ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਅਤੇ ਤਿੰਨੋਂ ਪੰਚਾਇਤ ਸੰਮਤੀਆਂ ਉੱਪਰ 'ਆਪ' ਨੂੰ ਮਿਲਿਆ ਪੂਰਨ ਬਹੁਮਤ <br/>
ਅਜੀਤ ਡੈਸਕ
19-12-2025
ਸ਼ੋ੍ਰਮਣੀ ਅਕਾਲੀ ਦਲ ਦੇ ਵਧੀਆ ਪ੍ਰਦਰਸ਼ਨ ਦੀ ਹੋ ਰਹੀ ਚਰਚਾ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਵਧੀਆ ਪ੍ਰਦਰਸ਼ਨ ਦੀ ਜ਼ਿਲ੍ਹੇ ਵਿਚ ਕਾਫ਼ੀ ਚਰਚਾ ਹੋ ਰਹੀ ਹੈ | 2018 ਵਿਚ ਸ਼ੋ੍ਰਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਕਿਸੇ ਵੀ ਜ਼ੋਨ ਤੋਂ ਜਿੱਤ ਹਾਸਲ ਨਹੀਂ ਸੀ ਹੋਈ ਅਤੇ ਇਸ ਵਾਰ ਅਕਾਲੀ ਦਲ ਦੋ ਜ਼ੋਨਾਂ ਤੋਂ ਜਿੱਤਿਆ ਹੈ | ਇਸੇ ਤਰ੍ਹਾਂ 2018 ਵਿਚ ਤਿੰਨੋਂ ਬਲਾਕ ਸੰਮਤੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ਼ 9 ਉਮੀਦਵਾਰ ਜੇਤੂ ਰਹੇ ਸਨ ਜਦਕਿ ਇਸ ਵਾਰ ਬਲਾਕ ਸੰਮਤੀਆਂ ਤੋਂ 13 ਉਮੀਦਵਾਰ ਜੇਤੂ ਹੋਏ ਹਨ ਅਤੇ ਕੁੱਝ ਆਜ਼ਾਦ ਉਮੀਦਵਾਰ ਜਿਨ੍ਹਾਂ ਨੂੰ ਅਕਾਲੀ ਦਲ ਦਾ ਸਮਰਥਨ ਹਾਸਲ ਸੀ ਨੇ ਜਿੱਤ ਹਾਸਲ ਕੀਤੀ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਇਨ੍ਹਾਂ ਚੋਣਾਂ ਵਿਚ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਨੂੰ ਲੋਕਾਂ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਹੈ |
ਭਾਰਤੀਆ ਜਨਤਾ ਪਾਰਟੀ ਨਹੀਂ ਖੋਲ੍ਹ ਸਕੀ ਆਪਣਾ ਖਾਤਾ
ਭਾਰਤੀਆ ਜਨਤਾ ਪਾਰਟੀ ਵਲੋਂ ਬੇਸ਼ੱਕ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਅਤੇ ਤਿੰਨੋਂ ਪੰਚਾਇਤ ਸੰਮਤੀਆਂ ਲਈ ਬਹੁਤ ਘੱਟ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਸਨ ਲੇਕਿਨ ਪਾਰਟੀ ਦਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ | ਦੱਸਣਯੋਗ ਹੈ ਕਿ ਭਾਜਪਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ 10 ਜ਼ੋਨਾਂ 'ਚੋਂ ਕੇਵਲ 2 ਜ਼ੋਨਾਂ ਅਤੇ ਤਿੰਨੋਂ ਬਲਾਕ ਸੰਮਤੀਆਂ ਦੇ 65 ਜ਼ੋਨਾਂ ਵਿਚੋਂ ਸਿਰਫ਼ 10 ਜ਼ੋਨਾਂ ਤੋਂ ਹੀ ਉਮੀਦਵਾਰ ਖੜ੍ਹੇ ਕੀਤੇ ਗਏ ਸਨ |