ਭਦੌੜ, 18 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਸਿਫਿਕ ਅਬੈਕਸ ਐਜੂਕੇਸ਼ਨ ਭਦੌੜ ਦੇ ਵਿਦਿਆਰਥੀਆਂ ਨੇ ਰਾਣੀ ਲਕਸ਼ਮੀ ਬਾਈ ਆਡੀਟੋਰੀਅਮ ਸੈਕਟਰ 38 ਚੰਡੀਗੜ੍ਹ ਵਿਖੇ ਚੈਂਪੀਅਨ ਵਰਲਡਜ਼ ਦੇ ਡਾਇਰੈਕਟਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਹੋਏ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰ ਕੇ ਆਪਣੀ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਪੈਸਿਫਿਕ ਅਬੈਕਸ ਐਜੂਕੇਸ਼ਨ ਭਦੌੜ ਦੇ ਡਾਇਰੈਕਟਰ ਪੂਨਮ ਬਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਰਾਸ਼ਟਰੀ ਪੱਧਰ 'ਤੇ 16364 ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ 31 ਦੇਸ਼ਾਂ ਦੇ 30 ਹਜ਼ਾਰ ਵਿਦਿਆਰਥੀਆ ਨੇ ਭਾਗ ਲਿਆ ਸੀ ਜਿਨ੍ਹਾਂ ਵਿਚ ਪੈਸਿਫਿਕ ਅਬੈਕਸ ਐਜੂਕੇਸ਼ਨ ਦੇ ਵਿਦਿਆਰਥੀ ਪ੍ਰਭਗੁਣ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਪਹਿਲੀ ਟਰਮ (ਸਪੈਸ਼ਲ ਕੈਟਗਿਰੀ) ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ 2025 ਦਾ ਨੈਸ਼ਨਲ ਰਿਕਾਰਡ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ | ਉੱਥੇ ਨਿਵਰਿਤੀ ਤਲਵਾੜ ਪੁੱਤਰੀ ਪਰਮਜੀਤ ਸਿੰਘ ਤਲਵਾੜ, ਸਾਂਚੀ ਸਿੰਗਲਾ ਪੁੱਤਰ ਰਿਸ਼ੂ ਸਿੰਗਲਾ ਅਤੇ ਸਾਹਿਬਜੋਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਵੀ 100 ਵਿਚੋਂ 100 ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸੰਚਿਤ ਸਿੰਗਲਾ ਪੁੱਤਰ ਰਿਸ਼ੂ ਸਿੰਗਲਾ ਨੇ 99 ਅੰਕ ਪ੍ਰਾਪਤ ਕਰ ਕੇ ਵਧੀਆ ਪ੍ਰਦਰਸ਼ਨ ਕਰ ਕੇ ਟਰਾਫ਼ੀ ਨੂੰ ਆਪਣੇ ਨਾਂਅ ਕੀਤਾ ਹੈ | ਅੰਤਰ ਰਾਸ਼ਟਰੀ ਪੱਧਰ 'ਤੇ ਪ੍ਰਭਗੁਣ ਸਿੰਘ ਨੇ 70 ਵਿਚੋਂ 70 ਅੰਕ ਪ੍ਰਾਪਤ ਕਰ ਕੇ ਪਹਿਲੀ ਟਰਮ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਰਿਸ਼ਾਨ ਸਿੰਗਲਾ ਪੁੱਤਰੀ ਸੰਜੀਵ ਸਿੰਗਲਾ ਨੇ 100 ਅੰਕ ਪ੍ਰਾਪਤ ਕੀਤੇ, ਸਾਲੀਨ ਗਰੋਵਰ ਪੁੱਤਰ ਯੋਗੇਸ਼ ਕੁਮਾਰ ਅਤੇ ਅਨਾਮਿਆ ਪੁੱਤਰੀ ਮਨੋਜ ਕੁਮਾਰ ਨੇ 99 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਵਧੀਆ ਪ੍ਰਦਰਸ਼ਨ ਕੀਤਾ | ਪ੍ਰਭਗੁਣ ਸਿੰਘ ਨੇ ਓਲੰਪੀਅਡ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਚੈਂਪੀਅਨ ਆਫ਼ ਚੈਂਪੀਅਨਜ਼ ਦੀ ਟਰਾਫ਼ੀ ਪ੍ਰਾਪਤ ਕੀਤੀ | ਅਕੈਡਮੀ ਦੇ ਡਾਇਰੈਕਟਰ ਮੈਡਮ ਪੂਨਮ ਬਾਲਾ ਨੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸੰਸਥਾ ਵਲੋਂ ਵੀ ਵਿਸ਼ੇਸ਼ ਸਨਮਾਨ ਕਰਨ ਉਪਰੰਤ ਕਿਹਾ ਕਿ ਅਬੈਕਸ ਸਿੱਖਿਆ ਪ੍ਰਣਾਲੀ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਜਿਸ ਕਰ ਕੇ ਬੱਚਿਆਂ ਨੂੰ ਇਹ ਸਿੱਖਿਆਂ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ |