18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਹਿਤਨਾਮਿਆਂ 'ਚ ਸਿੱਖ ਸਿਧਾਂਤ ਤੇ ਜੀਵਨ ਜਾਚ

ਰਹਿਤਨਾਮਿਆਂ 'ਚ ਸਿੱਖ ਸਿਧਾਂਤ ਤੇ ਜੀਵਨ ਜਾਚ

Ad Position 21
No active advertisement
ਅਜੀਤ ਡੈਸਕ 19-10-2026
ਖ਼ਾਲਸਾ ਪੰਥ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਰੂਹਾਨੀਅਤ ਦੇ ਪਾਵਨ ਮੁਕਾਮ ਨਾਲ ਅਭੇਦ ਹੈ | ਸਮਾਜਿਕ ਨਿਆਂ ਦੀ ਸਥਾਪਨਾ ਲਈ ਖ਼ਾਲਸੇ ਨੂੰ  ਮੁਸੀਬਤਾਂ ਦੇ ਪਹਾੜਾਂ ਨਾਲ ਟਕਰਾਉਣਾ ਪਿਆ |
ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ | ਖ਼ੌਫ਼ ਦੀਆਂ ਹਵਾਵਾਂ ਨੂੰ  ਚੀਰ ਕੇ ਮੌਤ ਦੇ ਦਰਿਆਵਾਂ ਨੂੰ  ਪਾਰ ਕਰ ਕੇ ਸਿੱਖਾਂ ਨੇ ਮਾਨਵ ਹਿਤੈਸ਼ੀ ਰਾਜ ਸਥਾਪਤ ਕੀਤਾ | ਮੁਗਲ ਹਕੂਮਤ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣ 'ਤੇ ਤੁਲੀ ਹੋਈ ਸੀ | ਪਹਾੜੀ ਰਾਜਿਆਂ ਦੀ ਜਗੀਰਦਾਰੀ ਪੱਖੀ, ਜਾਤੀ ਅਭਿਮਾਨ ਨਾਲ ਭਰੀ ਸੋਚ ਖ਼ਾਲਸੇ ਦੀ ਮਾਨਵ ਹਿਤੈਸ਼ੀ ਲੋਕਤੰਤਰੀ ਭਾਵਨਾ ਨਾਲ ਟਕਰਾ ਗਈ | ਪੁਜਾਰੀਵਾਦ ਦੇ ਕਰਮਕਾਂਡ ਤੇ ਅੰਧਵਿਸ਼ਵਾਸ ਤੋਂ ਸਿੱਖਾਂ ਨੂੰ  ਬਚਾ ਕੇ ਨਿਅਰਾਪਣ ਕਾਇਮ ਰੱਖਣਾ ਵੱਡੀ ਚਣੌਤੀ ਸੀ | ਇਨ੍ਹਾਂ ਬਿਖਮ ਹਾਲਾਤ ਦਾ ਮੁਕਾਬਲਾ ਕੌਮ ਨੇ ਗੁਰੂ ਮਾਨਿਓ ਗ੍ਰੰਥ ਦੀ ਬਰਕਤ ਨਾਲ ਕੀਤਾ | ਗੁਰਬਾਣੀ ਦੇ ਅਖੰਡ ਚਾਨਣ ਨੇ ਸਿੱਖ ਨੂੰ  ਚੜ੍ਹਦੀ ਕਲਾ ਬਖਸ਼ੀ, ਦਿ੍ਸ਼ਟੀਕੋਣ ਨੂੰ  ਆਲਮੀ ਵਿਸ਼ਾਲਤਾ ਅਤੇ ਇਰਾਦਿਆਂ ਨੂੰ  ਲੋਹੇ ਵਾਂਗ ਦਿ੍ੜ੍ਹਤਾ ਪ੍ਰਦਾਨ ਕੀਤੀ | ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਲਿਖੇ ਰਹਿਤਨਾਮੇ ਉਸ ਸਮੇਂ ਦੇ ਹਾਲਾਤ, ਸਿੱਖ ਸੱਭਿਆਚਾਰ ਦੀ ਤਰਜਮਾਨੀ ਕਰਦੇ ਹਨ | ਇਹ ਕੌਮ ਨੂੰ  ਦਰਪੇਸ਼ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਕੇ ਟਾਕਰੇ ਲਈ ਸਿੱਖ ਮਾਨਸਿਕਤਾ ਨੂੰ  ਰਣਾਂ ਦੀਆਂ ਦਹਿਸ਼ਤਾਂ 'ਚ ਜੂਝਣ ਲਈ ਤਿਆਰ ਕਰਦੇ ਹਨ | ਇਨ੍ਹਾਂ ਵਿਚ ਇਖਲਾਕ ਦੇ ਉਜਾਲੇ ਤੇ ਇਨਸਾਨੀਅਤ ਪ੍ਰਤੀ ਪਿਆਰ ਝਲਕਦਾ ਹੈ | ਸਿੱਖੀ ਰਸਮਾਂ ਦੀ ਥਾਂ ਸ਼ੁਭ ਅਮਲ ਨੂੰ  ਪ੍ਰਮੁੱਖਤਾ ਦਿੰਦੀ ਹੈ | ਇਸ ਲਈ ਸਿੱਖ ਨਾਲੋਂ ਉਸ ਦੀ ਰਹਿਤ ਗੁਰੂ ਨੂੰ  ਪਿਆਰੀ ਹੈ:-
ਰਹਿਣੀ ਰਹੈ ਸੋਈ ਸਿਖ ਮੇਰਾ¨
ਓੁਹ ਸਾਹਿਬ ਮੈ ਉਸਕਾ ਚੇਰਾ¨
ਰਹਿਤਨਾਮੇ ਆਤਮ ਅਨੁਸ਼ਾਸਨ ਪੈਦਾ ਕਰਦੇ ਹਨ | ਵਿਅਕਤੀ ਦੀ ਥਾਂ ਪੰਥ ਨੂੰ  ਪ੍ਰਮੁੱਖਤਾ ਦਿੰਦੇ ਹਨ | ਮਾਨਵਤਾ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਜਗਾਉਂਦੇ ਹਨ | ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ ਸਿੱਖ ਦੇ ਰੋਮ ਰੋਮ ਵਿਚ ਭਰਿਆ ਹੋਇਆ ਹੈ | ਇਹ ਉਸ ਦੀ ਪਛਾਣ ਸਥਾਪਤ ਕਰਦੇ ਹਨ | ਭਰਮ ਤੇ ਭੇਖ ਦੋਹਾਂ ਨੂੰ  ਰੱਦ ਕੀਤਾ ਗਿਆ ਹੈ | ਜੀਵਨ ਨੂੰ  ਮਾਨਵਤਾ ਦੀ ਸੇਵਾ ਲਈ ਸਮਰਪਿਤ ਕਰਨਾ ਸਿੱਖੀ ਦੀ ਲਾਜ਼ਮੀ ਸ਼ਰਤ ਹੈ |
ਭੇਖ ਪਿਆਰਾ ਨਾਹਿ
ਮਮ ਵਰਣ ਪਿਆਰਾ ਨਾਹਿ¨
ਰਹਿਤ ਪਿਆਰੀ ਮੋਹ ਕੋ
ਸਿਦਕ ਪਿਆਰਾ ਆਹਿ¨
ਨਾਰੀ ਦਾ ਸਨਮਾਨ ਅਤੇ ਉਸ ਨੂੰ  ਵਿਕਾਸ ਦੇ ਅਵਸਰ ਪ੍ਰਦਾਨ ਕਰਨ ਲਈ ਸਿੱਖ ਧਰਮ ਨੇ ਸੁਹਿਰਦ ਯਤਨ ਕੀਤੇ ਹਨ | ਰਹਿਤਨਾਮਿਆਂ 'ਚ ਸੁਚੱਜੀ ਨਾਰੀ ਦਾ ਬਿੰਬ ਝਲਕਦਾ ਹੈ | ਭਾਈ ਚਉਪਾ ਸਿੰਘ ਛਿੱਬਰ ਦੇ ਰਹਿਤਨਾਮੇ ਵਿਚ ਸਿੱਖ ਨਾਰੀ ਨੂੰ  ਗੁਰਬਾਣੀ ਕੰਠ ਕਰਨ, ਦੋਵੇਂ ਸਮੇਂ ਗੁਰਦੁਆਰੇ ਜਾਣ ਤੇ ਆਪਣੇ ਪਤੀ ਨੂੰ  ਸਿੱਖੀ ਦਾ ਉਪਦੇਸ਼ ਦੇਣ ਲਈ ਪ੍ਰੇਰਿਤ ਕੀਤਾ ਗਿਆ ਹੈ | ਸਿੱਖ ਰਹਿਤ 'ਚ ਪਰ ਨਾਰੀ ਪ੍ਰਤੀ ਅਕਰਸ਼ਣ ਦੀ ਥਾਂ ਉਸ ਦੇ ਸਤਿਕਾਰ ਦਾ ਸ਼ਿਸਟਾਚਾਰ ਉਸਾਰਿਆ ਗਿਆ ਹੈ:-
ਪਰ ਬੇਟੀ ਕੋ ਬੇਟੀ ਜਾਨੈ¨
ਪਰ ਇਸਤ੍ਰੀ ਕੋ ਮਾਤ ਬਖਾਨੈ¨
ਅਪਨਿ ਇਸਤ੍ਰੀ ਸੋਂ ਰਤਿ ਹੋਈ¨
ਰਹਿਤਵੰਤ ਸਿੰਘ ਹੈ ਸੋਈ¨
ਬੇਟੀ ਦਾ ਵਿਆਹ ਪੈਸੇ ਲੈ ਕੇ ਅਯੋਗ ਥਾਂ ਕਰਨ ਦੀ ਥਾਂ ਜ਼ਿੰਮੇਵਾਰੀ ਨਾਲ ਯੋਗ ਗੁਰਸਿੱਖ ਲੜਕੇ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ:-
ਕੰਨਿਆ ਦੇਵੈ ਸਿਖ ਕੋ
ਲੇਵੈ ਨਹਿ ਕਿਛੁ ਦਾਮ¨
ਸੋਈ ਮੇਰਾ ਸਿਖ ਹੈ
ਪਹੁਚੇ ਗੁਰ ਦੇ ਧਾਮ¨
ਭਾਈ ਸਾਹਿਬ ਸਿੰਘ ਦੇ ਮੁਕਤਿਨਾਮੇ ਵਿਚ ਅਨੰਦ ਕਾਰਜ ਦੀ ਰੀਤ ਨਾਲ ਵਿਆਹ ਕਰਨ ਤੇ ਪਰ ਨਾਰੀ ਦੇ ਸੰਗ ਨੂੰ  ਬੱਜਰ ਕੁਰਹਿਤ ਵਜੋਂ ਦੱਸਿਆ ਗਿਆ ਹੈ:-
ਬਿਨਾ ਅਨੰਦ ਬਿਵਾਹ ਤੇ
ਭੁਗਤੇ ਪਰ ਕੀ ਜੋਇ¨
ਸੁਣ ਸਿਖਾ ਗੁਰ ਕਹਿ ਥੱਕੇ
ਮੇਰਾ ਸਿੱਖ ਨਾ ਸੋਇ¨
ਦੂਜੇ ਧਰਮ ਦੀ ਇਸਤਰੀ ਨਾਲ ਵਿਆਹ ਤੋਂ ਰੋਕਿਆ ਗਿਆ ਸੀ, ਕਿਉਕਿ ਬੱਚੇ ਆਪਣੀ ਮਾਂ ਪਿੱਛੇ ਲੱਗ ਕੇ ਸਿੱਖੀ ਤੋਂ ਦੂਰ ਹੋ ਜਾਣ ਦਾ ਖ਼ਤਰਾ ਸੀ | ਬੱਚੇ ਨੂੰ  ਸਿੱਖੀ ਨਾਲ ਜੋੜਨ ਦੀ ਜ਼ਿੰਮੇਵਾਰੀ ਸਾਂਝੇ ਤੌਰ 'ਤੇ ਪਤੀ-ਪਤਨੀ ਦੀ ਮਿਲ ਕੇ ਨਿਭਾਉਣ ਦੀ ਲਗਾਈ ਗਈ ਹੈ:-
ਸਿਖ ਸਿਖਣੀ ਮਿਲ ਬਹਹਿੰ
ਚਰਚਾ ਕਰਹਿ ਅਪਾਰ¨
ਭਜਨ ਸਿਖਾਵਹਿ ਪੁਤ੍ਰ ਕੋ
ਹਰਿ ਭਜ ਬਾਰੰਬਾਰ¨
ਰਹਿਤਨਾਮੇ ਗੁਰਮੁਖੀ ਪ੍ਰਤੀ ਸਨੇਹ ਨਾਲ ਭਰਪੂਰ ਹਨ | ਇਸ ਨੂੰ  ਸਿੱਖਣਾ ਲਾਜ਼ਮੀ ਮੰਨਦੇ ਸਨ, ਨਾਲ ਹੀ ਹੋਰ ਭਾਸ਼ਾਵਾਂ ਤੇ ਵਿੱਦਿਆਵਾਂ ਸਿੱਖਣ ਪ੍ਰਤੀ ਪ੍ਰੇਰਿਤ ਕਰਦੇ ਸਨ ਤਾਂ ਜੋ ਸਿੱਖ ਦੇ ਗਿਆਨ ਦਾ ਘੇਰਾ ਵਸੀਹ ਹੋ ਸਕੇ | ਪਰ ਨਾਲ ਹੀ ਫ਼ਾਰਸੀ ਜੋ ਹਾਕਮ ਧਿਰ ਦੀ ਭਾਸ਼ਾ ਤੇ ਉਸ ਦੀ ਧੌਂਸ ਦਾ ਪ੍ਰਗਟਾਵਾ ਸੀ, ਦਾ ਬਾਈਕਾਟ ਕੀਤਾ ਗਿਆ ਹੈ | ਇਹ ਅਸਲ ਵਿਚ ਭਾਸ਼ਾ ਦਾ ਨਹੀਂ, ਗੁਲਾਮੀ ਦਾ ਵਿਰੋਧ ਸੀ:-
ਗੁਰਮੁਖੀ ਅੱਖਰ ਜੋ ਹੈ ਭਾਈ¨
ਸਿੰਘ ਸਿੰਘ ਤੇ ਸੀਖੇ ਜਾਈ¨
ਔਰ ਜੁ ਬਿਦਯਾ ਜਹ ਤਹ ਹੋਈ¨
ਅਵਰਨ ਤੇ ਭੀ ਲੇਵਹੁ ਸੋਈ¨
ਨਸ਼ੇ ਪ੍ਰਤੀ ਰਹਿਤਨਾਮੇ ਸੁਚੇਤ ਕਰਦੇ ਅਤੇ ਵਰਜਦੇ ਹਨ:-
ਭਾਂਗ ਤਮਾਕੂ ਨਿਕਟ ਨ ਜਾਵੈ |
ਤਿਨ ਤੇ ਭੀ ਸੁਚਿ ਦੇਗ ਕਰਾਵੈ |
ਰਹਿਤਨਾਮਿਆਂ ਵਿਚ ਤੁਰਕ ਪ੍ਰਤੀ ਜਬਰਦਸਤ ਵਿਰੋਧ ਦਰਜ ਹੋਇਆ ਹੈ | ਇਹ ਧਾਰਮਿਕ ਭੇਦਭਾਵ ਦੀ ਥਾਂ ਜ਼ਾਲਮ ਹਕੂਮਤ ਦੇ ਅੰਗ ਵਜੋਂ ਵਿਚਰ ਰਹੇ ਤੁਰਕ ਪ੍ਰਤੀ ਹੈ, ਜੋ ਹਕੂਮਤ ਦੇ ਨਸ਼ੇ ਵਿਚ ਮਨਮਾਨੀ ਨਾਲ ਭਰਿਆ ਹੋਇਆ ਸੀ | ਇਹ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾ ਕੇ ਗ਼ੈਰ-ਮੁਸਲਮਾਨਾਂ ਲਈ ਹਊਆ ਬਣਿਆ ਹੋਇਆ ਸੀ | ਰਹਿਤਨਾਮੇ ਤੁਰਕ ਦੇ ਧਰਮ ਨੂੰ  ਨਹੀਂ, ਉਸ ਦੀ ਆਕੜ ਨੂੰ  ਵੰਗਾਰਦੇ ਹਨ:-
ਗੋ ਬ੍ਰਾਹਮਣ ਕੀ ਰੱਖਿਆ ਕਰੈ¨
ਤੁਰਕਨ ਸੋਂ ਅਤਿ ਹਠ ਕਰਿ ਮਰੈ¨
ਤੁਰਕ ਦੇਖ ਨਹਿ ਸੀਸ ਨਿਵਾਵੈ¨
ਰਹਿਤਵੰਤ ਜੇ ਸਿੰਘ ਕਹਾਵੈ¨
ਭਾਈ ਦੇਸਾ ਸਿੰਘ ਦੇ ਰਹਿਤਨਾਮੇ ਅਨੁਸਾਰ ਅਨੰਦਪੁਰ ਸਾਹਿਬ, ਅੰਮਿ੍ਤਸਰ, ਪਟਨਾ ਸਾਹਿਬ ਅਤੇ ਅਬਚਲ ਨਗਰ (ਹਜ਼ੂਰ ਸਾਹਿਬ) ਸਿੱਖ ਸ਼ਰਧਾ ਦੇ ਵੱਡੇ ਕੇਂਦਰ ਸਨ | ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ  ਧਿਆਨ ਨਾਲ ਸੁਣਨ ਦੀ ਪ੍ਰੇਰਨਾ ਦਿੱਤੀ ਗਈ ਹੈ:-
ਪਾਠ ਗ੍ਰੰਥ ਕੋ ਹੋਇ ਜਹਿੰ ਜਹਿਾ
ਹਰਿ ਕਥਾ ਬਖਾਨ¨
ਤਹ ਕਛੁ ਅਵਰ ਨ ਬੋਲਈ
ਸੁਨੀਏ ਲਾਇ ਧਿਆਨ¨
ਗੁਰੂ ਗ੍ਰੰਥ ਸਾਹਿਬ ਦਾ ਪ੍ਰਵਚਨ ਖ਼ਾਲਸਾ ਪੰਥ ਰਾਹੀਂ ਸਰਬੱਤ ਦੇ ਭਲੇ ਲਈ ਸ਼ੁਭ ਅਮਲ ਦਾ ਰੂਪ ਧਾਰਦਾ ਸੀ | ਸਿੱਖਾਂ ਨੂੰ  ਗੁਰੂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ 'ਚ ਤੇ ਸਰੀਰ ਪੰਥ ਵਿਚ ਹੋਣ ਦਾ ਯਕੀਨ ਸੀ | ਦੇਹਧਾਰੀ ਗੁਰੂ ਦਾ ਸੰਕਲਪ ਸਿੱਖੀ ਵਿਚ ਪ੍ਰਵਾਨ ਨਹੀਂ | ਭਾਈ ਦਇਆ ਸਿੰਘ ਅਨੁਸਾਰ:-
ਸ੍ਰੀ ਅਕਾਲ ਪੁਰਖ ਕੇ ਬਚਨ ਸਿਉਂ
ਪ੍ਰਗਟਿਓ ਪੰਥ ਮਹਾਨ¨
ਗ੍ਰੰਥ ਪੰਥ ਗੁਰੂ ਮਾਨੀਏ
ਤਾਰੇ ਸਕਲ ਕੁਲਾਨ¨
ਰਹਿਤਨਾਮੇ ਰਾਜ ਕਰੇਗਾ ਖ਼ਾਲਸਾ ਦੀ ਭਾਵਨਾ ਨਾਲ ਹਕੂਮਤ ਦੀ ਗੁਲਾਮੀ ਲਈ ਵੰਗਾਰ ਤੇ ਸਿਆਸੀ ਚੇਤਨਾ ਨਾਲ ਭਰਪੂਰ ਹਨ | ਖ਼ਾਲਸੇ ਨੇ ਜਥੇਬੰਦਕ ਤਾਕਤ ਦੇ ਮਹੱਤਵ ਨੂੰ  ਸਮਝ ਲਿਆ ਸੀ | ਇਕ-ਦੂਜੇ ਦਾ ਸਾਥ ਦੇਣਾ ਅਤੇ ਪੰਥ ਪ੍ਰਸਤੀ ਸਿੱਖਾਂ ਦੀ ਸ਼ਕਤੀ ਬਣੀ ਅਤੇ ਸੱਤਾ ਸਿਰਫ਼ ਸੇਵਾ-ਭਾਵਨਾ ਨਾਲ ਜੁੜੀ ਹੋਈ ਸੀ |
ਆਪ ਸਿੰਘ ਜੋ ਰਾਜਾ ਹੋਈ¨
ਨਿਰਧਨ ਸਿੰਘਨ ਪਾਲੈ ਸੋਈ¨
