13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਜੈੱਨ-ਜ਼ੀ ਲਈ ਇਮਤਿਹਾਨ ਹੋਣਗੀਆਂ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ

ਜੈੱਨ-ਜ਼ੀ ਲਈ ਇਮਤਿਹਾਨ ਹੋਣਗੀਆਂ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 18 ਸਤੰਬਰ ਨੂੰ  ਹੋਣੀਆਂ ਹਨ | ਉਂਝ ਤਾਂ ਇਨ੍ਹਾਂ ਚੋਣਾਂ 'ਤੇ ਦੇਸ਼ ਭਰ ਦੀ ਨਜ਼ਰ ਹੁੰਦੀ ਹੈ, ਪਰ ਇਸ ਵਾਰ ਇਹ ਖ਼ਾਸ ਦਿਲਚਸਪੀ ਵਾਲੀਆਂ ਹੋਣਗੀਆਂ | ਇਸ ਦੇ ਦੋ ਕਾਰਨ ਹਨ, ਪਹਿਲਾ ਪੇਪਰ ਲੀਕ ਤੇ ਪ੍ਰੀਖਿਆ ਬੇਨਿਯਮੀਆਂ ਨੂੰ  ਲੈ ਕੇ ਦਿੱਲੀ 'ਚ ਵਿਦਿਆਰਥੀਆਂ ਵਲੋਂ ਕੀਤੇ ਪ੍ਰਦਰਸ਼ਨ ਤੋਂ ਬਾਅਦ ਇਹ ਪਹਿਲੀ ਚੋਣ ਹੈ | ਚੋਣਾਂ ਤੋਂ ਠੀਕ ਪਹਿਲਾਂ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਨੇੜੇ ਸੱਤਿਆ ਨਿਕੇਤਨ 'ਚ ਇਕ ਪੀ.ਜੀ. ਹੋਸਟਲ ਦੀ ਇਮਾਰਤ ਡਿਗਣ ਨਾਲ ਪੰਜ ਵਿਦਿਆਰਥੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ | ਉਦੋਂ ਤੋਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੋਸਟਲਾਂ ਦੀ ਘਾਟ ਇਕ ਵੱਡਾ ਮੁੱਦਾ ਬਣੀ ਹੈ | ਇਨ੍ਹਾਂ ਚੋਣਾਂ 'ਚ ਦਿਲਚਸਪੀ ਦਾ ਦੂਜਾ ਕਾਰਨ ਇਹ ਹੈ ਕਿ ਜੰਤਰ-ਮੰਤਰ 'ਤੇ ਸਾਂਝੇ ਤੌਰ 'ਤੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਆਈਸਾ ਨੇ ਇਸ ਵਾਰ ਦੂਜੇ ਕਮਿਊਨਿਸਟ ਵਿਦਿਆਰਥੀ ਸੰਗਠਨ ਐਸ.ਐਫ.ਆਈ. ਨਾਲ ਹੱਥ ਮਿਲਾਇਆ ਹੈ | ਐਸ.ਐਫ.ਆਈ. ਸੀ.ਪੀ.ਐਮ. ਦਾ ਵਿਦਿਆਰਥੀ ਸੰਠਗਨ ਹੈ, ਜਦਕਿ ਆਈਸਾ ਸੀ.ਪੀ.ਆਈ. ਐਮ.