ਨਵੀਂ ਦਿੱਲੀ, 15 ਨਵੰਬਰ (ਇੰਟ.)-ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਚੋਣ ਅਧਿਕਾਰੀ ਨੇ 5 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਆਈ.ਓ.ਏ. ਦੀ ਪ੍ਰਧਾਨ ਪੀ.ਟੀ. ਊਸ਼ਾ ਤੇ ਭਾਰਤੀ ਆਈਸ ਹਾਕੀ ਸੰਘ (ਆਈ.ਐੱਚ.ਏ.ਆਈ.) ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਦੇ ਨਾਂਅ ਚੋਣ ਮੰਡਲ ’ਚ ਸ਼ਾਮਲ ਕਰਨ ਦੇ ਫੈਸਲੇ ਖ਼ਿਲਾਫ਼ ਉਠਾਏ ਗਏ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਹੈ।
ਚੋਣ ਅਧਿਕਾਰੀ ਸੰਜੇ ਕੁਮਾਰ ਸ਼੍ਰੀਵਾਸਤਵ ਨੇ ਹਾਕੀ ਇੰਡੀਆ ਵਲੋਂ ਭੇਜੀਆਂ ਗਈਆਂ ਨਾਮਜ਼ਦਗੀਆਂ ’ਤੇ ਉਠਾਏ ਗਏ ਇਤਰਾਜ਼ ਵੀ ਖਾਰਜ ਕਰ ਦਿੱਤੇ। ਇਸ ਦੇ ਨਾਲ ਹੀ ਸਾਰੇ 30 ਰਾਸ਼ਟਰੀ ਖੇਡ ਮਹਾਸੰਘਾਂ (ਐੱਨ.ਐੱਸ.ਐੱਫ਼.) ਵਲੋਂ ਭੇਜੀਆਂ ਗਈਆਂ ਮੂਲ ਨਾਮਜ਼ਦਗੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਹਰੇਕ ਮਹਾਸੰਘ ਨੇ ਇਕ ਪੁਰਸ਼ ਅਤੇ ਇਕ ਮਹਿਲਾ ਨੁਮਾਇੰਦੇ ਨੂੰ ਨਾਮਜ਼ਦ ਕੀਤਾ ਸੀ। ਸ਼੍ਰੀਵਾਸਤਵ ਨੇ ਬੀਤੇ ਦਿਨ ਚੋਣ ਮੰਡਲ ਦੇ ਸਾਰੇ 71 ਮੈਂਬਰਾਂ ਦੀ ਸੂਚੀ ਜਾਰੀ ਕੀਤੀ।
ਇਸ ’ਚ 30 ਰਾਸ਼ਟਰੀ ਖੇਡ ਮਹਾਸੰਘਾਂ ਦੇ 60 ਨੁਮਾਇੰਦੇ, ਪਹਿਲਾਂ ਹੀ ਚੁਣੇ ਜਾ ਚੁੱਕੇ 8 ਉੱਘੇ ਖਿਡਾਰੀ (ਐੱਸ.ਓ.ਐੱਮ.), ਆਈਓਏ ਦੀ ਆਮ ਸਭਾ ਲਈ ਚੁਣੇ ਗਏ ਖਿਡਾਰੀ ਕਮਿਸ਼ਨ ਦੇ 2 ਮੈਂਬਰ ਮੀਰਾਬਾਈ ਚਾਨੂ ਤੇ ਸਾਜਨ ਪ੍ਰਕਾਸ਼ ਤੇ ਭਾਰਤ ਵਿਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੀ ਮੈਂਬਰ ਨੀਤਾ ਅੰਬਾਨੀ ਸ਼ਾਮਲ ਹਨ।