ਕਿਸੇ ਮੁਲਕ ਲਈ ਸਭ ਤੋਂ ਡਰਾਉਣੀ ਖ਼ਬਰ ਸਰਹੱਦ 'ਤੇ ਹਾਰੀ ਜੰਗ ਨਹੀਂ ਹੁੰਦੀ | ਸਭ ਤੋਂ ਡਰਾਉਣੀ ਖ਼ਬਰ ਉਹ ਹੁੰਦੀ ਹੈ, ਜਦੋਂ ਦੇਸ਼ ਦੇ ਬੱਚੇ ਜ਼ਿੰਦਗੀ ਤੋਂ ਹਾਰਨ ਲੱਗ ਪੈਣ | 10 ਸਾਲਾਂ 'ਚ ਇਕ ਲੱਖ ਤੋਂ ਵੱਧ ਵਿਦਿਆਰਥੀ ਖ਼ੁਦਕੁਸ਼ੀਆਂ ਸਿਰਫ਼ ਇਕ ਅੰਕੜਾ ਨਹੀਂ, ਇਹ ਸਾਡੇ ਸਮੇਂ ਦਾ ਸਭ ਤੋਂ ਅਸਹਿਜ ਕਰ ਦੇਣ ਵਾਲਾ ਸਵਾਲ ਹੈ | ਜਦੋਂ ਰਾਜ ਸਭਾ ਵਿਚ ਇਹ ਅੰਕੜਾ ਗੂੰਜਿਆ, ਸਿਆਸੀ ਇਲਜ਼ਾਮ ਲੱਗੇ ਤਾਂ ਜਵਾਬ ਵੀ ਆਏ | ਪਰ ਅਸਲ ਸਵਾਲ ਹਾਲੇ ਵੀ ਆਪਣੀ ਥਾਂ ਉਵੇਂ ਖੜ੍ਹਾ ਹੈ | ਆਖ਼ਰ ਅਜਿਹਾ ਕੀ ਬਦਲਿਆ ਹੈ ਕਿ ਜ਼ਿੰਦਗੀ ਸੰਵਾਰਨ ਦਾ ਵਸੀਲਾ ਹੋਣ ਵਾਲੀ ਸਿੱਖਿਆ ਨੌਜਵਾਨਾਂ ਲਈ ਜ਼ਿੰਦਗੀ ਤੋਂ ਹਾਰ ਮੰਨਣ ਦਾ ਕਾਰਨ ਬਣਦੀ ਜਾ ਰਹੀ ਹੈ? ਜੇ ਕਿਸੇ ਦੇਸ਼ 'ਚ ਨੌਜਵਾਨ ਕਿਤਾਬਾਂ ਨਾਲੋਂ ਵੱਧ ਡਰ, ਮੁਕਾਬਲੇ ਨਾਲੋਂ ਵੱਧ ਨਿਰਾਸ਼ਾ ਤੇ ਭਵਿੱਖ ਨਾਲੋਂ ਵੱਧ ਬੇਯਕੀਨੀ ਮਹਿਸੂਸ ਕਰਨ ਲੱਗ ਪੈਣ ਤਾਂ ਇਹ ਸਿਰਫ਼ ਸਿੱਖਿਆ ਦਾ ਸੰਕਟ ਨਹੀਂ ਰਹਿੰਦਾ, ਇਹ ਸਮਾਜ ਦੀ ਜ਼ਮੀਰ ਦਾ ਸੰਕਟ ਬਣ ਜਾਂਦਾ ਹੈ | ਇਸ ਤ੍ਰਾਸਦੀ ਨੂੰ ਕਿਸੇ ਇਕ ਸਰਕਾਰ, ਇਕ ਪ੍ਰੀਖਿਆ ਜਾਂ ਇਕ ਘਟਨਾ ਤੱਕ ਸਮੇਟ ਦੇਣਾ ਆਸਾਨ ਹੈ, ਪਰ ਇਸ ਨਾਲ ਸੱਚ ਛੋਟਾ ਨਹੀਂ ਹੋ ਜਾਂਦਾ ਹੈ | ਸਵਾਲ ਵੱਡਾ ਹੈ…ਇਹ ਸਵਾਲ ਅੱਜ ਸਾਡੀ ਸਿੱਖਿਆ ਪ੍ਰਣਾਲੀ, ਸਰਕਾਰਾਂ ਤੇ ਸਮਾਜ; ਤਿੰਨਾਂ ਦੇ ਸਾਹਮਣੇ ਖੜ੍ਹਾ ਹੈ |
ਜਦੋਂ ਮਿਹਨਤ ਬੇਯਕੀਨੀ ਬਣ ਜਾਵੇ-ਅਸੀਂ ਹਰ ਖ਼ੁਦਕੁਸ਼ੀ ਤੋਂ ਬਾਅਦ ਇਕ ਕਾਰਨ ਲੱਭ ਲੈਂਦੇ ਹਾਂ- ਪ੍ਰੀਖਿਆ ਦਾ ਦਬਾਅ, ਪੇਪਰ ਲੀਕ, ਬੇਰੁਜ਼ਗਾਰੀ, ਪਰਿਵਾਰ ਦੀਆਂ ਉਮੀਦਾਂ ਜਾਂ ਮਾਨਸਿਕ ਤਣਾਅ ਆਦਿ | ਪਰ ਕੋਈ ਵੀ ਨੌਜਵਾਨ ਇਕੋ ਕਾਰਨ ਕਰਕੇ ਜ਼ਿੰਦਗੀ ਨਹੀਂ ਹਾਰਦਾ, ਉਹ ਹੌਲੀ-ਹੌਲੀ ਟੁੱਟਦਾ ਹੈ | ਹਰ ਰੱਦ ਹੋਈ ਪ੍ਰੀਖਿਆ ਨਾਲ, ਹਰ ਲੀਕ ਹੋਏ ਪੇਪਰ ਨਾਲ, ਹਰ ਲਟਕੀ ਹੋਈ ਭਰਤੀ ਨਾਲ, ਹਰ ਉਸ ਦਿਨ ਨਾਲ ਜਦੋਂ ਉਸ ਨੂੰ ਲੱਗਣ ਲੱਗ ਪੈਂਦਾ ਹੈ ਕਿ ਉਸ ਦੀ ਮਿਹਨਤ ਦਾ ਮੁੱਲ ਹੁਣ ਉਸ ਦੇ ਹੱਥ ਵਿਚ ਨਹੀਂ ਰਿਹਾ | ਇਹੀ ਸਭ ਤੋਂ ਵੱਡਾ ਸੰਕਟ ਹੈ | ਪਿਛਲੇ ਕੁਝ ਸਾਲਾਂ ਵਿਚ ਪੇਪਰ ਲੀਕ ਦੀਆਂ ਘਟਨਾਵਾਂ ਅਪਵਾਦ ਨਹੀਂ, ਉਹ ਸਿੱਖਿਆ ਪ੍ਰਣਾਲੀ ਦੇ ਮੱਥੇ ਦਾ ਸਥਾਈ ਦਾਗ਼ ਬਣ ਗਈਆਂ ਹਨ | ਇਸ ਤੋਂ ਵੀ ਵੱਡੀ ਤ੍ਰਾਸਦੀ ਇਹ ਹੈ ਕਿ ਨੌਜਵਾਨ ਇਸ ਨੂੰ ਲਗਭਗ ਆਮ ਗੱਲ ਮੰਨਣ ਲੱਗ ਪਏ ਹਨ | ਕਿਸੇ ਵੀ ਸਿਸਟਮ ਦੀ ਸਭ ਤੋਂ ਵੱਡੀ ਨਾਕਾਮੀ ਉਦੋਂ ਹੁੰਦੀ ਹੈ, ਜਦੋਂ ਉਸ ਦੀ ਖ਼ਾਮੀ ਲੋਕਾਂ ਨੂੰ ਹੈਰਾਨ ਕਰਨਾ ਛੱਡ ਦੇਵੇ | ਸਿੱਖਿਆ ਸਿਰਫ਼ ਗਿਆਨ ਨਹੀਂ ਦਿੰਦੀ | ਉਹ ਸਮਾਜ ਤੇ ਰਾਜ ਵਿਚਕਾਰ ਇਕ ਨੈਤਿਕ ਇਕਰਾਰ ਵੀ ਹੁੰਦੀ ਹੈ ਕਿ ਮਿਹਨਤ ਨਾਲ ਇਨਸਾਫ਼ ਹੋਵੇਗਾ | ਜੇ ਇਹ ਪੁਲ ਟੁੱਟਣ ਲੱਗ ਪਵੇ ਤਾਂ ਸੰਕਟ ਸਿਰਫ਼ ਇਕ ਵਿਦਿਆਰਥੀ ਦਾ ਨਹੀਂ ਰਹਿੰਦਾ; ਪੂਰੀ ਪੀੜ੍ਹੀ ਦਾ ਬਣ ਜਾਂਦਾ ਹੈ |
ਨੀਤੀ, ਨੀਅਤ ਤੇ ਨਾਕਾਮੀ-ਹਰ ਵਿਦਿਆਰਥੀ ਦੀ ਖ਼ੁਦਕੁਸ਼ੀ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਉਹ ਦਬਾਅ ਨਹੀਂ ਸਹਿ ਸਕਿਆ | ਪਰ ਕੀ ਅਸੀਂ ਕਦੇ ਇਹ ਵੀ ਪੁੱਛਿਆ ਹੈ ਕਿ ਆਖ਼ਰ ਉਹ ਦਬਾਅ ਪੈਦਾ ਕੌਣ ਕਰ ਰਿਹਾ ਹੈ? ਮੁੱਦਾ ਸਿਰਫ਼ ਇਕ ਵਿਦਿਆਰਥੀ ਦਾ ਨਹੀਂ; ਉਸ ਸਿੱਖਿਆ ਪ੍ਰਣਾਲੀ ਦਾ ਹੈ, ਜੋ ਲਗਾਤਾਰ ਮੁਕਾਬਲਾ ਤਾਂ ਵਧਾ ਰਹੀ ਹੈ, ਪਰ ਮੌਕੇ ਨਹੀਂ | ਪ੍ਰੀਖਿਆਵਾਂ ਵਧ ਰਹੀਆਂ ਹਨ, ਕੋਚਿੰਗ ਸੈਂਟਰ ਵਧ ਰਹੇ ਹਨ, ਫ਼ੀਸਾਂ ਵਧ ਰਹੀਆਂ ਹਨ ਤੇ ਉਮੀਦਾਂ ਵੀ ਵਧ ਰਹੀਆਂ ਹਨ | ਪਰ ਨਿਰਪੱਖ ਭਰਤੀਆਂ, ਸਮੇਂ ਸਿਰ ਨਤੀਜੇ ਤੇ ਰੁਜ਼ਗਾਰ ਦੇ ਮੌਕੇ ਉਸੇ ਰਫ਼ਤਾਰ ਨਾਲ ਨਹੀਂ ਵਧੇ | ਇਸੇ ਪਿਛੋਕੜ ਵਿਚ ਨਵੀਂ ਕੌਮੀ ਸਿੱਖਿਆ ਨੀਤੀ ਦੀ ਵੀ ਪਰਖ ਹੋਣੀ ਚਾਹੀਦੀ ਹੈ, ਜਿਸ ਨੂੰ ਇਤਿਹਾਸਕ ਤਬਦੀਲੀ ਕਿਹਾ ਗਿਆ ਸੀ | ਪਰ ਕਿਸੇ ਵੀ ਨੀਤੀ ਦਾ ਮੁਲਾਂਕਣ ਉਸ ਦੇ ਦਸਤਾਵੇਜ਼ ਨਾਲ ਨਹੀਂ, ਉਸ ਦੇ ਨਤੀਜਿਆਂ ਨਾਲ ਹੁੰਦਾ ਹੈ | ਨੀਤੀ ਦਾ ਮੁਲਾਂਕਣ ਇਸ਼ਤਿਹਾਰਾਂ ਨਾਲ ਨਹੀਂ, ਵਿਦਿਆਰਥੀਆਂ ਦੀਆਂ ਅੱਖਾਂ ਵਿਚ ਬਚੀ ਉਮੀਦ ਨਾਲ ਹੁੰਦਾ ਹੈ | ਜੇ ਵਿਦਿਆਰਥੀ ਅੱਜ ਵੀ ਪੇਪਰ ਲੀਕ, ਲਟਕਦੀਆਂ ਭਰਤੀਆਂ ਤੇ ਗ਼ੈਰ-ਯਕੀਨੀ ਵਿਚਾਲੇ ਲਟਕ ਰਿਹਾ ਹੈ ਤਾਂ ਸਰਕਾਰ ਨੂੰ ਦੱਸਣਾ ਪਵੇਗਾ ਕਿ ਬਦਲਿਆ ਕੀ ਹੈ? ਅਸਲ ਪੈਮਾਨਾ ਇਹ ਨਹੀਂ ਕਿ ਨਵੀਂ ਕੌਮੀ ਸਿੱਖਿਆ ਨੀਤੀ ਦੇ ਕਿੰਨੇ ਚੈਪਟਰ ਹਨ; ਇਹ ਹੈ ਕਿ ਉਸ ਨੇ ਵਿਦਿਆਰਥੀ ਦੇ ਮਨ ਵਿਚ ਉਮੀਦ ਵਧਾਈ ਹੈ ਜਾਂ ਬੇਚੈਨੀ?
ਕਾਨੂੰਨ ਬਨਾਮ ਜਵਾਬਦੇਹੀ-ਸੰਸਦ ਨੇ ਪੇਪਰ ਲੀਕ ਵਿਰੁੱਧ ਸਖ਼ਤ ਕਾਨੂੰਨ ਬਣਾ ਦਿੱਤਾ ਹੈ, ਇਹ ਲੋੜੀਂਦਾ ਕਦਮ ਹੈ | ਪਰ ਕੀ ਹਰ ਵਾਰ ਨਵਾਂ ਕਾਨੂੰਨ ਹੀ ਹੱਲ ਹੁੰਦਾ ਹੈ? ਜਾਂ ਸਮੱਸਿਆ ਉਨ੍ਹਾਂ ਅਦਾਰਿਆਂ ਵਿਚ ਹੈ, ਜੋ ਪੁਰਾਣੇ ਕਾਨੂੰਨਾਂ ਨੂੰ ਵੀ ਇਮਾਨਦਾਰੀ ਨਾਲ ਲਾਗੂ ਨਹੀਂ ਕਰ ਸਕੇ? ਪਿਛਲੇ ਕੁੱਝ ਸਾਲਾਂ ਵਿਚ ਕੇਂਦਰੀ ਤੇ ਰਾਜ ਪੱਧਰ ਦੀਆਂ ਅਨੇਕਾਂ ਪ੍ਰੀਖਿਆਵਾਂ ਵਿਵਾਦਾਂ ਵਿਚ ਰਹੀਆਂ ਹਨ | ਕਿਤੇ ਪੇਪਰ ਲੀਕ ਹੋਇਆ, ਕਿਤੇ ਭਰਤੀ ਰੱਦ ਹੋਈ, ਕਿਤੇ ਨਤੀਜੇ ਅਦਾਲਤਾਂ ਵਿਚ ਅਟਕ ਗਏ ਤੇ ਹਰ ਵਾਰ ਭਰੋਸਾ ਦਿੱਤਾ ਗਿਆ ਕਿ ਹੁਣ ਅਜਿਹਾ ਨਹੀਂ ਹੋਵੇਗਾ | ਕੁਝ ਮਹੀਨਿਆਂ ਬਾਅਦ ਉਹੀ ਕਹਾਣੀ ਮੁੜ ਸਾਹਮਣੇ ਆ ਜਾਂਦੀ ਹੈ | ਸਾਡੇ ਕੋਲ ਨਾਕਾਮੀ ਦਾ ਵੀ ਇਕ ਸਰਕਾਰੀ ਪ੍ਰੋਟੋਕੋਲ ਹੈ-ਜਾਂਚ, ਕਮੇਟੀ, ਐਲਾਨ ਤੇ ਫਿਰ ਭੁੱਲ ਜਾਉ | ਸਿਰਫ਼ ਵਿਦਿਆਰਥੀ ਹੀ ਹੈ, ਜਿਸ ਨੂੰ ਭੁੱਲਣ ਦੀ ਇਜਾਜ਼ਤ ਨਹੀਂ ਹੁੰਦੀ, ਕਿਉਂਕਿ ਉਸ ਨੂੰ ਹਰ ਵਾਰ ਮੁੜ ਤਿਆਰੀ ਕਰਨੀ ਪੈਂਦੀ ਹੈ | ਸਿਸਟਮ ਹਰ ਵਾਰ ਆਪਣਾ ਚਿਹਰਾ ਬਚਾਅ ਲੈਂਦਾ ਹੈ, ਪਰ ਵਿਦਿਆਰਥੀ ਆਪਣਾ ਸਾਲ ਨਹੀਂ ਬਚਾਅ ਸਕਦਾ | ਸਭ ਤੋਂ ਵੱਡੀ ਕਮੀ ਸਜ਼ਾ ਦੀ ਨਹੀਂ, ਜਵਾਬਦੇਹੀ ਦੀ ਹੈ | ਕੋਈ ਵੀ ਪ੍ਰੀਖਿਆ ਰੱਦ ਹੋਣ 'ਤੇ ਹਜ਼ਾਰਾਂ ਵਿਦਿਆਰਥੀਆਂ ਦਾ ਸਮਾਂ, ਮਿਹਨਤ ਤੇ ਭਵਿੱਖ ਦਾਅ 'ਤੇ ਲੱਗ ਜਾਂਦਾ ਹੈ, ਉਹ ਇਸ ਦੀ ਅਸਲ ਕੀਮਤ ਚੁਕਾਉਂਦੇ ਹਨ |
ਇਮਤਿਹਾਨ ਕਿਸ ਦਾ ਹੈ?-ਹਰ ਵਿਦਿਆਰਥੀ ਦੀ ਖ਼ੁਦਕੁਸ਼ੀ ਤੋਂ ਬਾਅਦ ਅਸੀਂ ਦੋ ਮਿੰਟ ਦਾ ਮੌਨ ਰੱਖ ਲੈਂਦੇ ਹਾਂ | ਕੁਝ ਦਿਨ ਬਹਿਸ ਹੋਣ ਬਾਅਦ ਕੋਈ ਐਲਾਨ ਹੋ ਜਾਂਦਾ ਹੈ, ਫਿਰ ਸਭ ਕੁਝ ਪਹਿਲਾਂ ਵਾਂਗ ਚੱਲਣ ਲੱਗ ਪੈਂਦਾ ਹੈ | ਪਰ ਜਿਹੜੇ ਘਰਾਂ ਦੇ ਚਿਰਾਗ਼ ਬੁਝ ਜਾਂਦੇ ਹਨ, ਉੱਥੇ ਸਮਾਂ ਕਦੇ ਵੀ ਪਹਿਲਾਂ ਵਾਂਗ ਨਹੀਂ ਮੁੜਦਾ | ਦੇਸ਼ ਦੀ ਸਭ ਤੋਂ ਵੱਡੀ ਦੌਲਤ ਉਸ ਦੇ ਨੌਜਵਾਨ ਹੁੰਦੇ ਹਨ, ਜੇ ਉਹੀ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋਣ ਲੱਗ ਪੈਣ ਤਾਂ ਇਹ ਸਿਰਫ਼ ਸਮਾਜਿਕ ਦੁਖਾਂਤ ਨਹੀਂ, ਕੌਮੀ ਨਾਕਾਮੀ ਹੈ |
ਅੱਜ ਵੱਡੀ ਲੋੜ ਸਿਰਫ਼ ਨਵੇਂ ਕਾਨੂੰਨਾਂ ਦੀ ਨਹੀਂ, ਸਗੋਂ ਅਜਿਹੀ ਸਿੱਖਿਆ ਪ੍ਰਣਾਲੀ ਦੀ ਹੈ, ਜੋ ਨਿਰਪੱਖ, ਪਾਰਦਰਸ਼ੀ ਤੇ ਮਨੁੱਖੀ ਵੀ ਹੋਵੇ | ਜਿੱਥੇ ਵਿਦਿਆਰਥੀ ਨੂੰ ਸਿਰਫ਼ ਅੰਕਾਂ ਦੀ ਬਜਾਏ ਇਨਸਾਨ ਵਜੋਂ ਵੀ ਦੇਖਿਆ ਜਾਵੇ | ਜਿੱਥੇ ਅਸਫ਼ਲਤਾ ਨੂੰ ਕਮਜ਼ੋਰੀ ਨਹੀਂ, ਸਿੱਖਣ ਦਾ ਇਕ ਪੜਾਅ ਮੰਨਿਆ ਜਾਵੇ | ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਪੇਪਰ ਆਪਣੇ ਆਪ ਲੀਕ ਨਹੀਂ ਹੁੰਦਾ ਤੇ ਕੋਈ ਵੀ ਵਿਦਿਆਰਥੀ ਇਕ ਦਿਨ ਵਿਚ ਖ਼ੁਦਕੁਸ਼ੀ ਤੱਕ ਨਹੀਂ ਪਹੁੰਚਦਾ, ਦੋਹਾਂ ਦੇ ਪਿੱਛੇ ਲੰਬੀ ਅਣਦੇਖੀ, ਲੰਬੀ ਲਾਪਰਵਾਹੀ ਤੇ ਲੰਬੀ ਨਾਕਾਮੀ ਹੁੰਦੀ ਹੈ | ਇਸ ਲਈ ਅੱਜ ਇਮਤਿਹਾਨ ਵਿਦਿਆਰਥੀਆਂ ਦਾ ਨਹੀਂ, ਸਾਡੀ ਸਿੱਖਿਆ ਪ੍ਰਣਾਲੀ ਦਾ ਹੈ | ਇਮਤਿਹਾਨ ਸਰਕਾਰਾਂ ਦੀਆਂ ਨੀਤੀਆਂ ਤੇ ਨੀਅਤ ਦਾ ਹੈ | ਇਮਤਿਹਾਨ ਸਮਾਜ ਦੀ ਸੰਵੇਦਨਾ ਦਾ ਵੀ ਹੈ, ਕਿਸੇ ਇਮਤਿਹਾਨ 'ਚ ਨਾਕਾਮੀ ਦੀ ਕੀਮਤ ਕਿਸੇ ਅੰਕੜੇ ਨਾਲ ਨਹੀਂ ਮਾਪੀ ਜਾ ਸਕਦੀ, ਕਿਉਂਕਿ ਜਦੋਂ ਇਕ ਵਿਦਿਆਰਥੀ ਮਰਦਾ ਹੈ ਤਾਂ ਸਿਰਫ਼ ਇਕ ਜ਼ਿੰਦਗੀ ਨਹੀਂ ਜਾਂਦੀ, ਸਗੋਂ ਇਕ ਸੰਭਾਵਨਾ ਮਰਦੀ ਹੈ | ਇਕ ਪਰਿਵਾਰ ਦਾ ਭਵਿੱਖ ਮਰਦਾ ਹੈ ਅਤੇ ਹੌਲੀ-ਹੌਲੀ ਇਕ ਦੇਸ਼ ਦਾ ਭਲਕ ਵੀ… |
ਮੋਬਾਈਲ : 98887-99870
ਈਮੇਲ : hunchandigarh@gmail.com