![]()
ਮੇਰੀ ਬਹਾਦਰੀ ਤੇ ਦਲੇਰੀ ਵਾਲੀ ਮੌਤ ਤੋਂ ਬਾਅਦ ਮੈਨੂੰ 'ਬਾਗ਼ੀ' ਦਾ ਖਿਤਾਬ ਦੇਣਾ | ਜੇ ਕੋਈ ਮੈਨੂੰ ਯਾਦ ਕਰੇ ਤਾਂ 'ਬਾਗ਼ੀ ਕਰਤਾਰ ਸਿੰਘ' ਵਜੋਂ ਯਾਦ ਕਰੇ''
ਜਦੋਂ ਅੰਗਰੇਜ਼ਾਂ ਨੇ 1915 'ਚ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਤਾਂ ਉਹ ਸਿਰਫ਼ 19 ਸਾਲ ਦੇ ਸਨ | ਭਾਵੇਂ ਉਨ੍ਹਾਂ ਦੀ ਜ਼ਿੰਦਗੀ ਜਵਾਨੀ ਦੇ ਸ਼ੁਰੂਆਤੀ ਦੌਰ 'ਚ ਹੀ ਖ਼ਤਮ ਕਰ ਦਿੱਤੀ ਗਈ ਸੀ, ਪਰ ਉਨ੍ਹਾਂ ਦੀ ਵਿਰਾਸਤ ਅਜੇ ਵੀ ਜ਼ਿੰਦਾ ਹੈ | ਸਰਾਭਾ ਦੀ ਵਿਰਾਸਤ ਤੇ ਸ਼ਹੀਦੀ ਨੇ ਮਹਾਨ ਇਨਕਲਾਬੀ ਸਰਦਾਰ ਭਗਤ ਸਿੰਘ ਨੂੰ ਬਹੁਤ ਪ੍ਰੇਰਿਤ ਕੀਤਾ ਸੀ, ਉਹ ਸਰਾਭਾ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਉਨ੍ਹਾਂ ਦੀ ਫੋਟੋ ਹਮੇਸ਼ਾ ਆਪਣੀ ਜੇਬ ਵਿਚ ਰੱਖਦੇ ਸਨ, ਜੋ ਉਸ ਨੂੰ ਸਰਾਭੇ ਦੇ ਟੀਚੇ ਦੀ ਯਾਦ ਦਿਵਾਉਂਦੀ ਸੀ | ਕਰਤਾਰ ਸਿੰਘ ਸਰਾਭਾ ਤੇ ਉਸ ਦੇ 41 ਸਾਥੀਆਂ ਨੂੰ ਮਾਰਚ 1915 'ਚ ਲਾਹੌਰ ਸਾਜਿਸ਼ ਮੁਕੱਦਮੇ ਤਹਿਤ ਲਾਹੌਰ ਦੀ ਸੈਂਟਰਲ ਜੇਲ੍ਹ 'ਚ ਕੈਦ ਰੱਖਣ ਤੋਂ ਬਾਅਦ 16 ਨਵੰਬਰ 1915 ਨੂੰ ਫਾਂਸੀ ਦਿੱਤੀ ਗਈ ਸੀ | ਸਰਾਭਾ ਨੇ ਫਾਂਸੀ ਤੋਂ ਪਹਿਲਾਂ ਲਾਹੌਰ ਸੈਂਟਰਲ ਜੇਲ੍ਹ ਦੀਆਂ ਕੰਧਾਂ 'ਤੇ ਲਿਖਿਆ ਸੀ: ਸ਼ਹੀਦਾਂ ਦਾ ਖੂਨ ਵਿਅਰਥ ਨਹੀਂ ਜਾਂਦਾ!
ਸਮੇਂ ਦੇ ਬੀਤਣ ਦੇ ਨਾਲ ਇਤਿਹਾਸ ਦੇ ਸ਼ੋਰ-ਸ਼ਰਾਬੇ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਮਹਾਨ ਯੋਗਦਾਨ ਦੇਸ਼ ਦੀ ਸਮੂਹਿਕ ਯਾਦ ਤੋਂ ਅਲੋਪ ਹੁੰਦਾ ਜਾਪਦਾ ਹੈ | ਸ਼ਹੀਦ ਭਗਤ ਸਿੰਘ ਆਪਣੇ ਜੀਵਨ ਦੇ ਉਦੇਸ਼ ਲਈ ਸਰਾਭਾ ਨੂੰ ਪ੍ਰੇਰਨਾ ਸਰੋਤ ਮੰਨਦਿਆਂ ਉਨ੍ਹਾਂ ਨੂੰ -'ਉਸਤਾਦ ਜੀ, ਦੋਸਤ, ਭਰਾ' ਜਿਹੇ ਸੰਬੋਧਨਾਂ ਨਾਲ ਸਨਮਾਨਿਤ ਕਰਦੇ ਸਨ | ਕਰਤਾਰ ਸਿੰਘ ਸਰਾਭਾ ਮੁਕੱਦਮੇ ਦੀ ਸੁਣਵਾਈ ਸਮੇਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਮੌਕੇ ਸਿਰਫ਼ ਸਾਢੇ 18 ਸਾਲ ਦਾ ਅਤੇ ਦੋਸ਼ੀ ਠਹਿਰਾਏ 42 ਕੈਦੀਆਂ 'ਚੋਂ ਸਭ ਤੋਂ ਛੋਟਾ ਸੀ | ਜੱਜ ਨੇ ਸਰਾਭਾ ਬਾਰੇ ਕਿਹਾ ਸੀ: 'ਮੁਲਜ਼ਮਾਂ 'ਚੋਂ ਉਹ ਸਭ ਤੋਂ ਖਤਰਨਾਕ ਅਪਰਾਧੀ ਹੈ | ਅਮਰੀਕਾ ਤੋਂ ਉਸ ਦੀ ਯਾਤਰਾ ਤੋਂ ਲੈ ਕੇ ਭਾਰਤ 'ਚ ਹੋਈ ਸਾਜਿਸ਼ ਤੱਕ ਅਜਿਹਾ ਕੋਈ ਵੀ ਪਹਿਲੂ ਨਹੀਂ ਹੈ, ਜਿਸ ਵਿਚ ਉਸ ਨੇ ਅਹਿਮ ਭੂਮਿਕਾ ਨਾ ਨਿਭਾਈ ਹੋਵੇ...” ਇਹ ਮੁਕੱਦਮਾ ਡੇਢ ਸਾਲ ਤੱਕ ਚੱਲਿਆ ਤੇ ਅੰਤ 'ਚ 16 ਨਵੰਬਰ 1915 ਨੂੰ ਸ. ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਗਈ | ਉਹ ਫਾਂਸੀ ਵਾਲੇ ਦਿਨ ਬਹੁਤ ਖੁਸ਼ ਸੀ ਤੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦਿਆ ਉਸ ਨੇ ਫਾਂਸੀ ਦਾ ਰੱਸਾ ਗਲ 'ਚ ਪਾ ਲਿਆ ਸੀ |
ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਸਰਾਭਾ ਪਿੰਡ 'ਚ ਹੋਇਆ ਸੀ, 3 ਸਾਲ ਦੀ ਉਮਰ 'ਚ ਪਿਤਾ ਦਾ ਦਿਹਾਂਤ ਹੋਣ 'ਤੇ ਉਸ ਦਾ ਪਾਲਣ-ਪੋਸ਼ਣ ਦਾਦਾ ਬਦਨ ਸਿੰਘ ਗਰੇਵਾਲ ਨੇ ਕੀਤਾ ਸੀ | ਉਸ ਦੀ ਮੁਢਲੀ ਪੜ੍ਹਾਈ ਸਰਾਭਾ ਪਿੰਡ ਦੇ ਪ੍ਰਾਇਮਰੀ ਸਕੂਲ ਤੇ ਲੁਧਿਆਣਾ ਦੇ ਮਾਲਵਾ ਖ਼ਾਲਸਾ ਸਕੂਲ 'ਚ ਹੋਈ, ਉਸ ਤੋਂ ਬਾਅਦ ਸਰਾਭਾ ਨੂੰ ਉੜੀਸਾ ਦੇ ਇਤਿਹਾਸਕ ਸ਼ਹਿਰ ਕਟਕ 'ਚ ਉਸ ਦੇ ਦੋ ਚਾਚਿਆਂ- ਸ. ਵੀਰ ਸਿੰਘ ਤੇ ਸ. ਬਖਸ਼ੀਸ਼ ਸਿੰਘ ਕੋਲ ਭੇਜਿਆ ਗਿਆ | ਸਰਾਭਾ 1909-1912 ਤੱਕ ਰਵੇਨਸ਼ਾ ਕਾਲਜੀਏਟ ਸਕੂਲ ਕਟਕ 'ਚ ਪੜ੍ਹਨ ਦੌਰਾਨ ਹੈੱਡਮਾਸਟਰ ਬੇਨੀ ਮਾਧਵ ਦਾਸ ਤੋਂ ਬਹੁਤ ਪ੍ਰਭਾਵਿਤ ਹੋਏ ਸਨ | ਸਰਾਭਾ ਤੇ ਸੁਭਾਸ਼ ਚੰਦਰ ਬੋਸ ਦੇ ਕਟਕ 'ਚ ਇਕੋ ਸਕੂਲ 'ਚ ਪੜ੍ਹਨ ਸਮੇਂ ਦੇ ਸੰਬੰਧਾਂ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ | ਜਿੱਥੇ ਉਨ੍ਹਾਂ ਦੀਆਂ ਸ਼ਖਸੀਅਤਾਂ ਨੂੰ ਅਸਾਧਾਰਨ ਹਿੰਮਤ, ਆਤਮ-ਵਿਸ਼ਵਾਸ ਤੇ ਆਪਣੇ ਉਦੇਸ਼ ਪ੍ਰਤੀ ਭਾਵੁਕ ਵਚਨਬੱਧਤਾ ਨੂੰ ਪ੍ਰਪੱਕਤਾ ਮਿਲੀ | ਸਰਾਭਾ ਨੇ 1915 ਵਿਚ ਲਾਹੌਰ ਸਾਜਿਸ਼ ਮੁਕੱਦਮੇ ਦੌਰਾਨ ਰਾਸ ਬਿਹਾਰੀ ਬੋਸ ਨੂੰ ਗਿ੍ਫ਼ਤਾਰੀ ਤੋਂ ਬਚਾਉਣ 'ਚ ਮਦਦ ਕੀਤੀ ਸੀ, ਜਿਨ੍ਹਾਂ ਜਾਪਾਨ ਭੱਜਣ ਬਾਅਦ ਉੱਥੇ ਇੰਡੀਅਨ ਨੈਸ਼ਨਲ ਆਰਮੀ (ਆਈ.ਐਨ.ਏ.) ਦੀ ਅਗਵਾਈ ਕੀਤੀ ਤੇ ਜੁਲਾਈ 1943 'ਚ ਸਿੰਗਾਪੁਰ ਵਿਖੇ ਇਸ ਦੀ ਵਾਗਡੋਰ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸੌਂਪ ਦਿੱਤੀ ਸੀ |
ਸਰਾਭਾ ਕਟਕ ਤੋਂ ਬਾਅਦ ਉੱਚ ਸਿੱਖਿਆ ਪ੍ਰਾਪਤ ਕਰਨ ਲਈ 1912 'ਚ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਪਹੁੰਚਿਆ | ਜਿੱਥੇ ਉਹ ਲਾਲਾ ਹਰਦਿਆਲ, ਸੋਹਨ ਸਿੰਘ ਭਕਨਾ ਦੇ ਸੰਪਰਕ 'ਚ ਆਇਆ, ਜਿਨ੍ਹਾਂ ਹਿੰਦੁਸਤਾਨ ਐਸੋਸੀਏਸ਼ਨ ਆਫ਼ ਦ ਪੈਸੀਫਿਕ ਕੋਸਟ ਬਣਾਈ ਸੀ | ਉਨ੍ਹਾਂ 1 ਨਵੰਬਰ 1913 ਨੂੰ ਗ਼ਦਰ ਪਾਰਟੀ ਦੇ ਗਠਨ ਦਾ ਮੁੱਢ ਬੰਨਿ੍ਹਆ ਤੇ ਉਸੇ ਦਿਨ 'ਗ਼ਦਰ ਦੀ ਗੂੰਜ' ਅਖ਼ਬਾਰ ਵੀ ਪ੍ਰਕਾਸ਼ਿਤ ਕੀਤਾ | ਭਾਰਤ 'ਚ ਬਿ੍ਟਿਸ਼ ਸਰਕਾਰ ਨੂੰ ਉਖਾੜ ਸੁੱਟਣ ਦੇ ਸਪੱਸ਼ਟ ਉਦੇਸ਼ ਨਾਲ ਗ਼ਦਰ ਪਾਰਟੀ ਦੀ ਸਥਾਪਨਾ ਤੋਂ ਬਾਅਦ ਇਸ ਦੇ ਸੰਸਥਾਪਕ ਮੈਂਬਰਾਂ 'ਚੋਂ ਸਭ ਤੋਂ ਛੋਟੀ ਉਮਰ ਦੇ ਸਰਾਭਾ ਨੇ ਭਾਰਤ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਦੇ ਇਤਿਹਾਸਕ ਫੈਸਲਿਆਂ 'ਚ ਉਤਸ਼ਾਹ ਨਾਲ ਹਿੱਸਾ ਲਿਆ | ਗ਼ਦਰ ਪਾਰਟੀ ਵਲੋਂ ਸਾਨ ਫਰਾਂਸਿਸਕੋ 'ਚ ਪਿ੍ੰਟਿੰਗ ਪ੍ਰੈਸ ਸਥਾਪਿਤ ਕਰਕੇ 1 ਨਵੰਬਰ 1913 ਨੂੰ 'ਗਦਰ ਦੀ ਗੂੰਜ' ਦਾ ਪਹਿਲਾ ਅੰਕ ਉਰਦੂ 'ਚ ਪ੍ਰਕਾਸ਼ਿਤ ਕਰਨ ਬਾਅਦ ਉਸੇ ਸਾਲ 13 ਦਸੰਬਰ ਨੂੰ ਇਕ ਪੰਜਾਬੀ ਐਡੀਸ਼ਨ ਵੀ ਜਾਰੀ ਕੀਤਾ ਗਿਆ | ਸਰਾਭਾ ਸੰਪਾਦਕੀ ਬੋਰਡ ਦਾ ਮੈਂਬਰ ਸੀ ਤੇ ਉਸ ਨੇ ਉਰਦੂ, ਗੁਰਮੁਖੀ, ਹਿੰਦੀ ਤੇ ਅੰਗਰੇਜ਼ੀ ਵਿਚ ਆਪਣੇ ਇਨਕਲਾਬੀ ਵਿਚਾਰ ਲਿਖੇ |
ਸਰਾਭਾ ਕਲਮ ਤੇ ਪਿਸਤੌਲ ਦੋਹਾਂ ਦੀ ਵਰਤੋਂ ਕਰਨ 'ਚ ਮਾਹਿਰ ਸੀ | ਗਦਰ ਲਹਿਰ ਦੇ ਪੱਤਰ ਨੇ ਦੇਸ਼ਭਗਤਾਂ ਨੂੰ ਇਕ ਖਾਸ ਸੁਨੇਹਾ ਤੇ ਸੱਦਾ ਦਿੱਤਾ: 'ਭਾਰਤ ਵਿਚ ਗਦਰ (ਬਗ਼ਾਵਤ) ਲਈ ਨਿਡਰ ਤੇ ਦਲੇਰ ਸਿਪਾਹੀਆਂ ਦੀ ਲੋੜ, ਭੁਗਤਾਨ: ਮੌਤ, ਇਨਾਮ: ਸ਼ਹਾਦਤ ਤੇ ਆਜ਼ਾਦੀ ਅਤੇ ਸਥਾਨ: ਭਾਰਤ ਦਾ ਯੁੱਧ ਦਾ ਮੈਦਾਨ |' ਇਸ ਸੱਦੇ ਦੇ 3 ਮਹੀਨਿਆਂ ਦੇ ਅੰਦਰ ਗਦਰੀਆਂ ਦੇ ਜਥੇ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਆਉਣੇ ਸ਼ੁਰੂ ਹੋ ਗਏ | ਭਾਰਤ ਪਹੁੰਚਣ ਤੋਂ ਪਹਿਲਾਂ ਹੀ ਬਹੁਤੇ ਆਗੂਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਕਰਤਾਰ ਸਿੰਘ ਸਰਾਭਾ ਨੇ ਖਿੰਡੇ ਹੋਏ ਸਮੂਹਾਂ ਨੂੰ ਸੰਗਠਿਤ ਕਰਨ, ਰੈਜੀਮੈਂਟਾਂ ਨਾਲ ਸੰਪਰਕ ਸਥਾਪਤ ਕਰਨ ਅਤੇ ਫੰਡ ਤੇ ਹਥਿਆਰ ਇਕੱਠੇ ਕਰਨ 'ਚ ਮੁੱਖ ਭੂਮਿਕਾ ਨਿਭਾਈ | ਬਿ੍ਟਿਸ਼ ਅਧਿਕਾਰੀਆਂ ਦੀ ਚੌਕਸੀ ਤੇ ਇਨਕਲਾਬੀਆਂ ਦੀਆਂ ਗਿ੍ਫਤਾਰੀਆਂ ਕਾਰਨ ਬਗਾਵਤ ਅਸਫਲ ਹੋ ਗਈ | ਸਾਜ਼ਿਸ਼ ਦੇ 8 ਕੇਸਾਂ ਅਤੇ ਹਥਿਆਰਾਂ ਦੀ ਲੁੱਟ ਤੇ ਕਤਲ ਨਾਲ ਸੰਬੰਧਿਤ 8 ਹੋਰ ਮਾਮਲਿਆਂ 'ਚ 275 ਤੋਂ ਵੱਧ ਲੋਕਾਂ 'ਤੇ ਚਲਾਏ ਮੁਕੱਦਮੇ ਦੇ ਦੋਸ਼ੀਆਂ 'ਚੋਂ ਸਰਾਭਾ ਸਮੇਤ 46 ਨੂੰ ਫਾਂਸੀ ਦਿੱਤੀ ਗਈ; 70 ਗਦਰੀਆਂ ਨੂੰ ਉਮਰ ਕੈਦ ਤੇ ਕਾਲਾ ਪਾਣੀ ਦੀ ਸਜ਼ਾ ਤੇ 125 ਨੂੰ ਵੱਖ-ਵੱਖ ਮਿਆਦਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ | ਕਈ ਬਾਗ਼ੀ ਸਿਪਾਹੀਆਂ ਨੂੰ ਕੋਰਟ-ਮਾਰਸ਼ਲ ਤੋਂ ਬਾਅਦ ਫਾਂਸੀ ਦਿੱਤੀ ਗਈ |
ਸਰਦਾਰ ਸਰਾਭਾ ਨੇ ਫਾਂਸੀ ਚੜ੍ਹਨ ਤੋਂ ਪਹਿਲਾਂ ਲਾਹੌਰ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਨੂੰ ਕਿਹਾ ਸੀ : “ਸੁਪਰਡੈਂਟ ਸਾਹਿਬ, ਇਹ ਨਾ ਸੋਚਣਾ ਕਿ ਕਰਤਾਰ ਸਿੰਘ ਮਰ ਗਿਆ ਹੈ | ਮੇਰੇ ਖੂਨ ਦੀ ਹਰ ਬੂੰਦ 'ਚੋਂ ਇਕ ਨਵਾਂ ਕਰਤਾਰ ਸਿੰਘ ਪੈਦਾ ਹੋਵੇਗਾ ਤੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰੇਗਾ |” ਸਾਡੇ ਇਤਿਹਾਸ ਤੇ ਸਰਾਭਾ ਦੇ ਬਿਰਤਾਂਤ ਦਾ ਇਕ ਵਿਲੱਖਣ ਸੰਯੋਗ ਹੈ ਕਿ ਇਸ ਭੁਲਾਏ ਗਏ ਨਾਇਕ ਦਾ ਹਰ ਸ਼ਬਦ, ਹਰ ਵਿਚਾਰ ਤੇ ਹਰ ਇੱਛਾ ਸਮੇਂ ਦੇ ਨਾਲ ਸੱਚ ਸਾਬਤ ਹੋਈ ਹੈ | ਅਸੀਂ 16 ਨਵੰਬਰ ਨੂੰ ਇਸ ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ 'ਵਿਦਰੋਹੀ' ਦੇ 111ਵੇਂ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਦੇ ਰਹੇ ਹਾਂ | ਸਰਾਭਾ ਨਾਲ ਸੰਬੰਧਿਤ ਜ਼ਿਆਦਾਤਰ ਇਤਿਹਾਸਕ ਸਬੂਤ ਮਿਟਾ ਦਿੱਤੇ ਗਏ ਹਨ | ਇੱਥੋਂ ਤੱਕ ਕਿ ਪਿੰਡ ਸਰਾਭਾ, ਲੁਧਿਆਣਾ ਤੇ ਕਟਕ ਦੇ ਸਕੂਲਾਂ ਬਰਕਲੇ ਕੈਲੀਫੋਰਨੀਆ ਦੀ ਯੂਨੀਵਰਸਿਟੀ 'ਚ ਉਸ ਦੇ ਦਾਖਲੇ ਨਾਲ ਸੰਬੰਧਿਤ ਰਿਕਾਰਡ ਪ੍ਰਾਪਤ ਨਹੀਂ ਹੁੰਦੇ | ਅਸੀਂ ਕਵੀ ਜਗਦੰਬਾ ਪ੍ਰਸਾਦ ਮਿਸ਼ਰਾ ਦੀਆਂ ਸਤਰਾਂ ਰਾਹੀਂ ਸਰਾਭਾ ਦੀ ਬੇਮਿਸਾਲ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ:
ਸ਼ਹੀਦੋਂ ਕੀ ਚਿਤਾਓਾ ਪਰ ਲਗੇਂਗੇ ਹਰ ਬਰਸ ਮੇਲੇ |
ਵਤਨ ਪਰ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ |
-(ਲੇਖਕਾ ਕਿਰਨਦੀਪ ਕੌਰ ਸਹੋਤਾ ਆਈ.ਏ.ਐਸ. ਅਧਿਕਾਰੀ ਤੇ ਕਟਕ ਨਗਰ ਨਿਗਮ ਦੇ ਕਮਿਸ਼ਨਰ ਹਨ | ਵਿਸ਼ਵਰੰਜਨ ਸਸਮਲ ਦਿੱਲੀ ਦੇ ਸਾਬਕਾ ਮੁੱਖ ਇਨਕਮ ਟੈਕਸ ਕਮਿਸ਼ਨਰ ਹਨ | ਲੇਖ ਵਿਚਲੇ ਵਿਚਾਰ ਇਨ੍ਹਾਂ ਦੇ ਨਿੱਜੀ ਹਨ |)