ਜੋ ਸਿੰਘਨ ਕੀ ਕਾਰ ਕਮਾਵੈ¨
ਸੋ ਸਿੰਘਨ ਕਾ ਰਾਜਾ ਕਹਾਵੈ¨
ਭਾਵ ਕਿ ਜੇ ਕੋਈ ਸਿੰਘ (ਸਿੱਖ) ਕਿਸੇ ਦੇਸ਼ ਜਾਂ ਰਾਜ ਦਾ ਰਾਜਾ (ਹਾਕਮ/ਲੀਡਰ) ਬਣ ਜਾਂਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਤੇ ਮੁੱਖ ਫ਼ਰਜ਼ ਇਹ ਹੈ ਕਿ ਉਹ ਗਰੀਬ, ਲੋੜਵੰਦ ਤੇ ਨਿਰਧਨ ਸਿੰਘਾਂ (ਤੇ ਪਰਜਾ) ਦੀ ਪਾਲਣਾ-ਪੋਸ਼ਣ ਕਰੇ ਅਤੇ ਉਨ੍ਹਾਂ ਦੀ ਆਰਥਿਕ ਮਦਦ ਕਰੇ | ਉਹੀ ਵਿਅਕਤੀ ਸਿੰਘਾਂ ਦਾ ਸੱਚਾ ਰਾਜਾ ਕਹਾਉਣ ਦਾ ਹੱਕਦਾਰ ਹੈ, ਜੋ ਸਿੰਘਾਂ ਅਤੇ ਸਮਾਜ ਦੀ ਸੇਵਾ ਕਰਦਾ ਹੈ | ਰਾਜ ਗੁਰਮਤਿ ਵਿਚ ਅਧਿਕਾਰ ਜਮਾਉਣ ਲਈ ਨਹੀਂ, ਬਲਕਿ ਸੇਵਾ ਕਰਨ ਲਈ ਇਕ ਜ਼ਿੰਮੇਵਾਰੀ ਹੈ |
ਨਿਰਧਨ ਖਾਲਸੇ ਨੇਹੁ ਲਗਾਵੈ¨
ਧਨ-ਬਾਜ਼ੀ ਦੇ ਪ੍ਰੀਤਿ ਬਢਾਵੈ¨
ਪਰਦੇਸੀ ਸਿੰਘਨ ਜਬ ਦੇਖੈ¨
ਉਨ ਕੀ ਸੇਵਾ ਕਰੇ ਬਿਸੇਖੈ¨
ਮਤਲਬ ਕਿ ਗਰੀਬ ਤੇ ਲੋੜਵੰਦ ਸਿੰਘਾਂ ਨਾਲ ਪ੍ਰੇਮ ਰੱਖੇ ਅਤੇ ਉਨ੍ਹਾਂ ਦੀ ਆਰਥਿਕ ਮਦਦ (ਧਨ, ਸਾਧਨ ਜਾਂ ਹੋਰ ਵਸੀਲਿਆਂ ਨਾਲ) ਕਰਕੇ ਆਪਸੀ ਸਾਂਝ ਨੂੰ  ਮਜ਼ਬੂਤ ਕਰੇ | ਜਦੋਂ ਵੀ ਕਿਸੇ ਬਾਹਰੋਂ ਆਏ (ਪਰਦੇਸੀ/ਮੁਸਾਫ਼ਰ) ਗੁਰਸਿੱਖ ਨੂੰ  ਦੇਖੇ ਤਾਂ ਊਸ ਦੀ ਉਚੇਚੇ ਤੌਰ 'ਤੇ ਟਹਿਲ-ਸੇਵਾ ਅਤੇ ਰਹਿਣ-ਖਾਣ ਦਾ ਪ੍ਰਬੰਧ ਕਰੇ |
 
-ਮਾਸਟਰ ਕਲੋਨੀ, ਵਾਰਡ ਨੰਬਰ-7, ਕੁਰਾਲੀ |
ਮੋਬਾਈਲ : 70093-56607
Ad Position 22
No active advertisement
ਪਿਛਲੀ ਖ਼ਬਰ ਤਿੰਨ ਵਰਦਾਨ : ਸੱਚ, ਸੰਤੋਖ ਅਤੇ ਵਿਚਾਰ ਅਗਲੀ ਖ਼ਬਰ ਸਾਲਾਨਾ ਸਮਾਗਮ 'ਤੇ ਵਿਸ਼ੇਸ਼
Ad Position 24