13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

9/11 ਦੇ ਹਮਲੇ ਤੋਂ ਬਾਅਦ ਅਮਰੀਕਾ ਦੇ ਸਿੱਖਾਂ ਨੇ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ?

9/11 ਦੇ ਹਮਲੇ ਤੋਂ ਬਾਅਦ ਅਮਰੀਕਾ ਦੇ ਸਿੱਖਾਂ ਨੇ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ?

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

25 ਸਾਲ ਪਹਿਲਾਂ 11 ਸਤੰਬਰ, 2001 ਨੂੰ  ਹੋਏ ਦਹਿਸ਼ਤਗਰਦੀ ਹਮਲਿਆਂ ਨੇ ਅਮਰੀਕਾ ਹੀ ਨਹੀਂ, ਸਾਰੀ ਦੁਨੀਆ ਨੂੰ  ਬਦਲ ਦਿੱਤਾ ਹੈ | ਅਮਰੀਕਾ ਦੇ ਸਿੱਖਾਂ ਲਈ ਇਸ ਤਬਦੀਲੀ ਦਾ ਇਕ ਬਹੁਤ ਨਿੱਜੀ ਪੱਖ ਵੀ ਸੀ | ਸਿੱਖਾਂ ਦੀ ਵੱਖਰੀ ਪਛਾਣ ਨੂੰ  ਪ੍ਰਗਟਾਉਂਦੀ ਦਸਤਾਰ ਤੇ ਦਾੜ੍ਹੀ ਅਚਾਨਕ ਕੁਝ ਲੋਕਾਂ ਦੀਆਂ ਨਜ਼ਰਾਂ 'ਚ ਸ਼ੱਕ ਦਾ ਕਾਰਨ ਬਣ ਗਏ | 11 ਸਤੰਬਰ, 2001 ਨੂੰ  ਅਲ-ਕਾਇਦਾ ਨਾਲ ਜੁੜੇ 19 ਦਹਿਸ਼ਤਗਰਦਾਂ ਨੇ 4 ਯਾਤਰੀ ਹਵਾਈ ਜਹਾਜ਼ ਹਾਈਜੈਕ ਕੀਤੇ, ਜਿਨ੍ਹਾਂ 'ਚੋਂ ਦੋ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਦੇ ਟਵਿਨ ਟਾਵਰਾਂ ਨਾਲ ਟਕਰਾਏ, ਇਕ ਜਹਾਜ਼ ਵਾਸ਼ਿੰਗਟਨ ਡੀ.ਸੀ. ਦੇ ਨੇੜੇ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨਾਲ ਟਕਰਾਇਆ ਤੇ ਚੌਥਾ ਜਹਾਜ਼ ਪੈਨਸਿਲਵੇਨੀਆ ਸੂਬੇ ਵਿਚ ਡਿਗਿਆ | ਇਨ੍ਹਾਂ ਹਮਲਿਆਂ 'ਚ 2,977 ਲੋਕ ਮਾਰੇ  ਗਏ ਸਨ | ਇਹ ਘਟਨਾ ਦੁਨੀਆ ਭਰ ਵਿਚ '9/11' ਦੇ ਨਾਂਅ ਨਾਲ ਜਾਣੀ ਜਾਂਦੀ ਹੈ |
ਮੈਂ ਅਗਸਤ 2000 'ਚ ਅੰਮਿ੍ਤਸਰ ਤੋਂ ਡੇਟਨ, ਓਹਾਇਓ ਦੀ ਰਾਈਟ ਸਟੇਟ ਯੂਨੀਵਰਸਿਟੀ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਮਾਸਟਰਜ਼ ਡਿਗਰੀ ਕਰਨ ਅਮਰੀਕਾ ਆਇਆ ਸੀ | ਅਸੀਂ ਯੂਨੀਵਰਸਿਟੀ ਕੈਂਪਸ ਦੇ ਨੇੜੇ ਰਹਿੰਦੇ ਸੀ ਤੇ ਕਦੇ ਨਹੀਂ ਲੱਗਿਆ ਸੀ ਕਿ ਮੇਰੇ ਕੇਸ, ਦਾੜ੍ਹੀ ਜਾਂ ਦਸਤਾਰ ਮੈਨੂੰ ਅਸੁਰੱਖਿਅਤ ਬਣਾ ਸਕਦੇ ਹਨ | ਪਰ ਇਕ ਰਾਤ ਵਿਚ ਇਹ ਸਭ ਬਦਲ ਗਿਆ, ਹਮਲਿਆਂ ਤੋਂ ਬਾਅਦ ਟੈਲੀਵਿਜ਼ਨ ਤੇ ਅਖਬਾਰਾਂ 'ਚ ਓਸਾਮਾ ਬਿਨ ਲਾਦੇਨ ਦੀ ਦਾੜ੍ਹੀ ਤੇ ਸਿਰ 'ਤੇ ਪਗੜੀ ਵਾਲੀਆਂ ਤਸਵੀਰਾਂ ਵਾਰ-ਵਾਰ ਦਿਖਾਈਆਂ ਜਾ ਰਹੀਆਂ ਸਨ | ਸਿੱਖ ਧਰਮ ਤੇ ਸਿੱਖ ਪਛਾਣ ਤੋਂ ਅਣਜਾਣ ਕਈ ਲੋਕਾਂ ਨੇ ਦਾੜ੍ਹੀ ਤੇ ਦਸਤਾਰ ਵਾਲੇ ਸਿੱਖਾਂ ਨੂੰ  ਵੀ ਉਸੇ ਦਿੱਖ ਨਾਲ ਜੋੜਨਾ ਸ਼ੁਰੂ ਕਰ ਦਿੱਤਾ | 'ਓਸਾਮਾ ਜਾਂ ਟੈਰਰਿਸਟ' ਵਰਗੇ ਸ਼ਬਦ ਸੁਣਨਾ ਕਈ ਸਿੱਖਾਂ ਲਈ ਦੁਖਦਾਈ ਤੇ ਆਮ ਹੋ ਗਿਆ | ਕੁਝ ਸਿੱਖ ਪਰਿਵਾਰਾਂ ਵਿਚ ਦਸਤਾਰ ਦੀ ਥਾਂ ਟੋਪੀ ਪਾਉਣ ਜਾਂ ਕੇਸ ਕਟਵਾਉਣ ਦੀ ਗੱਲ ਵੀ ਚੱਲੀ, ਪਰ ਇਕ ਸਵਾਲ ਸਾਡੇ ਸਾਹਮਣੇ ਸੀ: ਕੀ ਡਰ ਸਾਨੂੰ ਆਪਣੀ ਪਛਾਣ ਲੁਕਾਉਣ ਲਈ ਮਜਬੂਰ ਕਰ ਦੇਵੇਗਾ?


9/11 ਹਮਲਿਆਂ ਤੋਂ 4 ਦਿਨ ਬਾਅਦ ਅਰੀਜ਼ੋਨਾ ਸੂਬੇ ਦੇ ਮਿਸਾ ਸ਼ਹਿਰ 'ਚ ਬਲਬੀਰ ਸਿੰਘ ਸੋਢੀ ਦਾ ਆਪਣੇ ਗੈਸ ਸਟੇਸ਼ਨ ਦੇ ਬਾਹਰ ਫੁੱਲਾਂ ਨੂੰ  ਪਾਣੀ ਦਿੰਦਿਆਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ | 11 ਸਤੰਬਰ ਦਾ ਬਦਲਾ ਲੈਣਾ ਚਾਹੁੰਦੇ ਕਾਤਲ ਨੇ ਸੋਢੀ ਦੀ ਦਸਤਾਰ ਤੇ ਦਾੜ੍ਹੀ ਨੂੰ  ਦੁਸ਼ਮਣ ਦੀ ਪਛਾਣ ਸਮਝ ਲਿਆ | ਅਮਰੀਕਾ ਵਿਚ ਵੱਸਦੇ ਸਿੱਖਾਂ ਲਈ ਇਹ ਕਤਲ ਇਕ ਡਰਾਉਣੀ ਚਿਤਾਵਨੀ ਸੀ | ਪਰ 11 ਸਤੰਬਰ ਤੋਂ ਬਾਅਦ ਹੋਈ ਹਿੰਸਾ ਨੂੰ  ਸਿਰਫ਼ 'ਮਿਸਟੇਕਨ ਆਈਡੈਂਟਿਟੀ' ਕਹਿ ਦੇਣਾ ਵੀ ਪੂਰੀ ਗੱਲ ਸਪੱਸ਼ਟ ਨਹੀਂ ਕਰਦਾ | ਸਿੱਖਾਂ 'ਤੇ ਹਮਲਾ ਸਿਰਫ਼ ਇਸ ਲਈ ਗਲਤ ਨਹੀਂ ਸੀ ਕਿ ਉਹ ਮੁਸਲਮਾਨ ਨਹੀਂ ਸਨ, ਜਦਕਿ ਮੁਸਲਮਾਨਾਂ, ਅਰਬ ਮੂਲ ਤੇ ਦੱਖਣੀ ਏਸ਼ੀਆ ਦੇ ਹੋਰ ਬੇਗੁਨਾਹਾਂ 'ਤੇ ਹਮਲਾ ਹੋਣਾ ਵੀ ਗਲਤ ਸੀ | ਕਿਸੇ ਵੀ ਵਿਅਕਤੀ ਨੂੰ  ਸਿਰਫ਼ ਉਸ ਦੇ ਧਰਮ ਜਾਂ ਦਿੱਖ ਨਾਲ ਜੁੜੀ ਪਛਾਣ ਦੇ ਆਧਾਰ 'ਤੇ ਕਿਸੇ ਹੋਰ ਦੇ ਅਪਰਾਧ ਲਈ ਜ਼ਿੰਮੇਵਾਰ ਨਹੀਂ ਬਣਾਇਆ ਜਾ ਸਕਦਾ |
ਇਸੇ ਸਮੇਂ ਇਸ ਸਥਿਤੀ ਦਾ ਇਕ ਹੋਰ ਪੱਖ ਵੀ ਸੀ, ਡਾ. ਨਵਿੰਦਰਦੀਪ ਸਿੰਘ ਨਿੱਝਰ ਉਸ ਵੇਲੇ ਬਰੁਕਲਿਨ, ਨਿਊਯਾਰਕ ਵਿਚ ਸਰਜਰੀ ਦੇ ਰੈਜ਼ੀਡੈਂਟ ਸਨ | ਰਾਤ ਦੀ ਹਸਪਤਾਲ ਡਿਊਟੀ ਪੂਰੀ ਕਰਨ ਤੋਂ ਬਾਅਦ ਉਸ ਨੇ ਡਿੱਗੇ ਹੋਏ ਟਾਵਰ ਵਾਲੀ ਥਾਂ (ਗਰਾਊਾਡ ਜ਼ੀਰੋ) 'ਤੇ ਸੇਵਾ ਕੀਤੀ | ਉਨ੍ਹਾਂ ਦੀ ਦਸਤਾਰ ਤੇ ਦਾੜ੍ਹੀ ਨੂੰ  ਦੇਖ ਕੇ ਗੁੰਮਰਾਹ ਹੋਏ ਲੋਕਾਂ ਨੇ ਉਨ੍ਹਾਂ ਨੂੰ  ਵੀ ਹਮਲਾਵਰਾਂ ਨਾਲ ਜੋੜ ਦਿੱਤਾ | ਇਕ ਸਿੱਖ ਡਾਕਟਰ ਅਮਰੀਕਾ ਦੇ ਸਭ ਤੋਂ ਔਖੇ ਪਲਾਂ 'ਚ ਲੋਕਾਂ ਦੀ ਸੇਵਾ ਕਰ ਰਿਹਾ ਸੀ, ਪਰ ਉਸ ਦੀ ਦਸਤਾਰ ਕਿਸੇ ਹੋਰ ਲਈ ਉਸ 'ਤੇ ਸ਼ੱਕ ਕਰਨ ਦਾ ਕਾਰਨ ਬਣ ਰਹੀ ਸੀ | ਅਮਰੀਕਾ ਵਿਚ ਸਿੱਖਾਂ ਨੇ ਵੱਖ-ਵੱਖ ਧਰਮਾਂ ਦੇ ਇੰਟਰਫੇਥ ਪ੍ਰੋਗਰਾਮਾਂ 'ਚ ਹਿੱਸਾ ਲਿਆ ਤੇ ਉਹ ਵਿਤਕਰੇ ਦਾ ਸ਼ਿਕਾਰ ਹੋਰ ਭਾਈਚਾਰਿਆਂ ਦੇ ਲੋਕਾਂ ਨਾਲ ਵੀ ਖੜ੍ਹੇ ਹੋਏ | ਸਿਰਫ਼ ਸੇਵਾ ਤੇ ਸਦਭਾਵਨਾ ਹੀ ਕਾਫ਼ੀ ਨਹੀਂ ਸੀ, ਭਾਈਚਾਰੇ ਨੂੰ  ਨਫ਼ਰਤੀ ਅਪਰਾਧ, ਸਕੂਲ ਬੁਿਲੰਗ, ਨੌਕਰੀ 'ਤੇ ਵਿਤਕਰੇ ਤੇ ਧਾਰਮਿਕ ਆਜ਼ਾਦੀ ਨਾਲ ਜੁੜੀਆਂ ਚੁਣੌਤੀਆਂ ਦਾ ਜਵਾਬ ਦੇਣ ਵਾਲੀਆਂ ਸੰਸਥਾਵਾਂ ਦੀ ਲੋੜ ਸੀ | ਸਿੱਖ ਕੋਲੀਸ਼ਨ ਸਾਲਡੈਫ਼, ਯੂਨਾਈਟਿਡ ਸਿੱਖਸ ਤੇ ਹੋਰ ਸੰਸਥਾਵਾਂ ਨੇ ਇਸ ਕੰਮ ਵਿਚ ਅਹਿਮ ਭੂਮਿਕਾ ਨਿਭਾਈ | 
ਇਕ ਤਰ੍ਹਾਂ ਨਾਲ 11 ਸਤੰਬਰ ਨੇ ਅਮਰੀਕਾ ਦੇ ਸਿੱਖਾਂ ਨੂੰ  ਹੋਰ ਸੰਗਠਿਤ ਤੇ ਸਰਗਰਮ ਹੋਣ ਲਈ ਪ੍ਰੇਰਿਆ | 9/11 ਤੋਂ ਬਾਅਦ ਮੇਰੇ ਰਿਸ਼ਤੇਦਾਰ, ਸਿੱਖ ਵਿਦਿਆਰਥੀ, ਸਥਾਨਕ ਪਰਿਵਾਰ ਰਾਈਟ ਸਟੇਟ ਯੂਨੀਵਰਸਿਟੀ ਵਿਚ ਹੋਰ ਸਰਗਰਮੀ ਨਾਲ ਸੰਪਰਕ ਕਰਨ ਲੱਗੇ | 2004 ਦੀ ਵਿਸਾਖੀ ਦੇ ਇਕ ਪ੍ਰੋਗਰਾਮ ਵਿਚ 350 ਵਿਦਿਆਰਥੀ, ਪ੍ਰੋਫੈਸਰ, ਸਟਾਫ ਤੇ ਹੋਰ ਲੋਕ ਸ਼ਾਮਿਲ ਹੋਏ ਤੇ ਆਏ ਮਹਿਮਾਨਾਂ ਨੂੰ  ਦਸਤਾਰਾਂ ਸਜਾਉਣ ਦਾ ਮੌਕਾ ਦਿੱਤਾ ਗਿਆ ਤੇ ਕਈ ਅਮਰੀਕੀ ਵਿਦਿਆਰਥੀ ਦਸਤਾਰ ਸਜਾ ਕੇ ਆਪਣੀਆਂ ਕਲਾਸਾਂ ਵਿਚ ਵੀ ਗਏ | ਜਦੋਂ  ਮੇਰਾ ਪੁੱਤਰ ਕੇਸਾਂ ਦਾ ਜੂੜਾ ਕਰਕੇ ਪਟਕਾ ਬੰਨ੍ਹ ਕੇ ਤੇ ਕੜਾ ਪਾ ਕੇ ਸਕੂਲ ਜਾਣ ਲੱਗਾ ਤਾਂ ਮੈਂ ਉਸ ਦੇ ਟੀਚਰਾਂ ਨਾਲ ਗੱਲ ਕਰਕੇੇ ਕਈ ਵਾਰ ਉਸ ਦੇ ਕਲਾਸ ਰੂਮ ਵਿਚ ਜਾ ਕੇ ਬੱਚਿਆਂ ਨੂੰ  ਕੇਸ, ਪਟਕੇ ਤੇ ਕੜੇ ਬਾਰੇ ਦੱਸਿਆ | ਛੋਟੇ ਬੱਚਿਆਂ ਦੇ ਸਵਾਲ ਸਿੱਧੇ ਤੇ ਮਾਸੂਮ ਹੁੰਦੇ-ਪਟਕਾ ਕਿਵੇਂ ਬੰਨ੍ਹਦੇ ਹੋ?, ਇਹ ਕੜਾ ਕਿਉਂ ਪਾਉਂਦੇ ਹੋ? ਇਕ ਦਿਨ ਸਕੂਲ ਵਿਚ ਮੇਰੇ ਪੁੱਤਰ ਦਾ ਪਟਕਾ ਥੋੜ੍ਹਾ ਖੁੱਲ੍ਹ ਗਿਆ ਤਾਂ ਉਸ ਦੀ ਟੀਚਰ ਨੇ ਪਟਕੇ ਨੂੰ  ਠੀਕ ਕਰਕੇ ਮੁੜ ਬੰਨ੍ਹ ਦਿੱਤਾ |  ਉਸ ਅਧਿਆਪਕਾ ਨੇ ਆਪਣੇ ਇਸ ਕੰਮ ਨਾਲ ਇਕ ਸਿੱਖ ਬੱਚੇ ਨੂੰ  ਅਹਿਸਾਸ ਕਰਵਾਇਆ ਕਿ ਉਸ ਦੀ ਪਛਾਣ ਕੋਈ ਸਮੱਸਿਆ ਨਹੀਂ ਸੀ | 2012 ਵਿਚ ਵਿਸਕਾਂਸਿਨ ਦੇ ਓਕ ਕ੍ਰੀਕ ਗੁਰਦੁਆਰੇ ਵਿਚ ਹੋਏ ਕਤਲੇਆਮ ਨੇ ਯਾਦ ਕਰਵਾਇਆ ਕਿ ਸਿੱਖਿਆ ਤੇ ਤਰੱਕੀ ਵੀ ਨਫ਼ਰਤ ਨੂੰ  ਖ਼ਤਮ ਨਹੀਂ ਕਰ ਸਕੀ |
9/11 ਦੇ 25 ਸਾਲ ਬਾਅਦ ਅਮਰੀਕਾ 'ਚ ਸਿੱਖ ਹੁਣ ਵਧੇਰੇ ਸੰਗਠਿਤ ਤੇ ਸਰਗਰਮ ਹਨ ਤੇ ਆਪਣੇ ਅਧਿਕਾਰਾਂ ਦੀ ਵਕਾਲਤ ਕਰਨ ਲਈ ਵੀ ਤਿਆਰ ਹਨ | ਇਹ ਤਬਦੀਲੀ ਅਗਲੀ ਪੀੜ੍ਹੀ ਵਿਚ ਵੀ ਦਿਖਾਈ ਦਿੰਦੀ ਹੈ | ਅੱਜ ਦੇ ਸਿੱਖ ਨੌਜਵਾਨ ਤੇ ਦਸਤਾਰਧਾਰੀ ਬੀਬੀਆਂ ਵੀ ਆਪਣੀ ਦਿੱਖ ਤੇ ਪਛਾਣ ਨੂੰ  ਕਾਇਮ ਰੱਖਦਿਆਂ ਸਕੂਲਾਂ, ਯੂਨੀਵਰਸਿਟੀਆਂ, ਵੱਖ-ਵੱਖ ਪੇਸ਼ਿਆ ਤੇ ਜਨਤਕ ਜੀਵਨ 'ਚ ਪੂਰੇ ਹੱਕ ਨਾਲ ਅੱਗੇ ਵਧਣ ਦੀ ਉਮੀਦ ਰੱਖਦੇ ਹਨ | ਪਰ ਇਹ ਸਫ਼ਰ ਇੱਥੇ ਮੁੱਕਦਾ ਨਹੀਂ | ਪਿਛਲੇ 25 ਸਾਲਾਂ ਵਿਚ ਬਹੁਤ ਕੁਝ ਬਦਲਿਆ ਹੈ ਅਤੇ ਅੱਜ ਪਹਿਲਾਂ ਨਾਲੋਂ ਵੱਧ ਅਮਰੀਕੀ ਲੋਕ ਸਿੱਖਾਂ ਬਾਰੇ ਜਾਣਦੇ ਹਨ | ਫਿਰ ਵੀ ਕਦੇ-ਕਦੇ ਨਫ਼ਰਤ ਜਾਂ ਵਿਤਕਰੇ ਦੀਆਂ ਘਟਨਾਵਾਂ ਯਾਦ ਕਰਵਾਉਂਦੀਆਂ ਹਨ ਕਿ ਲੋਕਾਂ ਨਾਲ ਸੰਪਰਕ ਤੇ ਜਾਗਰੂਕਤਾ ਦਾ ਕੰਮ ਜਾਰੀ ਰੱਖਣਾ ਜ਼ਰੂਰੀ ਹੈ | ਸਿੱਖਾਂ ਨੂੰ  ਸਕੂਲਾਂ, ਯੂਨੀਵਰਸਿਟੀਆਂ, ਇੰਟਰਫੇਥ ਤੇ ਕਮਿਊਨਿਟੀ ਪ੍ਰੋਗਰਾਮਾਂ, ਪਰੇਡ ਤੇ ਸੇਵਾ ਦੇ ਕੰਮਾਂ ਵਿਚ ਸਰਗਰਮ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ | 
ਪਿਛਲੇ 25 ਸਾਲਾਂ ਦਾ ਵੱਡਾ ਸਬਕ ਇਹੀ ਹੈ ਕਿ ਡਰ ਕਰਕੇ ਆਪਣੀ ਸਿੱਖ ਪਛਾਣ ਲੁਕਾਉਣਾ ਕੋਈ ਹੱਲ ਨਹੀਂ | ਆਪਣੀ ਪਛਾਣ ਨਾਲ ਨਿੱਡਰ ਹੋ ਕੇ ਜਿਊਣਾ, ਆਪਣੇ ਤੇ ਦੂਜਿਆਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਤੇ ਸਮਾਜ ਦਾ ਚੰਗਾ ਤੇ ਸਰਗਰਮ ਹਿੱਸਾ ਬਣਨਾ ਹੀ ਅੱਗੇ ਦਾ ਰਾਹ ਹੈ | ਸਿੱਖ ਅਰਦਾਸ ਦੇ ਅੰਤਲੇ ਸ਼ਬਦ, ਜੋ ਪੰਜਾਬ ਤੋਂ ਲੈ ਕੇ ਦੁਨੀਆ ਭਰ ਦੇ ਗੁਰਦੁਆਰਿਆਂ ਵਿਚ ਗੂੰਜਦੇ ਹਨ, ਅੱਜ ਵੀ ਉਤਨੇ ਹੀ ਅਰਥਪੂਰਨ ਹਨ: ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਜੋ ਹੌਸਲੇ ਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਇਕ ਅਰਦਾਸ ਹੈ | 

-ਡੇਟਨ, ਓਹਾਇਓ, ਅਮਰੀਕਾ
ਮੋਬਾਈਲ : +1-937-654-8873
ਈਮੇਲ : sameepsingh.fai@gmail.com

Ad Position 22
No active advertisement
ਪਿਛਲੀ ਖ਼ਬਰ ਰਾਜਨੀਤੀ ਦੀ ਬਦਲਦੀ ਭਾਸ਼ਾ ਤੇ ਅਨੈਤਿਕਤਾ ਦੇ ਸਵਾਲ-2 ਅਗਲੀ ਖ਼ਬਰ ਕਾਇਰ ਅਤੇ ਘਬਰਾਉਣ ਵਾਲੇ ਲੋਕਾਂ ਲਈ ਹਰ ਕੰਮ ਅਸੰਭਵ ਹੈ | -ਵਾਲਟਰ ਸਕਾਟ
Ad Position 24