ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਯਾਦ ਕਰਦਿਆਂ...

ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਆਦਰਸ਼ਕ ਸਿੱਖ, ਸਮਾਜ ਸੁਧਾਰਕ ਅਤੇ ਕਰਮਯੋਗੀ ਸੰਤ ਕਰਤਾਰ ਸਿੰਘ ਖ਼ਾਲਸਾ ਪੰਥ ਦੇ ਮਹਾਨ ਸੇਵਕ ਜਥੇਦਾਰ ਝੰਡਾ ਸਿੰਘ ਅਤੇ ਮਾਤਾ ਲਾਭ ਕੌਰ ਦੇ ਘਰ ਪਿੰਡ ਭੂਰੇ ਕੋਹਨਾ ਤਹਿਸੀਲ ਪੱਟੀ (ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ | ਉਨ੍ਹਾਂ ਨੂੰ ਗੁਰਮਤਿ ਗੁੜਤੀ ਉਦੋਂ ਹੀ ਮਿਲ ਗਈ ਸੀ, ਜਦੋਂ ਜਨਮ ਉਪਰੰਤ ਇਕਦਮ ਉਨ੍ਹਾਂ ਨੂੰ ਅੰਮਿ੍ਤ ਛਕਾਇਆ ਗਿਆ ਅਤੇ ਕੋਈ ਜਨੁ ਹਰਿ ਸਿਉ ਦੇਵੈ ਜੋਰਿ¨ ਗੁਰੂ ਹੁਕਮ ਤੋਂ ਉਨ੍ਹਾਂ ਦਾ ਨਾਂਅ ਕਰਤਾਰ ਸਿੰਘ ਰੱਖਿਆ ਗਿਆ |
ਪਿੰਡ ਦੇ ਬਜ਼ੁਰਗ ਬਾਬਾ ਬੱਗਾ ਸਿੰਘ ਪਾਸੋਂ ਉਨ੍ਹਾਂ ਨੇ ਗੁਰਮੁਖੀ ਅੱਖਰ ਸਿੱਖੇ ਅਤੇ ਨੈਸ਼ਨਲ ਸਕੂਲ ਭਿੱਖੀਵਿੰਡ ਤੋਂ ਦਸਵੀਂ ਪਾਸ ਕਰਨ ਉਪਰੰਤ ਖ਼ਾਲਸਾ ਕਾਲਜ ਅੰਮਿ੍ਤਸਰ ਤੋਂ ਐਫ.ਏ. 18 ਸਾਲ ਦੀ ਉਮਰ 'ਚ ਕਰ ਲਈ | ਘਰੇਲੂ ਮਾਹੌਲ ਪੂਰੀ ਤਰ੍ਹਾਂ ਗੁਰਸਿੱਖੀ ਰੰਗ ਵਿਚ ਰੰਗਿਆ ਹੋਣ ਕਰਕੇ ਪੜ੍ਹਾਈ ਦੇ ਨਾਲ-ਨਾਲ ਉਹ ਗੁਰਸਿੱਖੀ ਰੁਚੀਆਂ ਦੇ ਪੂਰੀ ਤਰ੍ਹਾਂ ਧਾਰਨੀ ਬਣ ਗਏ | ਇਹੀ ਕਾਰਨ ਸੀ ਕਿ ਉਹ ਰੋਜ਼ਾਨਾ ਖ਼ਾਲਸਾ ਕਾਲਜ ਤੋਂ ਸ੍ਰੀ ਹਰਿਮੰਦਰ ਸਾਹਿਬ ਪੈਦਲ ਆਇਆ ਕਰਦੇ ਅਤੇ ਇਸ ਸਫ਼ਰ ਦੌਰਾਨ 25 ਜਪੁਜੀ ਸਾਹਿਬ ਦੇ ਪਾਠ ਵੀ ਕਰ ਲਿਆ ਕਰਦੇ | ਸੰਨ 1950 ਵਿਚ ਅਠਾਰਾਂ ਸਾਲ ਦੀ ਉਮਰ 'ਚ ਉਨ੍ਹਾਂ ਦਾ ਵਿਆਹ ਪਿੰਡ ਭੈਣੀ ਮੱਸਾ ਸਿੰਘ ਦੇ ਸ. ਕਰਤਾਰ ਸਿੰਘ ਦੀ ਸਪੁੱਤਰੀ ਬੀਬੀ ਨਿਰੰਜਨ ਕੌਰ ਨਾਲ ਪੂਰਨ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਹੋਇਆ | ਉਨ੍ਹਾਂ ਦੇ ਘਰ ਦੋ ਸਪੁੱਤਰਾਂ (ਅਮਰੀਕ ਸਿੰਘ ਤੇ ਮਨਜੀਤ ਸਿੰਘ) ਨੇ ਜਨਮ ਲਿਆ | ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਉਨ੍ਹਾਂ ਨੇ ਖੇਤੀ ਵੀ ਕੀਤੀ ਅਤੇ ਆਪਣੇ ਪਿਤਾ ਜਥੇਦਾਰ ਝੰਡਾ ਸਿੰਘ ਦੇ ਹੁਕਮ ਨੂੰ ਮੰਨਦਿਆਂ ਮੁਕਤਸਰ ਸਾਹਿਬ ਵਿਖੇ ਪਟਵਾਰੀ ਦੀ ਨੌਕਰੀ ਵੀ ਕੀਤੀ | ਵੱਡੇ ਸਪੁੱਤਰ ਭਾਈ ਅਮਰੀਕ ਸਿੰਘ ਖ਼ਾਲਸਾ ਕਾਲਜ ਵਿਚ ਪੜ੍ਹਦੇ ਸਮੇਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿਚ ਆਰੰਭੇ ਧਰਮ ਯੁੱਧ ਮੋਰਚੇ ਦੌਰਾਨ 6 ਜੂਨ 1984 ਨੂੰ ਸ਼ਹੀਦੀ ਜਾਮ ਪੀ ਗਏ ਅਤੇ ਛੋਟੇ ਸਪੁੱਤਰ ਭਾਈ ਮਨਜੀਤ ਸਿੰਘ ਮਿਲਟਰੀ ਕਾਰਵਾਈ ਦੌਰਾਨ ਗਿ੍ਫ਼ਤਾਰ ਹੋ ਕੇ ਜੋਧਪੁਰ ਦੀ ਜੇਲ੍ਹ ਵਿਚ 5 ਸਾਲ ਬੰਦ ਰਹੇ, ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਸੀਨੀਅਰ ਮੀਤ ਪ੍ਰਧਾਨ ਅਤੇ ਐਸ.ਜੀ.ਪੀ.ਸੀ. ਦੇ ਅੰਤਿ੍ੰਗ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਹਨ |
28 ਜੂਨ, 1969 ਈ. ਨੂੰ ਸੰਤ ਬਾਬਾ ਗੁਰਬਚਨ ਸਿੰਘ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਸਾਰੀਆਂ ਸੰਪਰਾਦਾਵਾਂ ਦੇ ਮੁਖੀਆਂ ਨੇ ਸੰਤ ਕਰਤਾਰ ਸਿੰਘ ਖ਼ਾਲਸਾ ਨੂੰ ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਵਜੋਂ ਨਾਮਜ਼ਦ ਕਰ ਦਿੱਤਾ | ਉਨ੍ਹਾਂ ਨੇ ਥੋੜ੍ਹੇ ਸਮੇਂ ਵਿਚ ਹੀ ਜੰਗੀ ਪੱਧਰ 'ਤੇ ਗੁਰਮਤਿ ਦਾ ਪ੍ਰਚਾਰ ਕਰਕੇ ਦਮਦਮੀ ਟਕਸਾਲ ਦਾ ਨਾਂਅ ਸਿਖਰਾਂ 'ਤੇ ਪਹੁੰਚਾ ਦਿੱਤਾ | ਇੱਥੇ ਹੀ ਬਸ ਨਹੀਂ, ਪਿੰਡ ਮਹਿਤਾ ਜ਼ਿਲ੍ਹਾ ਅੰਮਿ੍ਤਸਰ ਵਿਖੇ ਟਕਸਾਲ ਦਾ ਵਿਸ਼ਾਲ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਥਾਪਤ ਕੀਤਾ, ਜਿੱਥੇ ਧਰਮ ਪ੍ਰਚਾਰ ਹਿੱਤ ਕੀਰਤਨ ਵਿਦਿਆਲਾ ਕਾਇਮ ਕੀਤਾ ਗਿਆ, ਕਥਾ-ਕੀਰਤਨ ਦਾ ਪ੍ਰਵਾਹ ਚਲਾਇਆ ਗਿਆ, ਉਨ੍ਹਾਂ ਦੇ ਪੜ੍ਹਾਏ ਹੋਏ ਸੈਂਕੜੇ ਵਿਦਿਆਰਥੀ ਗਿਆਨੀ, ਰਾਗੀ, ਢਾਡੀ, ਅਖੰਡ ਪਾਠੀ ਅਤੇ ਪ੍ਰਚਾਰਕ ਬਣ ਕੇ ਦੇਸ਼-ਵਿਦੇਸ਼ਾਂ 'ਚ ਧਰਮ ਪ੍ਰਚਾਰ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਨੇ ਆਪਣੇ ਜੀਵਨ ਵਿਚ ਗੁਰਮਤਿ ਪ੍ਰਚਾਰ ਹਿੱਤ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ 37 ਵੱਡੇ ਜਲੂਸ ਕੱਢੇ, ਉਦੋਂ ਜਦੋਂ ਦੇਸ਼ ਵਿਚ ਐਮਰਜੈਂਸੀ ਲੱਗੀ ਹੋਈ ਸੀ ਅਤੇ ਨਾਲ ਮਹਾਨ ਇਨਕਲਾਬੀ ਨਾਅਰਾ ਦਿੱਤਾ 'ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਦਕ ਨਾ ਜਾਵੇ |' ਇਸ ਨਾਲ ਸਿੱਖੀ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋ ਗਈਆਂ ਅਤੇ ਸਿੱਖੀ ਸਰੂਪ ਨੂੰ ਨੌਜਵਾਨ ਆਪਣੀ ਸ਼ਾਨ ਸਮਝਣ ਲੱਗੇ | ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਅਣਗਿਣਤ ਪ੍ਰਾਣੀਆਂ ਨੂੰ ਅੰਮਿ੍ਤ ਛਕਾ ਕੇ ਗੁਰੂ ਵਾਲੇ ਬਣਾਇਆ ਅਤੇ ਦਾੜ੍ਹੀ-ਕੇਸਾਂ ਦੀ ਮਹੱਤਤਾ ਦੱਸ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਰਹਿਣੀ ਰਹੈ ਸੋਈ ਸਿੱਖ ਮੇਰਾ¨ ਵਾਲੇ ਮਹਾਨ ਆਦਰਸ਼ਕ ਆਸੇ ਨੂੰ ਹੋਰ ਪਰਪੱਕ ਕੀਤਾ |
