ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਪਿਛਲੇ ਦਿਨੀਂ ਨਸਲੀ ਭੇਦਭਾਵ ਨੂੰ ਪ੍ਰਗਟਾਉਂਦਾ ਜੋ ਪੋਸਟਰ ਜਾਰੀ ਕੀਤਾ ਗਿਆ ਸੀ, ਉਸ ਦੀ ਹਰ ਪਾਸਿਓਾ ਸਖ਼ਤ ਆਲੋਚਨਾ ਹੋਈ ਹੈ ਅਤੇ ਅਮਰੀਕਾ ਵਿਚ ਵੀ ਇਸ 'ਤੇ ਵੱਡਾ ਪ੍ਰਤੀਕਰਮ ਹੋਇਆ ਹੈ | ਗ੍ਰਹਿ ਸੁਰੱਖਿਆ ਵਿਭਾਗ ਵਲੋਂ ਜਾਰੀ ਇਸ ਪੋਸਟਰ ਵਿਚ ਇਕ ਸਿੱਖ ਅਤੇ ਇਕ ਰੱਖਿਆ ਕਰਮੀ ਦੀਆਂ ਤਸਵੀਰਾਂ ਆਹਮੋ-ਸਾਹਮਣੇ ਲਾ ਕੇ ਨਾਲ ਇਹ ਲਿਖਿਆ ਗਿਆ ਸੀ, 'ਸਾਡੀਆਂ ਸੜਕਾਂ ਤੋਂ ਦੂਰ ਹੋ ਜਾਓ, ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ' | ਪਿਛਲੇ ਸਮੇਂ ਵਿਚ ਕੁੱਝ ਸਿੱਖ ਡਰਾਈਵਰਾਂ ਦੀਆਂ ਗੱਡੀਆਂ ਨਾਲ ਹਾਦਸੇ ਹੋਏ ਹਨ, ਜਿਨ੍ਹਾਂ ਨਾਲ ਕੁੱਝ ਵਿਅਕਤੀ ਮਾਰੇ ਗਏ ਸਨ | ਇਨ੍ਹਾਂ ਦੀ ਬੜੀ ਵੱਡੀ ਪੱਧਰ 'ਤੇ ਚਰਚਾ ਹੋਈ ਸੀ ਅਤੇ ਉਸ ਸਮੇਂ ਵੀ ਸਿੱਖ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਅਮਰੀਕਾ ਵਿਚ ਜਿੱਥੋਂ ਤੱਕ ਟਰੱਕਾਂ ਅਤੇ ਹੋਰ ਗੱਡੀਆਂ ਨਾਲ ਹੁੰਦੀਆਂ ਦੁਰਘਟਨਾਵਾਂ ਦਾ ਸੰਬੰਧ ਹੈ, ਇਹ ਸਿਰਫ਼ ਸਿੱਖਾਂ ਜਾਂ ਪੰਜਾਬੀਆਂ ਦੀਆਂ ਗੱਡੀਆਂ ਨਾਲ ਹੀ ਨਹੀਂ ਹੁੰਦੀਆਂ, ਸਗੋਂ ਇਸ ਤੋਂ ਵੀ ਕਿਤੇ ਵਧੇਰੇ ਉੱਥੇ ਡਰਾਈਵਰੀ ਦਾ ਕੰਮ ਕਰ ਰਹੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੇ ਟਰੱਕਾਂ ਕਾਰਨ ਵੀ ਅਜਿਹਾ ਵਾਪਰਦਾ ਰਿਹਾ ਹੈ | ਚਾਹੇ ਉੱਥੇ ਸੜਕੀ ਆਵਾਜਾਈ ਲਈ ਸਖ਼ਤ ਕਾਨੂੰਨ ਬਣੇ ਹੋਏ ਹਨ ਪਰ ਇਸ ਦੇ ਬਾਵਜੂਦ ਵੀ ਅਕਸਰ ਹੁੰਦੀਆਂ ਦੁਰਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ |
ਅਜਿਹੇ ਪੋਸਟਰ ਤੋਂ ਲਗਦਾ ਹੈ ਜਿਵੇਂ ਇਸ ਵਿਚ ਇਕ ਫਿਰਕੇ ਦੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੋਵੇ | ਇਸ ਸਮੇਂ ਅਮਰੀਕਾ ਵਿਚ ਲਗਭਗ 2 ਲੱਖ ਭਾਰਤੀ ਡਰਾਈਵਰ ਹਨ | ਇਸ ਤੋਂ ਇਲਾਵਾ ਅਮਰੀਕਾ ਦੇ ਡਰਾਈਵਰਾਂ ਦੇ ਨਾਲ-ਨਾਲ ਹੋਰ ਦੇਸ਼ਾਂ ਅਤੇ ਫਿਰਕਿਆਂ ਦੇ ਡਰਾਈਵਰ ਵੀ ਉਥੇ ਲੱਖਾਂ ਦੀ ਗਿਣਤੀ ਵਿਚ ਹਨ | ਜਾਰੀ ਕੀਤੇ ਗਏ ਪੋਸਟਰ ਨੂੰ ਹਰ ਪੱਖੋਂ ਹੋਈ ਸਖ਼ਤ ਆਲੋਚਨਾ ਤੋਂ ਬਾਅਦ ਹਟਾ ਦਿੱਤਾ ਗਿਆ ਪਰ ਇਸ ਨਾਲ ਟਰੰਪ ਪ੍ਰਸ਼ਾਸਨ ਵਲੋਂ ਆਪਣੇ ਕੰਮਕਾਜ ਵਿਚ ਦਿਖਾਈ ਜਾ ਰਹੀ ਗ਼ੈਰ-ਜ਼ਿੰਮੇਵਾਰੀ ਦਾ ਅਹਿਸਾਸ ਜ਼ਰੂਰ ਹੁੰਦਾ ਹੈ | ਮਿਸਾਲ ਦੇ ਤੌਰ 'ਤੇ ਅਮਰੀਕਾ ਵਿਚ ਵਧੇਰੇ ਸਾਧਨਾਂ ਦੇ ਹੁੰਦਿਆਂ ਦੁਨੀਆ ਭਰ ਤੋਂ ਲੋੜਵੰਦ ਲੋਕ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਕੰਮਕਾਰ ਕਰਨ ਲਈ ਉੱਥੇ ਦਾਖ਼ਲ ਹੁੰਦੇ ਹਨ | ਉਨ੍ਹਾਂ 'ਚੋਂ ਬਹੁਤ ਸਾਰੇ ਗ਼ੈਰ-ਕਾਨੂੰਨੀ ਢੰਗ ਨਾਲ ਅਜਿਹਾ ਕਰਦੇ ਹਨ | ਸਮੇਂ-ਸਮੇਂ ਅਮਰੀਕੀ ਪ੍ਰਸ਼ਾਸਨ ਵਲੋਂ ਉਨ੍ਹਾਂ 'ਤੇ ਕਾਰਵਾਈ ਵੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਮੂਲ ਦੇਸ਼ਾਂ ਵਿਚ ਵਾਪਸ ਵੀ ਭੇਜਿਆ ਜਾਂਦਾ ਰਿਹਾ ਹੈ | ਪਰ ਟਰੰਪ ਨੇ ਜਿਸ ਤਰ੍ਹਾਂ ਗੱਦੀ ਸੰਭਾਲਦਿਆਂ ਹੀ ਵੱਖ-ਵੱਖ ਦੇਸ਼ਾਂ ਦੇ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਵਿਅਕਤੀਆਂ ਨੂੰ ਬੇੜੀਆਂ ਲਗਾ ਕੇ ਅਤੇ ਫ਼ੌਜੀ ਜਹਾਜ਼ਾਂ ਵਿਚ ਤੁੰਨ ਕੇ ਉਨ੍ਹਾਂ ਦੇ ਦੇਸ਼ਾਂ ਨੂੰ ਵਾਪਸ ਭੇਜਿਆ, ਇਹ ਉਨ੍ਹਾਂ ਵਿਅਕਤੀਆਂ ਦੇ ਨਾਲ-ਨਾਲ ਸੰਬੰਧਿਤ ਦੇਸ਼ਾਂ ਨੂੰ ਵੀ ਸ਼ਰੇਆਮ ਬੇਇੱਜ਼ਤ ਕਰਨ ਵਾਲੀ ਗੱਲ ਸੀ | ਭਾਰਤ ਨਾਲ ਸੰਬੰਧਿਤ ਇਨ੍ਹਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੀ ਬੇੜੀਆਂ ਵਿਚ ਜਕੜ ਕੇ ਫ਼ੌਜੀ ਜਹਾਜ਼ਾਂ ਵਿਚ ਸੁੱਟ ਕੇ ਅਤੇ ਲੰਮੇ ਸਫ਼ਰ ਦੌਰਾਨ ਉਨ੍ਹਾਂ ਪ੍ਰਤੀ ਅਣਮਨੁੱਖੀ ਵਤੀਰਾ ਅਪਣਾ ਕੇ ਜਿਵੇਂ ਵਾਪਸ ਭੇਜਿਆ ਗਿਆ, ਉਹ ਬੇਹੱਦ ਸ਼ਰਮਨਾਕ ਸੀ | ਭਾਰਤ ਸਰਕਾਰ ਨੇ ਵੀ ਸ਼ਰੇਆਮ ਕੀਤੀ ਗਈ ਇਸ ਬੇਇਜ਼ੱਤੀ ਪ੍ਰਤੀ ਚੁੱਪੀ ਧਾਰੀ ਰੱਖੀ ਅਤੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਅਮਰੀਕੀ ਰਾਸ਼ਟਰਪਤੀ ਦੇ ਸੋਹਲੇ ਗਾਉਣੇ ਜਾਰੀ ਰੱਖੇ |
ਅੱਜ ਆਪਣੀਆਂ ਅਜਿਹੀਆਂ ਆਪ-ਹੁਦਰੀਆਂ ਕਾਰਵਾਈਆਂ ਕਰਕੇ ਟਰੰਪ ਦੁਨੀਆ ਭਰ ਦੀਆਂ ਨਜ਼ਰਾਂ ਵਿਚ ਵੱਡੀ ਆਲੋਚਨਾ ਦਾ ਕੇਂਦਰ ਬਿੰਦੂ ਬਣਿਆ ਨਜ਼ਰ ਆਉਂਦਾ ਹੈ | ਅਮਰੀਕਾ ਵਿਚ ਉਸ ਦੀਆਂ ਆਪ-ਹੁਦਰੀਆਂ ਕਾਰਵਾਈਆਂ ਕਾਰਨ ਉਸ ਦੀ ਹਰਮਨ ਪਿਆਰਤਾ ਦਾ ਗ੍ਰਾਫ਼ ਬੁਰੀ ਤਰ੍ਹਾਂ ਹੇਠਾਂ ਡਿੱਗ ਰਿਹਾ ਹੈ | ਆਉਂਦੇ 3 ਨਵੰਬਰ ਨੂੰ ਉੱਥੇ ਮੱਧਕਾਲੀ ਚੋਣਾਂ ਹੋਣ ਜਾ ਰਹੀਆਂ ਹਨ | ਇਹ ਚੋਣਾਂ ਉਥੋਂ ਦੀ ਕਾਂਗਰਸ ਦੇ ਦੋਹਾਂ ਸਦਨਾਂ ਪ੍ਰਤੀਨਿਧ ਸਭਾ (ਹਾਊਸ ਆਫ਼ ਰਿਪ੍ਰੈਜ਼ੈਟੇਟਿਵ) ਅਤੇ ਸੈਨਿਟ ਲਈ ਹੋਣੀਆਂ ਹਨ | ਚਾਹੇ ਰਾਸ਼ਟਰਪਤੀ ਆਪ ਇਨ੍ਹਾਂ ਚੋਣਾਂ ਵਿਚ ਹਿੱਸਾ ਨਹੀਂ ਲੈ ਰਿਹਾ ਪਰ ਜੇਕਰ ਇਨ੍ਹਾਂ ਦੋਹਾਂ ਸਦਨਾਂ ਵਿਚ ਉਸ ਦੀ ਘਟਦੀ ਲੋਕਪਿ੍ਅਤਾ ਕਰਕੇ ਉਸ ਦੀ ਰਿਪਬਲਿਕਨ ਪਾਰਟੀ ਨੂੰ ਹਾਰ ਹੁੰਦੀ ਹੈ ਤਾਂ ਟਰੰਪ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੋ ਜਾਏਗੀ | ਅੱਜ ਉਸ ਦੀਆਂ ਨੀਤੀਆਂ ਕਰਕੇ ਅਮਰੀਕਾ ਵਿਚ ਮਹਿੰਗਾਈ ਵਧ ਰਹੀ ਹੈ | ਰੁਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ | ਈਰਾਨ ਦੀ ਆਪੇ ਛੇੜੀ ਜੰਗ ਵਿਚ ਉਸ ਨੂੰ ਵੱਡੀ ਨਿਰਾਸ਼ਾ ਦਾ ਮੂੰਹ ਦੇਖਣਾ ਪੈ ਰਿਹਾ ਹੈ | ਉਸ ਦੀਆਂ ਅਜਿਹੀਆਂ ਬੇਮੁਹਾਰੀਆਂ ਕਾਰਵਾਈਆਂ ਕਰਕੇ ਉਸ ਦੀ ਆਪਣੀ ਪਾਰਟੀ ਦੇ ਕਾਫ਼ੀ ਪ੍ਰਤੀਨਿਧ ਹੀ ਉਸ ਦੇ ਖ਼ਿਲਾਫ਼ ਹੋ ਚੁੱਕੇ ਹਨ | ਆਪਣੀ ਹਾਰ ਨੂੰ ਮਹਿਸੂਸ ਕਰਦਿਆਂ ਟਰੰਪ ਨੇ ਇਕ ਨਵਾਂ ਸ਼ੋਸ਼ਾ ਛੱਡਿਆ ਹੈ | ਉਸ ਨੇ ਇਹ ਐਲਾਨ ਕੀਤਾ ਹੈ ਕਿ ਜੇਕਰ ਮੱਧਕਾਲੀ ਚੋਣਾਂ ਵਿਚ ਉਸ ਦੀ ਰਿਪਬਲਿਕਨ ਪਾਰਟੀ ਜਿੱਤਦੀ ਹੈ ਤਾਂ ਹਰ ਵੋਟਰ ਨੂੰ 5000 ਡਾਲਰ ਜੋ ਭਾਰਤੀ ਕਰੰਸੀ ਵਿਚ 4.77 ਲੱਖ ਰੁਪਏ ਬਣਦੇ ਹਨ, ਦਿੱਤੇ ਜਾਣਗੇ | ਉਸ ਨੇ ਇਸ ਐਲਾਨ ਨੂੰ 'ਟਰੰਪ ਡਿਵੀਡੈਂਡ' ਦਾ ਨਾਂਅ ਦਿੱਤਾ ਹੈ | ਇਹ ਪੈਸਾ ਕਿੱਥੋਂ ਆਏਗਾ, ਇਸ ਦਾ ਭੁਗਤਾਨ ਕਿਵੇਂ ਕੀਤਾ ਜਾਏਗਾ, ਇਸ ਬਾਰੇ ਉਸ ਨੇ ਕੋਈ ਵੇਰਵੇ ਨਹੀਂ ਦਿੱਤੇ ਪਰ ਇਸ ਐਲਾਨ ਤੋਂ ਮਹਿਜ਼ ਇਕ ਘੰਟੇ ਬਾਅਦ ਹੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਹੈ ਕਿ ਇਹ ਡਿਵੀਡੈਂਡ ਅਮੀਰ ਲੋਕਾਂ ਨੂੰ ਨਹੀਂ ਮਿਲੇਗਾ | ਵੈਂਸ ਨੇ ਇਹ ਵੀ ਕਿਹਾ ਕਿ ਇਸ ਦੇ ਭੁਗਤਾਨ ਲਈ ਟੈਰਿਫ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ | ਅਮਰੀਕਾ ਵਿਚ ਇਸ ਸਮੇਂ 23 ਕਰੋੜ ਵੋਟਰ ਹਨ | ਇਸ ਤਰ੍ਹਾਂ ਇਹ ਰਕਮ 112 ਲੱਖ ਕਰੋੜ ਡਾਲਰ ਬਣਦੀ ਹੈ | ਇਹ ਰਕਮ ਦੁਨੀਆ ਦੇ ਪੌਣੇ ਦੋ ਸੌ ਦੇਸ਼ਾਂ ਦੀ ਆਰਥਿਕਤਾ ਤੋਂ ਵੀ ਵਧੇਰੇ ਹੈ ਅਤੇ ਇਸ ਲਈ ਸੰਸਦ ਤੋਂ ਆਰਥਿਕ (ਫਾਈਨਾਂਸ) ਬਿੱਲ ਵੀ ਪਾਸ ਕਰਵਾਉਣਾ ਪਵੇਗਾ |
ਅਜਿਹੇ ਬਿਆਨ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਟਰੰਪ ਬੁਰੀ ਤਰ੍ਹਾਂ ਬੌਖ਼ਲਾ ਗਿਆ ਹੈ | ਅਮਰੀਕਾ ਵਰਗੇ ਦੁਨੀਆ ਦੇ ਤਾਕਤਵਰ ਦੇਸ਼ ਲਈ ਨਿਸਚੇ ਹੀ ਪੈਦਾ ਹੋਏ ਇਹ ਹਾਲਾਤ ਨਿਰਾਸ਼ਾਜਨਕ ਕਹੇ ਜਾ ਸਕਦੇ ਹਨ | ਅੱਜ ਟਰੰਪ ਦੀਆਂ ਨੀਤੀਆਂ ਕਰਕੇ ਦੁਨੀਆ ਦੇ ਹੋਰ ਛੋਟੇ-ਵੱਡੇ ਦੇਸ਼ਾਂ ਨੂੰ ਵੀ ਆਪੋ-ਆਪਣੀਆਂ ਨਵੀਆਂ ਆਰਥਿਕ ਨੀਤੀਆਂ ਘੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸੇ ਕਾਰਨ ਹੀ ਵੱਖ-ਵੱਖ ਦੇਸ਼ਾਂ ਵਲੋਂ ਕੌਮਾਂਤਰੀ ਪੱਧਰ 'ਤੇ ਅਮਰੀਕੀ ਡਾਲਰ ਦਾ ਕੋਈ ਦੂਸਰਾ ਹੱਲ ਲੱਭਣ ਲਈ ਵੀ ਗਹਿਰ-ਗੰਭੀਰ ਸੋਚ-ਵਿਚਾਰ ਕੀਤੀ ਜਾ ਰਹੀ ਹੈ ਜੋ ਆਉਂਦੇ ਸਮੇਂ ਵਿਚ ਅਮਰੀਕਾ ਲਈ ਇਕ ਵੱਡੀ ਚੁਣੌਤੀ ਬਣ ਸਕਦੀ ਹੈ |
-ਬਰਜਿੰਦਰ ਸਿੰਘ ਹਮਦਰਦ