ਐਲ. ਦਾ ਸੰਗਠਨ ਹੈ | ਆਈਸਾ ਦੀ ਨੇਹਾ ਵੋਰਾ ਵੀ ਜੰਤਰ ਮੰਤਰ 'ਤੇ 20 ਦਿਨਾਂ ਤੱਕ ਭੁੱਖ ਹੜਤਾਲ 'ਤੇ ਰਹੀ ਸੀ ਤੇ ਉਹ ਇਨ੍ਹਾਂ ਚੋਣਾਂ 'ਚ ਹਿੱਸਾ ਲਵੇਗੀ | ਦੋਵਾਂ ਕਮਿਊਨਿਸਟ ਪਾਰਟੀਆਂ ਦੇ ਇਕੱਠੇ ਆਉਣ ਦਾ ਚੋਣ ਨਤੀਜਿਆਂ 'ਤੇ ਕਾਫ਼ੀ ਪ੍ਰਭਾਵ ਪਵੇਗਾ | ਜੇ ਜੈੱਨ-ਜ਼ੀ ਨੇ ਆਪਣੀ ਨਾਰਾਜ਼ਗੀ ਪ੍ਰਗਟ ਕਰਨੀ ਹੈ ਤਾਂ ਉਹ ਭਾਜਪਾ ਤੇ ਕਾਂਗਰਸ ਦੀ ਬਜਾਏ ਵਿਦਿਆਰਥੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਗਠਨ ਨੂੰ  ਚੁਣ ਸਕਦੇ ਹਨ, ਜਿਸ ਨੇ ਵਿਦਿਆਰਥੀ ਅੰਦੋਲਨ ਦੀ ਅਗਵਾਈ ਕੀਤੀ ਸੀ | ਭਾਜਪਾ ਨੂੰ  ਇਸ ਦਾ ਅੰਦਾਜ਼ਾ ਹੈ | ਇਸੇ ਲਈ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਯੂਨੀਵਰਸਿਟੀ ਪਹੁੰਚੇ ਤੇ ਸ੍ਰੀ ਰਾਮ ਕਾਲਜ ਆਫ਼ ਕਾਮਰਸ ਵਿਚ ਜੈੱਨ-ਜ਼ੀ ਨੂੰ  ਸੰਬੋਧਨ ਕੀਤਾ |
ਫਿਰ ਦੀਵੇ ਬਾਲਣ ਦੀ ਮੁਹਿੰਮ
ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅਤੇ ਉਨ੍ਹਾਂ ਦੇ ਰਾਜ ਸੱਤਾ 'ਚ 25 ਪੂਰੇ ਹੋਣ ਨੂੰ  ਧੂਮਧਾਮ ਨਾਲ ਮਨਾਉਣ ਲਈ ਲੰਮੀ-ਚੌੜੀ ਯੋਜਨਾ ਬਣਾਈ ਹੈ, ਜਿਸਨੂੰ 'ਸੇਵਾ ਸੰਕਲਪ ਮੁਹਿੰਮ' ਦਾ ਨਾਂਅ ਦਿੱਤਾ ਹੈ | ਇਸ ਦਾ ਅਹਿਮ ਪਹਿਲੂ ਇਹ ਹੈ ਕਿ ਭਾਜਪਾ ਨੇ ਭਾਰਤ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ  17 ਸਤੰਬਰ ਨੂੰ  ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 'ਤੇ ਸ਼ਾਮ 7 ਵਜੇ ਆਪਣੇ ਘਰਾਂ ਅੱਗੇ ਜਾਂ ਛੱਤਾਂ 'ਤੇ ਦੀਵਾ ਬਾਲਣ ਦੀ ਅਪੀਲ ਕੀਤੀ ਹੈ | ਇਸਨੂੰ ਅਸ਼ੀਰਵਾਦ ਦਾ ਦੀਵਾ ਕਿਹਾ ਜਾ ਰਿਹਾ ਹੈ | ਹਾਲਾਂਕਿ ਇਹ ਅਪੀਲ ਵਾਂਗ ਨਹੀਂ, ਕਿਉਂਕਿ ਭਾਜਪਾ ਤੇ ਇਸ ਦੀਆਂ ਰਾਜ ਸਰਕਾਰਾਂ ਲਾਭਪਾਤਰੀਆਂ ਤੱਕ ਦੀਵੇ ਪਹੁੰਚਾ ਰਹੀਆਂ ਹਨ | ਹੋ ਸਕਦਾ ਹੈ ਕਿ ਦੀਵੇ ਬਾਲਣ ਲਈ ਤੇਲ, ਬੱਤੀ ਤੇ ਹੋਰ ਚੀਜ਼ਾਂ ਵੀ ਦਿੱਤੀਆਂ ਜਾਣ | ਭਾਜਪਾ ਤਾਂ ਲਾਭਪਾਤਰੀਆਂ ਤੋਂ ਪ੍ਰਧਾਨ ਮੰਤਰੀ ਲਈ ਅਸ਼ੀਰਵਾਦ ਮੰਗ ਰਹੀ ਹੈ, ਪਰ ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲਾਭਪਾਤਰੀ ਧੰਨਵਾਦ ਪ੍ਰਗਟ ਕਰਨ | ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ 'ਚ ਲੋਕਾਂ ਨੂੰ  ਤੀਜੀ ਵਾਰ ਦੀਵੇ ਬਾਲਣ ਲਈ ਕਿਹਾ ਜਾ ਰਿਹਾ ਹੈ | ਪਹਿਲਾਂ ਕੋਵਿਡ-19 ਦੌਰਾਨ ਤਾੜੀਆਂ ਵਜਾਉਣ ਤੇ ਪਲੇਟਾਂ ਖੜਕਾਉਣ ਮਗਰੋਂ ਨਾਗਰਿਕਾਂ ਨੂੰ  ਦੀਵੇ ਬਾਲਣ ਲਈ ਕਿਹਾ | ਫਿਰ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਸਮੇਂ ਹਿੰਦੂਆਂ ਨੂੰ  ਘਰਾਂ ਸਾਹਮਣੇ ਦੀਵੇ ਬਾਲਣ ਦੀ ਅਪੀਲ ਕੀਤੀ ਗਈ | ਹੁਣ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ  ਦੀਵੇ ਬਾਲਣ ਅਤੇ ਸਰਕਾਰੀ ਖ਼ਜ਼ਾਨੇ 'ਚੋਂ ਦਿੱਤੇ ਲਾਭਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਕਿਹਾ ਜਾ ਰਿਹਾ ਹੈ |
ਸ਼ਿਵਕੁਮਾਰ-ਸਿੱਧਾਰਮੱਈਆ 'ਚ ਈ.ਡੀ. ਦੀ ਐਂਟਰੀ
ਕਰਨਾਟਕ 'ਚ ਕਾਂਗਰਸ ਦੀ ਰਾਜਨੀਤੀ ਅਜੇ ਗਰਮਾਅ ਹੀ ਰਹੀ ਸੀ ਤੇ ਸਿੱਧਾਰਮੱਈਆ ਨੇ ਆਪਣੇ 'ਅਹਿੰਦਾ' ਵੋਟ ਆਧਾਰ ਨੂੰ  ਮੁੜ ਜਗਾਉਣਾ ਸ਼ੁਰੂ ਕੀਤਾ ਸੀ ਕਿ ਈ.ਡੀ. ਦੀ ਐਂਟਰੀ ਹੋ ਗਈ | ਇਹ ਬਹੁਤ ਦਿਲਚਸਪ ਘਟਨਾਕ੍ਰਮ ਹੈ ਕਿਉਂਕਿ ਈ.ਡੀ. ਨੇ ਜਿਸ ਨੂੰ  ਨਿਸ਼ਾਨਾ ਬਣਾਇਆ, ਉਹ ਪਹਿਲਾਂ ਸਿੱਧਾਰਮੱਈਆ ਦੇ ਸਭ ਤੋਂ ਵੱਡੇ ਸਮਰਥਕ ਸਨ, ਪਰ ਡੀ.