ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਤਿਉਹਾਰਾਂ ਦੀਆਂ ਖ਼ੁਸ਼ੀਆਂ ਤੇ-ਸਿਹਤਮੰਦ ਸਮਾਜ ਦੀ ਸਿਰਜਣਾ

Ad Position 21
No active advertisement
ਅਜੀਤ ਡੈਸਕ 20-10-2025

ਦੀਵਾਲੀ ਦੇਸ਼ ਦੇ ਪ੍ਰਮੁੱਖ ਤਿਉਹਾਰਾਂ 'ਚੋਂ ਇਕ ਹੈ। ਇਸ ਨੂੰ ਖ਼ੁਸ਼ੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵੱਡੀ ਗਿਣਤੀ ਵਿਚ ਲੋਕ ਇਸ ਦਿਨ ਨੂੰ ਵਿਸ਼ੇਸ਼ ਚਾਅ ਨਾਲ ਮਨਾਉਂਦੇ ਹਨ। ਖ਼ੁਸ਼ੀ ਦੇ ਇਸ ਪ੍ਰਗਟਾਵੇ ਵਿਚ ਆਪਣੀ ਸਮਰੱਥਾ ਅਨੁਸਾਰ ਖ਼ਰੀਦੋ-ਫ਼ਰੋਖਤ ਕਰਨਾ, ਆਪਣੀ ਪਸੰਦ ਦੇ ਖਾਣ-ਪੀਣ ਦੇ ਸਾਮਾਨ ਦਾ ਇੰਤਜ਼ਾਮ ਕਰਨਾ, ਘਰਾਂ ਤੇ ਹੋਰ ਥਾਵਾਂ ਨੂੰ ਰੌਸ਼ਨ ਕਰਨਾ ਅਤੇ ਹਰ ਤਰ੍ਹਾਂ ਦੇ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣਾ ਆਦਿ ਦੀਵਾਲੀ ਦੀਆਂ ਸਰਗਰਮੀਆਂ ਵਿਚ ਸ਼ਾਮਿਲ ਹੈ। ਇਸ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਇਹ ਕਲਪਨਾ ਵੀ ਕੀਤੀ ਜਾਂਦੀ ਹੈ ਕਿ ਇਹ ਦਿਨ ਮਨਾਂ ਨੂੰ ਰੌਸ਼ਨ ਕਰਨ ਵਿਚ ਵੀ ਸਹਾਈ ਹੋਵੇਗਾ। ਖ਼ੁਸ਼ੀਆਂ ਦੇ ਇਸ ਤਿਉਹਾਰ ਨੂੰ ਏਨੇ ਚਾਵਾਂ ਨਾਲ ਮਨਾਇਆ ਜਾਂਦਾ ਹੈ ਕਿ ਹਰ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ। ਬਹੁਤੀ ਵਾਰ ਇਸ ਸਰਗਰਮੀ ਵਿਚ ਕਿਸੇ ਤਰ੍ਹਾਂ ਦਾ ਵੀ ਜ਼ਾਬਤਾ ਨਹੀਂ ਰਹਿੰਦਾ।
ਦੀਵਾਲੀ ਅਤੇ ਹੋਰ ਵੱਡੇ ਤਿਉਹਾਰਾਂ 'ਤੇ ਵਿਸ਼ੇਸ਼ ਰੂਪ ਵਿਚ ਤਰ੍ਹਾਂ-ਤਰ੍ਹਾਂ ਦੇ ਬਣਾਏ ਹੋਏ ਬੰਬ, ਪਟਾਕੇ, ਚੱਕਰੀਆਂ ਅਤੇ ਫੁਲਝੜੀਆਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਦੀ ਵਿਕਰੀ ਕਰੋੜਾਂ ਵਿਚ ਹੁੰਦੀ ਹੈ। ਇਨ੍ਹਾਂ ਤਿਉਹਾਰਾਂ ਦੇ ਪ੍ਰਸੰਗ ਵਿਚ ਦੋ ਗੱਲਾਂ ਵੱਲ ਵਿਸ਼ੇਸ਼ ਰੂਪ ਵਿਚ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। ਇਨ੍ਹਾਂ ਦਿਨਾਂ ਵਿਚ ਖਾਣ-ਪੀਣ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਵੱਡੀ ਪੱਧਰ 'ਤੇ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਦਾ ਲਾਭ ਲਾਲਚੀ ਲੋਕ ਵੱਧ ਤੋਂ ਵੱਧ ਉਠਾਉਣ ਦਾ ਯਤਨ ਕਰਦੇ ਹਨ। ਇਨ੍ਹਾਂ ਦਿਨਾਂ ਵਿਚ ਵੱਡੀ ਮਾਤਰਾ ਵਿਚ ਬਣਾਈਆਂ ਜਾਣ ਵਾਲੀਆਂ ਮਠਿਆਈਆਂ ਵਿਚ ਬਹੁਤੀ ਵਾਰ ਮਿਲਾਵਟ ਕੀਤੀ ਜਾਂਦੀ ਹੈ।
ਮਿਲਾਵਟਖੋਰੀ ਸਾਡੇ ਸਮਾਜ ਨੂੰ ਲੱਗਿਆ ਇਕ ਅਜਿਹਾ ਰੋਗ ਹੈ, ਜਿਸ ਤੋਂ ਪਿੱਛਾ ਛੁਡਾਉਣਾ ਮੁਸ਼ਕਿਲ ਜਾਪਦਾ ਹੈ। ਸਰਕਾਰਾਂ ਦੇ ਵੱਡੇ ਯਤਨ ਵੀ ਮਿਲਾਵਟ 'ਤੇ ਕਾਬੂ ਨਹੀਂ ਪਾ ਸਕੇ। ਇਸੇ ਲਈ ਸਮੇਂ-ਸਮੇਂ 'ਤੇ ਸਰਕਾਰਾਂ ਮਿਲਾਵਟਖੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਲਈ ਕਾਨੂੰਨ ਵੀ ਬਣਾਉਂਦੀਆਂ ਹਨ, ਪਰ ਬਹੁਤੀ ਵਾਰ ਇਹ ਕਾਨੂੰਨ ਵੀ ਪ੍ਰਭਾਵਸ਼ਾਲੀ ਸਿੱਧ ਨਹੀਂ ਹੁੰਦੇ। ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ ਦਾ ਮੁੱਦਾ ਵੀ ਸਾਹਮਣੇ ਆਉਂਦਾ ਹੈ। ਅੱਜ ਮੁਲਕ ਭਰ ਦੀਆਂ ਬਹੁਤੀਆਂ ਥਾਵਾਂ 'ਤੇ ਹਵਾ ਇਸ ਕਦਰ ਗੰਦਲੀ ਹੋ ਚੁੱਕੀ ਹੈ, ਜਿਸ ਨੂੰ ਠੀਕ ਕਰਨ ਲਈ ਵੱਡੇ ਤੋਂ ਵੱਡੇ ਯਤਨਾਂ ਦੀ ਜ਼ਰੂਰਤ ਹੈ। ਨਿੱਤ ਦਿਨ ਉੱਠਦਾ ਧੂੰਆਂ ਤੇ ਹਵਾ ਵਿਚ ਭਰੇ ਮਿੱਟੀ-ਘੱਟੇ ਨੇ ਮਨੁੱਖੀ ਜੀਵਨ ਨੂੰ ਦੁੱਭਰ ਕਰ ਕੇ ਰੱਖ ਦਿੱਤਾ ਹੈ। ਅੱਜ ਦੇਸ਼ ਭਰ ਵਿਚ ਲੱਖਾਂ ਹੀ ਵਿਅਕਤੀ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਇਨ੍ਹਾਂ ਨਾਲ ਹੁੰਦੀਆਂ ਮੌਤਾਂ ਦੇ ਅੰਕੜਿਆਂ ਨੂੰ ਪੜ੍ਹ-ਸੁਣ ਕੇ ਦਿਲ ਦਹਿਲ ਜਾਂਦਾ ਹੈ। ਇਸੇ ਕਾਰਨ ਹੁਣ ਸਮਾਜ ਕੁਝ ਹੱਦ ਤੱਕ ਸੁਚੇਤ ਹੋ ਰਿਹਾ ਹੈ। ਵੱਡੀ ਗਿਣਤੀ ਵਿਚ ਵਾਤਾਵਰਨ ਪ੍ਰੇਮੀ ਖ਼ੁਸ਼ੀਆਂ ਭਰੇ ਤਿਉਹਾਰਾਂ ਨੂੰ ਇਕ ਨਵੀਂ ਦਿਸ਼ਾ ਵੱਲ ਮੋੜਨ ਲਈ ਯਤਨਸ਼ੀਲ ਹੋ ਰਹੇ ਹਨ। ਇਸ ਸੰਬੰਧੀ ਇਸ ਵਾਰ ਸਰਬਉੱਚ-ਅਦਾਲਤ (ਸੁਪਰੀਮ ਕੋਰਟ) ਦੇ ਫ਼ੈਸਲੇ ਵੱਲ ਵੀ ਧਿਆਨ ਦਿੱਤਾ ਜਾਣਾ ਬਣਦਾ ਹੈ। ਇਹ ਫ਼ੈਸਲਾ ਚਾਹੇ ਦਿੱਲੀ ਜਾਂ ਉਸ ਨਾਲ ਲਗਦੇ ਵੱਡੇ ਸ਼ਹਿਰਾਂ ਲਈ ਹੀ ਹੈ ਪਰ ਟੀਚਾ ਇਹ ਮਿੱਥਿਆ ਜਾਣਾ ਚਾਹੀਦਾ ਹੈ ਕਿ ਇਸ ਨੂੰ ਆਉਂਦੇ ਸਮੇਂ ਵਿਚ ਦੇਸ਼ ਭਰ ਵਿਚ ਲਾਗੂ ਕੀਤਾ ਜਾਵੇ। ਸਰਬਉੱਚ ਅਦਾਲਤ ਅਨੁਸਾਰ ਦਿੱਲੀ ਅਤੇ ਇਸ ਦੇ ਨਾਲ ਲਗਦੇ ਸ਼ਹਿਰਾਂ ਵਿਚ 18 ਤੋਂ 21 ਅਕਤੂਬਰ ਤੱਕ ਪਟਾਕੇ ਚਲਾਉਣ ਦੇ ਕੁਝ ਨਿਯਮ ਤੈਅ ਕੀਤੇ ਗਏ ਹਨ। ਹਦਾਇਤ ਅਨੁਸਾਰ ਇਸ ਮਹਾਂਨਗਰ ਵਿਚ ਕੁਝ ਘੰਟਿਆਂ ਲਈ ਗ੍ਰੀਨ (ਹਰੇ) ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਵੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਬਹੁਤੇ ਵਰਗਾਂ ਨੇ ਅਦਾਲਤ ਦੇ ਇਸ ਫ਼ੈਸਲੇ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਸਰਦੀ ਦੀ ਆਮਦ ਦੇ ਨਾਲ ਹੀ ਦਿੱਲੀ ਦੀ ਹਵਾ ਬੇਹੱਦ ਦੂਸ਼ਿਤ ਅਤੇ ਗੰਦਲੀ ਹੋ ਜਾਂਦੀ ਹੈ। ਦੇਸ਼ ਦੀ ਰਾਜਧਾਨੀ ਦੁਨੀਆ ਭਰ ਦੇ ਦੇਸ਼ਾਂ ਦੀਆਂ ਰਾਜਧਾਨੀਆਂ 'ਚੋਂ ਬੇਹੱਦ ਦੂਸ਼ਿਤ ਮੰਨੀ ਜਾਂਦੀ ਹੈ। ਬਹੁਤੀ ਵਾਰ ਤਾਂ ਇਸ ਮੌਸਮ ਵਿਚ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਚਾਹੇ ਤਿਉਹਾਰਾਂ 'ਤੇ ਪਟਾਕੇ ਆਦਿ ਚਲਾਉਣੇ ਤਾਂ ਇਸ ਪ੍ਰਦੂਸ਼ਣ ਦਾ ਇਕ ਸਿਰਫ਼ ਕਾਰਨ ਹੀ ਹੈ ਪਰ ਇਸ ਦੀ ਗੰਦਲੀ ਹੋਈ ਆਬੋ-ਹਵਾ ਲਈ ਹੋਰ ਵੀ ਅਨੇਕਾਂ ਕਾਰਨ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਵੱਲ ਵੀ ਸੰਬੰਧਿਤ ਪ੍ਰਸ਼ਾਸਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਜਿੱਥੋਂ ਤੱਕ ਪਟਾਕਿਆਂ ਅਤੇ ਆਤਿਸ਼ਬਾਜ਼ੀ ਆਦਿ ਦਾ ਸੰਬੰਧ ਹੈ, ਇਸ ਬਾਰੇ ਇਨ੍ਹਾਂ ਨੂੰ ਬਣਾਉਣ ਵਾਲੇ ਕਾਰਖਾਨਿਆਂ 'ਤੇ ਸਖ਼ਤ ਕਾਨੂੰਨ ਲਾਗੂ ਹੋਣੇ ਚਾਹੀਦੇ ਹਨ, ਤਾਂ ਕਿ ਉਹ ਪ੍ਰਦੂਸ਼ਣ ਫੈਲਾਉਣ ਵਾਲੇ ਇਨ੍ਹਾਂ ਪਟਾਕਿਆਂ ਦੀ ਥਾਂ 'ਤੇ ਗ੍ਰੀਨ (ਹਰੇ) ਪਟਾਕੇ ਬਣਾਉਣ ਲਈ ਹੀ ਪਾਬੰਦ ਕੀਤੇ ਜਾ ਸਕਣ। ਸੂਚਨਾ ਅਨੁਸਾਰ ਇਨ੍ਹਾਂ ਹਰੇ ਪਟਾਕਿਆਂ ਵਿਚ ਪ੍ਰਦੂਸ਼ਣ ਫੈਲਾਉਣ ਵਾਲੇ ਰਸਾਇਣਾਂ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ, ਇਨ੍ਹਾਂ ਨੂੰ ਆਉਂਦੇ ਸਮੇਂ ਵਿਚ ਹੋਰ ਵੀ ਸੁਧਾਰਿਆ ਜਾ ਸਕਦਾ ਹੈ।
ਸਹੀ ਅਰਥਾਂ ਵਿਚ ਦੇਸ਼ ਭਰ ਵਿਚ ਮਨਾਏ ਜਾਂਦੇ ਤਿਉਹਾਰਾਂ ਵਿਚ ਹੋਰ ਖ਼ੁਸ਼ੀਆਂ ਅਤੇ ਖੇੜੇ ਭਰਨ ਲਈ ਇਨ੍ਹਾਂ ਗੱਲਾਂ ਵੱਲ ਪੂਰਾ-ਪੂਰਾ ਧਿਆਨ ਦੇਣ ਦੀ ਲੋੜ ਹੈ। ਬਿਨਾਂ ਸ਼ੱਕ ਅੱਜ ਖ਼ੁਰਾਕੀ ਵਸਤਾਂ ਵਿਚ ਮਿਲਾਵਟਖੋਰੀ ਅਤੇ ਇਸ ਦੇ ਨਾਲ ਹੀ ਪਾਣੀ ਅਤੇ ਹਵਾ ਪ੍ਰਦੂਸ਼ਣ ਨੇ ਕਰੋੜਾਂ ਮਨੁੱਖਾਂ ਦੇ ਸਰੀਰਾਂ ਨੂੰ ਜ਼ਰਜ਼ਰਾ ਕਰ ਦਿੱਤਾ ਹੈ। ਹਾਲਾਂਕਿ ਅਸੀਂ ਸਭ ਜਾਣਦੇ ਹਾਂ ਕਿ ਇਕ ਸਿਹਤਮੰਦ ਸਮਾਜ ਸਿਹਤਮੰਦ ਲੋਕ ਹੀ ਸਿਰਜ ਸਕਦੇ ਹਨ। ਅੱਜ ਜਿਸ ਪੜਾਅ 'ਤੇ ਮਨੁੱਖ ਪਹੁੰਚ ਚੁੱਕਾ ਹੈ, ਸਿਹਤਮੰਦ ਸਮਾਜ ਦੀ ਸਿਰਜਣਾ ਉਸ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਸੰਬੰਧੀ ਕੀਤੀਆਂ ਪ੍ਰਾਪਤੀਆਂ ਹੀ ਮਨੁੱਖੀ ਸਮਾਜ ਦੇ ਅੱਗੇ ਵਧਣ ਦੇ ਆਧਾਰ ਬਣ ਸਕਦੀਆਂ ਹਨ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਹਾਲਾਤ ਵਿਚ ਪ੍ਰਵਾਸ ਤੇ ਇਸ ਨਾਲ ਜੁੜੇ ਮਸਲੇ ਅਗਲੀ ਖ਼ਬਰ ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੋਈ ਵੀ ਨਹੀਂ ਹੈ। -ਅਲਬਰਟ ਆਈਨਸਟਾ...
Ad Position 24
No active advertisement