25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮਨੁੱਖੀ ਕਦਰਾਂ-ਕੀਮਤਾਂ ਲਈ ਭਗਵਾਨ ਸ੍ਰੀ ਵਾਲਮੀਕਿ ਦਾ ਯੋਗਦਾਨ

ਮਨੁੱਖੀ ਕਦਰਾਂ-ਕੀਮਤਾਂ ਲਈ ਭਗਵਾਨ ਸ੍ਰੀ ਵਾਲਮੀਕਿ ਦਾ ਯੋਗਦਾਨ

Ad Position 21
No active advertisement
ਅਜੀਤ ਡੈਸਕ 26-10-2026

ਭਗਵਾਨ ਸ੍ਰੀ ਵਾਲਮੀਕਿ ਦੀ ਭਾਰਤੀ ਸੰਸਕ੍ਰਿਤੀ ਨੂੰ  ਅਦੁੱਤੀ ਦੇਣ ਹੈ | ਉਨ੍ਹਾਂ ਦੀ ਲਿਖਤ 'ਰਾਮਾਇਣ' ਵਿਚ ਦਿੱਤੇ ਆਦਰਸ਼ ਅੱਜ ਵੀ ਓਨੇ ਹੀ ਸਾਰਥਿਕ ਹਨ, ਜਿੰਨੇ ਉਨ੍ਹਾਂ ਦੇ ਸਮੇਂ ਸਨ | ਮਹਾਂਰਿਸ਼ੀ ਵਾਲਮੀਕਿ ਨੇ ਇਕ ਆਦਰਸ਼ ਸਮਾਜ ਦਾ ਤਾਣਾ-ਬਾਣਾ ਬੁਣਿਆ, ਜਿਸ ਨੂੰ  ਉਨ੍ਹਾਂ ਨੇ 'ਰਾਮ ਕਥਾ' ਰਾਹੀਂ ਪੇਸ਼ ਕੀਤਾ | ਭਗਵਾਨ ਵਾਲਮੀਕਿ ਦਾ ਜ਼ਿਕਰ ਤਿੰਨਾਂ ਯੁਗਾਂ 'ਚ ਮਿਲਦਾ ਹੈ, ਇਸ ਦਾ ਪ੍ਰਮਾਣ 'ਰਾਮਾਇਣ', 'ਮਹਾਂਭਾਰਤ' ਅਤੇ 'ਯੋਗ ਵਾਸ਼ਿਸ਼ਟ' ਗ੍ਰੰਥਾਂ 'ਚ ਵੀ ਪਾਇਆ ਗਿਆ ਹੈ | ਰਿਸ਼ੀ ਭਾਰਦਵਾਜ, ਰਾਜਾ ਅਰਿਸ਼ਟਨੇਮੀ, ਲਵ-ਕੁਸ਼ ਨੇ ਅਧਿਆਤਮਿਕ ਸ਼ਕਤੀ ਪ੍ਰਾਪਤ ਕਰਨ ਲਈ ਮਹਾਂਰਿਸ਼ੀ ਵਾਲਮੀਕਿ ਨੂੰ  ਗੁਰੂ ਧਾਰਿਆ | ਸੰਸਕ੍ਰਿਤ ਸਾਹਿਤ ਵਿਚ ਮਹਾਂਰਿਸ਼ੀ ਵਾਲਮੀਕਿ ਦਾ ਨਾਂਅ ਆਦਿ ਕਵੀ ਵਜੋਂ ਪ੍ਰਸਿੱਧ ਹੈ | 'ਰਾਮ ਚਰਿੱਤ ਮਾਨਸ' ਵਿਚ ਜ਼ਿਕਰ ਆਉਂਦਾ ਹੈ ਕਿ ਜਦੋਂ ਸ੍ਰੀ ਰਾਮ, ਲਛਮਣ, ਸੀਤਾ ਮਹਾਂਰਿਸ਼ੀ ਵਾਲਮੀਕਿ ਆਸ਼ਰਮ ਵਿਚ ਜਾਂਦੇ ਹਨ ਤਾਂ ਸ੍ਰੀ ਵਾਲਮੀਕਿ ਜੀ ਨੂੰ  'ਤਿ੍ਕਾਲਦਰਸ਼ੀ ਭਗਵਾਨ' ਕਹਿ ਕੇ ਸੰਬੋਧਨ ਕਰਦੇ ਹਨ | ਗੁਰੂ ਰਵਿਦਾਸ ਜੀ ਵੀ ਮਹਾਂਰਿਸ਼ੀ ਵਾਲਮੀਕਿ ਦੇ ਅਮਰ-ਜਸ ਦਾ ਵਰਨਣ ਕਰਦਿਆਂ ਆਪਣੀ ਬਾਣੀ ਰਾਗ ਕੇਦਾਰਾ 'ਚ ਉਨ੍ਹਾਂ ਨੂੰ  'ਤਿ੍ਕਾਲਦਰਸ਼ੀ' ਕਹਿੰਦੇ ਹਨ-

ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ¨
(ਅੰਗ : 1124)
'ਮਹਾਂਭਾਰਤ' ਵਿਚ ਉਨ੍ਹਾਂ ਦਾ ਜ਼ਿਕਰ ਅਨੁਸ਼ਾਸਨ ਪਰਵ ਵਿਚ ਆਇਆ ਹੈ | ਸੂਰਜ ਗ੍ਰੰਥ ਦੇ ਮਹਾਂਕਵੀ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮਹਾਂਰਿਸ਼ੀ ਵਾਲਮੀਕਿ ਅੰਮਿ੍ਤਸਰ ਨੇੜੇ ਰਾਵੀ ਨਦੀ ਦੇ ਤੱਟ 'ਤੇ ਰਹਿੰਦੇ ਸਨ | ਭਾਰਤੀ ਸਾਹਿਤ ਵਿਚ ਕਿਤੇ ਵੀ ਮਹਾਂਰਿਸ਼ੀ ਵਾਲਮੀਕਿ ਦੀ ਪਤਨੀ ਜਾਂ ਪੁੱਤਰ ਦਾ ਜ਼ਿਕਰ ਨਹੀਂ ਮਿਲਦਾ | ਸਭ ਤੋਂ ਪਹਿਲਾਂ ਮਹਾਂਰਿਸ਼ੀ ਵਾਲਮੀਕਿ ਦਾ ਉਲੇਖ 'ਤੈਤਰੀਯ ਪ੍ਰਤਿਸ਼ਾਖਯ ਗ੍ਰੰਥ' ਵਿਚ ਹੋਇਆ | ਮਹਾਂਰਿਸ਼ੀ ਵਾਲਮੀਕਿ ਰਿਗਵੇਦ ਕਾਲ ਤੋਂ ਵੀ ਪਹਿਲਾਂ ਦੇ ਰਿਖੀ ਸਨ | ਉਨ੍ਹਾਂ ਦਾ ਜੀਵਨ ਕਾਲ ਕੁਝ ਪ੍ਰਾਚੀਨ ਸਾਹਿਤ ਦੇ ਆਧਾਰ 'ਤੇ ਕੀਤਾ ਜਾ ਸਕਦਾ ਹੈ | 'ਸਕੰਦ ਪੁਰਾਣ' ਵਿਚ ਬਹੁਤ ਸਾਰੇ 'ਵਾਲਮੀਕਿ' ਨਾਂਅ ਦੇ ਵਿਅਕਤੀਆਂ ਦਾ ਜ਼ਿਕਰ ਹੈ ਪਰ ਮਹਾਂਰਿਸ਼ੀ ਵਾਲਮੀਕਿ ਨਾਲ ਇਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ | 'ਵਿਸ਼ਣੂਧਰ ਪੁਰਾਣ' ਵਿਚ ਮਹਾਂਰਿਸ਼ੀ ਵਾਲਮੀਕਿ ਦਾ ਸੁੁੰਦਰ ਸਰੂਪ ਜਟਾ-ਜੂਟ ਨਾਲ ਸੁਸ਼ੋਭਿਤ ਮੁੱਖ ਦਾ ਉਲੇਖ ਕੀਤਾ ਗਿਆ ਹੈ | ਮਹਾਂਂਰਿਸ਼ੀ ਵਾਲਮੀਕਿ ਬਾਰੇ ਭਗਵਤ ਪੁਰਾਣ 'ਚ ਜ਼ਿਕਰ ਹੈ ਕਿ ਵਾਲਮੀਕਿ ਜੀ ਵਰੁਣ ਪ੍ਰਚੇਤਾ ਦੇ ਪੁੱਤਰ ਸਨ ਅਤੇ ਵਰੁਣ ਪ੍ਰਚੇਤਾ ਦੀ ਪਤਨੀ ਚਰਸ਼ਣੀ ਸੀ | ਰਾਮਾਇਣ ਦੇ ਉੱਤਰ ਕਾਂਡ ਦੇ ਇਕ ਸ਼ਲੋਕ ਵਿਚ ਮਹਾਂਰਿਸ਼ੀ ਵਾਲਮੀਕਿ ਆਪਣਾ ਪਰਿਚਯ ਇਸ ਪ੍ਰਕਾਰ ਦਿੰਦੇ ਹਨ, 'ਹੇ ਰਾਮ! ਮੈਂ ਪ੍ਰਚੇਤਾ ਦਾ ਦਸਵਾਂ ਪੁੱਤਰ ਹਾਂ, ਮੈਂ ਬਹੁਤ ਵਰਿ੍ਹਆਂ ਤੱਕ ਤਪੱਸਿਆ ਕੀਤੀ ਹੈ |' ਇਸ ਤਰ੍ਹਾਂ ਇਹ ਵਾਕ ਮਹਾਂਰਿਸ਼ੀ ਵਾਲਮੀਕਿ ਦਾ ਪਵਿੱਤਰ ਜੀਵਨ ਚਰਿੱਤਰ ਵਰਨਣ ਕਰਦੇ ਹਨ | ਰਾਮਾਇਣ ਦੇ ਅਯੁੱਧਿਆ ਕਾਂਡ ਵਿਚ ਲਿਖਤ ਹੈ ਕਿ ਭਗਵਾਨ ਸ੍ਰੀ ਰਾਮ ਚੰਦਰ ਬਨਵਾਸ ਕਾਲ ਵਿਚ ਭਗਵਾਨ ਵਾਲਮੀਕਿ ਨੂੰ  ਚਿੱਤਰਕੂਟ ਪਰਬਤ 'ਤੇ ਮਿਲੇ ਸਨ |
'ਮਾ ਨਿਸ਼ਾਦ ਪ੍ਰਤਿਸ਼ਾਠਤਵਮਗਮ: ਸ਼ਾਸ਼ਵਤੀ ਸਮਾ:ਯਤ ਕ੍ਰੋਂਚ ਮਿਥੁਨਾਦੇਕਾਮਵਧੀ: ਕਾਮਮੋਹਿਤਮ:' ਮਹਾਂਰਿਸ਼ੀ ਵਾਲਮੀਕਿ ਦੇ ਮੁੱਖ ਤੋਂ ਨਿਕਲਿਆ ਇਹ ਪਹਿਲਾ ਸਲੋਕ ਹੈ | ਕ੍ਰੌਚ ਪੰਛੀਆਂ ਦੇ ਜੋੜੇ 'ਚੋਂ ਸ਼ਿਕਾਰੀ ਨੇ ਮਹਾਰਿਸ਼ੀ ਦੇ ਦੇਖਦਿਆਂ ਹੀ ਨਰ ਪੰਛੀ ਨੂੰ  ਮਾਰ ਦਿੱਤਾ ਸੀ ਤਾਂ ਇਹ ਸਲੋਕ ਇਕ ਫਿਟਕਾਰ ਵਿਚ ਬਦਲ ਗਿਆ | ਸ੍ਰੀ ਵਾਲਮੀਕਿ ਦੇ ਮੁੱਖੋਂ ਨਿਕਲੀ ਇਹ ਬਾਣੀ ਇਕ 32 ਅੱਖਰੀ ਚਾਰ ਚਰਣ ਅਨੁਛਟਪ ਛੰਦ ਦੇ ਰੂਪ ਵਿਚ ਬਦਲ ਗਈ | ਇਸ ਸਲੋਕ ਬਾਰੇ ਮਹਾਂਰਿਸ਼ੀ ਵਾਲਮੀਕਿ ਵਾਰ-ਵਾਰ ਚਿੰਤਨ ਕਰਨ ਲੱਗੇ ਕਿ ਮੈਂ ਇਹ ਸਲੋਕ ਕਿਵੇਂ ਕਹਿ ਦਿੱਤਾ | ਫਿਰ ਆਪਣੇ ਸ਼ਿਸ਼ ਭਾਰਦਵਾਜ ਨੂੰ  ਕਹਿਣ ਲੱਗੇ ਕਿ ਇਸ ਸਲੋਕ ਨੂੰ  ਗਾਇਆ ਜਾ ਸਕਦਾ ਹੈ | ਉਹ ਸ਼ਿਕਾਰੀ ਪ੍ਰਤੀ ਕਹੇ ਸਲੋਕ ਬਾਰੇ ਹੀ ਸੋਚਦੇ ਰਹੇ | ਤਦ ਅੰਤਰ ਧਿਆਨ ਹੋ ਗਏ ਅਤੇ ਜਾਣ ਗਏ ਕਿ ਜਿਸ ਪ੍ਰਤੀ ਇਹ ਸਲੋਕ ਉਚਾਰਨ ਕੀਤਾ ਹੈ, ਉਹ ਕੋਈ ਮਹਾਤਮਾ ਪੁਰਸ਼ ਹੈ | ਇਹ 'ਮਾ ਨਿਸ਼ਾਦ' ਸਲੋਕ ਕਰੁਣਾ ਰਸ ਨਾਲ ਭਰਪੂਰ ਹੈ, ਜਿਸ ਨੇ ਮਹਾਂਰਿਸ਼ੀ ਨੂੰ  ਰਾਮ ਕਥਾ ਲਿਖਣ ਲਈ ਪ੍ਰੇਰਿਤ ਕਰ ਦਿੱਤਾ |
ਮਹਾਂਰਿਸ਼ੀ ਵਾਲਮੀਕਿ ਪਹਿਲੇ ਆਦਿ ਕਵੀ ਹਨ, ਜੋ ਸਮਾਜ ਵਿਚ ਹੋ ਰਹੀ ਨਾਰੀ ਦੀ ਦੁਰਦਸ਼ਾ ਦੀ ਹਾਲਤ ਨੂੰ  ਰਾਮ ਕਥਾ ਰਾਹੀਂ ਪੇਸ਼ ਕਰਦੇ ਹਨ | 'ਰਾਮਾਇਣ' ਕਾਵਿ ਸ੍ਰੀ ਰਾਮ ਚੰਦਰ ਦੀ ਕਥਾ ਤੋਂ ਵਧੇਰੇ ਸੀਤਾ ਦੀ ਕਰੁਣਾਮਈ ਗਾਥਾ ਨੂੰ  ਪੇਸ਼ ਕਰਦਾ ਹੈ | ਉਹ ਨਾਰੀ ਸ਼ਕਤੀ ਨੂੰ  ਬਣਾਈ ਰੱਖਣ ਲਈ ਸੀਤਾ ਦੇ ਚਰਿੱਤਰ ਨੂੰ  ਵਿਸ਼ੇਸ਼ ਅਹਿਮੀਅਤ ਦਿੰਦੇ ਹਨ | ਉਹ ਮਨੁੱਖਤਾ ਨੂੰ  ਹਰ ਹਾਲ 'ਚ ਬਣਾਈ ਰੱਖਣ ਵਿਚ ਯਕੀਨ ਰੱਖਦੇ ਸਨ | ਉਨ੍ਹਾਂ ਅਨੁਸਾਰ ਮਨੁੱਖਤਾ ਸਭ ਤੋਂ ਉੱਪਰ ਹੈ | ਸਭ ਕੁਝ ਖ਼ਤਮ ਹੋਣ 'ਤੇ ਵੀ ਮਨੁੱਖਤਾ ਖ਼ਤਮ ਨਹੀਂ ਹੋਣੀ ਚਾਹੀਦੀ | ਉਨ੍ਹਾਂ ਦੇ ਕਾਵਿ ਦਾ ਇਹੀ ਆਦੇਸ਼ ਹੈ | ਉਹ ਵਰਣ ਵਿਵਸਥਾ 'ਚ ਰਹਿੰਦੇ ਹੋਏ ਵੀ ਮਨੁੱਖਤਾ ਦੀ ਸਮਾਨਤਾ ਦੇ ਹਾਮੀ ਸਨ |
