ਬਰਨਾਲਾ, 27 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਨਿਗਮ ਬਰਨਾਲਾ ਦੀ ਕੀਤੀ ਗਈ ਵਾਰਡਬੰਦੀ ਅਤੇ ਰਾਖਵਾਂਕਰਨ ਸਬੰਧੀ ਜਾਰੀ ਕੀਤੇ ਗਏ ਖਰੜੇ ਨੂੰ ਲੈ ਕੇ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸਾਬਕਾ ਕੌਂਸਲਰਾਂ ਵਲੋਂ ਸਖ਼ਤ ਇਤਰਾਜ਼ ਚੁੱਕੇ ਗਏ ਹਨ | ਵਾਰਡਬੰਦੀ ਅਤੇ ਰਾਖਵਾਂਕਰਨ ਸਬੰਧੀ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ, ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਮੇਲ ਸਿੰਘ ਡੈਅਰੀਵਾਲਾ, ਖੁਸ਼ੀ ਮੁਹੰਮਦ, ਸਾਬਕਾ ਕੌਂਸਲਰ ਅਜੈ ਕੁਮਾਰ, ਜੀਵਨ ਕੁਮਾਰ, ਪਰਮਜੀਤ ਸਿੰਘ ਪੱਖੋ, ਗੁਰਪ੍ਰੀਤ ਸਿੰਘ ਕਾਕਾ ਡੈਂਟਰ, ਯਾਦਵਿੰਦਰ ਸਿੰਘ ਕਾਲਾ ਡੈਂਟਰ ਆਦਿ ਨੇ ਕਿਹਾ ਕਿ ਨਗਰ ਨਿਗਮ ਬਰਨਾਲਾ ਦੀ ਕੀਤੀ ਗਈ ਇਸ ਵਾਰਡਬੰਦੀ ਤੋਂ ਇਹ ਜਾਪਦਾ ਹੈ ਕਿ ਸੱਤਾਧਾਰੀ ਧਿਰ ਵਲੋਂ ਸਿਰਫ਼ ਆਪਣੇ ਚਹੇਤਿਆਂ ਨੂੰ ਖ਼ੁਸ਼ ਕੀਤਾ ਗਿਆ ਹੈ ਅਤੇ ਇਸੇ ਕਾਰਨ ਰਾਖਵਾਂਕਰਨ ਬਿਲਕੁਲ ਵੀ ਸਹੀ ਢੰਗ ਨਾਲ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਇਕ ਪਾਸੇ ਵਾਲੇ ਵਾਰਡ ਜਨਰਲ ਅਤੇ ਦੂਸਰੇ ਪਾਸੇ ਵਾਲੇ ਵਾਰਡ ਰਾਖਵੇਂ ਕਰ ਦਿੱਤੇ ਗਏ ਹਨ | ਕੁੱਝ ਅਜਿਹੇ ਵਾਰਡ ਜਿੱਥੇ ਅਨੁਸੂਚਿਤ/ਪਛੜੀਆਂ ਸ਼ੇ੍ਰਣੀਆਂ ਦੀ ਵਸੋਂ ਕਾਫ਼ੀ ਘੱਟ ਨੂੰ ਰਾਖਵਾਂ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਭੰਬਲਭੂਸੇ ਵਿਚ ਪਾਉਣ ਲਈ ਵਾਰਡਬੰਦੀ ਵਿਚ ਕਿਧਰੇ ਵੀ ਪ੍ਰਮੁੱਖ ਸੜਕਾਂ, ਬਾਜ਼ਾਰਾਂ, ਨਗਰਾਂ, ਕਾਲੋਨੀਆਂ ਅਤੇ ਹੋਰ ਸਥਾਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਜਿਸ ਨਾਲ ਆਮ ਲੋਕਾਂ ਨੂੰ ਆਪਣੇ ਵਾਰਡ ਦੀ ਜਾਣਕਾਰੀ ਸਮਝ ਵਿਚ ਆ ਸਕੇ | ਇਸ ਤੋਂ ਇਲਾਵਾ ਕਈ ਅਜਿਹੇ ਰੋਡਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਅੱਜ ਤੱਕ ਸ਼ਹਿਰ ਵਾਸੀਆਂ ਨੇ ਸੁਣੇ ਹੀ ਨਹੀਂ, ਜਿਨ੍ਹਾਂ ਵਿਚ ਨਿਹਾਲ ਸਿੰਘ ਵਾਲਾ ਰੋਡ, ਮਲੇਰਕੋਟਲਾ ਿਲੰਕ ਰੋਡ ਆਦਿ ਜ਼ਿਕਰਯੋਗ ਹਨ | ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਨਗਰ ਨਿਗਮ ਬਰਨਾਲਾ ਦੀ ਵਾਰਡਬੰਦੀ ਸ਼ਹਿਰ ਬਰਨਾਲਾ ਦੇ ਇਲਾਕਿਆਂ, ਗਲੀ/ਮੁਹੱਲਿਆਂ ਤੋਂ ਪੂਰੀ ਤਰ੍ਹਾਂ ਅਣਜਾਣ ਵਿਅਕਤੀਆਂ ਵਲੋਂ ਤਿਆਰ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਵਲੋਂ ਇਸ ਵਾਰਡਬੰਦੀ ਅਤੇ ਰਾਖਵਾਂਕਰਨ ਨੂੰ ਲੈ ਕੇ ਆਪਣੇ ਇਤਰਾਜ਼ ਉੱਚ ਅਧਿਕਾਰੀਆਂ ਪਾਸ ਲਿਖਤੀ ਰੂਪ ਵਿਚ ਜਮ੍ਹਾ ਕਰਵਾਏ ਜਾਣਗੇ ਉੱਥੇ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਵਾਰਡਬੰਦੀ ਨੂੰ ਲੈ ਕੇ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਇਤਰਾਜ਼ ਨਗਰ ਨਿਗਮ ਦਫ਼ਤਰ ਵਿਖੇ ਜਮ੍ਹਾ ਕਰਵਾਉਣ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ, ਨਗਰ ਨਿਗਮ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਇਤਰਾਜ਼ਾਂ ਉੱਪਰ ਸਹੀ ਢੰਗ ਨਾਲ ਸੁਣਵਾਈ ਕਰ ਕੇ ਹੱਲ ਨਾ ਕੀਤਾ ਗਿਆ ਤਾਂ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਨੇ ਵੀ ਵਾਰਡਬੰਦੀ ਅਤੇ ਰਾਖਵਾਂਕਰਨ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਵਾਰਡਬੰਦੀ ਬਿਲਕੁਲ ਵੀ ਸਹੀ ਨਹੀਂ ਕੀਤੀ ਗਈ ਹੈ ਅਤੇ ਇਸ ਵਾਰਡਬੰਦੀ ਨੂੰ ਬਣਾਉਣ ਸਮੇਂ ਸੱਤਾਧਾਰੀ ਪਾਰਟੀ ਵਲੋਂ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਕੌਂਸਲਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ | ਇਸ ਲਈ ਉਹ ਵਾਰਡਬੰਦੀ ਅਤੇ ਵਾਰਡਾਂ ਦੇ ਰਾਖਵੇਂਕਰਨ ਦਾ ਸਖ਼ਤ ਵਿਰੋਧ ਕਰਦੇ ਹਨ |
ਹੱਦਬੰਦੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਰਿਕਾਰਡ ਦੀ ਕੀਤੀ ਗਈ ਸੀ ਮੰਗ-ਵਿਧਾਇਕ ਕਾਲਾ ਢਿੱਲੋਂ
ਹਲਕਾ ਬਰਨਾਲਾ ਦੇ ਕਾਂਗਰਸੀ ਵਿਧਾਇਕ ਅਤੇ ਹੱਦਬੰਦੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਜਦੋਂ ਵਾਰਡਬੰਦੀ ਦੇ ਖਰੜੇ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੰਡੀਗੜ੍ਹ ਵਿਖੇ ਰੱਖੀ ਗਈ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਵਲੋਂ ਸਿਰਫ਼ ਆਪਣੀ ਹਾਜ਼ਰੀ ਲਗਵਾਈ ਗਈ ਸੀ, ਵਾਰਡਬੰਦੀ ਉੱਪਰ ਕੋਈ ਸਹਿਮਤੀ ਨਹੀਂ ਸੀ ਦਿੱਤੀ ਗਈ | ਉਨ੍ਹਾਂ ਵਲੋਂ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਤੋਂ ਲਿਖਤੀ ਰੂਪ ਵਿਚ ਵਾਰਡਬੰਦੀ ਸਬੰਧੀ ਰਿਕਾਰਡ, ਸ਼ਹਿਰ ਦਾ ਪੁਰਾਣਾ ਤੇ ਨਵਾਂ ਨਕਸ਼ਾ, ਵਾਰਡਾਂ ਦੇ ਰਾਖਵੇਂਕਰਨ ਦਾ ਡਾਟਾ ਆਦਿ ਦੀ ਮੰਗ ਕੀਤੀ ਗਈ ਸੀ ਅਤੇ ਉਕਤ ਸਮੱਗਰੀ ਦੇਣ ਤੋਂ ਬਾਅਦ ਇੱਕ ਵਾਜਬ ਸਮਾਂ ਦੇਣ ਲਈ ਕਿਹਾ ਗਿਆ ਸੀ ਤਾਂ ਜੋ ਦਿੱਤੇ ਗਏ ਰਿਕਾਰਡ ਦੀ ਜਾਂਚ ਕੀਤੀ ਜਾ ਸਕੇ ਤੇ ਕਮੇਟੀ ਦੀ ਕਾਰਵਾਈ ਦੌਰਾਨ ਅਰਥਪੂਰਨ ਇਨਪੁੱਟ ਦਿੱਤੇ ਜਾ ਸਕਣ | ਲੇਕਿਨ ਮੈਨੂੰ ਕੋਈ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਗਿਆ |
ਨਗਰ ਨਿਗਮ ਬਰਨਾਲਾ ਦੀ ਵਾਰਡਬੰਦੀ ਦੇ ਖਰੜੇ ਉਪਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਸਾਬਕਾ ਕੌਂਸਲਰਾਂ ਨੇ ਚੁੱਕੇ ਇਤਰਾਜ਼ <br/>
ਅਜੀਤ ਡੈਸਕ
28-12-2025