੀਦਵਾਰ ਦੀ ਜਿੱਤ ਨੂੰ ਲੈ ਕੇ ਪੱਬਾਂ ਭਾਰ ਦਿਖਾਈ ਦਿੱਤੇ | ਜਿਉਂ-ਜਿਉਂ ਵੋਟਾਂ ਦੀ ਗਿਣਤੀ ਦੇ ਰਾਊਾਡ ਵਧਦੇ ਗਏ, ਤਿਉਂ-ਤਿਉਂ ਉਮੀਦਵਾਰਾਂ ਦੇ ਰੁਝਾਨ ਆਉਣੇ ਵੀ ਸ਼ੁਰੂ ਹੋ ਗਏ | ਜਦੋਂ ਪਾਰਟੀ ਉਮੀਦਵਾਰ ਜਿੱਤ ਕੇ ਬਾਹਰ ਆਉਂਦਾ ਤਾਂ ਸਮਰਥਕ ਆਪਣੇ ਉਮੀਦਵਾਰ ਦੇ ਜਿੱਤ ਦੀ ਖ਼ੁਸ਼ੀ 'ਚ ਪੂਰੇ ਜੋਸ਼ ਨਾਲ ਨਾਅਰੇ ਲਾਉਂਦੇ ਹੋਏ ਦਿਖਾਈ ਦਿੱਤੇ ਅਤੇ ਗਲ 'ਚ ਹਾਰ ਪਾ ਕੇ ਖ਼ੁਸ਼ੀ ਦਾ ਜਸ਼ਨ ਮਨਾਇਆ | ਉੱਧਰ ਦੂਜੇ ਪਾਸੇ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਰਹੀ | ਪੁਲਿਸ ਵਲੋਂ ਗੇਟ ਦੇ ਨਜ਼ਦੀਕ ਆਉਣ ਵਾਲੇ ਲੋਕਾਂ ਨੂੰ ਦੂਰੀ ਬਣਾ ਕੇ ਰੱਖਣ ਲਈ ਵਾਰ ਵਾਰ ਅਨਾਊਾਸਮੈਂਟ ਕੀਤੀ ਜਾ ਰਹੀ ਸੀ ਤਾਂ ਜੋ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ |