ਭਦੌੜ, 21 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬਾ ਭਦੌੜ ਅੰਦਰ ਨਾਜਾਇਜ਼ ਕਬਜ਼ਿਆਂ ਕਾਰਨ ਵੱਧ ਰਹੀ ਟਰੈਫ਼ਿਕ ਸਮੱਸਿਆ ਲੋਕਾਂ ਲਈ ਜੀਅ ਦਾ ਜੰਜਾਲ ਬਣ ਚੁੱਕੀ ਹੈ ਜਿਸ ਦੇ ਅੱਗੇ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਨਗਰ ਕੌਂਸਲ ਵੀ ਆਪਣੇ ਗੋਡੇ ਟੇਕ ਦੀ ਨਜ਼ਰ ਆ ਰਹੀ ਹੈ ਅਤੇ ਭਦੌੜ ਅੰਦਰ ਬਣੇ ਨਵੇਂ ਬੱਸ ਸਟੈਂਡ ਅੰਦਰ ਬੱਸਾਂ ਦਾ ਨਾ ਆਉਣ ਵੀ ਇਸ ਸਮੱਸਿਆ ਨੂੰ ਮੰਨਿਆ ਜਾ ਰਿਹਾ ਹੈ | ਸਥਾਨਕ ਤਿੰਨ ਕੋਣੀ ਤੋਂ ਲੈ ਕੇ ਸੈਕੰਡਰੀ ਸਕੂਲ ਲੜਕੀਆਂ ਤੱਕ ਜਿਹੜੀ ਸੜਕ ਰਾਤ ਸਮੇਂ ਚੌੜੀ ਨਜ਼ਰ ਆਉਂਦੀ ਹੈ ਉਹ ਦਿਨ ਸਮੇਂ ਬੇਤਰਤੀਬੇ ਖੜ੍ਹੇ ਵਾਹਨਾਂ ਅਤੇ ਦੁਕਾਨਦਾਰਾਂ ਵਲੋਂ ਰੱਖੇ ਸਮਾਨ ਅਤੇ ਲੱਗੀਆਂ ਰੇਹੜੀਆਂ ਕਾਰਨ ਪੂਰੀ ਤਰ੍ਹਾਂ ਨਿਗੂਣੀ ਦਿਖਾਈ ਦਿੰਦੀ ਹੈ | ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਭਦੌੜ ਅੰਦਰ ਪਰਨਾਲਾ ਉੱਥੇ ਦਾ ਉੱਥੇ ਹੈ, ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਵਾਲੀ ਕਸਬੇ ਦੀ ਨਗਰ ਕੌਂਸਲ ਦੇ ਵਿਹੜੇ ਵਿਚ ਵੀ ਪਤਾ ਨਹੀਂ ਕਿਹੜੀ ਝੇਪ ਕਾਰਨ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਇਸ ਰੋਡ ਦੇ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਜਾਂ ਪੱਕੀਆਂ ਦੁਕਾਨਾਂ ਪੈਸੇ ਲੈ ਕੇ ਰੁਜ਼ਗਾਰ ਦਾ ਸਾਧਨ ਬਣਾਇਆ ਹੋਇਆ ਹੈ, ਬਾਜ਼ਾਰਾਂ ਅੰਦਰ ਦੁਕਾਨਦਾਰਾਂ ਵਲੋਂ ਬੇਲੋੜਾ ਸਮਾਨ ਬਾਹਰ ਰੱਖਣ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪੈ ਰਿਹਾ ਹੈ ਪ੍ਰੰਤੂ ਕਸਬੇ ਦੀ ਨਗਰ ਕੌਂਸਲ ਦੇ ਅਧਿਕਾਰੀ ਇਸ ਪ੍ਰਤੀ ਬਿਲਕੁਲ ਹੀ ਖ਼ਾਮੋਸ਼ ਹਨ ਸ਼ਾਇਦ ਇਸ ਦਾ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਖ਼ਬਰੀ ਜਾਂ ਸਿਆਸੀ ਹੋ ਸਕਦਾ ਹੈ | ਇਸ ਰੋਡ ਉਪਰ ਬੈਂਕਾਂ ਦੀਆਂ ਮੇਨ ਬਰਾਂਚ, ਵੱਡੇ ਹੋਟਲ, ਸੈਨਟਰੀ ਦੇ ਵੱਡੇ ਸ਼ੋਅ ਰੂਮ ਅਤੇ ਸਟੋਰ ਸਥਾਪਤ ਹਨ ਜਿਨ੍ਹਾਂ ਉਪਰ ਵੱਡੀ ਗਿਣਤੀ ਵਿਚ ਖ਼ਰੀਦਦਾਰ ਆਪਣੇ ਵਹੀਕਲਾਂ ਉਪਰ ਆਉਂਦੇ ਜਾਂਦੇ ਹਨ, ਪ੍ਰੰਤੂ ਇਨ੍ਹਾਂ ਦੀ ਪਾਰਕਿੰਗ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਟ੍ਰੈਫਿਕ ਵਿਚ ਭਾਰੀ ਵਿਘਨ ਪੈਂਦਾ ਹੈ, ਉੱਥੇ ਪਿੰਡ ਮੱਲੀਆਂ ਵਿਖੇ ਲੱਗੇ ਟੋਲ ਪਲਾਜ਼ਾ ਤੋਂ ਵਚਨ ਲਈ ਵਾਇਆ ਰਾਮਗੜ੍ਹ ਹੋ ਕੇ ਭਗਤਾ ਭਾਈਕਾ, ਰਾਮਪੁਰਾ ਜਾਂ ਬਠਿੰਡਾ ਸਾਈਡ ਜਾਣ ਵਾਲੇ ਭਾਰੀ ਵਾਹਨ ਭਦੌੜ ਅੰਦਰ ਦਾਖਲ ਹੋਣ ਨਾਲ ਜਿੱਥੇ ਟਰੈਫ਼ਿਕ ਸਮੱਸਿਆ ਖੜ੍ਹੀ ਹੁੰਦੀ ਹੈ ਉੱਥੇ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਕਰ ਦਿੱਤੀ ਹੈ ਸੀਵਰੇਜ ਦੀਆਂ ਹੌਦੀਆਂ ਦੇ ਡੱਕਣ ਥਾਂ-ਥਾਂ ਟੁੱਟ ਰਹੇ ਹਨ, ਕਬਜ਼ੇ ਕਰਨ ਵਾਲੇ ਦੁਕਾਨਦਾਰ ਅਗਲੀ ਜਗ੍ਹਾ ਤੋਂ ਇਲਾਵਾ ਸੜਕ ਦੀ ਹੱਦ ਵੀ ਪਾਰ ਕਰ ਜਾਂਦੇ ਹਨ, ਅਜਿਹੇ ਹੀ ਹਾਲਾਤ ਕਸਬੇ ਦੇ ਮੇਨ ਬਾਜ਼ਾਰਾਂ ਵਿਚ ਬਣੇ ਹੋਏ ਹਨ ਦੁਕਾਨਦਾਰ ਮਸ਼ਹੂਰੀ ਬੋਰਡਾਂ ਤੋਂ ਇਲਾਵਾ ਫ਼ਾਲਤੂ ਸਮਾਨ ਬਾਹਰ ਰੱਖ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਸਾਫ਼ ਦਿਖਾਈ ਦੇ ਰਹੇ ਹਨ | ਇਸ ਦੇ ਸਬੰਧ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਸ਼ਹਿਰੀ ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ, ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਨਰੋਤਮ ਕੌਛੜ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਸੰਧੂ ਅਤੇ ਸਾਬਕਾ ਪ੍ਰਧਾਨ ਰਾਜਵੀਰ ਸਿੰਗਲਾ ਨੇ ਕਿਹਾ ਕਿ ਬੱਸ ਸਟੈਂਡ ਦੇ ਰਹਿੰਦੇ ਲਾਈਟ ਸਿਸਟਮ ਅਤੇ ਰੰਗ ਲਈ ਬਣਦੀ ਗਰਾਂਟ ਦਾ ਜਾਰੀ ਨਾ ਹੋਣਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਉਪਰ ਸਵਾਲ ਖੜ੍ਹੇ ਕਰਦਾ ਹੈ ਉੱਥੇ ਬੱਸਾਂ ਬੱਸ ਸਟੈਂਡ ਦੇ ਅੰਦਰ ਨਾ ਆਉਣ ਦੇ ਬਾਵਜੂਦ ਨਗਰ ਕੌਂਸਲ ਬੱਸ ਅੱਡੇ ਦੀ ਫ਼ੀਸ ਦੇ ਨਾਂਅ 'ਤੇ ਭਾਰੀ ਆਮਦਨ ਕਰ ਰਹੀ ਹੈ | ਦੂਜੇ ਪਾਸੇ ਬੱਸ ਅੱਡਾ ਨਾ ਚਾਲੂ ਹੋਣ ਕਾਰਨ ਲੋਕਾਂ ਨੂੰ ਤਿੰਨ ਕੋਣੀ ਬਾਈਪਾਸ 'ਤੇ ਜਾਣ ਲਈ ਪਹਿਲਾਂ 20 ਰੁਪਏ ਪ੍ਰਤੀ ਸਵਾਰੀ ਆਟੋ ਰਿਕਸ਼ਾ ਵਾਲਿਆਂ ਨੂੰ ਜਾਣ ਦਾ ਕਿਰਾਇਆ ਦੇਣਾ ਪੈਂਦਾ, ਫਿਰ ਵਾਪਸ ਆਉਣ ਵੇਲੇ, ਇਸ ਸਮੱਸਿਆਵਾਂ ਨਾਲ ਲਾਗਲੇ ਪਿੰਡਾਂ ਦੇ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਜੋ ਲੋਕ ਆਪਣੇ ਘਰਾਂ ਵਿਚਲੀਆਂ ਵਸਤੂਆਂ ਨੂੰ ਖ਼ਰੀਦਣ ਲਈ ਅੱਗੇ ਸਿਰਫ਼ ਬੱਸ ਕਰਾਏ ਨਾਲ ਵਾਪਸ ਮੁੜ ਜਾਂਦੇ ਸੀ ਪਰ ਹੁਣ 40 ਤੋਂ 50 ਰੁਪਏ ਆਟੋ ਦੇ ਵਾਧੂ ਲੱਗਣ ਨਾਲ ਲੋਕ ਬਹੁਤ ਨਿਰਾਸ਼ ਹਨ ਉੱਥੇ ਇਸ ਦਾ ਕਸਬੇ ਦੇ ਵਪਾਰ ਉਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ ਜੇਕਰ ਸਰਕਾਰ ਜਾਂ ਨਗਰ ਕੌਂਸਲ ਦੇ ਇਸ ਦਾ ਕੁੱਝ ਦਿਨਾਂ ਅੰਦਰ ਸਥਾਈ ਹੱਲ ਨਾ ਕੀਤਾ ਤਾਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਬੱਸ ਅੱਡੇ ਨੂੰ ਚਾਲੂ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ਜਿਸ ਕਰ ਕੇ ਅਸੀਂ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਇਸ ਸਮੱਸਿਆ ਦਾ ਜਲਦੀ ਹੱਲ ਕਰ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ |