27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਅਲੌਕਿਕ ਪ੍ਰਕਾਸ਼

ਅਲੌਕਿਕ ਪ੍ਰਕਾਸ਼

Ad Position 21
No active advertisement
ਅਜੀਤ ਡੈਸਕ 28-09-2026

ਗੁਰਮੁਖ ਆਪਣੇ ਜੀਵਨ ਨੂੰ  ਸਫ਼ਲ ਕਰਨ ਲਈ ਗੁਰੂ ਦੇ ਪ੍ਰਕਾਸ਼ ਰੂਪੀ ਗਿਆਨ ਦੀ ਰੌਸ਼ਨੀ 'ਚ ਆਪਣੇ ਜੀਵਨ ਦੇ ਪੰਧ ਨੂੰ  ਸੰਚਾਲਿਤ ਕਰਦੇ ਹਨ | ਗੁਰੂ ਦਾ ਰਹੱਸਮਈ ਮਿਲਾਪ ਦੇਖਣ ਤੇ ਬਿਆਨ ਕਰਨ ਦਾ ਵਿਸ਼ਾ ਨਹੀਂ, ਬਲਕਿ ਅਨੁਭਵ ਤੇ ਸਮਝ ਦਾ ਵਿਸ਼ਾ ਹੈ | ਵਿਗਿਆਨ ਜਿਸ ਬ੍ਰਹਿਮੰਡ ਨੂੰ  ਖੋਜ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਰਹੱਸ ਨੂੰ  ਅਨੁਭਵੀ ਮੰਡਲਾਂ ਰਾਹੀਂ ਵਿਅਕਤ ਕਰਦੀ ਹੈ | ਪ੍ਰਕਾਸ਼ ਭਾਵ ਕਿ ਚਮਕ, ਰੌਸ਼ਨੀ | ਜੇਕਰ ਇਸ ਦੀ ਵਿਉਂਤਪਤੀ ਵੇਖੀਏ ਤਾਂ 'ਪ੍ਰ' ਭਾਵ ਅੱਗੇ ਅਤੇ 'ਕਾਸ਼' ਭਾਵ ਚਮਕਦਾਰ | ਇਸ ਪ੍ਰਕਾਰ ਜੀਵਨ ਵਿਚ ਮਾਰਗਦਰਸ਼ਨ ਕਰਨ ਵਾਲਾ ਹੈ ਪ੍ਰਕਾਸ਼ | ਦੁਨਿਆਵੀ ਰੌਸ਼ਨੀ ਜੀਵਨ ਦੇ ਅੰਧੇਰੇ ਨੂੰ  ਦੂਰ ਕਰਕੇ ਸਾਡਾ ਜੀਵਨ ਸੁਖਾਲਾ ਕਰ ਦਿੰਦੀ ਹੈ | ਅਸੀਂ ਚਾਨਣ ਰਾਹੀਂ ਹਨੇਰੇ ਵਿਚ ਪਈਆਂ ਵਸਤੂਆਂ ਨੂੰ  ਪਛਾਣ ਸਕਦੇ ਹਾਂ | ਅਧਿਆਤਮਿਕ ਜੀਵਨ ਮਾਰਗ ਵਿਚ ਸਰੀਰ ਰੂਪੀ ਅੰਧਕਾਰ 'ਚ ਜਦੋਂ ਗੁਰੂ ਦੀ ਲੋਅ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡੇ ਅੰਦਰ ਪਏ ਅਣਮੁੱਲੇ ਖ਼ਜ਼ਾਨੇ ਦਿਸ ਪੈਂਦੇ ਹਨ |

ਇਸ ਸਰੀਰ ਰੂਪੀ ਘਰ ਵਿਚ ਜੋ ਹਿਰਦੇ ਰੂਪ ਕਮਲ ਹੈ, ਜਦੋਂ ਗੁਰੂ ਦੇ ਸ਼ਬਦ ਨਾਲ ਸਿੱਧਾ ਹੁੰਦਾ ਹੈ ਤਾਂ ਉਸ 'ਤੇ ਗਿਆਨ ਰੂਪ ਪ੍ਰਕਾਸ਼ ਪੈਂਦਾ ਹੈ ਤਾਂ ਹਿਰਦੇ ਰੂਪ ਕਮਲ ਖਿੜ ਜਾਂਦਾ ਹੈ | ਇਸ ਹਿਰਦੇ ਵਿਚ ਮਨ ਦਾ ਵਾਸਾ ਹੈ ਤੇ ਮਨ ਦਾ ਅਸਤਿੱਤਵ ਜੋਤ ਸਰੂਪ ਹੈ | ਦਿਲ ਖੂਨ ਨੂੰ  ਪੰਪ ਕਰਨ ਵਾਲਾ ਸਰੀਰ ਦਾ ਅੰਗ ਹੈ | ਇਸ ਵਿਚ ਹਿਰਦੇ ਨੂੰ  ਅਸੀਂ ਸੂਖ਼ਮਦਰਸ਼ੀ ਨਾਲ ਨਹੀਂ ਦੇਖ ਸਕਦੇ ਪਰ ਵਿਗਿਆਨ ਦੀ ਕੁਅੰਟਮ ਥਿਊਰੀ (Quantum theory) ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਕਿ ਜਿੱਥੇ ਕੁਝ ਨਹੀਂ ਹੈ, ਉੱਥੇ ਵੀ ਕੁਝ ਹੈ, ਕੋਈ ਹਲਚਲ (ਵਾਇਬ੍ਰੇਸ਼ਨ) ਹੈ | ਜਦੋਂ ਪ੍ਰਕਾਸ਼ ਅਲੱਗ-ਅਲੱਗ ਬਾਰੰਬਾਰਤਾ (ਫ੍ਰੀਕੁਇੰਸੀ) 'ਤੇ ਖਿੰਡਦਾ ਹੈ ਤਾਂ ਸੱਤ ਰੰਗਾਂ ਦਾ ਨਿਰਮਾਣ ਹੁੰਦਾ ਹੈ, ਪਰ ਸੱਤ ਰੰਗਾਂ ਦਾ ਮੂਲ ਇਕ ਹੈ | ਗੁਰਬਾਣੀ ਵਿਚ ਵੀ ਇਕ ਜੋਤ ਦੀ ਵਿਆਖਿਆ ਕੀਤੀ ਮਿਲਦੀ ਹੈ, ਜਿਸ ਤੋਂ ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਹੋਈ, ਜਿਨ੍ਹਾਂ ਦੀ ਬਾਰੰਬਾਰਤਾ ਵੱਖੋ-ਵੱਖਰੀ ਹੈ, ਜਿਸ ਦੀ ਗੁਰਬਾਣੀ ਵਿਚ ਵਿਆਖਿਆ ਕੀਤੀ ਹੈ ਕਿ ਹਰ ਇਕ ਸਰੀਰ ਵਿਚ, ਹਰ ਇਕ ਘਟ ਵਿਚ ਉਸ ਦੀ ਜੋਤ ਹੀ ਵਿਆਪਕ ਹੈ | ਪੂਰੇ ਬ੍ਰਹਿਮੰਡ ਦਾ ਪਸਾਰ ਇਕ ਆਵਾਜ਼ (ਕਵਾਓ) ਤੋਂ ਹੋਇਆ ਹੈ, ਜਿਸ ਨੂੰ  ਵਿਗਿਆਨੀਆਂ ਨੇ  'ਬਿਗਬੈਂਗ ਥਿਊਰੀ' ਦਾ ਨਾਂਅ ਦਿੱਤਾ ਹੈ | ਭਾਵ ਮੂਲ ਇਕ ਹੈ, ਜਿਸ ਤੋਂ ਸਾਰਾ ਪਸਾਰਾ ਚੱਲ ਰਿਹਾ ਹੈ | ਜਿਸ ਤਰ੍ਹਾਂ ਰੇਡੀਓ 'ਤੇ ਵੱਖ-ਵੱਖ ਬਾਰੰਬਾਰਤਾ 'ਤੇ ਵੱਖੋ-ਵੱਖ ਚੈਨਲ ਚਲਦੇ ਹਨ, ਇਸੇ ਤਰ੍ਹਾਂ ਹੀ ਵੱਖਰੀਆਂ-ਵੱਖਰੀਆਂ ਬਾਰੰਬਾਰਤਾਵਾਂ 'ਤੇ ਪੂਰਾ ਬ੍ਰਹਿਮੰਡ ਚੱਲ ਰਿਹਾ ਹੈ | ਵਿਗਿਆਨ ਇਸ ਤੱਥ ਦੀ ਪੁਸ਼ਟੀ ਕਰ ਰਿਹਾ ਹੈ ਕੇ ਇਕ ਬ੍ਰਹਿਮੰਡ ਤੋਂ ਅੱਗੇ ਹੋਰ ਬ੍ਰਹਿਮੰਡ ਹਨ | ਹੋਰ ਗ੍ਰਹਿਆਂ 'ਤੇ ਜੀਵਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ  ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਲਗਭਗ 550 ਸਾਲ ਪਹਿਲਾਂ ਹੀ ਵਿਅਕਤ ਕਰ ਦਿੱਤਾ ਸੀ ਕਿ ਪਤਾਲਾਂ ਤੋਂ ਅੱਗੇ ਹੋਰ ਬਹੁਤ ਪਤਾਲ ਪਏ ਹਨ, ਲੱਖਾਂ ਹੀ ਆਕਾਸ਼ ਹਨ ਜੋ ਉਸ ਦੇ ਹੁਕਮ ਵਿਚ ਚੱਲ ਰਹੇ ਹਨ ਤੇ ਉਸ ਨੂੰ  ਗਾ ਰਹੇ ਹਨ | ਇੰਟਰਨੈੱਟ 'ਤੇ ਅਸੀਂ ਆਸਾਨੀ ਨਾਲ ਇਨ੍ਹਾਂ ਗ੍ਰਹਿਆਂ ਦੀ ਆਵਾਜ਼ ਨੂੰ  ਸੁਣ ਸਕਦੇ ਹਾਂ |
ਜੋ ਮਾਦਾ ਸਾਨੂੰ ਅੱਖਾਂ ਨਾਲ ਨਹੀਂ ਦਿੱਸਦਾ, ਅਸੀਂ ਉਸ ਦਾ ਦਾਅਵਾ ਕਰਕੇ ਦਿਖਾ ਨਹੀਂ ਸਕਦੇ ਕਿ ਉਹ ਹੈ | ਇਹ ਤਾਂ ਕੇਵਲ ਅਨੁਭਵ ਤੇ ਸਮਝ ਦੀ ਖੇਡ ਹੈ | ਜਿਸ ਤਰ੍ਹਾਂ ਭੁੱਖ ਤੇ ਪਿਆਸ ਨੂੰ  ਆਦਿ-ਜੁਗਾਦਿ ਤੋਂ ਕਿਸੇ ਨੇ ਦੇਖਿਆ ਨਹੀਂ, ਕੇਵਲ ਅਨੁਭਵ ਹੀ ਕੀਤਾ ਅਤੇ ਸਮਝਿਆ ਹੈ ਕਿ ਇਹ ਕਿਉਂ ਉਤਪੰਨ ਹੁੰਦੀ ਹੈ, ਇਸ ਨੂੰ  ਕਿਵੇਂ ਮਿਟਾਇਆ ਜਾ ਸਕਦਾ ਹੈ ਤੇ ਸਰੀਰਕ ਕਿਰਿਆ ਲਈ ਕਿੰਨੀ ਜ਼ਰੂਰੀ ਹੈ | ਇਸੇ ਪ੍ਰਕਾਰ ਹੈ ਗੁਰੂ ਦੀ ਰੌਸ਼ਨੀ | ਇਹ ਕਿੰਨੀ ਜ਼ਰੂਰੀ ਹੈ, ਅਧਿਆਤਮਿਕ ਜੀਵਨ ਲਈ ਕਿਵੇਂ ਪ੍ਰਾਪਤ ਹੁੰਦੀ ਹੈ ਤੇ ਕਿਸ ਤਰ੍ਹਾਂ ਇਹ ਪਿਆਸ ਉਤਪੰਨ ਹੁੰਦੀ ਹੈ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਦਿੰਦੇ ਹਨ | ਇਨ੍ਹਾਂ ਦਾ ਪ੍ਰਕਾਸ਼ ਭਾਵ ਕਿ ਆਗਮਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ | ਜਿਸ ਤਰ੍ਹਾਂ ਇਕ ਦੀਵਾ ਆਪਣੀ ਲੋਅ ਤੋਂ ਹਜ਼ਾਰਾਂ ਦੀਵੇ ਬਾਲਦਾ ਹੈ, ਉਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋੜਾਂ ਮਨੁੱਖੀ ਆਤਮਾਵਾਂ ਦੇ ਅੰਦਰ ਦੀ ਜੋਤ ਨੂੰ  ਜਗਾ ਦਿੰਦਾ ਹੈ | ਗੁਰੂ ਗ੍ਰੰਥ ਸਾਹਿਬ ਵਿਚ ਦਸ ਗੁਰੂ ਸਹਿਬਾਨ ਦੀ ਜੋਤ ਹਾਜ਼ਰ-ਨਾਜ਼ਰ ਹੈ | ਅੱਜ ਦੇ ਕਲਯੁੱਗ ਦੇ ਸਮੇਂ ਵਿਚ ਕਈ ਵਾਰ ਅਕਾਲ ਪੁਰਖ ਪ੍ਰਤੱਖ ਪ੍ਰਮਾਣ ਵੀ ਪੇਸ਼ ਕਰਦੇ ਹਨ ਤਾਂ ਕਿ ਕਲਯੁੱਗ ਆਪਣਾ ਪ੍ਰਭਾਵ ਗੁਰੂ ਦੀਆਂ ਸੰਗਤਾਂ ਤੋਂ ਦੂਰ ਹੀ ਰੱਖੇ | ਲਗਭਗ ਸੰਨ 2002 ਦੀ ਇਕ ਘਟਨਾ ਜਿਸ ਵਿਚ ਵਾਸੂ ਭਾਰਦਵਾਜ ਜੋ ਗੁਜਰਾਤ ਮੂਲ ਦਾ ਵਿਗਿਆਨੀ ਸੀ, ਨੇ ਆਪਣੀ ਇੰਟਰਵਿਊ ਵਿਚ ਆਪਣਾ ਅਨੁਭਵ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਦੀ ਬਾਣੀ ਸੁਣਨ ਦੇ ਨਾਲ ਉਸ ਦਾ 'ਬੋਨ ਕੈਂਸਰ' ਠੀਕ ਹੋਇਆ | ਕਾਲਜ ਪੜ੍ਹਦਿਆਂ ਹੋਇਆ ਮੈਨੂੰ ਵੀ ਸੰਨ 2006 ਵਿਚ ਉਸ ਵਿਗਿਆਨੀ ਦਾ ਗੁਰੂ ਦੇ ਪ੍ਰਕਾਸ਼ ਨੂੰ  ਮਹਿਸੂਸ ਕਰਨ ਦੇ ਅਨੁਭਵ ਨੂੰ  ਸੁਣਨ ਦਾ ਵੀ ਮੌਕਾ ਮਿਲਿਆ |
ਜਿਸ ਨੂੰ  ਆਤਮਿਕ ਪਿਆਸ ਲੱਗ ਜਾਂਦੀ ਹੈ, ਉਹ ਦੁਨੀਆ ਦੀ ਪ੍ਰਵਾਹ ਕੀਤੇ ਬਗੈਰ ਕੇਵਲ ਆਪਣੀ ਪਿਆਸ ਨੂੰ  ਬੁਝਾਉਣ ਦਾ ਯਤਨ ਕਰਦਾ ਹੈ | ਗੁਰਬਾਣੀ ਦਾ ਫ਼ਰਮਾਨ ਹੈ ਕਿ ਗੁਰਮੁਖਾਂ ਨੂੰ  ਇਕ ਸੱਚੇ ਨਾਮ ਤੋਂ ਬਿਨਾਂ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ | ਗੁਰੂ ਦੇ ਪਿਆਰਿਆਂ ਦੀ ਅਵਸਥਾ ਨੂੰ  ਬਿਆਨ ਕਰਦਿਆਂ ਗੁਰੂ ਸਾਹਿਬ ਲਿਖਦੇ ਹਨ ਕਿ ਜਿਸ ਤਰ੍ਹਾਂ ਬੰਬੀਹੇ ਨੂੰ  ਕੇਵਲ ਇਕ ਖ਼ਾਸ ਨਕਸ਼ਤ੍ਰ (ਸਵਾਤੀ ਨਕਸ਼ਤ੍ਰ) 'ਚ ਪੈਣ ਵਾਲੇ ਮੀਂਹ ਦੀ ਉਸ ਪਵਿੱਤਰ ਬੂੰਦ ਦੀ ਤਾਂਘ ਹੁੰਦੀ ਹੈ, ਉਸ ਨੂੰ  ਉਹ ਹਰ ਸਮੇਂ ਉਡੀਕਦਾ ਰਹਿੰਦਾ ਹੈ | ਠੀਕ ਇਸੇ ਤਰ੍ਹਾਂ ਗੁਰਮੁਖ ਜਨ ਪ੍ਰਮਾਤਮਾ ਦੇ ਅਨੁਭਵੀ ਦਰਸ਼ਨਾਂ ਦੀ ਤਾਂਘ ਰੱਖਦੇ ਹਨ, ਉਸ ਦੇ ਮਿਲਾਪ ਨੂੰ , ਉਸ ਦੀ ਕਿਰਪਾ ਦਿ੍ਸ਼ਟੀ ਦੇ ਪ੍ਰਕਾਸ਼ ਦੇ ਝਲਕਾਰੇ ਨੂੰ  ਤਰਸਦੇ ਹਨ | ਭਾਈ ਵੀਰ ਸਿੰਘ ਲਿਖਦੇ ਹਨ 'ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ ਅਸਾਂ ਧਾ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ' | ਵੱਡੇ ਭਾਗ ਹਨ ਜਿਨ੍ਹਾਂ ਦਾ ਜਨਮ ਗੁਰਸਿੱਖਾਂ ਦੇ ਘਰ ਵਿਚ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੇ ਗੁਰੂ ਹਨ | ਸੰਸਾਰ ਵਿਚ ਆਇਆਂ ਜ਼ਿੰਦਗੀ ਨੂੰ  ਸਫ਼ਲ ਬਣਾਉਣਾ, ਇਹੀ ਸਾਡਾ ਮਕਸਦ ਹੈ ਤੇ ਕੇਵਲ ਗੁਰੂ ਦੇ ਪ੍ਰਕਾਸ਼ ਰਾਹੀਂ, ਗੁਰੂ ਦੇ ਸ਼ਬਦਾਂ ਨਾਲ ਜਦੋਂ ਸਾਡੇ ਹਿਰਦੇ ਦੀ ਬਾਰੰਬਾਰਤਾ ਮੇਲ ਖਾ ਜਾਵੇਗੀ ਤਾਂ ਹਿਰਦੇ ਰੂਪੀ ਕਮਲ ਉੱਪਰ ਬ੍ਰਹਮ ਸਰੂਪ ਪ੍ਰਮਾਤਮਾ ਪ੍ਰਕਾਸ਼ਮਾਨ ਹੋ ਜਾਣਗੇ |

-ਤਲਵੰਡੀ ਸਾਬੋ |

Ad Position 22
No active advertisement
ਪਿਛਲੀ ਖ਼ਬਰ ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ | ¸ਹੈਨਰੀ ਵਾ... ਅਗਲੀ ਖ਼ਬਰ ਇਤਿਹਾਸਕ ਸਥਾਨ ਗੁਰਦੁਆਰਾ ਮਰਦੋ ਸਾਹਿਬ
Ad Position 24