ਮਹਿਲ ਕਲਾਂ, 20 ਦਸੰਬਰ (ਤਰਸੇਮ ਸਿੰਘ ਗਹਿਲ)-ਝੋਨੇ ਦੇ ਝਾੜ ਨੇ ਝੰਬੇ ਕਿਸਾਨਾਂ ਦੇ ਸਾਹ ਹੁਣ ਯੂਰੀਆ ਖਾਦ ਦੀ ਘਾਟ ਨੇ ਸੂਤ ਦਿੱਤੇ ਹਨ, ਖਾਦ ਦੀ ਘਾਟ ਨੇ ਹਾੜ੍ਹੀ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤੀਆਂ ਹਨ ਅਤੇ ਇਸ ਮਾਮਲੇ ਵਿਚ ਕਿਸਾਨ ਪ੍ਰੇਸ਼ਾਨ ਅਤੇ ਸਰਕਾਰ ਬੇਖ਼ਬਰ ਦਿਖਾਈ ਦੇ ਰਹੀ ਹੈ | ਯੂਰੀਆ ਖਾਦ ਦੀ ਕਿੱਲਤ ਨੂੰ ਪੂਰਾ ਕਰਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸਹਿਕਾਰੀ ਸਭਾਵਾਂ ਦੇ ਪ੍ਰਬੰਧਕਾਂ ਵਲੋਂ ਜ਼ਿਲ੍ਹਾ ਮਾਰਕਫੈੱਡ ਦੇ ਦਫ਼ਤਰ ਦਾ ਘਿਰਾਓ ਕਰਨ ਉਪਰੰਤ ਵੀ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਇਆ | ਇਸ ਸਮੇਂ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਦੇਣ ਲਈ ਦੂਸਰਾ ਅਤੇ ਤੀਸਰਾ ਗੇੜ ਚੱਲ ਰਿਹਾ ਹੈ, ਬਹੁਤੇ ਕਿਸਾਨਾਂ ਯੂਰੀਆ ਖਾਦ ਨਾ ਮਿਲਣ ਕਰ ਕੇ ਕਣਕ ਦੇ ਖੇਤ ਨੂੰ ਪਹਿਲਾ ਪਾਣੀ ਦੇਣ ਸਮੇਂ ਵੀ ਯੂਰੀਆ ਖਾਦ ਪ੍ਰਤੀ ਏਕੜ ਮੁਤਾਬਿਕ ਪੂਰੀ ਮਾਤਰਾ ਵਿਚ ਨਹੀਂ ਦਿੱਤੀ ਜਾ ਸਕੀ, ਜਿਸ ਕਰ ਕੇ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੇ ਘੱਟ ਨਿਕਲੇ ਝਾੜ ਦੀ ਤਰ੍ਹਾਂ ਹਾੜੀ ਦੀ ਫ਼ਸਲ ਕਣਕ ਦਾ ਝਾੜ ਘਟਣ ਦਾ ਪੂਰਾ ਖ਼ਦਸ਼ਾ ਹੋਵੇਗਾ | ਫ਼ਸਲ ਨੂੰ ਨਾਈਟ੍ਰੋਜਨ ਦੀ ਘਾਟ ਹੋਣ ਕਰ ਕੇ ਕਣਕਾਂ ਦੇ ਖੇਤ ਪੀਲੇ ਪੈਣ ਲੱਗੇ ਹਨ, ਜਿਸ ਨਾਲ ਕਿਸਾਨ ਹੋਰ ਵੀ ਚਿੰਤਾ ਵਿਚ ਡੁੱਬ ਚੁੱਕੇ ਹਨ | ਬੀਤੇ ਕੁੱਝ ਮਹੀਨੇ ਪਹਿਲਾਂ ਨੇੜਲੇ ਪਿੰਡ ਮੂੰਮ ਵਿਖੇ ਖੇਤੀਬਾੜੀ ਵਿਭਾਗ ਵਲੋਂ ਪੈਸਟੀਸਾਈਡ ਵਿਕਰੇਤਾ ਦੀ ਦੁਕਾਨ 'ਤੇ ਛਾਪੇਮਾਰੀ ਕਰ ਕੇ ਯੂਰੀਆ ਦੇ ਗੁਦਾਮ ਨੂੰ ਸੀਲ ਕਰਨ ਦੇ ਮਾਮਲੇ ਨਾਲ ਇਲਾਕੇ ਭਰ ਦੇ ਦਹਿਸ਼ਤ ਪੈਦਾ ਹੋ ਗਈ ਸੀ, ਜਿਸ ਕਰ ਕੇ ਪ੍ਰਾਈਵੇਟ ਦੁਕਾਨ ਮਾਲਕਾਂ ਵਲੋਂ ਯੂਰੀਆ ਖਾਦ ਨੂੰ ਸਟੋਰ ਨਹੀਂ ਕੀਤਾ ਗਿਆ | ਜੇਕਰ ਗੱਲ ਸਹਿਕਾਰੀ ਸਭਾਵਾਂ ਵਿਚੋਂ ਪ੍ਰਾਪਤ ਹੋਣ ਵਾਲੇ ਯੂਰੀਆ ਖਾਦ ਦੀ ਕੀਤੀ ਜਾਵੇ ਤਾਂ ਇਹ ਖਾਦ ਸਭਾਵਾਂ ਲਈ ਪਹਿਲਾਂ ਹੀ ਘਾਟੇ ਦਾ ਵਣਜ ਸੀ ਅਤੇ ਹੁਣ ਕੰਪਨੀਆਂ ਵਲੋਂ ਯੂਰੀਆ ਖਾਦ ਨੂੰ ਡੰਪ ਤੋਂ ਸਹਿਕਾਰੀ ਸਭਾਵਾਂ ਤੱਕ ਪੁੱਜਦਾ ਕਰਨ ਲਈ 30 ਕਿੱਲੋਮੀਟਰ ਦੇ ਦਾਇਰੇ ਵਾਲੇ ਐਫ਼.ਓ.ਆਰ. ਦੇ ਨਵੇਂ ਨਿਯਮ ਲਾਗੂ ਹੋਣ ਨਾਲ ਸਭਾਵਾਂ ਦਾ ਨੁਕਸਾਨ ਹੋਣ ਹੋਰ ਵੀ ਤੈਅ ਹੈ | ਸਹਿਕਾਰੀ ਸਭਾਵਾਂ ਨੂੰ ਯੂਰੀਆ ਖਾਦ ਦੇ ਪ੍ਰਤੀ ਗੱਟਾ ਵਿਚੋਂ ਆਮਦਨ 7 ਰੁਪਏ ਪ੍ਰਤੀ ਗੱਟਾ ਹੁੰਦੀ ਹੈ, ਜਿਸ ਵਿਚੋਂ 4 ਰੁਪਏ ਲੇਬਰ ਅਤੇ 25 ਤੋਂ 30 ਰੁਪਏ ਨਵੇਂ ਰੂਲ ਦੇ ਮੁਤਾਬਿਕ ਕਿਰਾਇਆ ਦਾ ਅਦਾ ਕਰਨਾ ਹੋਵੇਗਾ | ਜੇਕਰ ਜ਼ਿਲੇ੍ਹ ਦੀਆਂ ਕੁੱਲ ਸਹਿਕਾਰੀ ਸਭਾਵਾਂ ਵਿਚ ਯੂਰੀਆ ਖਾਦ ਦੀ ਪਹੁੰਚ ਦੀ ਗੱਲ ਕੀਤੀ ਜਾਵੇ ਤਾਂ 35 ਫ਼ੀਸਦੀ ਯੂਰੀਆ ਦੀ ਪੂਰਤੀ ਹੋਈ ਹੈ, ਜਿਸ ਦੀ ਬਦੌਲਤ ਬਹੁਤੇ ਕਿਸਾਨਾਂ ਵਲੋਂ ਯੂਰੀਆ ਖਾਦ ਦੀ ਪੂਰਤੀ ਲਈ ਹਰਿਆਣੇ ਦਾ ਰੁੱਖ ਕੀਤਾ ਹੈ |