'ਪ੍ਰਵਾਸ' ਧਰਤੀ 'ਤੇ ਮਨੁੱਖੀ ਇਤਿਹਾਸ ਦਾ ਉਸ ਸਮੇਂ ਤੋਂ ਹਿੱਸਾ ਰਿਹਾ ਹੈ, ਜਦੋਂ ਤੋਂ ਮਨੁੱਖ ਨੇ ਆਪਣੀ ਜ਼ਿੰਦਗੀ ਬਚਾਉਣ ਲਈ ਨਵੀਂ ਜਗ੍ਹਾ ਵੱਲ ਜਾਣਾ ਸ਼ੁਰੂ ਕੀਤਾ ਸੀ। ਪ੍ਰਵਾਸ ਇਕੱਲਾ ਮਨੁੱਖ ਹੀ ਨਹੀਂ, ਬਲਕਿ ਪਸ਼ੂ-ਪੰਛੀ ਵੀ ਕਰਦੇ ਹਨ। ਜੀਵਨ ਸਰੋਤਾਂ ਦੀ ਭਾਲ ਵਿਚ ਪ੍ਰਵਾਸ ਦੀ ਕੁਦਰਤੀ ਪ੍ਰਵਿਰਤੀ ਬਾਰੇ ਗੁਰਬਾਣੀ ਵਿਚ ਵੀ ਜ਼ਿਕਰ ਆਉਂਦਾ ਹੈ:
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥੨॥
(ਮ. 2, ਅੰਗ: 653)
ਦੱਸਿਆ ਜਾਂਦਾ ਹੈ ਕਿ ਧਰਤੀ 'ਤੇ ਪਹਿਲਾ ਪ੍ਰਵਾਸ ਲਗਭਗ 20 ਲੱਖ ਸਾਲ ਪਹਿਲਾਂ ਅਫ਼ਰੀਕਾ 'ਚ ਜਨਮੇ ਮਨੁੱਖੀ ਸਮੂਹਾਂ ਦੁਆਰਾ ਹੋਰ ਮਹਾਂਦੀਪਾਂ ਵੱਲ ਵਧਣ ਨਾਲ ਹੋਇਆ ਸੀ। ਤਕਰੀਬਨ 60 ਤੋਂ 70 ਹਜ਼ਾਰ ਸਾਲ ਪਹਿਲਾਂ ਆਧੁਨਿਕ ਮਨੁੱਖ ਅਫ਼ਰੀਕਾ ਤੋਂ ਨਿਕਲ ਕੇ ਏਸ਼ੀਆ, ਯੂਰਪ ਤੇ ਬਾਅਦ ਵਿਚ ਅਮਰੀਕਾ, ਆਸਟ੍ਰੇਲੀਆ ਵੱਲ ਫੈਲ ਗਏ।
ਪ੍ਰਵਾਸ ਸੰਬੰਧੀ ਵਿਸ਼ਵ ਦੇ ਅੰਕੜੇ : ਸੰਯੁਕਤ ਰਾਸ਼ਟਰ ਅਨੁਸਾਰ ਸਾਲ 2024 'ਚ ਵਿਸ਼ਵ ਭਰ 'ਚ ਕੌਮਾਂਤਰੀ ਪ੍ਰਵਾਸੀਆਂ ਦੀ ਗਿਣਤੀ 30.4 ਕਰੋੜ ਤੱਕ ਪਹੁੰਚ ਗਈ ਹੈ, ਜੋ 1990 ਵਿਚ 15.4 ਕਰੋੜ ਸੀ। ਇਸ ਦੇ ਮੁੱਖ ਕਾਰਨ ਆਰਥਿਕ ਮੌਕੇ, ਯੁੱਧ, ਜਲਵਾਯੂ ਤਬਦੀਲੀ ਤੇ ਬਿਹਤਰ ਜੀਵਨ ਦੀ ਭਾਲ ਹਨ। ਉਦਾਹਰਨ ਵਜੋਂ ਅਫ਼ਰੀਕਾ ਤੇ ਏਸ਼ੀਆ ਵਿਚ ਬਹੁਤ ਸਾਰੇ ਲੋਕ ਨੌਕਰੀਆਂ ਅਤੇ ਵੱਧ ਕਮਾਈ ਲਈ ਯੂਰਪ ਤੇ ਅਮਰੀਕਾ ਵੱਲ ਜਾਂਦੇ ਹਨ। 'ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ' ਦੀ ਰਿਪੋਰਟ ਅਨੁਸਾਰ ਸਾਲ 2023 ਵਿਚ (ਆਰਥਿਕ, ਵਪਾਰ, ਸਿੱਖਿਆ, ਰੁਜ਼ਗਾਰ ਤੇ ਸਮਾਜਿਕ ਤਰੱਕੀ ਨੂੰ ਉਤਸ਼ਾਹਿਤ ਕਰਨ ਵਾਲੀ ਕੌਮਾਂਤਰੀ ਸੰਸਥਾ) ਓ.ਈ.ਸੀ.ਡੀ. ਨਾਲ ਜੁੜੇ 38 ਉੱਨਤ ਦੇਸ਼ਾਂ ਵਿਚ 65 ਲੱਖ ਨਵੇਂ ਪੱਕੇ ਪ੍ਰਵਾਸੀ ਆਏ, ਜੋ ਸਾਲ 2022 ਨਾਲੋਂ 10 ਫ਼ੀਸਦੀ ਵੱਧ ਹਨ। ਇਸੇ ਤਰ੍ਹਾਂ ਭਾਰਤ ਵਿਚ ਵੀ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਕਸ਼ਮੀਰ ਤੇ ਹੋਰ ਸੂਬਿਆਂ ਤੋਂ ਲੋਕ ਪੰਜਾਬ ਅਤੇ ਹੋਰ ਉੱਨਤ ਸੂਬਿਆਂ ਵੱਲ ਜਾਂਦੇ ਹਨ।
ਪੰਜਾਬ 'ਚ ਪ੍ਰਵਾਸੀਆਂ ਦੀ ਆਮਦ : 60ਵਿਆਂ ਦੇ ਦਹਾਕੇ ਦੌਰਾਨ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਮਜ਼ਦੂਰੀ ਦੀ ਵਧੀ ਲੋੜ ਨੂੰ ਪੂਰਾ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ ਹੋਈ ਸੀ। ਫ਼ਸਲਾਂ ਦੀ ਬਿਜਾਈ ਲਈ ਪ੍ਰਵਾਸੀਆਂ 'ਤੇ ਨਿਰਭਰਤਾ ਇੱਥੋਂ ਤੱਕ ਵਧ ਗਈ ਕਿ ਪੱਛਮੀ ਦੇਸ਼ਾਂ ਵੱਲ ਪ੍ਰਵਾਸ ਕਰਨ ਵੇਲੇ ਪੰਜਾਬੀਆਂ ਨੇ ਆਪਣੇ ਘਰ-ਬਾਰ ਤੱਕ ਇਨ੍ਹਾਂ ਪੂਰਬੀਏ ਪ੍ਰਵਾਸੀ ਮਜ਼ਦੂਰਾਂ ਦੇ ਹਵਾਲੇ ਕਰ ਦਿੱਤੇ ਹਨ। ਹੁਣ ਤਾਂ ਉੱਤਰ ਪ੍ਰਦੇਸ਼, ਬੰਗਾਲ, ਕਸ਼ਮੀਰ ਅਤੇ ਹੋਰ ਸੂਬਿਆਂ ਤੋਂ ਵੱਡੀ ਗਿਣਤੀ 'ਚ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਪੰਜਾਬ ਆ ਕੇ ਕਾਰੋਬਾਰ ਕਰਨ ਲੱਗੇ ਹਨ। ਤਾਜ਼ਾ ਅੰਦਾਜ਼ੇ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਦਾ ਲਗਭਗ 10 ਫ਼ੀਸਦੀ ਹਿੱਸਾ, ਲਗਭਗ 30 ਲੱਖ ਤੋਂ ਵੱਧ ਪ੍ਰਵਾਸੀ ਇੱਥੇ ਰਹਿੰਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਕ ਖੋਜ ਰਿਪੋਰਟ ਅਨੁਸਾਰ ਪੰਜਾਬ 'ਚ ਪੇਂਡੂ ਖੇਤਰਾਂ ਵਿਚ ਕੰਮ ਕਰਨ ਵਾਲੇ ਲਗਭਗ 8 ਲੱਖ ਤੋਂ ਵੱਧ ਮਜ਼ਦੂਰ ਪ੍ਰਵਾਸੀ ਹਨ, ਜਿਨ੍ਹਾਂ 'ਚੋਂ ਬਹੁਤੇ ਫ਼ਸਲਾਂ ਦੇ ਸੀਜ਼ਨ ਵਿਚ ਹੀ ਆਉਂਦੇ ਹਨ। ਇਸ ਤੋਂ ਇਲਾਵਾ, ਉਦਯੋਗਿਕ ਖੇਤਰ ਜਿਵੇਂ ਟੈਕਸਟਾਈਲ, ਇਮਾਰਤ ਉਸਾਰੀ, ਇੱਟਾਂ ਦੇ ਭੱਠੇ ਅਤੇ ਸੜਕ ਨਿਰਮਾਣ ਵਿਚ ਵੀ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ ਹੈ। ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ਾਂ ਵੱਲ ਪ੍ਰਵਾਸ ਦੀ ਪ੍ਰਵਿਰਤੀ ਸਦਕਾ ਇੱਥੇ ਘਰੇਲੂ ਕੰਮਾਂ ਦੀ ਮਜ਼ਦੂਰੀ ਲਈ ਖ਼ਲਾਅ ਪੈਦਾ ਹੋ ਗਿਆ ਹੈ।
ਪ੍ਰਵਾਸ ਵਿਰੋਧੀ ਆਵਾਜ਼ਾਂ : ਅੱਜ-ਕੱਲ੍ਹ ਪੂਰੀ ਦੁਨੀਆ ਵਿਚ ਪ੍ਰਵਾਸ ਇਕ ਚਰਚਿਤ ਮੁੱਦਾ ਬਣਿਆ ਹੋਇਆ ਹੈ। ਪਿਛਲੇ ਦਿਨੀਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੰਜ ਸਾਲਾ ਬੱਚੇ ਦੀ ਇਕ ਪ੍ਰਵਾਸੀ ਮਜ਼ਦੂਰ ਵਲੋਂ ਕੀਤੀ ਹੱਤਿਆ ਤੋਂ ਬਾਅਦ ਪੰਜਾਬ ਵਿਚ ਪ੍ਰਵਾਸ ਵਿਰੁੱਧ ਭਾਵਨਾਵਾਂ ਪ੍ਰਬਲ ਹੋਈਆਂ ਹਨ। ਇੰਗਲੈਂਡ ਵਿਚ ਪਿਛਲੇ ਮਹੀਨੇ ਹੀ ਲੰਡਨ ਵਿਖੇ ਵੀ ਟੌਮੀ ਰਾਬਿਨਸਨ ਦੇ ਸੱਦੇ 'ਤੇ ਇਕ ਰੈਲੀ ਵਿਚ 1 ਲੱਖ ਤੋਂ ਵੱਧ ਲੋਕਾਂ ਨੇ ਪ੍ਰਵਾਸੀਆਂ ਨੂੰ ਦੇਸ਼ 'ਚੋਂ ਕੱਢਣ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਨਿਊਜ਼ੀਲੈਂਡ ਵਿਚ ਸਰਕਾਰ ਨੇ 2024-25 ਵਿਚ ਪ੍ਰਵਾਸ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੇ ਪ੍ਰਵਾਸ ਵਿਰੋਧੀ ਮਾਹੌਲ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੈ। ਜਨਵਰੀ 2025 'ਚ ਅਮਰੀਕਾ ਅੰਦਰ ਪ੍ਰਵਾਸੀਆਂ ਦੀ ਗਿਣਤੀ 5 ਕਰੋੜ 33 ਲੱਖ ਦੇ ਕਰੀਬ ਸੀ, ਜੋ ਜੂਨ 2025 ਤੱਕ 5 ਕਰੋੜ 19 ਲੱਖ ਰਹਿ ਗਈ ਹੈ।
ਪ੍ਰਵਾਸੀਆਂ ਵਿਰੁੱਧ ਨਫ਼ਰਤ ਦੇ ਕਾਰਨ : ਦਰ-ਹਕੀਕਤ ਪ੍ਰਵਾਸੀਆਂ ਵਲੋਂ ਅਪਰਾਧਾਂ ਦੀ ਦਰ ਆਮ ਤੌਰ 'ਤੇ ਮੂਲ ਨਿਵਾਸੀਆਂ ਨਾਲੋਂ ਘੱਟ ਹੋਣ ਦੇ ਬਾਵਜੂਦ ਬਹੁਤ ਸਾਰੇ ਦੇਸ਼ਾਂ ਵਿਚ ਲੋਕ ਉਨ੍ਹਾਂ ਦੇ ਅਪਰਾਧਾਂ ਨੂੰ ਵਧਾਅ-ਚੜ੍ਹਾਅ ਕੇ ਪੇਸ਼ ਕਰਦੇ ਹਨ। ਵਿਗਿਆਨਕ ਅਧਿਆਨਾ ਮੁਤਾਬਿਕ ਇਹ ਨਫ਼ਰਤ ਅਸਲ ਅੰਕੜਿਆਂ ਨਾਲ ਨਹੀਂ, ਸਗੋਂ ਪੱਖਪਾਤ ਤੇ ਪ੍ਰਚਾਰ ਨਾਲ ਵਧਦੀ ਹੈ। ਜੇ ਮੀਡੀਆ ਜਾਂ ਸੋਸ਼ਲ ਨੈੱਟਵਰਕ ਵਿਚ ਪ੍ਰਵਾਸੀਆਂ ਨਾਲ ਜੁੜੇ ਅਪਰਾਧਾਂ ਨੂੰ ਵੱਧ ਵਿਖਾਇਆ ਜਾਂਦਾ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਅਪਰਾਧ ਬਹੁਤ ਜ਼ਿਆਦਾ ਹਨ, ਭਾਵੇਂ ਅਸਲ ਵਿਚ ਉਹ ਘੱਟ ਹੋਣ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਅਮਰੀਕਾ ਵਿਚ ਪ੍ਰਵਾਸੀਆਂ ਨਾਲ ਜੁੜੇ ਅਪਰਾਧਾਂ ਬਾਰੇ ਗ਼ਲਤ ਅਫ਼ਵਾਹਾਂ ਫੈਲਾਉਣ 'ਚ ਮੀਡੀਆ ਤੇ ਰਾਜਨੀਤਕ ਖੇਮੇ ਵੱਡੀ ਭੂਮਿਕਾ ਨਿਭਾਉਂਦੇ ਹਨ। ਦੂਜਾ ਵੱਡਾ ਮਨੋਵਿਗਿਆਨਕ ਕਾਰਨ ਹੈ ਆਪਣੇ ਸਮੂਹ (ਮੂਲ ਨਿਵਾਸੀ) ਨੂੰ ਦੂਜਿਆਂ ਨਾਲੋਂ ਬਿਹਤਰ ਸਮਝਣਾ ਤੇ ਸਾਰੇ ਪ੍ਰਵਾਸੀਆਂ ਨੂੰ ਇਕੋ ਜਿਹੇ ਤੇ ਖ਼ਤਰਨਾਕ ਸਮਝਣਾ। ਤੀਜਾ ਕਾਰਨ 'ਡਰ ਦੀ ਭਾਵਨਾ' ਹੈ। ਮੂਲ ਨਿਵਾਸੀਆਂ ਨੂੰ ਲੱਗਦਾ ਹੈ ਕਿ ਪ੍ਰਵਾਸੀ ਉਨ੍ਹਾਂ ਦੇ ਰੁਜ਼ਗਾਰ, ਸੱਭਿਆਚਾਰ ਅਤੇ ਸਮਾਜਿਕ ਸੁਰੱਖਿਆ ਲਈ ਖ਼ਤਰਾ ਹਨ। ਚੌਥਾ, ਮੀਡੀਆ ਅਕਸਰ ਨਾਂਹ ਪੱਖੀ ਖ਼ਬਰਾਂ ਨੂੰ ਵੱਧ ਵਿਖਾਉਂਦਾ ਹੈ, ਜਿਸ ਨਾਲ ਲੋਕਾਂ ਦੀ ਸੋਚ ਵਿਚ ਪੱਖਪਾਤ ਵਧਦਾ ਹੈ। ਬਿਹਤਰ ਸਿੱਖਿਆ ਤੇ ਸਹੀ ਜਾਣਕਾਰੀ ਨਾਲ ਇਹ ਪੱਖਪਾਤ ਘਟਾਏ ਜਾ ਸਕਦੇ ਹਨ ਤਾਂ ਜੋ ਸਮਾਜ ਵਿਚ ਸਹਿਣਸ਼ੀਲਤਾ ਵਧੇ।
ਪੰਜਾਬ ਵਿਚ ਪ੍ਰਵਾਸੀਆਂ ਦੇ ਵਿਰੋਧ ਦੀ ਭਾਵਨਾ ਪਿੱਛੇ ਕੁਝ ਵੱਖਰੇ ਕਾਰਨ ਵੀ ਹਨ। ਸਰਹੱਦੀ ਸੂਬਾ ਹੋਣ ਕਾਰਨ ਸ਼ੁਰੂ ਤੋਂ ਹੀ ਪੰਜਾਬੀਆਂ ਵਿਚ ਖੇਤਰੀ ਭਾਵਨਾਵਾਂ ਪ੍ਰਬਲ ਹਨ। ਇਸ ਕਰਕੇ ਸਭ ਤੋਂ ਵੱਡਾ ਕਾਰਨ ਲੰਬੇ ਸਮੇਂ ਤੋਂ ਸਿਆਸੀ ਤੇ ਆਰਥਿਕ ਵਿਤਕਰਿਆਂ ਦਾ ਸ਼ਿਕਾਰ ਹੋਏ ਪੰਜਾਬੀਆਂ ਵਿਚ ਦੇਸ਼ ਦੀ ਸਥਾਪਤੀ ਵਿਰੁੱਧ ਅਸੁਰੱਖਿਆ ਤੇ ਬੇਭਰੋਸਗੀ ਦੀ ਭਾਵਨਾ ਹੈ। ਪੰਜਾਬ ਦੇ ਲੋਕਾਂ ਨੂੰ ਵੀ ਬਾਕੀ ਲੋਕਾਂ ਵਾਂਗ ਲੱਗਦਾ ਹੈ ਕਿ ਪ੍ਰਵਾਸੀ ਮਜ਼ਦੂਰ ਉਨ੍ਹਾਂ ਦੇ ਰੁਜ਼ਗਾਰ ਖੋਹ ਰਹੇ ਹਨ। ਦੂਜੇ ਪਾਸੇ, ਇੱਥੇ ਕੰਮਕਾਜ ਲਈ ਆਉਣ ਵਾਲੇ ਪ੍ਰਵਾਸੀਆਂ ਸੰਬੰਧੀ ਕੋਈ ਸਰਕਾਰੀ ਨੀਤੀ ਨਾ ਹੋਣ ਕਾਰਨ ਬਹੁਤ ਸਾਰੇ ਪ੍ਰਵਾਸੀ ਇੱਥੋਂ ਦੇ ਪੱਕੇ ਵਸਨੀਕ ਵੀ ਬਣ ਰਹੇ ਹਨ, ਜਿਸ ਕਾਰਨ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ, ਸਮਾਜਿਕ ਤੇ ਆਬਾਦੀ ਅਨੁਪਾਤ ਵਿਚ ਗੜਬੜ ਹੋਣ ਦੇ ਖ਼ਦਸ਼ੇ ਨਜ਼ਰ ਆਉਂਦੇ ਹਨ, ਜਦਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਕੋਈ ਦੂਜੇ ਸੂਬੇ ਦਾ ਵਸਨੀਕ ਜ਼ਮੀਨ ਤੱਕ ਨਹੀਂ ਖ਼ਰੀਦ ਸਕਦਾ। ਬਿਹਾਰ ਵਿਚ ਵੋਟ ਬਣਾਉਣ ਲਈ ਘੱਟੋ-ਘੱਟ 11 ਦਸਤਾਵੇਜ਼ ਜ਼ਰੂਰੀ ਹੁੰਦੇ ਹਨ ਪਰ ਪੰਜਾਬ ਵਿਚ ਕੋਈ ਵਿਸ਼ੇਸ਼ ਪੈਮਾਨਾ ਨਾ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਸਹਿਜੇ ਹੀ ਇੱਥੇ ਆਪਣੀ ਵੋਟ ਬਣਾ ਲੈਂਦੇ ਹਨ। ਹਿਮਾਚਲ ਪ੍ਰਦੇਸ਼ ਵਿਚ ਨਿੱਜੀ ਖੇਤਰ ਦੇ ਰੁਜ਼ਗਾਰ 75% ਸਥਾਨਕ ਲੋਕਾਂ ਲਈ ਰਾਖਵੇਂ ਹਨ ਅਤੇ ਹਰਿਆਣਾ ਵੀ ਇਸੇ ਨੀਤੀਆਂ ਨੂੰ ਅਪਣਾ ਰਿਹਾ ਹੈ। ਪੰਜਾਬ ਵਿਚ ਆਉਣ ਵਾਲੇ ਪ੍ਰਵਾਸੀਆਂ ਦੇ ਪਿਛੋਕੜ ਦੀ ਇੱਥੇ ਕੋਈ ਵਧੇਰੇ ਜਾਂਚ-ਪੜਤਾਲ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਦੀ ਮੁਜ਼ਰਮਾਨਾ ਕੰਮਾਂ ਵਿਚ ਸ਼ਮੂਲੀਅਤ ਨੂੰ ਰੋਕਣ ਵਿਚ ਔਖਿਆਈ ਹੋ ਰਹੀ ਹੈ।
ਪ੍ਰਵਾਸ ਦੇ ਫ਼ਾਇਦੇ : ਦੁਨੀਆ ਭਰ 'ਚ ਵਿਰੋਧ ਦੀ ਭਾਵਨਾ ਦੇ ਬਾਵਜੂਦ ਪ੍ਰਵਾਸੀ ਹਰ ਖ਼ਿੱਤੇ ਵਿਚ ਅਰਥਵਿਵਸਥਾ ਨੂੰ ਮਜ਼ਬੂਤ ਕਰਦੇ ਹਨ। ਅਮਰੀਕੀ ਇਮੀਗ੍ਰੇਸ਼ਨ ਕੌਂਸਲ ਅਨੁਸਾਰ ਪ੍ਰਵਾਸੀ ਅਮਰੀਕੀ ਅਰਥਵਿਵਸਥਾ ਵਿਚ ਅਰਬਾਂ ਡਾਲਰ ਜੋੜਦੇ ਹਨ। ਈ.ਪੀ.ਆਈ. ਦੀ ਰਿਪੋਰਟ ਮੁਤਾਬਿਕ ਪ੍ਰਵਾਸ ਵਧੇਰੇ ਨਵੀਨਤਾ, ਬਿਹਤਰ ਸਿੱਖਿਆ ਅਤੇ ਨਿਪੁੰਨਤਾ ਲਿਆਉਂਦਾ ਹੈ। ਅਮਰੀਕਾ ਵਿਚ ਪ੍ਰਵਾਸੀ ਲੇਬਰ ਫੋਰਸ ਨੂੰ ਵਧਾਉਂਦੇ ਹਨ ਅਤੇ ਟੈਕਸਾਂ ਵਿਚ ਯੋਗਦਾਨ ਪਾਉਂਦੇ ਹਨ। ਪੰਜਾਬ ਵਿਚ ਵੀ ਪ੍ਰਵਾਸੀ ਮਜ਼ਦੂਰ ਖੇਤੀ ਤੇ ਉਦਯੋਗ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਘੱਟ ਉਜਰਤ 'ਤੇ ਕੰਮ ਕਰ ਕੇ ਅਰਥਵਿਵਸਥਾ ਚਲਾਉਂਦੇ ਹਨ ਅਤੇ ਕਾਮਿਆਂ ਦੀ ਘਾਟ ਨੂੰ ਪੂਰਾ ਕਰਦੇ ਹਨ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਅਨੁਸਾਰ ਪ੍ਰਵਾਸੀ ਨਵੇਂ ਕਾਰੋਬਾਰ ਸ਼ੁਰੂ ਕਰਦੇ ਹਨ ਤੇ ਖ਼ਪਤ ਵਧਾਉਂਦੇ ਹਨ।
ਮਨੋਦਸ਼ਾ ਤੇ ਅਪਰਾਧਾਂ 'ਚ ਸ਼ਮੂਲੀਅਤ : ਹਰ ਖ਼ਿੱਤੇ, ਦੇਸ਼ ਦੇ ਪ੍ਰਵਾਸੀਆਂ ਦੀ ਮਨੋਦਸ਼ਾ ਦੇ ਕਾਰਨ ਲਗਭਗ ਇਕੋ ਜਿਹੇ ਹੁੰਦੇ ਹਨ। ਇਨ੍ਹਾਂ ਵਿਚ ਮੁੱਖ ਤੌਰ 'ਤੇ ਆਰਥਿਕ ਨਿਰਾਸ਼ਾ, ਸਮਾਜਿਕ ਅਲਹਿਦਗੀ ਅਤੇ ਵਿਤਕਰੇ ਸ਼ਾਮਿਲ ਹੁੰਦੇ ਹਨ। ਪੰਜਾਬ ਵਿਚ ਵੀ ਤੇ ਵਿਦੇਸ਼ਾਂ ਵਿਚ ਵੀ ਪ੍ਰਵਾਸੀ ਅਕਸਰ ਨਿਮਨ ਵਰਗ ਸਮਾਜਿਕ-ਆਰਥਿਕ ਪਿਛੋਕੜ ਤੋਂ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਵਿਚ ਗ਼ਰੀਬੀ ਤੇ ਅਸਮਾਨਤਾ ਨਾਲ ਜੁੜੀ ਮਨੋਦਸ਼ਾ ਵਿਕਸਿਤ ਹੁੰਦੀ ਹੈ। ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ 47.9% ਪ੍ਰਵਾਸੀ ਮਜ਼ਦੂਰਾਂ ਨੂੰ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ। ਉਨ੍ਹਾਂ ਨੂੰ ਘੱਟ ਤਨਖ਼ਾਹ, ਰਹਿਣ ਲਈ ਸਹੂਲਤਾਂ ਦੀ ਘਾਟ ਅਤੇ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨੋਵਿਗਿਆਨਕ ਮਾਹਿਰਾਂ ਅਨੁਸਾਰ ਆਰਥਿਕ ਅਸਮਾਨਤਾ ਮੂਲ ਕਾਰਨ ਹੈ, ਜੋ ਪ੍ਰਵਾਸੀਆਂ ਨੂੰ ਅਪਰਾਧ ਵੱਲ ਧੱਕਦੀ ਹੈ। ਕੁੱਲ ਮਿਲਾ ਕੇ ਖੋਜ ਦੱਸਦੀ ਹੈ ਕਿ ਅਪਰਾਧ ਪ੍ਰਵਾਸੀਆਂ ਜਾਂ ਕਿਸੇ ਵੀ ਵਿਅਕਤੀ ਸਮੂਹ ਦੇ ਸੁਭਾਅ ਵਿਚ ਨਹੀਂ ਹੁੰਦੇ, ਸਗੋਂ ਇਹ ਸਮਾਜਿਕ ਤਰੁੱਟੀਆਂ ਤੇ ਅਸਮਾਨਤਾਵਾਂ ਕਾਰਨ ਹੁੰਦੇ ਹਨ। ਜੇ ਸਮਾਜ ਵਿਚ ਸਭ ਨੂੰ ਮਿਲਜੁਲ ਕੇ ਸਨਮਾਨ ਨਾਲ ਜਿਊਣ ਦੇ ਮੌਕੇ ਮਿਲਣ ਤਾਂ ਅਪਰਾਧ ਘਟਾਏ ਜਾ ਸਕਦੇ ਹਨ।
ਸੋ, ਇਕ ਕੁਦਰਤੀ ਪ੍ਰਵਿਰਤੀ ਤੇ ਲੋੜ ਹੋਣ ਕਾਰਨ ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਪ੍ਰਵਾਸ ਨੂੰ ਮੁਕੰਮਲ ਰੂਪ ਵਿਚ ਰੋਕਿਆ ਨਹੀਂ ਜਾ ਸਕਦਾ, ਇਸ ਕਰਕੇ ਵਿਸ਼ਵ ਭਰ ਵਿਚ ਇਸ ਮੁੱਦੇ ਨੂੰ ਠੀਕ ਢੰਗ ਨਾਲ ਮੁਖ਼ਾਤਬ ਹੋਣ ਲਈ ਸੰਤੁਲਿਤ ਸੋਚ ਤੇ ਸਿੱਟਾਮੁਖੀ ਨੀਤੀਆਂ ਦੀ ਲੋੜ ਹੈ। ਪੰਜਾਬ ਵਿਚ ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ, ਪਿਛੋਕੜ ਦੀ ਪੜਤਾਲ, ਕੰਮਕਾਜ ਦੀ ਉਪਲਬਧਤਾ ਮੁਤਾਬਿਕ ਆਮਦ ਸੰਬੰਧੀ ਸਰਕਾਰੀ ਨੀਤੀ ਬਣਾ ਕੇ ਅਤੇ ਪੰਜਾਬ ਦੇ ਸੱਭਿਆਚਾਰ, ਆਬਾਦੀ, ਸਮਾਜਿਕ ਤਾਣੇ-ਬਾਣੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਦਿਸ਼ਾ 'ਚ ਯੋਗ ਸਰਕਾਰੀ ਪਹਿਲਕਦਮੀਆਂ ਨਾਲ ਪ੍ਰਵਾਸ ਨੂੰ ਸੁਖਾਵਾਂ ਤੇ ਲਾਭਦਾਇਕ ਬਣਾਇਆ ਜਾ ਸਕਦਾ ਹੈ।
-ਮੋਬਾ: 98780-70008