11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਚੰਗਾ ਚਰਿੱਤਰ ਕਿਵੇਂ ਕਾਇਮ ਹੋਵੇ?

ਚੰਗਾ ਚਰਿੱਤਰ ਕਿਵੇਂ ਕਾਇਮ ਹੋਵੇ?

Ad Position 21
No active advertisement
ਅਜੀਤ ਡੈਸਕ 12-10-2026

ਸੰਸਾਰ ਭਰ 'ਚ ਵਸਦੇ ਸਿੱਖਾਂ ਨੇ ਆਪਣੇ ਸਮਾਜਿਕ, ਰਾਜਨੀਤਕ, ਆਰਥਿਕ ਤੇ ਤਕਨੀਕ ਦੇ ਪੱਧਰ 'ਤੇ  ਕੀਤੇ ਜਾ ਰਹੇ ਕਾਰਜਾਂ ਨਾਲ ਸਿੱਖ ਕੌਮ ਦੀ ਵੱਖਰੀ ਪਛਾਣ ਤੇ ਕਿਰਦਾਰ ਸਥਾਪਤ ਕੀਤਾ ਹੈ | ਸਿੱਖਾਂ ਵਲੋਂ ਚਲਾਏ ਜਾ ਰਹੇ ਲੰਗਰਾਂ ਨੇ ਆਮ ਲੋਕਾਂ 'ਚ ਇਹ ਜਾਣਨ ਦੀ ਖਿੱਚ ਪੈਦਾ ਕੀਤੀ ਹੈ ਕਿ ਇੰਨੇ ਵੱਡੇ ਪੱਧਰ 'ਤੇ ਮੁਫ਼ਤ ਭੋਜਨ ਕਿਵੇਂ ਛਕਾਇਆ ਜਾ ਸਕਦਾ ਹੈ | ਇਸ ਪਿੱਛੇ ਕਿਹੜੀ ਵਿਚਾਰਧਾਰਾ ਕੰਮ ਕਰ ਰਹੀ ਹੈ, ਜਿਸ ਨੇ ਦੂਜਿਆਂ ਪ੍ਰਤੀ ਪਰਉਪਕਾਰ ਦੀ ਭਾਵਨਾ ਨੂੰ  ਨਿਰੰਤਰ ਜਾਰੀ ਰੱਖਿਆ ਹੋਇਆ ਹੈ | ਗੁਰੂ ਗ੍ਰੰਥ ਸਾਹਿਬ ਸਮੁੱਚੀ ਸਿੱਖ ਕੌਮ ਦਾ ਕੇਂਦਰੀ ਧੁਰਾ ਹਨ, ਜਿਸ 'ਚ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਅਜਿਹੇ ਸਦਗੁਣ ਪੈਦਾ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ, ਜੋ ਸਮਾਜ 'ਚ ਆਦਰਸ਼ ਪੈਦਾ ਕਰਨ ਵਾਲੇ ਹੋਣ | ਕਿਵ ਸਚਿਆਰਾ ਹੋਈਐ ਦੇ ਉਦੇਸ਼ ਨਾਲ ਰਚੇ ਗਏ ਗੁਰੂ ਗ੍ਰੰਥ ਸਾਹਿਬ ਨੇ ਸਿੱਖਾਂ 'ਚ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦੀ ਭਾਵਨਾ ਤੇ ਪਰੰਪਰਾ ਨੂੰ  ਜਨਮ ਦਿੱਤਾ | ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਵਲੋਂ ਅਜਿਹੀ ਮਰਿਆਦਾ ਤੇ ਪਰੰਪਰਾ ਨੂੰ  ਪਰਪੱਕ ਕਰਨ ਦਾ ਯਤਨ ਕੀਤਾ ਗਿਆ, ਜਿਹੜੀ ਕਿ ਸਮਾਜ 'ਚ ਦੈਵੀ ਆਦਰਸ਼ ਪੈਦਾ ਕਰਨ ਵਾਲੀ ਹੋਵੇ | ਜੋ ਪਰੰਪਰਾ ਸੁਚਾਰੂ ਰੂਪ 'ਚ ਕਾਰਜ ਨਹੀਂ ਕਰ ਸਕੀ, ਉਸ ਨੂੰ  ਤੁਰੰਤ ਬੰਦ ਕਰਕੇ ਨਵਾਂ ਰਸਤਾ ਅਖ਼ਤਿਆਰ ਕਰਨ ਦਾ ਮਾਰਗ ਦੱਸਿਆ ਗਿਆ ਹੈ | ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਮਸੰਦ ਪ੍ਰਥਾ ਨੂੰ  ਖ਼ਤਮ ਕਰਕੇ ਸਿੱਖਾਂ ਨੂੰ  ਸਿੱਧੇ ਹੀ ਗੁਰੂ-ਘਰ ਨਾਲ ਜੁੜਨ ਦਾ ਆਦੇਸ਼ ਦਿੱਤਾ ਸੀ | ਇਸੇ ਤਰ੍ਹਾਂ ਸਿੱਖ ਰਹਿਤ ਮਰਯਾਦਾ 'ਚ ਗੁਰੂ ਸਾਹਿਬ ਵਲੋਂ ਸਿਰਜੇ ਆਦਰਸ਼ਾਂ ਦੀ ਸ਼ੁੱਧਤਾ 'ਚ ਵਿਘਨ ਪਾਉਣ ਵਾਲਿਆਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ |

ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੇ ਰੂਪ 'ਚ ਜਿਹੜਾ ਚਰਿੱਤਰ ਪੈਦਾ ਕੀਤਾ ਸੀ, ਉਸ ਦਾ ਪਹਿਲਾ ਰੂਪ ਬਾਬਾ ਬੰਦਾ ਸਿੰਘ ਬਹਾਦਰ ਰਾਹੀਂ ਸਾਹਮਣੇ ਆਇਆ, ਜਿਨ੍ਹਾਂ ਨੇ ਜ਼ੁਲਮ ਦੀ ਹਕੂਮਤ ਖ਼ਤਮ ਕਰਕੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ  ਸਰਦਾਰੀਆਂ ਬਖ਼ਸ਼ੀਆਂ | ਸਿੱਖਾਂ ਨੇ ਜ਼ੁਲਮ ਦੀ ਹਨੇਰੀ 'ਚੋਂ ਲੰਘਦਿਆਂ ਅਨੇਕਾਂ ਤਸੀਹੇ ਝੱਲੇ, ਪਰ ਗੁਰੂ ਸਾਹਿਬਾਨ ਵਲੋਂ ਦੱਸੇ ਮਾਰਗ 'ਤੇ ਅਡੋਲ ਚਲਦੇ ਰਹੇ | ਸਿੱਖ ਸਥਾਨਕ ਹਾਕਮਾਂ ਤੇ ਬਾਹਰੀ ਹਮਲਾਵਰਾਂ ਦਾ ਟਾਕਰਾ ਕਰਦੇ ਹੋਏ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ | ਹਮਲਾਵਰਾਂ ਦੇ ਨਾਲ ਆਏ ਲੇਖਕ ਵੀ ਸਿੱਖਾਂ ਦੇ ਚਰਿੱਤਰ ਦੀ ਪ੍ਰਸੰਸਾ ਕੀਤੇ ਬਿਨਾਂ ਨਾ ਰਹਿ ਸਕੇ | 18ਵੀਂ ਸਦੀ ਵਿਚ ਆਮ ਲੋਕਾਂ ਨੇ ਸਿੱਖਾਂ ਦਾ ਜਿਹੜਾ ਚਰਿੱਤਰ ਯੋਧਿਆਂ ਤੇ ਜਰਨੈਲਾਂ ਦੇ ਰੂਪ 'ਚ ਦੇਖਿਆ ਸੀ, ਉਸ 'ਚੋਂ ਗੁਰੂ ਸਾਹਿਬਾਨ ਵਲੋਂ ਘੜੇ ਆਦਰਸ਼ ਮਨੁੱਖ ਦੀ ਤਸਵੀਰ ਸਪੱਸ਼ਟ ਨਜ਼ਰ ਆਉਂਦੀ ਹੈ, ਜਿਸ ਨੇ ਆਮ ਲੋਕਾਂ 'ਚ ਸਿੱਖਾਂ ਪ੍ਰਤੀ ਸਤਿਕਾਰ ਪੈਦਾ ਕਰ ਦਿੱਤਾ, ਜਿਸ ਨੂੰ  ਦੇਖ ਕੇ ਬਹੁਤ ਸਾਰੇ ਹਿੰਦੂ ਪਰਿਵਾਰਾਂ 'ਚ ਵੱਡੇ ਪੁੱਤਰ ਨੂੰ  ਸਿੱਖ ਸਜਾਉਣ ਦੀ ਭਾਵਨਾ ਪੈਦਾ ਹੋਈ |
19ਵੀਂ ਸਦੀ 'ਚ ਸਿੱਖ ਰਾਜ ਭਾਗ ਦੇ ਮਾਲਕ ਬਣੇ ਤਾਂ ਹੌਲ਼ੀ-ਹੌਲ਼ੀ ਸਿੱਖਾਂ 'ਚ ਵੀ ਉਹ ਸਾਰੀਆਂ ਕਮੀਆਂ ਪੈਦਾ ਹੋਈਆਂ, ਜੋ ਕਮਜ਼ੋਰ ਮਾਨਸਿਕਤਾ ਵਾਲੇ ਲੋਕਾਂ 'ਚ ਦੇਖੀਆਂ ਜਾਂਦੀਆਂ ਹਨ | ਸਿੱਖ ਵਿਦਵਾਨਾਂ ਨੇ ਇਸ ਦਾ ਵੱਡਾ ਕਾਰਨ ਸਿੱਖਾਂ ਦਾ ਗੁਰਬਾਣੀ ਤੇ ਗੁਰ-ਇਤਿਹਾਸ ਤੋਂ ਦੂਰ ਜਾਣਾ ਦੱਸਿਆ ਹੈ | ਸਿੱਖਾਂ ਦੀ ਰਾਜ ਸੱਤਾ 'ਤੇ ਪਕੜ ਮਜ਼ਬੂਤ ਹੋਈ, ਪਰ ਧਾਰਮਿਕ ਤੌਰ 'ਤੇ ਸਿੱਖ ਕਮਜ਼ੋਰ ਪੈਣ ਲੱਗੇ ਤੇ ਸਿੱਖੀ ਦੇ ਮੂਲ ਆਦਰਸ਼ਾਂ ਨੂੰ  ਵੱਡੀ ਢਾਹ ਲੱਗ ਲੱਗੀ | ਅੰਗਰੇਜ਼ ਸਰਕਾਰ ਵੀ ਚਾਹੁੰਦੀ ਸੀ ਕਿ ਸਿੱਖਾਂ ਦਾ ਚਰਿੱਤਰ ਉਨ੍ਹਾਂ ਦੇ ਰਾਜ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲਾ ਹੋਵੇ, ਉਨ੍ਹਾਂ ਵਲੋਂ ਸਿਰਜੇ ਪ੍ਰਬੰਧ ਅਧੀਨ ਸਿੱਖ ਧਾਰਮਿਕ ਤੌਰ 'ਤੇ ਤਿਲਕਣ ਲੱਗੇ ਸਨ | ਅੰਮਿ੍ਤਸਰ ਦੇ 4 ਸਿੱਖ ਨੌਜਵਾਨਾਂ ਦਾ ਈਸਾਈ ਧਰਮ ਧਾਰਨ ਕਰਨ ਦਾ ਐਲਾਨ ਸਿੱਖਾਂ ਲਈ ਵੱਡਾ ਧੱਕਾ ਸੀ | ਕੁਝ ਸਿਰੜੀ ਸਿੱਖਾਂ ਨੇ ਅੱਗੇ ਹੋ ਕੇ ਸਿੱਖਾਂ ਵਿਚ ਇਸ ਪ੍ਰਵਿਰਤੀ ਨੂੰ  ਰੋਕਣ ਦੇ ਯਤਨ ਸ਼ੁਰੂ ਕੀਤੇ ਤਾਂ ਸਿੰਘ ਸਭਾ ਲਹਿਰ ਹੋਂਦ 'ਚ ਆਈ ਤੇ ਫਿਰ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋ ਗਈ |
ਸਿੱਖਾਂ ਦੇ ਮਨਾਂ 'ਚ ਗੁਰਦੁਆਰਾ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਹੈ, ਜਦੋਂ ਉਨ੍ਹਾਂ ਗੁਰਧਾਮਾਂ 'ਚ ਦੁਰਾਚਾਰ ਹੁੰਦੇ ਦੇਖੇ ਤਾਂ ਉਹ ਸ਼ਹਾਦਤਾਂ ਦੇ ਕੇ ਗੁਰਧਾਮਾਂ ਨੂੰ  ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਯਤਨਸ਼ੀਲ ਹੋ ਗਏ | ਮਹੰਤ ਨਰੈਣ ਦਾਸ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ 'ਤੇ ਸਿੱਖਾਂ ਦੇ ਕੀਤੇ ਕਤਲੇਆਮ ਨੇ ਸਿੱਖਾਂ ਨੂੰ  ਅਜਿਹਾ ਝੰਜੋੜਿਆ ਕਿ ਉਹ ਆਪਣੇ ਘਰ, ਜ਼ਮੀਨਾਂ ਤੇ ਸਰੀਰ ਪੰਥ ਦੇ ਨਾਂਅ 'ਤੇ ਲਾ ਕੇ ਮੈਦਾਨ 'ਚ ਆ ਗਏ ਤਾਂ ਅੰਗਰੇਜ਼ਾਂ ਸਰਕਾਰ ਨੂੰ  ਹੱਥਾਂ-ਪੈਰਾਂ ਦੀ ਪੈ ਗਈ | ਅਖੀਰ ਸਰਕਾਰ ਨੂੰ  ਝੁਕਣਾ ਪਿਆ ਤੇ ਗੁਰਧਾਮਾਂ ਦਾ ਪ੍ਰਬੰਧ ਸਿੱਖਾਂ ਕੋਲ ਆ ਗਿਆ | ਗੁਰਦੁਆਰਾ ਸਾਹਿਬਾਨ ਵਿਖੇ ਸੰਗਤ ਨੂੰ  ਗੁਰਬਾਣੀ ਤੇ ਗੁਰ-ਇਤਿਹਾਸ ਨਾਲ ਜੋੜਨ ਲਈ ਕਥਾ ਦਾ ਵਿਧਾਨ ਪ੍ਰਚਲੱਤ ਹੈ, ਇੱਥੇ ਕਥਾ-ਕੀਰਤਨ ਤੋਂ ਇਲਾਵਾ ਗੁਰਮਤਿ ਕੈਂਪ ਲਾਏ ਜਾਂਦੇ ਹਨ | ਪੰਜਾਬ ਸਿੱਖ ਧਰਮ ਦੀ ਜੜ੍ਹ ਹੈ, ਇੱਥੋਂ ਦੀ ਗੁਰ ਮਰਿਆਦਾ ਤੇ ਪਰੰਪਰਾ ਨੂੰ  ਵਿਦੇਸ਼ਾਂ 'ਚ ਵੀ ਕਾਇਮ ਰੱਖਣ ਦੇ ਯਤਨ ਹੋ ਰਹੇ ਹਨ | ਫਿਰ ਵੀ ਜਦੋਂ ਕੋਈ ਸਿੱਖੀ ਸਰੂਪ ਵਾਲਾ ਵਿਅਕਤੀ ਨਸ਼ਾ, ਦੁਸ਼ਕਰਮ ਜਾਂ ਬੱਜਰ ਕੁਰਹਿਤ ਕਰਦਾ ਹੈ ਤਾਂ ਸਮੁੱਚੀ ਕੌਮ ਲਈ ਚਿੰਤਾ ਤੇ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ ਹੈ | 