ਚਾਹੇ ਅਜੋਕੇ ਸਮੇਂ 'ਚ ਵਾਲਮੀਕਿ ਰਾਮਾਇਣ ਵਿਚ ਕਾਫ਼ੀ ਰਲਗੱਡ ਹੋ ਚੁੱਕਾ ਹੈ ਪਰ ਫਿਰ ਵੀ ਵਾਲਮੀਕਿ ਰਾਮਾਇਣ ਵਿਸ਼ਵ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਉੁਪਲਬਧ ਹੈ | ਭਾਵੇਂ ਕਿ ਵਾਲਮੀਕਿ ਰਾਮਾਇਣ ਤੋਂ ਇਲਾਵਾ ਹੋਰ ਵੀ ਕਈ ਰਾਮ ਕਥਾਵਾਂ ਰਚੀਆਂ ਗਈਆਂ ਹਨ ਪਰ ਵਾਲਮੀਕਿ ਰਾਮਾਇਣ ਵਿਚ ਲਿਖੀ ਗਈ ਰਾਮ ਕਥਾ ਇਕ ਅਦੁੱਤੀ ਕਾਵਿ ਰਚਨਾ ਹੈ | ਰਾਮਾਇਣ ਮਹਾਂਕਾਵਿ ਨੇ ਭਾਰਤ ਨੂੰ  ਹੀ ਨਹੀਂ, ਸਗੋਂ ਪੂਰੇ ਵਿਸ਼ਵ ਨੂੰ  ਪ੍ਰਭਾਵਿਤ ਕੀਤਾ ਹੈ |
ਆਦਿ ਕਾਵਿ ਰਾਮਾਇਣ ਰਾਹੀਂ ਭਗਵਾਨ ਵਾਲਮੀਕਿ ਨੇ ਭਾਰਤੀ ਸਮਾਜ ਨੂੰ  ਇਕ ਮਰਿਆਦਾ ਵਿਚ ਬੰਨ੍ਹਣ ਦਾ ਯਤਨ ਕੀਤਾ ਹੈ ਅਤੇ ਮਨੁੱਖ ਨੂੰ  ਮੋਕਸ਼ ਤੇ ਸੰਸਾਰ ਰੂਪੀ ਬੰਧਨਾਂ ਤੋਂ ਮੁਕਤ ਕਰਨ ਦਾ ਯਤਨ ਵੀ ਕੀਤਾ ਹੈ | ਉਨ੍ਹਾਂ ਅਨੁਸਾਰ ਮੋਕਸ਼ ਪ੍ਰਾਪਤ ਕਰਨ ਲਈ ਤਪ, ਦਾਨ, ਯੱਗ, ਤੀਰਥ ਆਦਿ ਦੀ ਕੋਈ ਮਹੱਤਤਾ ਨਹੀਂ ਹੈ | ਮੋਕਸ਼ ਪ੍ਰਾਪਤ ਕਰਨ ਦਾ ਇਕਮਾਤਰ ਸਾਧਨ ਗਿਆਨ ਹੈ, ਜਿਸ ਨੂੰ  ਅਪਣਾ ਕੇ ਮਨੁੱਖ ਦੇ ਸਾਰੇ ਸ਼ੰਕੇ ਦੂਰ ਹੋ ਜਾਂਦੇ ਹਨ | ਮਨੁੱਖ ਦੇ ਸ਼ੰਕਿਆਂ ਦਾ ਮਿਟ ਜਾਣਾ ਹੀ ਮੋਕਸ਼ ਹੈ | ਭਗਵਾਨ ਵਾਲਮੀਕਿ ਭਾਰਦਵਾਜ ਰਿਖੀ ਨੂੰ  ਮੋਕਸ਼ ਉਪਾਅ ਲਈ ਪ੍ਰਵਚਨ ਕਰਦੇ ਹੋਏ ਕਹਿੰਦੇ ਹਨ ਕਿ ਮਨ ਸਭ ਪ੍ਰਕਾਰ ਦੀਆਂ ਸ਼ਕਤੀਆਂ ਨਾਲ ਭਰਪੂਰ ਹੈ | ਈਸ਼ਵਰ ਮਨ ਦਾ ਰੂਪ ਧਾਰਨ ਕਰ ਕੇ ਹੀ ਸਿ੍ਸ਼ਟੀ ਉਤਪੰਨ ਕਰਦਾ ਹੈ | ਇਸੇ ਤਰ੍ਹਾਂ ਪ੍ਰਮਾਤਮਾ ਦੀ ਸਰਬਵਿਆਪਕਤਾ ਸਿੱਧ ਕਰਦੇ ਹੋਏ ਲਿਖਦੇ ਹਨ ਕਿ ਉਸ ਪ੍ਰਮਾਤਮਾ ਵਿਚੋਂ ਸਾਰੇ ਜੀਵ ਪ੍ਰਗਟ ਹੁੰਦੇ ਹਨ ਅਤੇ ਉਸ ਵਿਚ ਹੀ ਲੀਨ ਹੋ ਜਾਂਦੇ ਹਨ | ਪੁਰਸ਼ਾਰਥ ਦੀ ਮਹੱਤਤਾ ਦੱਸਦੇ ਹੋਏ ਭਗਵਾਨ ਵਾਲਮੀਕਿ ਕਹਿੰਦੇ ਹਨ ਕਿ ਕਿਸਮਤ ਨਾਂਅ ਦੀ ਕੋਈ ਵਸਤੂ ਨਹੀਂ ਹੈ, ਸਭ ਕੁਝ ਪੁਰਸ਼ਾਰਥ 'ਤੇ ਹੀ ਆਧਾਰਿਤ ਹੈ | ਦੁੱਖਾਂ ਦੇ ਕਾਰਨ ਅਤੇ ਨਵਿਰਤੀ ਦੀ ਵਿਆਖਿਆ ਕਰਦੇ ਹੋਏ ਭਗਵਾਨ ਵਾਲਮੀਕਿ ਕਹਿੰਦੇ ਹਨ ਕਿ ਪਦਾਰਥਾਂ ਦੀ ਇੱਛਾ ਨਾਲ ਹੀ ਦਵੇਸ਼ ਤੇ ਈਰਖਾ ਹੁੰਦੀ ਹੈ | ਇਨ੍ਹਾਂ ਦੁੱਖਾਂ ਤੋਂ ਨਿਪਟਾਰਾ ਪਾਉਣ ਦਾ ਇਕੋ ਹੀ ਸਾਧਨ ਗਿਆਨ ਪ੍ਰਾਪਤੀ ਹੈ | ਜੋ ਜੀਵ ਆਪਣਾ ਕਲਿਆਣ ਚਾਹੁੰਦਾ ਹੈ, ਉਸ ਨੂੰ  ਆਤਮ ਗਿਆਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ, ਕਿਉਂਕਿ ਗਿਆਨਵਾਨ ਨੂੰ  ਕਦੇ ਦੁੱਖ ਅਨੁਭਵ ਨਹੀਂ ਹੁੰਦਾ | ਮਹਾਗਿਆਨੀ ਤੱਤਵੇਤਾ ਮਹਾਂਰਿਸ਼ੀ ਵਾਲਮੀਕਿ ਦੇ ਮਹਾਂਰਾਮਾਇਣ ਦੇ ਸਿਧਾਂਤ ਨੂੰ  ਭਾਰਦਵਾਜ, ਅਗਨੀਵੇਸ਼, ਰਾਜਾ ਅਰਿਸ਼ਟਨੇਮਿ ਆਦਿ ਜਿਸ-ਜਿਸ ਨੇ ਵੀ ਧਾਰਨ ਕੀਤਾ, ਉ ਨ੍ਹਾਂ ਸਾਰਿਆਂ ਨੇ ਹੀ ਜੀਵਨ ਮੁਕਤੀ ਪਾਈ ਹੈ |

-ਦਸਮੇਸ਼ ਕਾਲੋਨੀ, ਕਪੂਰਥਲਾ |
ਮੋਬਾਈਲ : 62802-50748

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਖ਼ੁਸ਼ਹਾਲੀ ਦਾ ਖ਼ਾਕਾ ਲੋਕਾਂ ਸਾਹਮਣੇ ਰੱਖਣ ਸਿਆਸੀ ਦਲ ਅਗਲੀ ਖ਼ਬਰ ਸਾਕਾ ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ)
Ad Position 24