ਇਸ ਨਿਬੰਧ ਦਾ ਸਿਰਲੇਖ ਭਾਵੇਂ ਕੁਝ ਕੁ ਸ਼ਬਦਾਂ ਦਾ ਹੈ ਪ੍ਰੰਤੂ ਇਸ ਵਿਚ ਉਹ ਸੱਚ 'ਤੇ ਅਸਲੀਅਤ ਸਮੋਈ ਹੈ, ਜੋ ਇਕ ਸਧਾਰਨ ਮਨੁੱਖ ਨੂੰ ਵੀ ਅਧਿਆਤਮਕਤਾ ਦੇ ਉਨ੍ਹਾਂ ਡੂੰਘੇ ਰਹੱਸਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ, ਜੋ ਸੰਪੂਰਨ ਮਾਨਵ ਜਾਤੀ ਦਾ ਆਧਾਰ ਹਨ | ਅਧਿਆਤਮਕ ਵਿਦਵਾਨਾਂ 'ਚੋਂ ਇਕ ਵਿਦਵਾਨ ਮਹਾਂਰਿਸ਼ੀ ਪਤੰਜਲੀ ਹਨ, ਜਿਨਾਂ ਨੇ ਆਪਣੇ ਗ੍ਰੰਥ 'ਯੋਗ ਦਰਸ਼ਨ' 'ਚ ਮਨੁੱਖੀ ਰਚਨਾ ਵਿਚ ਸਮੋਏ ਅਨੇਕ ਹੋਰ ਸਰੀਰਾਂ ਤੇ ਅਵਸਥਾਵਾਂ ਦਾ ਵਰਨਣ ਕੀਤਾ ਹੈ | ਡਾ. ਅਜਾਇਬ ਸਿੰਘ ਦੀ ਪੁਸਤਕ 'ਜੀਵਨ ਦੇ ਗੁੱਝੇ ਭੇਤ' ਵਿਚ ਵਰਣਿਤ ਹੈ ਕਿ ਪਤੰਜਲੀ ਦੇ 'ਯੋਗ ਦਰਸ਼ਨ' ਅਨੁਸਾਰ ਸਾਡਾ ਇਕ ਨਹੀਂ, ਪੰਜ ਸਰੀਰ ਹਨ | ਪ੍ਰੰਤੂ ਮਹਾਤਮਾ ਬੁੱਧ ਇਸ ਵਿਸ਼ੇ ਸਬੰਧੀ ਹੋਰ ਵੀ ਅਧਿਕ ਗਹਿਰਾਈ 'ਚ ਪਹੁੰਚ ਚੁੱਕੇ ਸਨ | ਉਨ੍ਹਾਂ ਨੇ ਮਨੁੱਖੀ ਸਰੀਰ ਦੇ ਕੇਵਲ ਪੰਜ ਨਹੀਂ, ਬਲਕਿ ਸੱਤ ਸਰੀਰਾਂ ਦਾ ਵਰਣਨ ਕੀਤਾ |

ਭੌਤਿਕ ਸਰੀਰ-ਇਹ ਮਨੁੱਖ ਦਾ ਬਾਹਰੀ ਸਰੀਰ ਹੈ, ਜੋ ਸਾਨੂੰ ਇਨ੍ਹਾਂ ਅੱਖਾਂ ਰਾਹੀਂ ਦਿਖਾਈ ਦੇ ਰਿਹਾ ਹੈ ਤੇ ਜਿਸ ਨੂੰ ਅਸੀਂ ਆਪਣੇ ਹੱਥਾਂ ਰਾਹੀਂ ਛੂਹ ਸਕਦੇ ਹਾਂ | ਇਸ ਨੂੰ ਸਥੂਲ ਸਰੀਰ ਜਾਂ ਅੰਨ ਸਰੀਰ ਵੀ ਕਹਿੰਦੇ ਹਨ ਕਿਉਂਕਿ ਇਹ ਅੰਨ ਦੇ ਆਸਰੇ ਜਿਊਾਦਾ ਹੈ | ਇਸ ਸਰੀਰ ਦਾ ਰਚਨਾ ਤੱਤ 'ਮਿੱਟੀ' ਹੈ | ਐਲੋਪੈਥੀ ਵਿੱਦਿਆ ਦਾ ਵਿਕਾਸ ਭੌਤਿਕ ਸਰੀਰ ਦੇ ਗਿਆਨ ਤੋਂ ਹੋਇਆ ਹੈ |
ਸੂਖਮ ਸਰੀਰ/ਪ੍ਰਾਣ ਕੋਸ਼-ਭੌਤਿਕ ਸਰੀਰ ਤੋਂ ਬਾਅਦ ਦੂਜਾ ਸਰੀਰ ਸੂਖਮ ਸਰੀਰ ਹੈ | ਇਸ ਨੂੰ ਪ੍ਰਾਣ ਕੋਸ਼ ਵੀ ਕਿਹਾ ਜਾਂਦਾ ਕਿਉਂਕਿ ਇਹ ਪ੍ਰਾਣਾਂ ਦੇ ਆਸਰੇ ਜਿਉਂਦਾ ਹੈ | ਇਹ ਸਰੀਰ ਸਾਨੂੰ ਇਨ੍ਹਾਂ ਬਾਹਰੀ ਅੱਖਾਂ ਨਾਲ ਨਹੀਂ ਦਿਖਾਈ ਦਿੰਦਾ | ਖੁੱਲ੍ਹੀ ਤੇ ਸ਼ੁੱਧ ਹਵਾ 'ਚ ਡੂੰਘਾ ਸਾਹ ਲੈਣ ਨਾਲ ਪ੍ਰਾਣ ਕੋਸ਼ ਜ਼ਿਆਦਾ ਤੰਦਰੁਸਤ ਰਹਿੰਦਾ ਹੈ | ਇਹ ਸਰੀਰ ਭੌਤਿਕ ਸਰੀਰ ਨਾਲੋਂ ਵੱਧ ਚੁਸਤ ਤੇ ਤਾਕਤਵਰ ਹੈ | ਐਕੁਪ੍ਰੈਸ਼ਰ ਵਿੱਦਿਆ ਦਾ ਵਿਕਾਸ ਪ੍ਰਾਣ ਕੋਸ਼ ਦੇ ਗਿਆਨ ਤੋਂ ਹੋਇਆ ਹੈ | ਇਸ ਸਰੀਰ ਦੀ ਰਚਨਾ ਵਿਚ ਸਿ੍ਸ਼ਟੀ ਦਾ 'ਅੱਗ' ਤੱਤ ਅਹਿਮ ਭੂਮਿਕਾ ਨਿਭਾਉਂਦਾ ਹੈ |
ਸੂਖਸ਼ਮ ਕੋਸ਼ਾ-ਮਨੁੱਖੀ ਸਰੀਰ ਵਿਚ ਮੌਜੂਦ ਤੀਜੇ ਅਦਿ੍ਸ਼ ਸਰੀਰ ਨੂੰ ਸੂਖਸ਼ਮ ਕੋਸ਼ਾ ਕਿਹਾ ਜਾਂਦਾ ਹੈ | ਇਹ ਸਰੀਰ ਬਹੁਤ ਹੀ ਸੂਖਮ ਤਰੰਗਾਂ ਦਾ ਬਣਿਆ ਹੋਇਆ ਹੈ | ਪਤੰਜਲੀ ਅਨੁਸਾਰ ਜੀਵਨ ਤੇ ਮੌਤ ਦਾ ਭੇਦ ਤੀਜੇ ਸਰੀਰ 'ਚ ਮੌਜੂਦ ਹੈ | ਇਸ ਸਰੀਰ ਨੂੰ ਗ੍ਰਹਿਣ ਕਰਕੇ ਅਸੀਂ ਮੌਤ ਨੂੰ ਇਕ ਮਹਿਮਾਨ ਵਾਂਗ ਜੀ ਆਇਆਂ ਕਹਿ ਸਕਦੇ ਹਾਂ | ਹਰ ਕਿਸਮ ਦੀਆਂ ਇੱਛਾਵਾਂ ਤੇ ਭਾਵਨਾਵਾਂ ਇਸ ਸਰੀਰ 'ਚੋਂ ਪੈਦਾ ਹੁੰਦੀਆਂ ਹਨ | ਤੀਜੇ ਸਰੀਰ ਵਿਚ ਭਾਵਨਾਵਾਂ ਨਹੀਂ, ਸਿਰਫ਼ ਇਨ੍ਹਾਂ ਭਾਵਨਾਵਾਂ ਨੂੰ ਪੈਦਾ ਕਰਨ ਵਾਲੀਆਂ ਤਰੰਗਾਂ ਵੀ ਹਨ | ਤੀਜੇ ਸਰੀਰ ਦਾ ਭੇਤ ਹਾਸਿਲ ਕਰਨ ਵਾਲਾ ਮਨੁੱਖ ਆਪਣੇ ਅੰਦਰ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਨ੍ਹਾਂ ਤਿਰੰਗਾਂ ਨੂੰ ਵਰਤ ਸਕਦਾ ਹੈ | ਇਸ ਸਰੀਰ 'ਚ ਹਵਾ ਤੱਤ ਦੀ ਪ੍ਰਧਾਨਤਾ ਹੁੰਦੀ ਹੈ |
ਮਨ ਕੋਸ਼ਾ-ਇਹ ਮਨੁੱਖੀ ਸਰੀਰ 'ਚ ਮੌਜੂਦ ਚੌਥਾ ਸਰੀਰ ਹੈ, ਜਿਸ 'ਚ ਮੌਜੂਦ ਮਨ ਵਿਚ ਲਗਾਤਾਰ ਚੱਲ ਰਹੇ ਵਿਚਾਰ ਸਾਡੇ ਲਈ ਉਲਝਣ ਪੈਦਾ ਕਰਦੇ ਹਨ ਤੇ ਮਾਨਸਿਕ ਤਣਾਅ ਦਾ ਵੱਡਾ ਕਾਰਨ ਬਣਦੇ ਹਨ | ਇਹ ਮਨ ਇਕ ਮਸ਼ੀਨ ਵਾਂਗ ਕੰਮ ਕਰਦਾ ਹੈ, ਜਿਸ ਕਰਕੇ ਅਸੀਂ ਇਕ-ਦੂਸਰੇ ਦੀ ਰੀਸ ਕਰਦੇ ਹਾਂ | ਦੂਸਰਿਆਂ ਦੀ ਰੀਸ ਕਰਨ ਨਾਲ ਮਨ ਕੋਸ਼ਾ ਵਿਕਸਿਤ ਨਹੀਂ ਹੋ ਸਕਦਾ | ਜਦੋਂ ਅਸੀਂ ਰੀਸ ਕਰਨੀ ਛੱਡ ਦਈਏ ਤੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਆਪਣੇ ਦਿਮਾਗ ਨਾਲ ਹੱਲ ਕਰੀਏ ਤਾਂ ਮਨ ਕੋਸ਼ਾ ਦਾ ਬੇਹੱਦ ਵਿਕਾਸ ਹੁੰਦਾ ਹੈ | ਇਸ ਸਰੀਰ ਦਾ ਭੇਤ ਹਾਸਿਲ ਕਰਨ ਵਾਲਾ ਆਦਮੀ ਤੋਂ ਮਨੁੱਖ ਬਣ ਜਾਂਦਾ ਹੈ | ਇਸ ਸਰੀਰ ਵਿਚ ਪਾਣੀ ਤੱਤ ਦੀ ਪ੍ਰਧਾਨਤਾ ਹੁੰਦੀ ਹੈ |
ਆਨੰਦ ਕੋਸ਼ਾ/ਆਤਮਿਕ ਸਰੀਰ-ਮਨੁੱਖ ਦੇ ਸਰੀਰ ਦੀ ਪੰਜਵੀਂ ਅਦਿ੍ਸ਼ ਤਹਿ ਨੂੰ ਆਨੰਦ ਕੋਸ਼ਾ ਜਾਂ ਆਤਮਿਕ ਸਰੀਰ ਵੀ ਕਿਹਾ ਜਾਂਦਾ ਹੈ | ਪੰਜਵੇਂ ਸਰੀਰ ਦਾ ਭੇਤ ਹਾਸਿਲ ਕਰਨਾ ਬਹੁਤ ਕਠਿਨ ਕਾਰਜ ਹੈ | ਪੰਜਵੇਂ ਸਰੀਰ ਨੂੰ ਹਾਸਲ ਕਰਕੇ ਮਨੁੱਖ ਨੂੰ ਇਸ ਪ੍ਰਕਾਰ ਲਗਦਾ ਜਿਵੇਂ ਉਸਨੇ ਸਭ ਕੁਝ ਜਾਣ ਲਿਆ | ਇਸੇ ਸਰੀਰ 'ਚ ਪਰਮਾਤਮਾ ਦਾ ਅੰਸ਼ ਕਹੇ ਜਾਣ ਵਾਲੀ 'ਆਤਮਾ' ਮੌਜੂਦ ਹੈ | ਇਸ ਸਰੀਰ ਦੇ ਭੇਤੀ ਨੂੰ ਆਤਮ-ਗਿਆਨੀ ਵੀ ਕਿਹਾ ਜਾਂਦਾ ਹੈ | ਇਹ ਸਰੀਰ ਦਾ ਭੇਤ ਹਾਸਿਲ ਕਰਨ ਵਾਲੇ ਮਨੁੱਖ ਦੇ ਅਹੰਕਾਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਕਿਉਂਕਿ ਆਤਮਗਿਆਨ ਦਾ ਭੇਦ ਪ੍ਰਾਪਤ ਕਰਨਾ ਕੋਈ ਸੌਖਾ ਕੰਮ ਨਹੀਂ | ਇਸ ਸਰੀਰ 'ਚ ਆਕਾਸ਼ ਤੱਤ ਦੀ ਪ੍ਰਧਾਨਤਾ ਹੁੰਦੀ ਹੈ | ਇਹ ਤੱਤ ਏਨਾ ਸੂਖਮ ਹੈ ਕਿ ਇਸ ਨੂੰ ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ, ਸਿਰਫ਼ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਆਕਾਸ਼ ਤੱਤ ਹੈ |
ਬ੍ਰਹਮ ਸਰੀਰ-ਮਹਾਤਮਾ ਬੁੱਧ ਅਨੁਸਾਰ ਇਨ੍ਹਾਂ ਪੰਜ ਸਰੀਰਾਂ ਤੋਂ ਇਲਾਵਾ ਦੋ ਹੋਰ ਸਰੀਰ ਵੀ ਹਨ, ਜਿਨ੍ਹਾਂ ਨੂੰ ਹਾਸਿਲ ਕਰਕੇ ਮਨੁੱਖ ਦਾ ਜਨਮ-ਮਰਨ ਦੇ ਗੇੜ ਤੋਂ ਛੁਟਕਾਰਾ ਹੋ ਜਾਂਦਾ ਹੈ | ਇਸ ਸਰੀਰ ਨੂੰ ਹਾਸਿਲ ਕਰਨ ਲਈ ਮਨੁੱਖ ਨੂੰ ਉਸ ਵਿਚ ਪੈਦਾ ਹੋਣ ਵਾਲੇ ਉਸ ਆਤਮਿਕ ਹੰਕਾਰ ਨੂੰ ਛੱਡਣਾ ਪੈਂਦਾ ਹੈ, ਜੋ ਉਸਨੂੰ ਪੰਜ ਸਰੀਰ ਦਾ ਭੇਤ ਗ੍ਰਹਿਣ ਕਰਨ ਨਾਲ ਹੋਇਆ ਸੀ | ਨਿਰੰਤਰ ਸਾਧਨਾ, ਸਥਿਰਤਾ ਤੇ ਦਿ੍ੜ੍ਹ ਵਿਸ਼ਵਾਸ ਨਾਲ ਇਕ ਦਿਨ ਸਾਧਕ ਨੂੰ ਪਰਮਾਤਮਾ ਵਲੋਂ ਛੇਵੇਂ ਸਰੀਰ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ | ਪੁਸਤਕ 'ਜੀਵਨ ਦੇ ਗੁੱਝੇ ਭੇਤ' ਅਨੁਸਾਰ ਸਾਰੇ ਵੇਦ ਛੇਵਾਂ ਸਰੀਰ ਹਾਸਲ ਕਰਨ ਵਾਲੇ ਇਨਸਾਨਾਂ ਨੇ ਹੀ ਰਚੇ ਹਨ | ਇਸ ਸਰੀਰ ਦੇ ਭੇਤੀ ਨੂੰ ਬ੍ਰਹਮ-ਗਿਆਨੀ ਜਾਂ ਦੇਵਤਾ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਪਹੁੰਚਣ ਵਾਲੇ ਮਨੁੱਖ ਲਈ ਸਾਰੇ ਭਿੰਨ-ਭੇਦ ਮਿਟ ਜਾਂਦੇ ਹਨ |
ਨਿਰਵਾਨ ਕਾਇਆ-ਮਹਾਤਮਾ ਬੁੱਧ ਨੇ ਸੱਤਵੇਂ ਸਰੀਰ ਨੂੰ ਨਿਰਵਾਨ ਕਾਇਆ ਕਹਿ ਕੇ ਸੰਬੋਧਨ ਕੀਤਾ, ਜਿਸ 'ਚ ਜੀਵਨ ਦਾ ਚੱਕਰ ਪੂਰਾ ਹੋ ਜਾਂਦਾ ਹੈ | ਬੁੱਧ ਧਰਮ ਵਿਚ ਨਿਰਵਾਨ ਪ੍ਰਾਪਤੀ ਹੀ ਜੀਵਨ ਦਾ ਮੁੱਖ ਟੀਚਾ ਜਾਂ ਉਦੇਸ਼ ਮੰਨਿਆ ਗਿਆ ਹੈ |
ਸ਼ਬਦਾਂ ਰਾਹੀਂ ਸਰੀਰ ਦੇ ਨਕਸ਼ੇ ਬਾਰੇ ਕੇਵਲ ਇੰਨਾ ਕੁ ਹੀ ਦੱਸਿਆ ਜਾ ਸਕਦਾ ਹੈ | ਸ਼ਬਦ ਕਿਸੇ ਗੱਲ ਨੂੰ ਦੱਸਣ ਦਾ ਕੇਵਲ ਇਸ਼ਾਰਾ ਕਰ ਸਕਦੇ ਹਨ | ਜੇ ਚਾਹਵਾਨ ਮਨੁੱਖ ਖ਼ੁਦ ਆਪਣੇ ਸਰੀਰ ਦੇ ਇਸ ਅਦਭੁਤ ਨਕਸ਼ੇ ਨੂੰ ਸਮਝਣ, ਦੇਖਣ ਤੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰੇ ਤਾਂ ਕੁਦਰਤ ਦੇ ਬੇਅੰਤ ਗੁੱਝੇ ਭੇਦਾਂ ਦਾ ਗਿਆਨ ਪ੍ਰਾਪਤ ਹੋ ਸਕਦਾ ਹੈ |
-ਮੋਬਾਈਲ : 79733-27963