3 ਅਗਸਤ, 1977 ਦੇ ਦਿਨ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਸੋਲਨ ਜਾਂਦਿਆਂ ਸਮੇਂ ਲੁਧਿਆਣੇ ਕੋਲ ਹੋ ਗਿਆ ਅਤੇ 13 ਦਿਨ ਬਾਅਦ ਉਹ ਅਕਾਲ ਚਲਾਣਾ ਕਰ ਗਏ | ਅੱਠ ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿਚ ਉਨ੍ਹਾਂ ਨੇ ਸਿੱਖ ਪੰਥ ਦੀ ਦਿਨ-ਰਾਤ ਇਕ ਕਰਕੇ ਜੋ ਮਹਾਨ ਸੇਵਾ ਕੀਤੀ, ਉਸ ਨੇ ਸਮੁੱਚੀ ਕੌਮ ਨੂੰ ਧਾਰਮਿਕ ਫ਼ਰਜ਼ਾਂ ਪ੍ਰਤੀ ਜਾਗਰੂਕ ਕੀਤਾ | ਉਨ੍ਹਾਂ ਦੀ ਘਾਲ-ਕਮਾਈ ਸਦਕਾ ਅੱਜ ਦਮਦਮੀ ਟਕਸਾਲ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਵਜੋਂ ਉੱਭਰੀ ਹੈ | ਉਨ੍ਹਾਂ ਦੀ ਯਾਦ 'ਚ ਉਨ੍ਹਾਂ ਦੇ ਜੱਦੀ ਪਿੰਡ ਭੂਰਾ ਕੋਹਨਾ ਵਿਖੇ ਸ਼ਾਨਦਾਰ ਗੁਰਦੁਆਰਾ ਖ਼ਾਲਸਾ ਦਰਬਾਰ ਸੁਬਾਏਮਾਨ ਹੈ, ਜਿੱਥੇ ਸਿੱਖੀ ਦੇ ਪ੍ਰਚਾਰ ਹਿੱਤ ਐਸ.ਜੀ.ਪੀ.ਸੀ. ਦੇ ਸਹਿਯੋਗ ਅਤੇ ਦਾਸ ਦੇ ਯਤਨਾਂ ਨਾਲ ਸਿੱਖ ਮਿਸ਼ਨਰੀ ਵਿਦਿਆਲਾ ਚੱਲ ਰਿਹਾ ਹੈ, ਜਿਸ 'ਚੋਂ ਰਾਗੀ, ਢਾਡੀ ਅਤੇ ਪ੍ਰਚਾਰਕ ਕੌਮ ਦੀ ਸੇਵਾ ਲਈ ਤਿਆਰ ਕੀਤੇ ਜਾ ਰਹੇ ਹਨ | ਨਾਲ ਹੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਯਾਦ ਨੂੰ ਸਮਰਪਿਤ ਲੰਗਰ ਸਾਹਿਬ ਦੀ ਇਮਾਰਤ ਤਿਆਰ ਹੋ ਚੁੱਕੀ ਹੈ ਅਤੇ ਮਾਤਾ ਨਿਰੰਜਨ ਕੌਰ ਦੇ ਨਾਂਅ 'ਤੇ ਸਰਾਂ ਤਿਆਰ ਹੋ ਚੁੱਕੀ ਹੈ | ਸੰਤ ਕਰਤਾਰ ਸਿੰਘ ਨੇ ਆਪਣਾ ਸਮੁੱਚਾ ਜੀਵਨ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਿਤ ਕਰਕੇ ਸਿੱਖ ਕੌਮ ਸੇਵਾ ਦੀ ਜੋ ਅਨੂਠੀ ਮਿਸਾਲ ਕਾਇਮ ਕੀਤੀ, ਉਹ ਪੂਰੀ ਦੁਨੀਆ ਵਿਚ ਹੋਰ ਕਿਧਰੇ ਨਹੀਂ ਮਿਲਦੀ | ਉਨ੍ਹਾਂ ਦੁਆਰਾ ਦਰਸਾਏ ਗਏ ਗਿਆਨ ਮਾਰਗ ਨੂੰ ਪ੍ਰਜਵਲਿੱਤ ਰੱਖਣ ਲਈ ਮਿਤੀ 21 ਅਕਤੂਬਰ, 2026 ਨੂੰ ਇਸ ਮਹਾਨ ਕਰਮਯੋਗੀ ਦੇ ਜਨਮ ਦਿਹਾੜੇ ਮੌਕੇ ਆਪਾਂ ਆਪਣੇ ਜੀਵਨ ਨੂੰ ਵੀ ਗੁਰੂ ਆਸੇ ਅਨੁਸਾਰ ਢਾਲਣ ਦਾ ਯਤਨ ਕਰੀਏ |
-ਮੈਂਬਰ ਐਸ.ਜੀ.ਪੀ.ਸੀ. |