25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਾਕਾ ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ)

ਸਾਕਾ ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ)

Ad Position 21
No active advertisement
ਅਜੀਤ ਡੈਸਕ 26-10-2026

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਆਪਣੇ ਘਰ-ਘਾਟ ਤਿਆਗ ਕੇ ਜੰਗਲ-ਬੇਲਿਆਂ 'ਚ ਦਿਨ ਕੱਟਣ ਲੱਗੇ ਤਾਂ ਇਸ ਸਮੇਂ ਗੁਰਦਆਰਿਆਂ ਦਾ ਪ੍ਰਬੰਧ ਨਿਰਮਲੇ ਸੰਤ ਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਨੇ ਸੰਭਾਲ ਲਿਆ | ਜਦ ਪੰਜਾਬ ਦੀ ਧਰਤੀ 'ਤੇ ਫਿਰ ਤੋਂ ਸਿੱਖ ਪੰਥ ਦੀ ਤਾਕਤ ਜ਼ੋਰ ਫੜ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ 'ਚ ਸ਼ਕਤੀਸ਼ਾਲੀ ਰਾਜ ਕਾਇਮ ਹੋਇਆ ਤੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਿਆਂ ਦੇ ਨਾਂਅ 'ਤੇ ਜਾਇਦਾਦਾਂ ਲਵਾਈਆਂ, ਤਾਂ ਕਿ ਇਨ੍ਹਾਂ ਦੀ ਆਮਦਨ ਨਾਲ ਗੁਰੂ ਘਰਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ | ਪਰ ਜਦੋਂ 1849 ਈ. 'ਚ ਪੰਜਾਬ ਦੀ ਧਰਤੀ 'ਤੇ ਅੰਗਰੇਜ਼ ਰਾਜ ਕਾਇਮ ਹੋ ਗਿਆ ਤਾਂ ਉਨ੍ਹਾਂ ਨੇ ਸਿੱਖੀ ਵਿਸ਼ਵਾਸ ਨੂੰ  ਖ਼ਤਮ ਕਰਨ ਲਈ ਇਕ ਯਤਨ ਆਰੰਭਿਆ ਕਿ ਸਿੱਖਾਂ ਨੂੰ  ਗੁਰਦੁਆਰਿਆਂ ਨਾਲੋਂ ਤੋੜਿਆ ਜਾਵੇ | ਇਸ ਲਈ ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ  ਸੰਭਾਲ ਰਹੇ ਮਹੰਤਾਂ ਨੂੰ  ਆਪਣੇ ਵਸ 'ਚ ਕਰ ਲਿਆ |


ਇਕ ਤਾਂ ਗੁਰਦੁਆਰਿਆਂ ਦੀ ਚੋਖੀ ਆਮਦਨ ਤੇ ਦੂਜਾ ਅੰਗਰੇਜ਼ ਰਾਜ ਦੀ ਪੂਰੀ ਹਮਾਇਤ ਕਰਕੇ ਮਹੰਤ ਆਯਾਸ਼ ਕਿਸਮ ਦੇ ਹੋ ਗਏ ਤੇ ਗੁਰਦੁਆਰਿਆਂ ਦੀਆਂ ਬੇਅਦਬੀਆਂ ਹੋਣ ਲੱਗੀਆਂ | ਵੀਹਵੀਂ ਸਦੀ ਦੇ ਆਰੰਭ 'ਚ ਕੁਝ ਘਟਨਾਵਾਂ ਘਟੀਆਂ, ਜਿਨ੍ਹਾਂ ਨੇ ਸਿੱਖਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ | ਦੋ ਘਟਨਾਵਾਂ  ਨੇ ਸਿੱਖਾਂ ਨੂੰ  ਬਹੁਤ ਝੰਜੋੜਿਆ | ਪਹਿਲੀ ਇਹ ਕਿ 1914 ਈ. ਨੂੰ  ਕਲਕੱਤੇ ਬਜਬਜ ਘਾਟ 'ਤੇ ਸ਼ਹੀਦ ਹੋਣ ਵਾਲੇ 22 ਸਿੱਖ ਮੁਸਾਫ਼ਰਾਂ ਬਾਰੇ ਅੰਗਰੇਜ਼ ਸਰਕਾਰ ਦੀ ਸ਼ਹਿ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ. ਅਰੂੜ ਸਿੰਘ ਰਾਹੀਂ ਹੁਕਮਨਾਮਾ ਜਾਰੀ ਕਰਾਇਆ ਗਿਆ ਕਿ ਉਹ ਸਿੱਖ ਨਹੀਂ ਸਨ | ਦੂਜਾ ਜਲਿ੍ਹਆਂਵਾਲਾ ਬਾਗ 'ਚ 1919 ਈ. ਦੀ ਘਟਨਾ ਘਟੀ, ਜਿਸ ਵਿਚ 800 ਦੇ ਕਰੀਬ ਸਿੱਖ ਸਨ, ਸ਼ਹੀਦ ਕਰਨ ਵਾਲੇ ਜਨਰਲ ਡਾਇਰ ਨੂੰ  ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਸ. ਅਰੂੜ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਕੀਤਾ ਗਿਆ |
ਜਦ ਪੰਥ ਦਰਦੀਆਂ ਨੇ 5 ਅਕਤੂਬਰ, 1920 ਨੂੰ  ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ 'ਚ ਲੈ ਲਿਆ ਤਾਂ ਸਿੱਖ ਪੰਥ ਵਿਚ ਇਕ ਨਵੀਂ ਜਾਗਿ੍ਤੀ ਲਹਿਰ ਪੈਦਾ ਹੋਈ, ਜੋ 'ਗੁਰਦੁਆਰਾ ਸੁਧਾਰ ਲਹਿਰ' ਦੇ ਨਾਂਅ ਨਾਲ ਜਾਣੀ ਗਈ | ਇਸ ਸਮੇਂ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਏ, ਜਿਸ ਨਾਲ ਸਿੱਖ ਪੰਥ ਨੂੰ  ਮਜ਼ਬੂਤ ਜਥੇਬੰਦੀ ਪ੍ਰਾਪਤ ਹੋਈ ਅਤੇ ਮਹੰਤ ਸ਼੍ਰੇਣੀ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਉਨ੍ਹਾਂ ਤੋਂ ਖੁੱਸ ਜਾਵੇਗਾ, ਕਿਉਂਕਿ ਗੁਰਦੁਆਰਿਆਂ ਨੂੰ  ਉਹ ਆਪਣੀ ਨਿੱਜੀ ਜਾਇਦਾਦ ਤੇ ਨਿੱਜੀ ਆਮਦਨ ਦੇ ਸਾਧਨ ਸਮਝਦੇ ਸਨ | ਸਿੱਖ ਪੰਥ ਨੂੰ  ਗੁਰਦੁਆਰਿਆਂ ਦੀ ਸੇਵਾ-ਸੰਭਾਲ ਆਪਣੇ ਹੱਥਾਂ 'ਚ ਲੈਣ ਲਈ ਕਾਫ਼ੀ ਘਾਲਣਾ ਘਾਲਣੀ ਪਈ ਤੇ ਕੁਰਬਾਨੀਆਂ ਦੇਣੀਆਂ ਪਈਆਂ |
ਅੰਮਿ੍ਤਸਰ ਦੇ ਨੇੜੇ ਗੁਰੂ ਕਾ ਬਾਗ ਪਿੰਡ ਘੁੱਕੇਵਾਲੀ 'ਚ 8 ਫਰਵਰੀ 1921 ਨੂੰ  ਉੱਥੋਂ ਦੇ ਮਹੰਤ ਸੁੰਦਰ ਦਾਸ ਨੇ ਗੁਰਦੁਆਰਾ ਗੁਰੂ ਕਾ ਬਾਗ ਵਿਚ 20 ਬਦਚਲਨ ਔਰਤਾਂ ਲਿਆਂਦੀਆਂ | ਸਿੱਖਾਂ ਦੇ ਵਿਰੋਧ ਕਰਨ 'ਤੇ ਉਸ ਨੇ ਮਾਫ਼ੀ ਮੰਗੀ ਤੇ ਕਿਹਾ ਕਿ ਉਹ ਅੰਮਿ੍ਤ ਛਕ ਕੇ ਸਿੰਘ ਸਜ ਜਾਵੇਗਾ, ਪਰ ਮੇਰੇ ਕੋਲੋਂ ਗੁਰਦੁਆਰਾ ਸਾਹਿਬ ਦਾ ਕਬਜ਼ਾ ਨਾ ਲਿਆ ਜਾਵੇ | ਸਾਰੇ ਸਿੱਖ ਮੰਨ ਗਏ, ਪਰ ਇਹ ਤਾਂ ਮਹੰਤ ਦੀ ਸਿਰਫ਼ ਚਾਲ ਸੀ, ਜਿਸ ਵਿਚ ਉਹ ਕਾਮਯਾਬ ਹੋ ਗਿਆ | ਉਸ ਕੋਲ ਕੋਈ ਹੋਰ ਚਾਰਾ ਨਹੀ ਸੀ, ਕਿਉਂਕਿ ਹੋਰ ਕਈ ਗੁਰਦੁਆਰੇ ਸਿੱਖਾਂ ਨੇ ਮਹੰਤਾਂ ਤੋਂ ਆਜ਼ਾਦ ਕਰਵਾ ਲਏ ਸਨ | ਅੱਗੇ ਮਹੰਤ ਨੇ  ਉੱਥੋਂ ਦੇ ਪੁਲਿਸ ਇੰਚਾਰਜ ਮਿ. ਬੀ.ਟੀ. ਨਾਲ ਮਿਲ ਕੇ ਇਕ ਚਾਲ ਚੱਲੀ | ਜਿਹੜੇ ਸਿੰਘ ਬਾਗ 'ਚੋਂ ਗੁਰੂ ਘਰ ਦੇ ਲੰਗਰ ਲਈ ਲੱਕੜਾਂ ਕੱਟਣ ਗਏ ਸਨ, ਉਨ੍ਹਾਂ ਨੂੰ  ਚੋਰੀ ਦੇ ਇਲਜ਼ਾਮ ਵਿਚ ਗਿ੍ਫ਼ਤਾਰ ਕਰ ਲਿਆ ਤਾਂ ਉੱਥੇ ਮੋਰਚਾ ਲੱਗ ਗਿਆ | ਇਨ੍ਹਾਂ ਪੰਜ-ਛੇ ਦਿਨਾਂ 'ਚ 836 ਸਿੰਘ ਅੰਮਿ੍ਤਸਰ ਦੀਆਂ ਜੇਲ੍ਹਾਂ 'ਚ ਬੰਦ ਕਰ ਦਿੱਤੇ ਗਏ | 12 ਕੁ ਸੌ ਤੋਂ ਵੱਧ ਹਸਪਤਾਲਾਂ 'ਚ ਜ਼ਖ਼ਮੀ ਹਾਲਤ ਵਿਚ ਪਹੁੰਚਾਏ ਗਏ | ਤਿੰਨ ਸਿੰਘ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ |
ਉਸ ਤੋਂ ਬਾਅਦ ਸਿੱਖ ਸਾਬਕਾ ਫ਼ੌਜੀ ਅਫ਼ਸਰਾਂ ਨੇ ਵੀ ਜਥੇ 'ਚ ਸ਼ਾਮਿਲ ਹੋਣ ਲਈ ਕਮਰਕੱਸੇ ਕਰ ਲਏ | ਜਦ 100 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਵੱਲ ਚੱਲਣ ਲੱਗਾ ਤਾਂ ਇਨ੍ਹਾਂ ਨੂੰ  ਵੀ ਗਿ੍ਫ਼ਤਾਰ ਕਰਕੇ ਰੇਲ ਗੱਡੀ ਰਾਹੀਂ ਅਟਕ ਦੀ ਜੇਲ੍ਹ 'ਚ ਭੇਜਿਆ ਜਾਣ ਲੱਗਾ | ਜਦ ਇਸ ਗੱਲ ਦਾ ਪਤਾ ਗੁਜਰਾਂਵਾਲੇ ਦੇ ਸਿੰਘਾਂ ਨੂੰ  ਲੱਗਾ ਤਾਂ ਉਨ੍ਹਾਂ ਨੇ ਰੇਲ ਗੱਡੀ ਨੂੰ  ਗੁਜਰਾਂਵਾਲਾ ਵਿਖੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ | ਉਸ ਤੋਂ ਅੱਗੇ ਜਦ ਹਸਨ ਅਬਦਾਲ (ਪੰਜਾ ਸਾਹਿਬ) ਦੇ ਸਿੱਖਾਂ ਨੂੰ  ਇਸ ਗੱਲ ਦਾ ਪਤਾ ਲੱਗਾ ਕਿ 100 ਸਿੰਘਾਂ ਨੂੰ  ਗਿ੍ਫ਼ਤਾਰ ਕਰਕੇ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਇਸ ਗੱਡੀ ਨੂੰ  ਰੋਕ ਕੇ ਗਿ੍ਫ਼ਤਾਰ ਸਿੰਘਾਂ ਨੂੰ  ਲੰਗਰ ਛਕਾਉਣ ਦਾ ਮਨ ਬਣਾਇਆ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਹੋਰ ਸਿੰਘਾਂ ਨੇ ਸਟੇਸ਼ਨ ਮਾਸਟਰ ਨਾਲ ਗੱਡੀ ਰੋਕਣ ਬਾਰੇ ਗੱਲ ਕੀਤੀ ਤਾਂ ਉਸ ਨੇ ਨਾਂਹ ਕਰ ਦਿੱਤੀ | ਸਿੰਘਾਂ ਨੇ ਕਿਹਾ ਕਿ ਤੁਸੀਂ ਸਾਡੇ ਭਰਾਵਾਂ ਨੂੰ  ਜੇਲ੍ਹ ਵਿਚ ਬੰਦ ਕਰਨ ਲਈ ਲਿਜਾ ਰਹੇ ਹੋ, ਇਸ ਲਈ ਗੱਡੀ ਤਾਂ ਇੱਥੇ ਜ਼ਰੂਰ ਰੁਕੇਗੀ, ਭਾਵੇਂ ਇਸ ਲਈ ਸਾਨੂੰ ਸ਼ਹਾਦਤਾਂ ਹੀ ਕਿਉਂ ਨਾ ਦੇਣੀਆਂ ਪੈਣ | ਸਿੰਘ ਗੁਰੂ ਚਰਨਾਂ ਵਿਚ ਅਰਦਾਸ ਕਰਕੇ ਗੱਡੀ ਰੋਕਣ ਲਈ ਰੇਲ ਦੀ ਪਟੜੀ 'ਤੇ ਬੈਠ ਗਏ | ਦੂਰੋਂ ਗੱਡੀ ਆਉਂਦੀ ਨਜ਼ਰੀਂ ਪਈ, ਗੱਡੀ ਦੇ ਡਰਾਈਵਰ ਨੇ ਕਈ ਵਿਸਲਾਂ ਦਿੱਤੀਆਂ, ਪਰ ਸਿੰਘ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਟੜੀ 'ਤੇ ਡਟੇ ਰਹੇ, ਉੱਥੋਂ ਉੱਠੇ ਨਹੀਂ, ਡਰਦੇ ਮਾਰੇ ਭੱਜੇ ਨਹੀਂ | ਰੇਲ ਗੱਡੀ ਸਿੰਘਾਂ ਨੂੰ  ਕੁਚਲਦੀ ਹੋਈ ਅੱਗੇ ਜਾ ਕੇ ਰੁਕੀ | ਇਸ ਦੌਰਾਨ 11 ਸਿੰਘ ਦਰੜੇ ਗਏ |
ਉਸ ਸਮੇਂ ਉੱਥੇ ਮੌਕੇ ਦੇ ਗਵਾਹ ਗਿਆਨੀ ਭਜਨ ਸਿੰਘ ਲਿਖਦੇ ਹਨ ਕਿ ਸ. ਪ੍ਰਤਾਪ ਸਿੰਘ ਜੋ ਗੁਰਦੁਆਰਾ ਪੰਜਾ ਸਾਹਿਬ ਦੇ ਖ਼ਜ਼ਾਨਚੀ ਸਨ, ਮੌਕੇ 'ਤੇ ਹੀ ਚੜ੍ਹਾਈ ਕਰ ਗਏ ਤੇ ਸ. ਕਰਮ ਸਿੰਘ, ਜੋ ਗੁਰਦੁਆਰਾ ਪੰਜਾ ਸਾਹਿਬ ਦੇ ਕੀਰਤਨੀਏ ਸਨ, ਦਾ ਜਿਸਮ ਇੰਜਣ ਵਿਚ ਫਸਿਆ ਹੋਇਆ ਸੀ, ਜਿਸ ਨੂੰ  ਸੰਗਤ ਨੇ ਕਿਸੇ ਤਰ੍ਹਾਂ ਬਾਹਰ ਕੱਢਿਆ ਤੇ ਹਸਪਤਾਲ ਲੈ ਕੇ ਜਾਣ ਲੱਗੇ, ਤਾਂ ਸ. ਕਰਮ ਸਿੰਘ ਨੇ ਕੁਝ ਇਸ਼ਾਰਿਆਂ ਨਾਲ ਤੇ ਕੁਝ ਬਚੀ-ਖੁਚੀ ਆਵਾਜ਼ ਵਿਚ ਕਿਹਾ, 'ਪਹਿਲੇ ਸਿੰਘਾਂ ਨੂੰ  ਲੰਗਰ ਛਕਾਓ, ਮੇਰੀ ਪ੍ਰਵਾਹ ਨਾ ਕਰੋ |' ਅਖੀਰ ਉਹ ਵੀ ਸ਼ਹੀਦ ਹੋ ਗਏ | 30 ਅਕਤੂਬਰ, 2026 ਨੂੰ  ਇਨ੍ਹਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ |

-ਪਿੰਡ ਤੇ ਡਾਕ-ਚੱਬਾ, ਤਰਨ ਤਾਰਨ ਰੋਡ, ਅੰਮਿ੍ਤਸਰ-143022  
ਈਮੇਲ : dharmindersinghchabba@gmail.com

Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਕਦਰਾਂ-ਕੀਮਤਾਂ ਲਈ ਭਗਵਾਨ ਸ੍ਰੀ ਵਾਲਮੀਕਿ ਦਾ ਯੋਗਦਾਨ ਅਗਲੀ ਖ਼ਬਰ ਕਪਾਲ ਮੋਚਨ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬਾਨ
Ad Position 24