ਮਹਿਲ ਕਲਾਂ, 18 ਦਸੰਬਰ (ਅਵਤਾਰ ਸਿੰਘ ਅਣਖੀ)-ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਸੀ.ਬੀ.ਐਸ.ਈ ਅਤੇ ਸੀ.ਓ.ਈ ਚੰਡੀਗੜ੍ਹ ਦੇ ਸਹਿਯੋਗ ਨਾਲ ਕਪੈਸਟੀ ਬਿਲਡਿੰਗ ਪ੍ਰੋਗਰਾਮ ਦੇ ਅਧੀਨ ਸਾਇੰਸ ਅਧਿਆਪਕਾਂ ਲਈ ਦੋ ਰੋਜ਼ਾ ਸੈਮੀਨਾਰ ਦਾ ਸਫ਼ਲ ਆਯੋਜਨ ਕੀਤਾ ਗਿਆ | ਪ੍ਰਬੰਧਕਾਂ ਅਨੁਸਾਰ ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਪੇਸ਼ੇਵਰ ਯੋਗਤਾ 'ਚ ਵਾਧਾ ਕਰਨਾ ਅਤੇ ਵਿਗਿਆਨ ਵਿਸ਼ੇ ਦੀ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਸੀ | ਇਸ ਮੌਕੇ ਬੋਲਦਿਆਂ ਅਨਿਲ ਕੁਮਾਰ, ਸਰਤਾਜ ਥੰਮਣ ਨੇ ਦੱਸਿਆ ਕਿ ਇਸ ਵਰਕਸ਼ਾਪ ਨੇ ਅਧਿਆਪਕਾਂ ਨੂੰ ਆਪਣੇ ਗਿਆਨ ਅਤੇ ਸਿੱਖਿਆ ਸਰਗਰਮੀਆਂ ਨੂੰ ਅਪਡੇਟ ਕਰਨ ਦਾ ਇਕ ਕੀਮਤੀ ਅਵਸਰ ਪ੍ਰਦਾਨ ਕੀਤਾ, ਜਿਸ ਨਾਲ ਵਿਗਿਆਨ ਦੇ ਖੇਤਰ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ | ਸੈਮੀਨਾਰ ਦੌਰਾਨ ਆਧੁਨਿਕ ਸਿੱਖਿਆ, ਤਜਰਬੇਕਾਰ ਸਿੱਖਣ, ਨਵੀਨਤਮ ਤਕਨਾਲੋਜੀ ਦੀ ਵਰਤੋਂ ਅਤੇ ਵਿਦਿਆਰਥੀ ਕੇਂਦਰਿਤ ਅਧਿਆਪਨ ਤਰੀਕਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮਾਹਿਰ ਅਧਿਆਪਕਾਂ ਵਲੋਂ ਲੈਕਚਰ, ਵਰਕਸ਼ਾਪਾਂ ਲਗਾਉਣ ਦੇ ਨਾਲ-ਨਾਲ ਰੂਬਰੂ ਸੈਸ਼ਨ ਕਰਵਾਏ ਗਏ, ਜਿਸ ਨਾਲ ਅਧਿਆਪਕਾਂ ਨੂੰ ਨਵੀਂ ਸੋਚ ਅਤੇ ਦਿ੍ਸ਼ਟੀ ਮਿਲੀ | ਇਸ ਦੋ ਦਿਨਾਂ ਸੈਮੀਨਾਰ ਵਿਚ ਬਾਹਰੋਂ ਵੱਖ-ਵੱਖ ਸਕੂਲਾਂ ਤੋਂ ਵੀ ਵਿਗਿਆਨ ਅਧਿਆਪਕਾਂ ਨੇ ਵੀ ਭਰਪੂਰ ਹਿੱਸਾ ਲਿਆ | ਭਾਗੀਦਾਰ ਅਧਿਆਪਕਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਣਾਦਾਇਕ ਦੱਸਿਆ | ਪਿ੍ੰਸੀਪਲ ਮੁਹੰਮਦ ਆਰਿਫ ਸੈਫੀ ਆਏ ਹੋਏ ਮਹਿਮਾਨ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਅਧਿਆਪਕਾਂ ਦੀ ਲਗਾਤਾਰ ਵਿਕਾਸ ਯੋਗਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਸਹਾਇਕ ਸਾਬਤ ਹੁੰਦੇ ਹਨ |