ਕੇ. ਸ਼ਿਵਕੁਮਾਰ ਦੇ ਮੁੱਖ ਮੰਤਰੀ ਬਣਨ ਮਗਰੋਂ ਉਹ ਇਨ੍ਹਾਂ ਨਾਲ ਜੁੜ ਗਏ | ਬੇਲਗਾਵੀ ਖੇਤਰ 'ਚ ਵੱਡਾ ਅਸਰ ਰਸੂਖ ਰੱਖਣ ਵਾਲੇ ਜਰਕਿਹੋਲੀ ਪਰਿਵਾਰ ਦੇ ਸਤੀਸ਼ ਜਰਕਿਹੋਲੀ ਦੇ ਘਰ ਈ.ਡੀ. ਨੇ ਛਾਪਾ ਮਾਰਿਆ | ਨਾਲ ਹੀ ਉਨ੍ਹਾਂ ਦੀ ਬੇਟੀ ਸੰਸਦ ਮੈਂਬਰ ਪਿ੍ਅੰਕਾ ਤੇ ਹੋਰਾਂ ਦੇ ਘਰ ਛਾਪੇਮਾਰੀ ਕੀਤੀ | ਇਹ ਸਭ ਇਸ ਲਈ ਵੀ ਦਿਲਚਸਪ ਹੈ ਕਿ ਜਿਸ ਦਿਨ ਸ਼ਿਵਕੁਮਾਰ ਸਰਕਾਰ ਦੇ 100 ਦਿਨ ਪੂਰੇ ਹੋਏ, ਉਸ ਤੋਂ ਇਕ ਦਿਨ ਪਹਿਲਾਂ ਛਾਪੇਮਾਰੀ ਹੋਈ | ਯਾਨਿ ਇਹ ਰੰਗ 'ਚ ਭੰਗ ਪਾਉਣ ਵਾਲਾ ਘਟਨਾਕ੍ਰਮ ਬਣ ਗਿਆ | ਜ਼ਿਕਰਯੋਗ ਹੈ ਕਿ ਸਤੀਸ਼ ਜਰਕਿਹੋਲੀ ਅਨੁਸੂਚਿਤ ਜਨਜਾਤੀ ਭਾਈਚਾਰੇ ਨਾਲ ਸੰਬੰਧਿਤ ਹਨ ਤੇ ਉਨ੍ਹਾਂ ਦੇ ਪਰਿਵਾਰ ਦੇ ਛੇ ਮੈਂਬਰ ਵੱਖ-ਵੱਖ ਪਾਰਟੀਆਂ ਤੋਂ ਵਿਧਾਇਕ, ਐਮ.ਐਲ.ਸੀ. ਜਾਂ ਸੰਸਦ ਮੈਂਬਰ ਹਨ | ਉਹ ਸਿੱਧਾਰਮੱਈਆ ਦੇ 'ਅਹਿੰਦਾ' ਸਮੀਰਕਨ ਦੇ ਕੱਟੜ ਸਮਰਥਕ ਸਨ ਤੇ ਸ਼ਿਵਕੁਮਾਰ ਦੇ ਮੁੱਖ ਮੰਤਰੀ ਬਣਨ ਦੇ ਵਿਰੋਧ ਸਨ | ਸ਼ਿਵਕੁਮਾਰ ਨੇ ਮੁੱਖ ਮੰਤਰੀ ਬਣਨ ਪਿੱਛੋਂ ਆਪਣੇ ਪ੍ਰਭਾਵ ਨਾਲ ਉਨ੍ਹਾਂ ਨੂੰ  ਆਪਣਾ ਸਮਰਥਕ ਬਣ ਲਿਆ | ਇਸ ਤੋਂ ਸਿੱਧਾਰਮੱਈਆ ਉਨ੍ਹਾਂ ਨਾਲ ਨਾਰਾਜ਼ ਸਨ | ਕਾਂਗਰਸ 'ਚ ਚੱਲ ਰਹੀ ਇਸ ਖਿੱਚੋਤਾਣ 'ਚ ਈ.ਡੀ. ਨੇ ਜਰਕਿਹੋਲੀ ਦੇ ਘਰ ਛਾਪਾ ਮਾਰ ਕੇ ਇਕ ਨਵਾਂ ਪਹਿਲੂ ਖੜ੍ਹਾ ਕਰ ਦਿੱਤਾ |
ਚੀਫ਼ ਜਸਟਿਸ ਦੀ ਵਿਵਾਦਤ ਨਿਯੁਕਤੀ
ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਮਾਮਲੇ 'ਚ ਇਕ ਵਾਰ ਫਿਰ 'ਸੰਘੀ ਪਰੰਪਰਾ' ਦੀ ਅਣਦੇਖੀ ਹੋਈ ਹੈ | ਪੰਜਾਬ ਦੀ ਮਾਨ ਸਰਕਾਰ ਨੇ ਇਸ ਦਾ ਵਿਰੋਧ ਪ੍ਰਗਟਾਉਣ ਲਈ ਵਿਸ਼ੇਸ਼ ਕੈਬਨਿਟ ਮੀਟਿੰਗ ਬੁਲਾਈ, ਜੋ ਸੰਕੇਤ ਹੈ ਕਿ ਉਸ ਨੇ ਇਸ ਮੁੱਦੇ ਨੂੰ  ਕਿੰਨੀ ਗੰਭੀਰਤਾ ਨਾਲ ਲਿਆ | ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਬਿਨਾਂ ਉਸ ਦੀ ਸਲਾਹ ਲਏ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ | ਇਹ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਲਈ ਤੈਅ ਪ੍ਰਕਿਰਿਆ ਦੀ ਉਲੰਘਣਾ ਹੈ | ਜੱਜਾਂ ਦੀ ਨਿਯੁਕਤੀ ਪ੍ਰਕਿਰਿਆ ਦਸਤਾਵੇਜ਼ ਦੇ ਪੈਰਾ 6 ਤਹਿਤ ਸੁਪਰੀਮ ਕੋਰਟ ਕਾਲਜੀਅਮ ਦੀ ਸਿਫ਼ਾਰਸ਼ ਪਿੱਛੋਂ ਸੰਬੰਧਿਤ ਰਾਜ ਸਰਕਾਰ ਦੀ ਸਹਿਮਤੀ ਜਾਂ ਸਲਾਹ ਲੈਣਾ ਲਾਜ਼ਮੀ ਹੈ | ਇਸ ਮਾਮਲੇ 'ਚ ਕੇਂਦਰੀ ਕਾਨੂੰਨ ਮੰਤਰਾਲੇ ਨੇ ਬੀਤੀ 12 ਅਗਸਤ ਨੂੰ  ਇਕ ਪੱਤਰ ਭੇਜਿਆ, ਪਰ ਰਾਜ ਸਰਕਾਰ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਹੀ 6 ਸਤੰਬਰ ਨੂੰ  ਜਲਦਬਾਜ਼ੀ 'ਚ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ | ਫਿਰ ਰਾਜ ਦੇ ਮੰਤਰੀ ਮੰਡਲ ਨੇ ਜਸਟਿਸ ਮਿਸ਼ਰਾ ਦਾ ਸਹੁੰ ਚੁੱਕ ਸਮਾਗਮ ਰੋਕਣ ਲਈ ਮਤਾ ਪਾਸ ਕਰ ਦਿੱਤਾ | ਅਸਲ 'ਚ ਇਹ ਵਿਵਾਦ ਕਿਸੇ ਇਕ ਜੱਜ ਦੀ ਨਿਯੁਕਤੀ ਤੱਕ ਸੀਮਤ ਨਹੀਂ, ਸਗੋਂ ਇਹ ਸੰਘੀ ਪਰੰਪਰਾ ਤੇ ਨਿਆਂਪਾਲਿਕਾ ਦੀ ਭਰੋਸੇਯੋਗਤਾ ਦੋਵਾਂ ਨੂੰ  ਪ੍ਰਭਾਵਿਤ ਕਰੇਗਾ |
ਰਾਘਵ ਚੱਢਾ ਪੰਜਾਬ 'ਚੋਂ ਹੋਏ ਬਾਹਰ
'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਸੰਸਦ ਮੈਂਬਰ ਰਾਘਵ ਚੱਢਾ ਦਾ ਨਾਂਅ ਪੰਜਾਬ ਦੀ ਵੋਟਰ ਸੂਚੀ 'ਚੋਂ ਹਟਾ ਦਿੱਤਾ ਗਿਆ ਹੈ | ਪੰਜਾਬ 'ਚ ਐਸ.ਆਈ.ਆਰ. ਦਾ ਕੰਮ ਚੱਲ ਰਿਹਾ ਹੈ ਤੇ ਜਦੋਂ ਡਰਾਫਟ ਸੂਚੀ ਆਈ ਤਾਂ ਪਤਾ ਲੱਗਾ ਕਿ ਰਾਘਵ ਚੱਢਾ ਦਾ ਨਾਂਅ ਨਹੀਂ ਹੈ | ਉਹ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਹਨ ਤੇ ਇੱੱਥੋਂ ਦੇ ਵੋਟਰ ਸਨ | ਪਰ ਨਾਂਅ ਕੱਟੇ ਜਾਣ ਪਿੱਛੋਂ ਉਹ ਪੰਜਾਬ ਦੀ ਵੋਟਰ ਸੂਚੀ 'ਚ ਨਾਂਅ ਦਰਜ ਕਰਾਉਣ ਦੀ ਥਾਂ ਦਿੱਲੀ ਦੇ ਵੋਟਰ ਬਣ ਗਏ | ਰਾਘਵ ਤੇ ਭਾਜਪਾ ਨੇ ਰਾਜ ਸਰਕਾਰ 'ਤੇ ਨਿਸ਼ਾਨੇ ਸਾਧੇ, ਹਾਲਾਂਕਿ ਐਸ.ਆਈ.ਆਰ. ਦਾ ਕੰਮ ਚੋਣ ਕਮਿਸ਼ਨ ਕਰ ਰਿਹਾ ਹੈ ਤੇ ਜੇ ਕਮਿਸ਼ਨ ਚਾਹੁੰਦਾ ਤਾਂ ਰਾਘਵ ਦਾ ਨਾਂਅ ਨਾ ਕੱਟਦਾ ਜਾਂ ਆਸਾਨੀ ਨਾਲ ਜੋੜ ਦਿੱਤਾ ਜਾਂਦਾ, ਪਰ ਉਹ ਦਿੱਲੀ ਦੇ ਵੋਟਰ ਬਣ ਗਏ | ਧਿਆਨ ਰਹੇ ਕਿ ਰਾਘਵ ਨੇ ਰਾਜਨੀਤੀ ਦੀ ਸ਼ੁਰੂਆਤ ਦਿੱਲੀ ਤੋਂ ਹੀ ਕੀਤੀ ਸੀ ਤੇ ਉਹ ਦਿੱਲੀ ਤੋਂ ਵਿਧਾਇਕ ਵੀ ਰਹੇ ਹਨ | ਸਵਾਲ ਹੈ ਕਿ ਕੀ ਦਿੱਲੀ ਦੀ ਰਾਜਨੀਤੀ 'ਚ ਉਨ੍ਹਾਂ ਦੀ ਫਿਰ ਵਾਪਸੀ ਹੋ ਰਹੀ ਹੈ? ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਚੋਣਾਂ 'ਚ ਭਾਜਪਾ ਵਲੋਂ ਰਾਘਵ ਦੀ ਵੱਡੀ ਭੂਮਿਕਾ ਹੋਵੇਗੀ | ਭਾਵੇਂ ਉਹ ਇੱੱਥੋਂ ਸੰਸਦ ਮੈਂਬਰ ਹਨ, ਪਰ ਜੇ ਵੋਟਰ ਨਹੀਂ ਹੋਣਗੇ ਤਾਂ ਚੋਣਾਂ 'ਚ ਉਹ ਸ਼ਾਇਦ ਹੀ ਕੋਈ ਵੱਡੀ ਭੂਮਿਕਾ ਨਿਭਾਅ ਸਕਣ | ਦਿੱਲੀ 'ਚ ਭਾਜਪਾ ਕੋਲ ਸਾਰੇ ਭਾਈਚਾਰਿਆਂ ਦੇ ਆਗੂ ਹਨ, ਅਜਿਹੇ 'ਚ ਰਾਘਵ ਨੂੰ  ਦਿੱਲੀ ਵਿਚ ਸਖ਼ਤ ਟੱਕਰ ਮਿਲੇਗੀ | ਜੇ ਉਹ ਹਰਸ਼ ਮਲਹੋਤਰਾ ਦੀ ਥਾਂ ਦਿੱਲੀ ਦੇ ਕੋਟੇ ਤੋਂ ਮੰਤਰੀ ਬਣੇ ਹਨ ਤਾਂ ਇਹ ਗੱਲ ਵੱਖਰੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦਾ ਪਸਾਰ ਬਣਿਆ ਚੋਣ ਮੁੱਦਾ ਅਗਲੀ ਖ਼ਬਰ ਰਾਜਨੀਤੀ ਦੀ ਬਦਲਦੀ ਭਾਸ਼ਾ ਤੇ ਅਨੈਤਿਕਤਾ ਦੇ ਸਵਾਲ-2
Ad Position 24