05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੇਵਾ ਦੇ ਪੁੰਜ-ਭਾਈ ਬਹਿਲੋ ਸਭ ਤੋਂ ਪਹਿਲੋ

ਸੇਵਾ ਦੇ ਪੁੰਜ-ਭਾਈ ਬਹਿਲੋ ਸਭ ਤੋਂ ਪਹਿਲੋ

Ad Position 21
No active advertisement
ਅਜੀਤ ਡੈਸਕ 05-10-2026

ਭਾਈ ਬਹਿਲੋ ਜੀ ਦਾ ਜਨਮ ਸੰਨ 1553 ਈ. (1610 ਬਿਕਰਮੀ) ਨੂੰ  ਪਿੰਡ ਫਫੜੇ ਵਿਖੇ ਅਲਦਿੱਤ ਚੌਧਰੀ (ਅੱਲਾ-ਦਿੱਤਾ) ਦੇ ਗ੍ਰਹਿ ਵਿਖੇ ਮਾਤਾ ਗਾਗ ਦੀ ਕੁੱਖੋਂ ਹੋਇਆ | ਚੌਧਰੀ ਅਲਦਿੱਤ ਸਖੀ ਸਰਵਰ ਸੁਲਤਾਨ ਦਾ ਪੁਜਾਰੀ ਸੀ | ਭਾਈ ਬਹਿਲੋ ਦਾ ਮੁੱਢਲਾ ਪਰਿਵਾਰਕ ਨਾਂਅ ਬਹਿਲੋਲ ਸੀ | ਪਰਿਵਾਰਕ ਰੀਤ ਅਨੁਸਾਰ ਬਹਿਲੋਲ ਵੱਡੇ ਹੋ ਕੇ ਸਰਵਰੀਆ ਆਗੂ ਬਣੇ ਤੇ ਹਰ ਸਾਲ ਵੱਡਾ ਸੰਗ ਲੈ ਕੇ ਪੀਰ ਦੇ ਸਥਾਨ ਨਗਾਹੇ (ਡੇਰਾ ਗਾਜ਼ੀ ਖਾਂ-ਪਾਕਿਸਤਾਨ) ਜ਼ਿਆਰਤ ਲਈ ਜਾਣ ਲੱਗੇ | ਉਨ੍ਹਾਂ ਦਾ ਤਾਇਆ ਖੈਰਾ ਫਫੜਾ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ 'ਘੋੜ ਚੜ੍ਹਾ' ਸਿੱਖ ਸੀ, ਜੋ ਗੁਰੂ ਜੀ ਦੀ ਸੇਵਾ 'ਚ ਰਾਮਦਾਸ ਪੁਰ ਵਿਖੇ ਸੇਵਾ 'ਚ ਹਾਜ਼ਰ ਸੀ |

ਬਹਿਲੋਲ ਨੇ ਗੁਰੂ ਘਰ ਬਾਰੇ ਜਾਣਕਾਰੀ ਆਪਣੇ ਤਾਏ ਤੋਂ ਹੀ ਪ੍ਰਾਪਤ ਕੀਤੀ | ਸੰਮਤ 1643 ਬਿਕਰਮੀ (ਸੰਨ 1583 ਈ.) ਵਿਚ ਅਚਾਨਕ ਇਕ ਦਿਨ ਸ੍ਰੀ ਗੁਰੂ ਅਰਜੁਨ ਦੇਵ ਜੀ ਵਲੋਂ ਇਕ ਮੇਵੜਾ ਘੋੜ ਚੜ੍ਹਾ ਸਿੱਖ ਗੁਰੂ ਜੀ ਦਾ ਸੰਦੇਸ਼ ਲੈ ਕੇ ਫਫੜੇ ਨਗਰ ਵਿਖੇ ਬਹਿਲੋਲ ਕੋਲ ਪਹੁੰਚਿਆ ਪਰ ਬਹਿਲੋਲ ਦੁਬਿਧਾ ਵਿਚ ਫਸਿਆ ਹੁਕਮ ਦੀ ਪਾਲਣਾ ਨਾ ਕਰ ਸਕਿਆ | ਫਿਰ ਉਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਸਰਵਰੀਆ ਭੇਸ ਉਤਾਰ ਦਿੱਤਾ ਤੇ ਸਿੱਖੀ ਮਰਿਆਦਾ ਦੇ ਧਾਰਨੀ ਬਣ ਗਏ | ਅਗਲੇ ਦਿਨ ਭਾਈ ਬੁੱਢਾ ਜੀ ਤੋਂ ਟੋਕਰੀ ਅਤੇ ਕਹੀ ਪ੍ਰਾਪਤ ਕਰਕੇ ਸਰੋਵਰ ਦੀ ਪੁਟਾਈ ਕਰਨ ਲੱਗ ਪਏ | ਆਪਣੀ ਸੁੱਧ-ਬੁੱਧ ਤੋਂ ਬੇਧਿਆਨ ਹੋ ਬਿਰਤੀ ਮਸਤਾਨੀ ਹੋ ਗਈ | ਗੁਰੂ ਦੀ ਸੇਵਾ ਨੂੰ  ਆਪਣਾ ਜੀਵਨ ਮਨੋਰਥ ਥਾਪ ਕੇ ਸੇਵਾ ਦਾ ਸਰੂਪ ਬਣ ਬੈਠਾ | ਜਦੋਂ ਰਾਮਦਾਸ ਸਰੋਵਰ ਦੀ ਪੁਟਾਈ ਦਾ ਕੰਮ ਸਮਾਪਤ ਹੋ ਗਿਆ ਤਾਂ ਗੁਰੂ ਸਾਹਿਬ ਨੇ ਸਰੋਵਰ ਦੇ ਫੜ੍ਹ ਪੱਕੇ ਕਰਨ ਦਾ ਕਾਰਜ ਆਰੰਭ ਕਰ ਦਿੱਤਾ | ਬਹਿਲੋਲ ਨੂੰ  ਇੱਟਾਂ ਦੇ ਆਵੇ ਪਕਾਉਣ ਦੀ ਵਿਸ਼ੇਸ਼ ਸੇਵਾ ਸੌਂਪੀ ਗਈ | ਦਿਨਾਂ ਵਿਚ ਹੀ ਕੂੜਾ-ਕਰਕਟ ਅਤੇ ਸ਼ਹਿਰ ਦਾ ਗੰਦ-ਮੰਦ ਇਕੱਠਾ ਕਰ ਖੋਤਿਆਂ ਅਤੇ ਗੱਡਿਆਂ ਰਾਂਹੀ ਢੋ ਕੇ ਉਨ੍ਹਾਂ ਨੇ ਬਾਲਣ ਦੇ ਢੇਰ ਲਾ ਦਿੱਤੇ | ਭੱਠਿਆਂ ਦੇ ਕਾਰੀਗਰਾਂ ਦੀ ਸਲਾਹ ਅਨੁਸਾਰ ਇੱਟਾਂ ਦੀ ਵੱਖ ਪਕਾਈ ਲਈ, ਬਿਸਟਾ ਢੋਣ ਦਾ ਕੰਮ ਛੱਜ ਅਤੇ ਫਹੁੜੀ ਨਾਲ ਆਰੰਭ ਕਰ ਦਿੱਤਾ, ਜਿਸ ਦੀ ਢੁਆਈ ਆਪਣੇ ਸਿਰ 'ਤੇ ਟੋਕਰੀਆਂ ਲੱਦ ਕੇ ਪੂਰੀ ਕੀਤੀ | ਜਦ ਆਵੇ ਖੋਲ੍ਹੇ ਗਏ ਤਾਂ ਬਹਿਲੋਲ ਦੇ ਆਵੇ ਦੀਆਂ ਇੱਟਾਂ ਲਾਲ ਸੁਰਖ ਅਤੇ ਵਧੇਰੇ ਪੱਕੀਆਂ ਹੋਈਆਂ ਨਿਕਲੀਆਂ | ਗੁਰੂ ਜੀ ਇੱਟਾਂ ਵੇਖ ਕੇ ਗੱਦ-ਗੱਦ ਹੋ ਉੱਠੇ | ਜਦ ਬਹਿਲੋਲ ਗੁਰੂ ਜੀ ਦੇ ਸਨਮੁੱਖ ਹੋਇਆ ਤਾਂ ਆਪਣੇ ਲਿੱਬੜੇ ਵਸਤਰ ਅਤੇ ਮਲੀਨ ਪਿੰਡੇ ਕਾਰਨ ਗੁਰੂ ਜੀ ਤੋਂ ਦੂਰ ਹਟ ਖਲੋਇਆ ਪਰ ਗੁਰੂ ਜੀ ਨੇ ਝੱਟ ਉਨ੍ਹਾਂ ਨੂੰ  ਆਪਣੇ ਕਲਾਵੇ ਵਿਚ ਲੈ ਲਿਆ | ਗੁਰੂ ਜੀ ਉਸਦੇ ਬਿਸਟਾ ਢੋਏ ਜਾਣ ਕਾਰਨ ਨੁੱਚੜੇ ਪਿੰਡੇ ਅਤੇ ਮੁੰਡਾਸੇ ਹੇਠ ਪਏ ਕਿਰਮਾਂ ਨੂੰ  ਦੇਖ ਕੇ ਦ੍ਰਵਿਤ ਹੋ ਗਏ | ਗੁਰੂ ਜੀ ਨੇ ਸਿੱਖਾਂ ਨੂੰ  ਬਹਿਲੋਲ ਨੂੰ  ਇਸ਼ਨਾਨ ਕਰਵਾ ਕੇ ਨਵੇਂ ਪੁਸ਼ਾਕੇ ਪੁਆਏ ਜਾਣ ਦਾ ਹੁਕਮ ਦੇ ਦਿੱਤਾ | ਉਸ ਦੀ ਸੇਵਾ ਘਾਲ ਤੋਂ ਸਦਕੜੇ ਹੁੰਦਿਆਂ ਗੁਰੂ ਸਹਿਬਾਨ ਨੇ ਬਹਿਲੋਲ ਦੀ ਥਾਂ 'ਭਾਈ ਬਹਿਲੋ ਸਭ ਤੋਂ ਪਹਿਲੋ' ਦੀ ਪਦਵੀ ਬਖਸ਼ ਦਿੱਤੀ | ਭਾਈ ਸਾਹਿਬ ਨੂੰ  ਮਾਲਵੇ ਅੰਦਰ ਸਿੱਖੀ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ | ਗੁਰੂ ਦੇ ਨਾਂਅ 'ਤੇ ਲੰਗਰ ਚਲਾਏ ਜਾਣ ਦੀ ਹਦਾਇਤ ਨਾਲ ਉਨ੍ਹਾਂ ਨੂੰ  ਘਰ ਵਾਪਸੀ ਦਾ ਹੁਕਮ ਸੁਣਾਇਆ ਗਿਆ | ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਭਾਈ ਬਹਿਲੋ ਆਪਣੇ ਪਿੰਡ ਆ ਗਏ ਤੇ ਘਰ ਵਿਚ ਸਿੱਖ ਮਰਿਆਦਾ ਸ਼ੁਰੂ ਕਰ ਦਿੱਤੀ | ਘਰ ਤੋਂ ਥੋੜ੍ਹੀ ਦੂਰ ਉੱਤਰ-ਦੱਖਣ ਵੱਲ ਛੱਪੜ ਦੇ ਕਿਨਾਰੇ ਆਪਣਾ ਡੇਰਾ ਸਥਾਪਤ ਕਰਕੇ ਲੰਗਰ ਚਾਲੂ ਕਰ ਦਿੱਤਾ, ਜਿੱਥੇ ਇਲਾਕੇ ਭਰ 'ਚੋਂ ਆਈ ਸੰਗਤ ਦੀ ਸੇਵਾ ਹੋਣ ਲੱਗ ਪਈ | ਇਲਾਕੇ ਭਰ ਵਿਚ ਪ੍ਰਚਾਰ ਕਾਰਨ ਹਜ਼ਾਰਾਂ ਪ੍ਰਾਣੀਆਂ ਨੂੰ  ਗੁਰੂ ਦੇ ਲੜ ਲਾਇਆ | ਡੇਰੇ ਅੰਦਰ ਸਿੱਖਿਆ ਟਕਸਾਲ ਕਾਇਮ ਕਰ ਦਿੱਤੀ | ਸਾਲਾਂ ਬੱਧੀ ਸਿੱਖੀ ਪ੍ਰਚਾਰ, ਲੰਗਰ ਦੀ ਸੇਵਾ ਨਿਭਾਉਦਿਆਂ ਇਹ ਮਹਾਨ ਸਿੱਖ ਸੇਵਾਦਾਰ ਅੰਤ ਚੇਤ ਸੁਦੀ ਨੌਵੀਂ ਸੰਮਤ 1660 ਬਿਕਰਮੀ ਅਰਥਾਤ 25 ਮਾਰਚ 1603 ਈਸਵੀ ਨੂੰ  ਇਸ ਸੰਸਾਰ ਨੂੰ  ਅਲਵਿਦਾ ਆਖ ਗਏ | ਭਾਈ ਸਾਹਿਬ ਦੇ ਨਾਂਅ 'ਤੇ ਹੀ ਪਿੰਡ 'ਫਫੜੇ ਭਾਈ ਕੇ' ਰੱਖਿਆ ਗਿਆ | ਉਨ੍ਹਾਂ ਦੀ ਯਾਦ ਨੂੰ  ਤਾਜ਼ਾ ਕਰਨ ਲਈ ਸਾਲਾਨਾ ਜੋੜ ਮੇਲਾ ਇਸ ਵਾਰ 3, 4 ਤੇ 5 ਅਕਤੂਬਰ ਨੂੰ  ਗੁਰਦੁਆਰਾ ਸਾਹਿਬ ਭਾਈ ਬਹਿਲੋ ਜੀ ਪਿੰਡ ਫਫੜੇ ਭਾਈ ਕੇ (ਜ਼ਿਲ੍ਹਾ ਮਾਨਸਾ) ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ |

--ਪਿੰਡ ਹੀਰੋਂ ਖ਼ੁਰਦ, ਜ਼ਿਲ੍ਹਾ ਮਾਨਸਾ | ਮੋਬਾਈਲ : 92561-00049

Ad Position 22
No active advertisement
ਪਿਛਲੀ ਖ਼ਬਰ ਜਦੋਂ ਗੁ. ਰਕਾਬ ਗੰਜ ਸਾਹਿਬ ਦੀ ਕੰਧ ਨੂੰ ਲੈ ਕੇ ਅੰਗਰੇਜ਼ ਸਰਕਾਰ ਨੇ ਹਾਰ ਮੰਨੀ ਅਗਲੀ ਖ਼ਬਰ ਪੰਜਾਬ ਦਾ ਮਾਣ ਹੈ ਬਾਬਾ ਫ਼ਰੀਦ ਮੇਲਾ
Ad Position 24