15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸੰਤ ਕਰਤਾਰ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ

ਸੰਤ ਕਰਤਾਰ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ

Ad Position 21
No active advertisement
ਅਜੀਤ ਡੈਸਕ 16-11-2026

ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨਾਲ ਬਿਤਾਏ ਕੁਝ ਸੁਨਹਿਰੀ ਪਲ ਸਿੱਖ ਸੰਗਤ ਤੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ, ਜੋ ਉਨ੍ਹਾਂ ਪ੍ਰਤੀ ਸ਼ਰਧਾ ਤੇ ਸਨਮਾਨ ਵਧਾਉਣ ਵਾਲੇ ਹਨ | ਇੱਥੇ ਮੈਂ ਇਹ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਮੈਂ ਆਪ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਤੇ ਪੰਜਾਬ ਵਿਚ ਇਕੋ ਇਕ ਮਿਸਾਲ ਹੈ ਕਿ ਮੈਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਉੱਘੀ ਸਿੱਖਿਆ ਸੰਸਥਾ ਕਲਾਸ ਵਾਲਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਸੰਨ 1969 'ਚ ਪਿ੍ੰਸੀਪਲ ਥਾਪਿਆ ਗਿਆ ਸੀ | ਮੇਰਾ ਵਾਹ ਵੀ ਸੰਤ ਕਰਤਾਰ ਸਿੰਘ ਨਾਲ ਸੰਨ 1969 ਤੋਂ ਹੀ ਪਿਆ ਸੀ ਸੰਤ ਕਰਤਾਰ ਸਿੰਘ ਹਰ ਸਾਲ  ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਕਸਬਾ ਕਾਦੀਆਂ 'ਚ ਕੁਝ ਦਿਨ ਲਈ ਜ਼ਰੂਰ ਆਉਂਦੇ ਸੀ |
ਇਕ ਘਟਨਾ ਅਜਿਹੀ ਹੋਈ ਕਿ ਉਹ ਸਕੂਲ ਵਿਚ ਬੱਚਿਆਂ ਤੇ ਸਟਾਫ਼ ਨੂੰ  ਸੰਬੋਧਨ ਕਰਨ ਲਈ ਆਏ ਸਨ | ਮੈਂ ਉਨ੍ਹਾਂ ਨੂੰ  ਸਿਰੋਪਾਓ ਭੇਟ ਕੀਤਾ ਤੇ ਸਟਾਫ਼ ਨੇ ਵੀ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਕ ਰੂੜਵਾਦੀ ਡੀ.ਪੀ.ਈ. ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਕਿ ਸੰਤ ਕਰਤਾਰ ਸਿੰਘ ਨੇ ਇਕ ਪਤਿਤ ਕੋਲੋਂ ਸਿਰੋਪਾਓ ਕਿਵੇਂ ਸਵੀਕਾਰ ਕਰ ਲਿਆ? ਇਸ ਗੱਲ ਦਾ ਪਤਾ ਜਦ ਸੰਤ ਕਰਤਾਰ ਸਿੰਘ ਨੂੰ  ਲੱਗਾ ਤਾਂ ਉਹ ਰੋਹ 'ਚ ਆ ਗਏ ਤੇ ਉਨ੍ਹਾਂ ਮੈਨੂੰ ਕਿਹਾ ਕਿ ਮੈਂ ਸਕੂਲ ਪਹੁੰਚ ਕੇ ਸਾਰੇ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਤੇ ਹੋਰ ਸੰਗਤ ਸਾਹਮਣੇ ਇਸ ਵਿਸ਼ੇ 'ਤੇ ਸੰਬੋਧਨ ਕਰਾਂਗਾ | ਅਗਲੇ ਦਿਨ ਸਕੂਲ 'ਚ ਉਨ੍ਹਾਂ ਨੇ ਇਸ ਗੱਲ 'ਤੇ ਵਿਆਖਿਆ ਸ਼ੁਰੂ ਕੀਤੀ ਕਿ ਸਿੱਖ, ਸਿੰਘ ਤੇ ਅਕਾਲੀ ਵਿਚ ਕੀ ਫ਼ਰਕ ਹੁੰਦਾ ਹੈ? ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆ ਕਿਹਾ ਕਿ ਜਿਹੜਾ ਵੀ ਮਨੁੱਖ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਦਾ ਹੈ ਤੇ ਆਪਣੇ-ਆਪ ਨੂੰ  ਸਿੱਖ ਧਰਮ ਦੇ ਨਿਯਮਾਂ ਅਨੁਸਾਰ ਢਾਲ ਕੇ ਚੱਲਦਾ ਹੈ, ਉਸ ਨੂੰ  ਸਿੱਖ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ | ਜੇ ਤੰਗ ਨਜ਼ਰੀਏ ਨਾਲ ਸੋਚਾਂਗੇ ਤਾਂ ਅਸੀਂ ਆਪਣੇ ਨੌਂ ਗੁਰੂਆਂ ਬਾਰੇ ਕੀ ਕਹਾਂਗੇ? ਉਹ ਸਾਰੇ ਸਿੱਖ ਸਨ, ਪਰ ਸਿੰਘ ਨਹੀਂ ਸਨ | ਸਿੰਘ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਜੇ ਸਨ | ਸੰਤ ਜੀ ਨੇ ਕਿਹਾ ਪਿ੍ੰ. ਮਨੋਹਰ ਲਾਲ ਸ਼ਰਮਾ ਭਾਵੇਂ ਸਿੰਘ ਨਹੀਂ, ਪਰ ਇਕ ਸੱਚਾ ਸਿੱਖ ਜ਼ਰੂਰ ਹੈ, ਜਿਸ ਨੇ ਬਹੁਤ ਸਾਰੇ ਬੱਚਿਆਂ ਨੂੰ  ਅੰਮਿ੍ਤਧਾਰੀ ਬਣਾ ਕੇ ਸਿੱਖ ਧਰਮ ਦੀ ਉੱਘੀ ਸੇਵਾ ਕੀਤੀ ਹੈ | ਮੈਂ ਹਰ ਸਾਲ ਇਸ ਸਕੂਲ ਵਿਚ ਆਵਾਂਗਾ ਅਤੇ ਬੱਚਿਆਂ ਤੇ ਸਟਾਫ਼ ਨੂੰ  ਸੰਬੋਧਨ ਕਰਿਆ ਕਰਾਂਗਾ | ਇਹ ਵਾਅਦਾ ਉਨ੍ਹਾਂ ਨੇ ਆਖਰੀ ਸਾਹ ਤੱਕ ਨਿਭਾਇਆ |
ਇਸ ਉਪਰੰਤ ਉਨ੍ਹਾਂ ਉਸ ਮਨੁੱਖ ਨੂੰ  ਝਾੜ ਪਾਈ | ਉਨ੍ਹਾਂ ਕਿਹਾ ਕਿ ਸਿੰਘ ਸਜਣ ਲਈ ਅੰਮਿ੍ਤਧਾਰੀ ਹੋਣਾ ਜ਼ਰੂਰੀ ਹੈ, ਪਰ ਅਕਾਲੀ ਹੋਣ ਲਈ ਸਿੰਘ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ, ਕਿਉਂਕਿ ਇਹ ਇਕ ਸਿਆਸੀ ਪਾਰਟੀ ਹੈ ਤੇ ਇਸ ਦਾ ਮੈਂਬਰ ਕੋਈ ਵੀ ਬਣ ਸਕਦਾ ਹੈ, ਭਾਵੇਂ ਉਹ ਮੁਸਲਿਮ ਹੋਵੇ |
ਇਕ ਹੋਰ ਘਟਨਾ ਯਾਦ ਆ ਰਹੀ ਹੈ ਕਿ ਮੈਂ ਸੰਤ ਜੀ ਦੇ ਲਗਾਤਾਰ ਸਕੂਲ ਆਉਣ ਦੇ ਪੰਜ-ਛੇ ਦਿਨ ਬਾਅਦ ਇਕ ਫ਼ੈਸਲਾ ਕੀਤਾ ਕਿ  ਸਿੱਖ ਪਰਿਵਾਰ ਦਾ ਕੋਈ ਵੀ ਬੱਚਾ ਜੋ ਪਤਿਤ ਹੋਵੇਗਾ, ਉਸ ਦਾ ਸਕੂਲ ਵਿਚ ਦਾਖਲਾ ਨਹੀਂ ਹੋਵੇਗਾ | ਮੈਂ ਸੋਚਿਆ ਕਿ ਸੰਤ ਕਰਤਾਰ ਸਿੰਘ ਖੁਸ਼ ਹੋ ਕੇ ਮੈਨੂੰ ਸ਼ਾਬਾਸ਼ੀ ਦੇਣਗੇ | ਇਸ ਦੇ ਉਲਟ ਉਹ ਮੇਰੇ ਨਾਲ ਨਾਰਾਜ਼ ਹੋ ਗਏ ਤੇ ਕਹਿਣ ਲੱਗੇ ਕਿ ਤੁਸੀਂ ਪੰਥ ਵਿਰੋਧੀ ਫ਼ੈਸਲਾ ਕੀਤਾ ਹੈ, ਕਿਉਂਕਿ ਇਹ ਤਾਨਾਸ਼ਾਹੀ ਹੈ | ਉਨ੍ਹਾਂ ਮੈਨੂੰ ਪੁੱਛਿਆ ਇਹੋ ਜਿਹੇ ਜਿੰਨੇ ਵੀ ਬੱਚੇ ਹਨ, ਜਦ ਮੈਂ ਸਕੂਲ ਆਵਾਂ ਤਾਂ ਉਨ੍ਹਾਂ ਨੂੰ  ਵੱਖਰੇ ਤੌਰ 'ਤੇ ਮੇਰੇ ਸਾਹਮਣੇ ਪੇਸ਼ ਕਰਾਂ | ਅਗਲੇ ਦਿਨ ਦੀਵਾਨ ਵੇਲੇ 50-60 ਦੇ ਕਰੀਬ ਅਜਿਹੇ ਵਿਦਿਆਰਥੀ ਸਨ, ਜੋ ਪੂਰੇ ਕਕਾਰ ਨਹੀਂ ਰੱਖਦੇ ਸਨ | ਸੰਤ ਜੀ ਨੇ ਦੀਵਾਨ ਤੋਂ ਬਾਅਦ ਇਕ ਵਿਸ਼ੇਸ਼ ਅਰਦਾਸ ਇਨ੍ਹਾਂ ਬੱਚਿਆਂ ਲਈ ਕੀਤੀ | ਹਰ ਬੱਚੇ ਨੂੰ  ਆਪਣੇ ਕੋਲ ਬੁਲਾ ਕੇ ਵਿਸ਼ੇਸ਼ ਪ੍ਰਸ਼ਾਦ ਤੇ ਕੜਾ ਭੇਟ ਕੀਤਾ ਅਤੇ ਅਸ਼ੀਰਵਾਦ ਦਿੱਤਾ ਕਿ ਉਹ ਗੁਰੂ ਦੇ ਬਣ ਕੇ ਰਹਿਣ | ਦੀਵਾਨ ਖਤਮ ਹੋਇਆ ਤੇ ਉਨ੍ਹਾਂ ਮੈਨੂੰ ਬੁਲਾ ਕੇ ਕਿਹਾ ਇਹ ਸਾਰੇ ਦੇ ਸਾਰੇ ਬਦਲਣਗੇ ਨਹੀਂ, ਪਰ ਜੇ 60 ਫ਼ੀਸਦੀ ਵੀ ਠੀਕ ਹੋ ਗਏ ਤਾਂ ਅਸੀਂ ਪੰਥ ਲਈ ਕੁਝ ਸੇਵਾ ਕਰ ਸਕਾਂਗੇ | ਜੇ ਤੁਸੀਂ ਇਹ ਬੱਚੇ ਸਕੂਲ ਤੋਂ ਕੱਢ ਦਿੰਦੇ ਤਾਂ ਉਹ ਕਿਸੇ ਹੋਰ ਸਕੂਲ 'ਚ ਦਾਖਲਾ ਲੈ ਲੈਂਦੇ ਤੇ ਫਿਰ ਸਾਰੀ ਉਮਰ ਉਹ ਸਿੱਖ ਨਾ ਬਣਦੇ | ਅਜਿਹੀਆਂ ਕਈ ਘਟਨਾਵਾਂ ਹਨ, ਜੋ ਸੰਤ ਕਰਤਾਰ ਸਿੰਘ ਦੀ ਯਾਦ ਨਾਲ ਜੁੜੀਆਂ ਹੋਈਆਂ ਹਨ | 
-ਨੈਸ਼ਨਲ ਐਵਾਰਡੀ, ਸਾਬਕਾ ਮੀਡੀਆ ਸਲਾਹਕਾਰ ਮੁੱਖ ਮੰਤਰੀ, ਪੰਜਾਬ |

Ad Position 22
No active advertisement
ਪਿਛਲੀ ਖ਼ਬਰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀਆਂ ਬਹੁਪੱਖੀ ਸੇਵਾਵਾਂ ਅਗਲੀ ਖ਼ਬਰ ਸਿੱਖ ਧਰਮ ਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਨ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲੇ
Ad Position 24