ਸਿੱਖ ਘੱਟ-ਗਿਣਤੀ ਹੁੰਦੇ ਹੋਏ ਵੀ ਆਪਣੀ ਵੱਖਰੀ ਪਛਾਣ ਤੇ ਆਦਰਸ਼ਾਂ ਲਈ ਜਾਣੇ ਜਾਂਦੇ ਹਨ, ਉਹ ਰਾਜ-ਭਾਗ ਦਾ ਹਿੱਸਾ ਤਾਂ ਬਣੇ ਪਰ ਆਪਣੇ ਮਾਣ-ਸਤਿਕਾਰ ਨੂੰ  ਕਾਇਮ ਨਾ ਰੱਖ ਸਕੇ | ਸਾਡੇ ਧਾਰਮਿਕ ਤੇ ਸਮਾਜਿਕ ਆਗੂ ਵੀ ਉਨ੍ਹਾਂ ਨੂੰ  ਗੁਰਮਤਿ ਵੱਲ ਖਿੱਚਣ ਵਿਚ ਕਾਮਯਾਬ ਨਹੀਂ ਹੋ ਸਕੇੇ | ਅਕਸਰ ਨੌਜਵਾਨ ਸੋਸ਼ਲ ਮੀਡੀਆ 'ਤੇ ਜੋ ਕੁਝ ਵੇਖਦੇ ਜਾਂ ਸਿੱਖਦੇ ਹਨ, ਉਹੋ ਜਿਹਾ ਵਿਹਾਰ ਕਰਦੇ ਹਨ | ਉਹ ਤਕਨੀਕ ਦੇ ਪ੍ਰਭਾਵ ਅਧੀਨ ਵਧੇਰੇ ਕਾਰਜ ਕਰਨ ਲੱਗੇ ਹਨ ਤੇ ਗੁਰ ਸ਼ਬਦ ਨਾਲੋਂ ਮੀਡੀਆ ਰਾਹੀਂ ਦੱਸੀ ਜਾ ਰਹੀ ਜੀਵਨ ਜਾਚ 'ਤੇ ਵਧੇਰੇ ਵਿਸ਼ਵਾਸ ਕਰਨ ਲੱਗੇ ਹਨ | ਧਾਰਮਿਕ ਅਸਥਾਨ ਜਾਂ ਧਾਰਮਿਕ ਲਿਬਾਸ 'ਚ ਹੋਣ ਵਾਲੇ ਅਨੈਤਿਕ ਕਾਰਜ ਵੀ ਆਮ ਲੋਕਾਂ ਨੂੰ  ਵਧੇਰੇ ਪ੍ਰਭਾਵਿਤ ਕਰਦੇ ਹਨ | ਗੁਰੂ ਸਾਹਿਬਾਨ ਨੇ ਸਿੱਖਾਂ ਨੂੰ  ਨਿਰਾਸ਼ਾਜਨਕ ਸਥਿਤੀ 'ਚੋਂ ਕੱਢ ਕੇ ਆਸਵੰਦ ਹੋਣ ਲਈ ਪ੍ਰੇਰਿਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਸਦੀਵੀ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਦੇ ਆਸਰੇ ਉਹ ਹਰ ਇਕ ਸੰਕਟ 'ਚੋਂ ਲੰਘ ਕੇ ਉਚੇਰੇ ਆਦਰਸ਼ ਸਥਾਪਤ ਕਰਨ 'ਚ ਕਾਮਯਾਬ ਹੋ ਸਕਦੇ ਹਨ | ਮਨੁੱਖ ਸੰਗਤ 'ਚ ਬੈਠਾ ਵੀ ਚਰਿੱਤਰ ਵਜੋਂ ਗਿਰਾਵਟ ਦਾ ਸ਼ਿਕਾਰ ਹੋ ਰਿਹਾ ਹੈ | ਇਸ ਰੁਝਾਨ ਨੂੰ  ਕਿਵੇਂ ਬਦਲਿਆ ਜਾ ਸਕਦਾ ਹੈ? ਇਹ ਸਵਾਲ ਅੱਜ ਦੇ ਯੁੱਗ 'ਚ ਸਮੁੱਚੀ ਸਿੱਖ ਕੌਮ ਦੇ ਸਾਹਮਣੇ ਹੈ |
ਕਦੇ ਗਿਆਨੀ ਗੁਰਬਚਨ ਸਿੰਘ, ਗਿਆਨੀ ਕਰਤਾਰ ਸਿੰਘ ਨੇ ਜਥਿਆਂ ਦੇ ਰੂਪ 'ਚ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ  ਸਿੱਖੀ ਵੱਲ ਮੋੜਿਆ ਸੀ | ਇਨ੍ਹਾਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਦੇ ਅਜਿਹੇ ਯਤਨਾਂ ਨੇ ਸਿੱਖ ਕੌਮ 'ਤੇ ਬਹੁਤ ਪ੍ਰਭਾਵ ਪਾਇਆ, ਜਿਸ ਤੋਂ ਪ੍ਰਭਾਵਿਤ ਹੋ ਕੇ ਅੱਗੇ ਕਾਇਮ ਹੋਏ ਛੋਟੇ-ਛੋਟੇ ਜਥੇ ਪਿੰਡਾਂ ਤੇ ਮੁਹੱਲਾ ਪੱਧਰ 'ਤੇ ਨੌਜਵਾਨਾਂ ਤੇ ਬੱਚਿਆਂ ਨੂੰ  ਗੁਰਦੁਆਰੇ ਲਿਆਉਣ ਤੇ ਗੁਰਮਤਿ ਨਾਲ ਜੋੜਨ ਵਿਚ ਸਫਲ ਹੋਏ ਸਨ | ਨੌਜਵਾਨ ਨਸ਼ਿਆਂ ਤੇ ਵਿਕਾਰਾਂ ਤੋਂ ਮੁਕਤ ਹੋ ਕੇ ਸਿੱਖੀ ਵੱਲ ਮੁੜੇ ਸਨ ਤੇ ਇਨ੍ਹਾਂ ਨੌਜਵਾਨਾਂ 'ਚੋਂ ਪੈਦਾ ਹੋਏ ਆਗੂ ਕੌਮ ਪ੍ਰਤੀ ਜ਼ਿੰਮੇਵਾਰੀ ਸਮਝਣ ਲੱਗੇ ਸਨ | ਨੌਜਵਾਨਾਂ ਤੇ ਬੱਚਿਆਂ ਨੂੰ  ਤਿਆਗ ਤੇ ਆਤਮ-ਚਿੰਤਨ ਦੀ ਭਾਵਨਾ ਅਧੀਨ ਗੁਰਮਤਿ ਦੀ ਦਿਸ਼ਾ ਵਿਚ ਕੰਮ ਕਰਨ ਨਾਲ ਹੀ ਸ਼ੁੱਧ ਚਰਿੱਤਰ ਤੇ ਸੁਚਾਰੂ ਦਿਸ਼ਾ ਵੱਲ ਮੋੜਿਆ ਜਾ ਸਕਦਾ ਹੈ, ਨਹੀਂ ਤਾਂ ਨੋਟਾਂ ਨਾਲ ਵੋਟਾਂ ਹਾਸਲ ਕਰਕੇ ਦੂਜਿਆਂ 'ਤੇ ਚਿੱਕੜ ਸੁੱਟ ਕੇ ਅੱਗੇ ਵਧਣ ਦੇ ਵਧਦੇ ਰੁਝਾਨ ਤੋਂ ਕਿਸੇ ਚੰਗੇ ਚਰਿੱਤਰ ਦੀ ਆਸ ਨਹੀਂ ਕੀਤੀ ਜਾ ਸਕਦੀ |

-ਸਿੱਖ ਵਿਸ਼ਵਕੋਸ਼ ਵਿਭਾਗ |
ਪੰਜਾਬੀ ਯੂਨੀਵਰਸਿਟੀ, ਪਟਿਆਲਾ |

Ad Position 22
No active advertisement
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ-ਇਕ ਪੰਥਕ ਚਿੰਤਾ ਅਗਲੀ ਖ਼ਬਰ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ
Ad Position 24