ਗੁ. ਤਪ ਅਸਥਾਨ ਬਾਬਾ ਸ੍ਰੀਚੰਦ, ਨਿਜ਼ਾਮਪੁਰ (ਕਪੂਰਥਲਾ) ਦਾ ਇਤਿਹਾਸ

ਪੰਜਾਬ ਦੀ ਧਰਤੀ ਨੂੰ ਇਹ ਮਾਣ ਹਾਸਿਲ ਹੈ ਕਿ ਇੱਥੇ ਬਹੁਤ ਸਾਰੇ ਧਰਮਾਂ ਦੇ ਗੁਰੂਆਂ, ਪੀਰਾਂ ਤੇ ਪੈਗ਼ੰਬਰਾਂ ਨੇ ਚਰਨ ਪਾਏ, ਜਿੱਥੇ ਉਨ੍ਹਾਂ ਸਥਾਨਾਂ 'ਤੇ ਅੱਜ ਧਾਰਮਿਕ ਅਸਥਾਨ ਸੁਸ਼ੋਭਿਤ ਹਨ | ਅਜਿਹੇ ਅਸਥਾਨਾਂ 'ਚੋਂ ਹੀ ਇਕ ਪਿੰਡ ਨਿਜ਼ਾਮਪੁਰ (ਜ਼ਿਲ੍ਹਾ ਕਪੂਰਥਲਾ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਮਹਾਨ ਤਪੱਸਵੀ ਬਾਬਾ ਸ੍ਰੀਚੰਦ ਜੀ ਦਾ ਤਪ ਅਸਥਾਨ ਵੀ ਸੁਸ਼ੋਭਿਤ ਹੈ, ਜਿੱਥੇ ਬਾਬਾ ਸ੍ਰੀਚੰਦ ਜੀ ਨੇ 21 ਦਿਨ ਤਪ ਕੀਤਾ ਸੀ | ਬਾਬਾ ਸ੍ਰੀਚੰਦ ਜੀ ਨੇ ਜਦੋਂ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵੱਲ ਚਾਲੇ ਪਾਏ ਤਾਂ ਰਸਤੇ ਵਿਚ ਇਸ ਅਸਥਾਨ 'ਤੇ ਆਪਣੇ ਇਕ ਮੁਸਲਿਮ ਪਰਮ ਸੇਵਕ ਜੋ ਕਾਫ਼ੀ ਲੰਮੇ ਸਮੇਂ ਤੋਂ ਬਾਬਾ ਜੀ ਨੂੰ ਯਾਦ ਕਰ ਰਿਹਾ ਸੀ, ਨੂੰ ਦਰਸ਼ਨ ਦੇਣ ਲਈ ਠਹਿਰੇ | ਨਿਰੰਕਾਰ ਦੀ ਭਗਤੀ ਵਿਚ ਲੀਨ ਹੁੰਦਿਆਂ ਬਾਬਾ ਜੀ ਇਕ ਦਰਖ਼ਤ ਹੇਠ ਬੈਠ ਗਏ ਅਤੇ 21 ਦਿਨਾਂ ਦਾ ਤਪ ਕੀਤਾ | ਉਹ ਸ਼ਰਧਾਲੂ ਜੋ ਬਾਬਾ ਜੀ ਦੇ ਦਰਸ਼ਨਾਂ ਲਈ ਉਨ੍ਹਾਂ ਯਾਦ ਕਰ ਰਿਹਾ ਸੀ, ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਨਿਹਾਲ ਹੋ ਗਿਆ | ਉਸ ਨੇ ਦੁੱਧ ਦਾ ਛੰਨਾ ਆਪਣੇ ਘਰੋਂ ਲਿਆ ਕੇ ਬਾਬਾ ਜੀ ਨੂੰ ਛਕਾਇਆ ਤੇ ਸੇਵਾ ਕੀਤੀ | ਬਾਬਾ ਜੀ ਨੇ ਉਸ ਨੂੰ ਸੰਤਾਨ ਪ੍ਰਾਪਤੀ ਦੀ ਅਸੀਸ ਦਿੱਤੀ | ਉਸ ਸ਼ਰਧਾਲੂ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਨਿਜ਼ਾਮੁਦੀਨ ਰੱਖਿਆ ਗਿਆ | ਨਿਜ਼ਾਮੁਦੀਨ ਦੇ ਨਾਂਅ 'ਤੇ ਹੀ ਇਹ ਨਗਰ ਵਸਿਆ, ਜੋ ਅੱਜ ਪਿੰਡ ਨਿਜ਼ਾਮਪੁਰ ਜ਼ਿਲ੍ਹਾ ਕਪੂਰਥਲਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇੱਥੇ ਹੀ ਬਾਬਾ ਸ੍ਰੀਚੰਦ ਜੀ ਦਾ ਤਪ ਅਸਥਾਨ ਮੌਜੂਦ ਹੈ, ਜਿੱਥੇ ਬਹੁਤ ਸੁੰਦਰ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਇੱਥੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ | ਇਸ ਅਸਥਾਨ 'ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਅੱਖਾਂ ਦਾ ਜਾਂਚ ਕੈਂਪ ਤੇ ਆਪੇ੍ਰਸ਼ਨ ਕੈਂਪ, ਮੁਫ਼ਤ ਮੈਡੀਕਲ ਕੈਂਪ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ | ਮੌਜੂਦਾ ਸਮੇਂ 'ਚ ਇਸ ਪਾਵਨ ਤਪ ਅਸਥਾਨ ਦੀ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ-ਬੰਸ 'ਚੋਂ 16ਵੀਂ ਪੀੜ੍ਹੀ ਬਾਬਾ ਮਨਜੀਤ ਸਿੰਘ ਬੇਦੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ | ਇਸ ਅਸਥਾਨ 'ਤੇ ਦੂਰ-ਦੁਰਾਡੇ ਤੋਂ ਸੰਗਤਾਂ ਸ਼ਰਧਾ ਤੇ ਸਤਿਕਾਰ ਨਾਲ ਹਾਜ਼ਰੀ ਭਰਦੀਆਂ ਹਨ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਬਾਬਾ ਸ੍ਰੀਚੰਦ ਦੇ ਆਗਮਨ ਪੁਰਬ ਦੀ ਖੁਸ਼ੀ 'ਚ ਅਖੰਡ ਪਾਠਾਂ ਦੀ ਲੜੀ 4 ਸਤੰਬਰ ਤੋਂ ਆਰੰਭ ਕੀਤੀ ਗਈ ਹੈ, ਜਿਸ ਦੇ ਭੋਗ 25 ਅਕਤੂਬਰ ਨੂੰ ਪਾਏ ਜਾਣਗੇ | ਇੱਥੇ 23, 24 ਤੇ 25 ਅਕਤੂਬਰ ਨੂੰ ਤਿੰਨ ਦਿਨਾ ਧਾਰਮਿਕ ਸਮਾਗਮ ਕਰਾਇਆ ਜਾ ਜਾ ਰਿਹਾ ਹੈ, ਜਿਸ 'ਚ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣਗੀਆਂ | ਇਸ ਅਸਥਾਨ 'ਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਕੈਂਪ ਵੀ ਲਗਾਏ ਜਾਂਦੇ ਹਨ | ਇਸ ਮੌਕੇ ਬਾਬਾ ਮਨਜੀਤ ਸਿੰਘ ਬੇਦੀ ਵਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਦੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਗਈ |
-ਪੱਤਰਕਾਰ, ਸੁਭਾਨਪੁਰ (ਕਪੂਰਥਲਾ) |
ਮੋਬਾਈਲ : 98885-30095