ਪਹਿਲੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵਤਾ ਨੂੰ ਅਜਿਹਾ ਅਨਮੋਲ ਅਧਿਆਤਮਿਕ ਖ਼ਜ਼ਾਨਾ ਬਖ਼ਸ਼ਿਆ, ਜੋ ਜਾਤਾਂ, ਧਰਮਾਂ ਤੇ ਵਰਗਾਂ ਦੀਆਂ ਸਾਰੀਆਂ ਹੱਦਾਂ ਤੋਂ ਪਾਰ ਹੋ ਕੇ ਸੱਚ, ਸੇਵਾ, ਸਿਮਰਨ, ਨਿਮਰਤਾ ਤੇ ਸਰਬੱਤ ਦੇ ਭਲੇ ਦਾ ਮਾਰਗ ਦਿਖਾ ਰਿਹਾ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਇਲਾਹੀ ਬਾਣੀ ਉਸੇ ਸ਼ੁੱਧ ਤੇ ਮੂਲ ਸਰੂਪ ਵਿਚ ਸੁਰੱਖਿਅਤ ਹੈ, ਜਿਸ ਰੂਪ ਵਿਚ ਗੁਰੂ ਸਾਹਿਬਾਨ, ਭਗਤ ਸਾਹਿਬਾਨ ਤੇ ਭੱਟ ਸਾਹਿਬਾਨ ਨੇ ਇਸ ਨੂੰ ਉਚਾਰਨ ਕੀਤਾ ਸੀ | ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦਾ ਪਾਵਨ ਗ੍ਰੰਥ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਜੀਵਨ-ਜਾਚ ਅਤੇ ਆਤਮਿਕ ਮੁਕਤੀ ਦਾ ਰਾਹ ਦਸੇਰਾ ਹੈ | ਇਸ ਦੀ ਬਾਣੀ ਮਨੁੱਖ ਨੂੰ ਅੰਦਰੋਂ ਸ਼ੁੱਧ ਕਰਨ ਦੇ ਨਾਲ-ਨਾਲ ਸੱਚਾ, ਨਿਮਰ, ਨਿਰਭਉ, ਨਿਰਵੈਰ ਤੇ ਦੂਜਿਆਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਣ ਵਾਲਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ |
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ | ਅਧਿਆਤਮਿਕ ਤੇ ਧਾਰਮਿਕ ਸੇਧਾਂ ਦੇ ਨਾਲ-ਨਾਲ ਸਮਾਜਿਕ, ਆਰਥਿਕ, ਵਿਗਿਆਨਕ ਆਦਿ ਹਰ ਤਰ੍ਹਾਂ ਦੀਆਂ ਸੇਧਾਂ ਪਾਵਨ ਗੁਰਬਾਣੀ 'ਚੋਂ ਮਿਲਦੀਆਂ ਹਨ | ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਗੁਰੂ ਸਾਹਿਬਾਨ ਨੇ ਜਿੱਥੇ ਆਪ ਬਾਣੀ ਉਚਾਰਨ ਕੀਤੀ, ਉੱਥੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਵੱਖ-ਵੱਖ ਮਹਾਂਪੁਰਖਾਂ ਦੀਆਂ ਰਚਨਾਵਾਂ ਨੂੰ ਵੀ ਪੋਥੀਆਂ ਦੇ ਰੂਪ ਵਿਚ ਆਪਣੇ ਕੋਲ ਸੰਭਾਲਿਆ | ਇਹ ਬਾਣੀ ਪੀੜ੍ਹੀ ਦਰ ਪੀੜ੍ਹੀ ਅਗਲੇ ਗੁਰੂ ਸਾਹਿਬਾਨ ਕੋਲ ਪਹੁੰਚੀ | ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਬਾਣੀ ਨੂੰ ਸੰਪਾਦਿਤ ਕਰਨ ਲਈ ਸ੍ਰੀ ਅੰਮਿ੍ਤਸਰ ਵਿਖੇ ਜਿਸ ਰਮਣੀਕ ਥਾਂ ਨੂੰ ਚੁਣਿਆ, ਉੱਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸੁਭਾਇਮਾਨ ਹੈ | ਇਸ ਅਸਥਾਨ 'ਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੇ ਕੀਤੀ | ਸੰਮਤ 1661 (1604 ਈ.) ਨੂੰ ਸੰਪਾਦਨਾ ਦਾ ਕਾਰਜ ਸੰਪੂਰਨ ਹੋਇਆ ਅਤੇ ਇਸੇ ਸਾਲ ਹੀ ਭਾਦੋਂ ਸੁਦੀ ਇਕ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ | ਸੇਵਾ-ਸੰਭਾਲ ਕਰਨ ਲਈ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ | ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਦੇ ਸਥਾਨ 'ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਿਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਅਤੇ ਆਪ ਨੇ ਆਪਣੇ ਅੰਤਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਅਮਲੀ ਰੂਪ ਵਿਚ ਜੋੜ ਦਿੱਤਾ |
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਦਾ ਇਤਿਹਾਸਕ ਹਵਾਲਾ ਇਸ ਦੀ ਵਡਿਆਈ ਨੂੰ ਸਪੱਸ਼ਟ ਕਰਨ ਵਾਲਾ ਹੈ | ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਨਾ ਦੇ ਕਾਰਜ ਦੀ ਸੰਪੂਰਨਤਾ ਉਪਰੰਤ ਭਾਦੋਂ ਸੁਦੀ ਇਕ ਸੰਮਤ 1661 (1604 ਈ:) ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਤਾਂ ਇਸ ਮੌਕੇ ਇਕ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸੰਗਤਾਂ ਹੁੰਮ-ਹੁਮਾ ਕੇ ਸ਼ਾਮਿਲ ਹੋਈਆਂ | ਇਹ ਅਲੌਕਿਕ ਦਿ੍ਸ਼ ਸੰਗਤਾਂ ਵਿਚ ਸ਼ਰਧਾ ਤੇ ਸਤਿਕਾਰ ਦੀ ਸਿਖ਼ਰ ਸੀ | ਸਾਰਾ ਵਾਤਾਵਰਨ ਰੱਬੀ ਰੰਗ ਵਿਚ ਰੰਗਿਆ ਹੋਇਆ ਸੀ | ਇਹ ਪ੍ਰੰਪਰਾ ਹੁਣ ਵੀ ਬਰਕਰਾਰ ਹੈ ਅਤੇ ਹਰ ਸਾਲ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ |
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਗਿਆਨ ਦਾ ਅਜਿਹਾ ਸੋਮਾ ਹੈ, ਜੋ ਅਗਿਆਨਤਾ ਦੇ ਹਨੇਰੇ ਤੋਂ ਛੁਟਕਾਰੇ ਦਾ ਮਾਰਗ ਦਰਸਾਉਂਦਾ ਹੈ | ਗੁਰੂ ਸਾਹਿਬ ਨੇ ਗੁਰਬਾਣੀ ਦੇ ਗਿਆਨ ਜ਼ਰੀਏ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਦਰਸਾਇਆ ਹੈ | ਗੁਰਬਾਣੀ ਅੰਦਰ ਪਰਮਾਤਮਾ ਦਾ ਹਰ ਥਾਂ ਵਾਸਾ ਦੱਸਦਿਆਂ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਦਿੱਤਾ ਹੈ | ਪਵਿੱਤਰ ਬਾਣੀ ਦਾ ਉਪਦੇਸ਼ ਹੈ ਕਿ ਰੱਬੀ ਭਾਣੇ 'ਚ ਰਹਿ ਕੇ ਸਭਨਾਂ ਦਾ ਭਲਾ ਮਨਾਉਂਦਿਆਂ ਬ੍ਰਹਿਮੰਡੀ ਨਿਆਮਤਾਂ ਦੇ ਕਰਤੇ ਨੂੰ ਯਾਦ ਕਰਦਿਆਂ ਸਭ ਦੇ ਭਲੇ ਵਾਲੀ ਬਿਰਤੀ ਅਨੁਸਾਰ ਜੀਵਨ ਬਤੀਤ ਕੀਤਾ ਜਾਵੇ |
ਪਾਵਨ ਗੁਰਬਾਣੀ ਦੇ ਬਚਨਾਂ ਨੂੰ ਕਮਾਉਣਾ ਹਰ ਸਿੱਖ ਦਾ ਮੁਢਲਾ ਫ਼ਰਜ਼ ਹੈ | ਗੁਰੂ ਸਾਹਿਬਾਨ ਨੇ ਗੁਰਬਾਣੀ ਦੁਆਰਾ ਸਿੱਖ ਨੂੰ ਜੀਵਨ ਜਿਊਣ ਲਈ ਜੋ ਸਿਧਾਂਤ ਬਖ਼ਸ਼ਿਸ ਕੀਤੇ ਹਨ, ਉਨ੍ਹਾਂ 'ਤੇ ਅਮਲ ਕਰਨਾ ਹਰ ਸਿੱਖ ਦਾ ਪਰਮ ਧਰਮ ਤੇ ਕਰਤੱਵ ਹੈ | ਇਹ ਇਲਾਹੀ ਬਚਨ ਪਾਰ ਉਤਾਰਾ ਕਰਨ ਵਾਲੇ ਹਨ | ਪਾਵਨ ਗੁਰਬਾਣੀ ਵਿਚ ਗੁਰੂ ਸਾਹਿਬ ਨੇ ਇਸ ਸਬੰਧ ਵਿਚ ਸਪੱਸ਼ਟ ਫ਼ਰਮਾਨ ਕੀਤਾ ਹੈ:-
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ¨
ਜੋ ਸੁਣੇ ਕਮਾਵੈ ਸੁ ਉਤਰੈ ਪਾਰਿ¨
ਜਨਮਿ ਨ ਮਰੈ ਨ ਆਵੈ ਨ ਜਾਇ¨
ਹਰਿ ਸੇਤੀ ਓਹੁ ਰਹੈ ਸਮਾਇ¨ (ਅੰਗ:370)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮਨ ਵਿਚ ਵਸਾਇਆਂ ਹੀ ਨਿਰੰਕਾਰ ਨਾਲ ਅਭੇਦਤਾ ਹਾਸਿਲ ਹੋ ਸਕੇਗੀ | ਇਸ ਲਈ ਲੋੜ ਹੈ ਕਿ ਗੁਰਮਤਿ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਦਿਆਂ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲੀਏ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇੇ ਮੈਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ, ਗੁਰਬਾਣੀ ਇਸੁ ਜਗ ਮਹਿ ਚਾਨਣੁ ਨਾਲ ਆਪਣੀ ਜ਼ਿੰਦਗੀ ਨੂੰ ਰੌਸ਼ਨ ਕਰੀਏ |
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |