23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਨਵ-ਚਿੰਤਨ

ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਨਵ-ਚਿੰਤਨ

Ad Position 21
No active advertisement
ਅਜੀਤ ਡੈਸਕ 24-11-2026

ਸ੍ਰੀ ਗੁਰੂ ਨਾਨਕ ਦੇਵ ਜੀ ਮੱਧਕਾਲੀਨ ਕਾਲਖੰਡ ਦੇ ਅਜਿਹੇ ਧਰਮ ਪ੍ਰਵਰਤਕ ਹਨ, ਜਿਨ੍ਹਾਂ ਉਸ ਦੌਰ 'ਚ ਪ੍ਰਚੱਲਿਤ ਅਨੇਕਾਂ ਸਮਾਜਿਕ ਤੇ ਧਾਰਮਿਕ ਕੁਰੀਤੀਆਂ ਦਾ ਕ੍ਰਾਂਤੀਕਾਰੀ ਢੰਗ ਨਾਲ ਖੰਡਨ ਕੀਤਾ | ਇਨ੍ਹਾਂ ਕੁਰੀਤੀਆਂ ਦੇ ਚਲਦੇ ਦੇਸ਼ ਦੇ ਬਹੁਗਿਣਤੀ ਲੋਕ ਅਮਾਨਵੀ ਪੱਧਰ ਦਾ ਜੀਵਨ ਬਸਰ ਕਰ ਰਹੇ ਸਨ | ਧਾਰਮਿਕ ਖੇਤਰ 'ਚ ਜਾਰੀ ਕੁਰੀਤੀਆਂ ਜਨ ਸਧਾਰਨ ਨੂੰ  ਧਰਮ ਦੇ ਅਸਲ ਅਰਥਾਂ ਤੋਂ ਭਟਕਾ ਕੇ ਪਾਖੰਡਵਾਦੀ ਧਾਰਮਿਕ ਪ੍ਰਬੰਧ ਦਾ ਹਿੱਸਾ ਬਣਾ ਰਹੀਆਂ ਸਨ | ਅਜਿਹੇ ਸਮੇਂ ਭਗਤੀ ਲਹਿਰ ਸਦਕਾ ਪੁਨਰ-ਜਾਗਿ੍ਤੀ ਦੀ ਚੱਲੀ ਲਹਿਰ ਵੀ ਭਾਰਤ ਦੀ ਸਮਾਜਿਕ ਤੇ ਧਾਰਮਿਕ ਖੇਤਰ 'ਚ ਪ੍ਰਚੱਲਿਤ ਕੁਰੀਤੀਆਂ ਦਾ ਖੰਡਨ ਕਰ ਰਹੀ ਸੀ | ਇਸ ਸੰਕਟਮਈ ਸਥਿਤੀ 'ਚ ਗੁਰੂ ਨਾਨਕ ਦੇਵ ਜੀ ਆਪਣੇ ਨਵ-ਚਿੰਤਨ ਰਾਹੀਂ ਅਜਿਹਾ ਗਿਆਨਮੂਲਕ ਪ੍ਰਵਚਨ ਸਿਰਜਿਆ, ਜੋ ਸੁਧਾਰਮੂਲਕ ਹੋਣ ਦੇ ਨਾਲ-ਨਾਲ ਕ੍ਰਾਂਤੀਕਾਰੀ ਬਿਰਤੀ ਦਾ ਧਾਰਨੀ ਵੀ ਸੀ |

ਮੱਧਕਾਲ ਭਾਰਤੀ ਇਤਿਹਾਸ 'ਚ ਬਹੁਤ ਮਹੱਤਪੂਰਨ ਕਾਲਖੰਡ ਹੈ, ਜਿਸ ਦੌਰਾਨ ਬਹੁਤ ਅਹਿਮ ਘਟਨਾਕ੍ਰਮ ਵਾਪਰਦੇ ਹਨ ਜਿਨ੍ਹਾਂ ਨਾਲ ਭਾਰਤ ਦੀ ਸਮੁੱਚੀ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਵਿਵਸਥਾ 'ਚ ਪਰਿਵਰਤਨ ਦਾ ਵਰਤਾਰਾ ਵਾਪਰਦਾ ਹੈ | ਇਹ ਪਰਿਵਰਤਨ ਇਸ ਕਰਕੇ ਵੀ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਸ ਦੌਰ ਵਿਚ ਹੀ ਭਾਰਤੀ ਤੇ ਸਾਮੀ ਸੱਭਿਆਚਾਰ ਦਾ ਮੇਲ-ਜੋਲ ਹੁੰਦਾ ਹੈ | ਇਹ ਪਰਸਪਰ ਮੇਲ-ਜੋਲ ਪਹਿਲਾਂ ਤਣਾਉ, ਟਕਰਾਉ ਫਿਰ ਸੰਵਾਦ ਦੀ ਸਥਿਤੀ ਤੇ ਇਸ ਦੇ ਉਪਰੰਤ ਸਮਨਵੈ ਦੀ ਪੱਧਰ ਤੱਕ ਪਹੁੰਚਦਾ ਹੈ | ਸਾਮੀ ਸੱਭਿਆਚਾਰ ਜਿਸ ਦੀ ਪ੍ਰਤੀਨਿਧਤਾ ਇਸਲਾਮ ਧਰਮ ਤੇ ਭਾਰਤੀ ਸੱਭਿਆਚਾਰ ਦੀ ਪ੍ਰਤੀਨਿਧਤਾ ਹਿੰਦੂ ਧਰਮ ਕਰਦਾ ਸੀ, ਪਰ ਸਮਾਂ ਪਾ ਕੇ ਦੋਹਾਂ 'ਚ ਕੁਰੀਤੀਆਂ ਦੀ ਭਰਮਾਰ ਹੋ ਗਈ | ਭਗਤੀ ਅੰਦੋਲਨ ਵਲੋਂ ਇਨ੍ਹਾਂ ਕੁਰੀਤੀਆਂ ਵਿਰੁੱਧ ਉਠਾਈ ਆਵਾਜ਼ ਦਾ ਇਸ ਭੈੜੇ ਵਰਤਾਰੇ 'ਤੇ ਅਸਰ ਵੀ ਪਿਆ, ਪਰ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਗੁਰੂ ਨਾਨਕ ਦੇਵ ਜੀ ਨੇ ਇਸ ਭੈੜ ਵਿਰੁੱਧ ਕ੍ਰਾਂਤੀਕਾਰੀ ਸੁਰ ਵਿਚ ਆਵਾਜ਼ ਬੁਲੰਦ ਕੀਤੀ ਉਹ ਨਿਸ਼ਚੈ ਹੀ ਮਹੱਤਤਾ ਦੀ ਲਖਾਇਕ ਬਣੀ | 
ਗੁਰੂ ਨਾਨਕ ਦੇਵ ਜੀ ਦੇ ਭਾਰਤੀ ਤੇ ਸਾਮੀ ਚਿੰਤਨ ਪਰੰਪਰਾ ਤੋਂ ਵੱਖਰੇ ਗੁਰਮਤਿ ਚਿੰਤਨ ਦੀ ਸਥਾਪਨਾ ਕਰਨੀ ਭਾਰਤੀ ਚਿੰਤਨ ਪਰੰਪਰਾ ਦੇ ਇਤਿਹਾਸ 'ਚ ਬਹੁਤ ਮਹੱਤਵਪੂਰਨ ਘਟਨਾ ਹੈ | ਗੁਰੂ ਜੀ ਦੇ ਨਵ-ਚਿੰਤਨ ਦੀ ਖਾਸੀਅਤ ਇਹ ਹੈ ਕਿ ਇਹ ਭਾਰਤੀ ਤੇ ਸਾਮੀ ਪਰੰਪਰਾ ਨਾਲ ਸੰਵਾਦ 'ਚੋਂ ਆਪਣੀ ਹੋਂਦ ਗ੍ਰਹਿਣ ਕਰਦਾ ਹੈ ਤੇ ਇਸ ਪ੍ਰਤੱਖਣ ਦੇ ਸਿੱਟੇ ਵਜੋਂ ਉਜਾਗਰ ਹੁੰਦੀਆਂ ਕੁਰੀਤੀਆਂ ਪ੍ਰਤੀ ਖੰਡਨੀ ਸੁਰ ਅਖਤਿਆਰ ਕਰਦੇ ਹਨ | ਗੁਰੂ ਸਾਹਿਬ ਇਨ੍ਹਾਂ ਕੁਰੀਤੀਆਂ ਦੇ ਹੋਂਦ 'ਚ ਆਉਣ ਦੇ ਕਾਰਨਾਂ ਦੀ ਪੜਚੋਲ ਕਰਦਿਆਂ ਇਨ੍ਹਾਂ ਨੂੰ  ਸਥਾਪਿਤ ਕਰਨ ਵਾਲੇ ਪ੍ਰਬੰਧ (ਭਾਰਤੀ ਤੇ ਸਾਮੀ ਚਿੰਤਨ ਪਰੰਪਰਾ) ਨੂੰ  ਰੱਦ ਕਰਦੇ ਹਨ | ਗੁਰੂ ਜੀ ਦਾ ਸਰੋਕਾਰ ਕੇਵਲ ਇਸ ਵਿਵਸਥਾ ਨੂੰ  ਰੱਦ ਕਰਨ ਤੱਕ ਹੀ ਸੀਮਤ ਨਹੀਂ ਰਹਿੰਦਾ; ਸਗੋਂ ਉਹ ਨਵੀਨ ਅੰਤਰ-ਦਿ੍ਸ਼ਟੀ ਨਾਲ ਇਸ ਦਾ ਸਰਲੀਕ੍ਰਿਤ ਬਦਲ ਵੀ ਪ੍ਰਸਤੁਤ ਕਰਦੇ ਹਨ | ਇਸ ਤਰ੍ਹਾਂ ਭਾਰਤੀ ਤੇ ਸਾਮੀ ਪਰੰਪਰਾ ਦੇ ਪਰਿਪੇਖ ਵਿਚ ਗੁਰੂਜੀ ਗੁਰਮਤਿ ਚਿੰਤਨ ਦੀ ਸਥਾਪਨਾ ਕਰਦੇ ਹਨ, ਜੋ ਭਾਰਤੀ ਸਮਾਜਿਕ ਤੇ ਧਾਰਮਿਕ ਪ੍ਰਬੰਧ ਵਿਚ ਵਿਹਾਰਕ ਰੂਪ ਵਿਚ ਪ੍ਰਸੰਗਿਕਤਾ ਗ੍ਰਹਿਣ ਕਰਦਾ ਹੈ | ਮੱਧਕਾਲ ਵਿਚ ਹਿੰਦੂ ਤੇ ਇਸਲਾਮ ਦੋ ਧਰਮ ਹੀ ਪ੍ਰਮੁੱਖ ਸਨ, ਇਨ੍ਹਾਂ ਤੋਂ ਇਲਾਵਾ ਜੋਗੀਆਂ ਦਾ ਵੀ ਵਿਆਪਕ ਪ੍ਰਭਾਵ ਸੀ | ਹਿੰਦੂ ਧਰਮ ਵਿਚ ਮੂਰਤੀ-ਪੂਜਾ, ਵਰਤ, ਸ਼ਰਾਧ ਵਰਗੇ ਅਨੇਕਾਂ ਕਰਮਕਾਂਡਾਂ ਦੇ ਹਾਵੀ ਹੋਣ ਨਾਲ ਧਰਮ ਦੀ ਮੂਲ ਭਾਵਨਾ ਹੀ ਖਤਮ ਹੋ ਚੁੱਕੀ ਸੀ | ਹਿੰਦੂ ਧਰਮ ਦੀ ਪੁਜਾਰੀ ਸ਼੍ਰੇਣੀ ਅਰਥਾਤ ਬ੍ਰਾਹਮਣਾਂ ਨੇ ਆਪਣੀ ਧਾਰਮਿਕ, ਸਮਾਜਿਕ ਤੇ ਆਰਥਿਕ ਸਥਿਤੀ ਨੂੰ  ਮਜ਼ਬੂਤ ਕਰਨ ਹਿੱਤ ਅਜਿਹੇ ਕਰਮਕਾਂਡਾਂ ਦਾ ਪ੍ਰਚਲਨ ਕੀਤਾ ਕਿ ਜਨਸਧਾਰਣ ਦਾ ਹਰੇਕ ਪੱਖ ਤੋਂ ਹੀ ਸ਼ੋਸ਼ਣ ਹੋਣ ਲੱਗਾ | 
ਹਿੰਦੂ ਧਰਮ ਵਾਂਗ ਇਸਲਾਮ ਧਰਮ ਵੀ ਅਨੇਕਾਂ ਕੁਰੀਤੀਆਂ ਨਾਲ ਗ੍ਰਸਤ ਸੀ | ਇਸਲਾਮ ਧਰਮ ਵਿਚ ਧਾਰਮਿਕ ਸਹਿਣਸ਼ੀਲਤਾ ਦੇ ਵਿਪਰੀਤ ਧਾਰਮਿਕ ਕੱਟੜਤਾ ਦਾ ਵਰਤਾਰਾ ਆਮ ਸੀ | ਮੁਸਲਿਮ ਹਮਲਾਵਰਾਂ ਦੇ ਹਿੰਦੂ ਮੰਦਿਰਾਂ 'ਚ ਮੂਰਤੀਆਂ ਦੀ ਭੰਨਤੋੜ ਤੇ ਤਬਾਹੀ ਵਰਗੇ ਵਰਤਾਰਿਆਂ ਨੇ ਮੱਧਕਾਲੀਨ ਧਾਰਮਿਕ ਵਾਤਾਵਰਨ ਨੂੰ  ਗੰਧਲਾ ਕੀਤਾ ਹੋਇਆ ਸੀ | ਇਸਲਾਮ ਧਰਮ ਵਿਚਲੇ ਧਾਰਮਿਕ ਆਗੂ ਆਪਣੇ ਸੌੜੇ ਆਰਥਿਕ ਹਿੱਤਾਂ ਦੀ ਪੂਰਤੀ ਹਿੱਤ ਇਸਲਾਮ ਧਰਮ ਦੇ ਮੂਲ ਸਿਧਾਂਤਾਂ ਤੇ ਭਾਵਨਾ ਨੂੰ  ਵਿਸਾਰ ਕੇ ਫੋਕੇ ਕਰਮਕਾਂਡ ਫੈਲਾਅ ਰਹੇ | ਇਸਲਾਮ ਦੇ ਧਾਰਮਿਕ ਆਗੂਆਂ- ਮੌਲਵੀਆਂ, ਕਾਜ਼ੀਆਂ ਨੇ ਨਮਾਜ਼, ਰੋਜ਼ੇ, ਜ਼ਕਾਤ, ਹੱਜ ਆਦਿ ਧਾਰਮਿਕ ਕਿਰਿਆਵਾਂ ਦੇ ਉਦੇਸ਼ਾਂ ਨੂੰ  ਖਤਮ ਕਰਕੇ ਇਨ੍ਹਾਂ ਨੂੰ  ਆਪਣੇ ਹਿੱਤਾਂ ਅਨੁਸਾਰ ਢਾਲ ਲਿਆ ਸੀ | ਇਸਲਾਮ ਧਰਮ ਵਿਚਲਾ ਸਭ ਤੋਂ ਅਹਿਮ ਧਾਰਮਿਕ ਕਰਮ ਨਮਾਜ਼ ਵਿਚ ਵੀ ਵਿਖਾਵਾ ਪ੍ਰਧਾਨ ਹੋ ਗਿਆ ਸੀ ਅਤੇ ਰੋਜ਼ੇ, ਹੱਜ, ਆਦਿਕ ਵੀ ਖ਼ੁਦ ਨੂੰ  ਧਾਰਮਿਕ ਤੌਰ ਤੇ ਉੱਚੇ ਦਰਸਾਉਣ ਦਾ ਮਾਧਿਅਮ ਬਣ ਗਏ ਸਨ | ਇਸ ਸਮੇਂ ਨਾਥਾਂ, ਜੋਗੀਆਂ, ਸੰਨਿਆਸੀਆਂ ਦਾ ਵੀ ਧਾਰਮਿਕ ਖੇਤਰ ਵਿਚ ਬਹੁਤ ਬੋਲਬਾਲਾ ਸੀ | ਗ੍ਰਹਿਸਥ ਤਿਆਗ ਕੇ ਸੰਨਿਆਸੀ ਬਣੇ ਜੋਗੀਆਂ ਦੀ ਸਮਾਜ ਵਿਚ ਬਹੁਤ ਭਰਮਾਰ ਸੀ ਜੋ ਕੋਈ ਕੰਮ-ਧੰਦਾ ਕਰਨ ਦੀ ਬਜਾਏ ਆਪਣੇ ਜੀਵਨ-ਨਿਰਬਾਹ ਲਈ ਮੰਗ ਕੇ ਖਾਣ ਦੇ ਚਲਦੇ ਆਮ ਲੋਕਾਂ ਉਪਰ ਨਿਰਭਰ ਕਰਦੇ ਸਨ | ਧਰਮ ਦੀ ਆੜ ਲੈ ਕੇ ਸੰਨਿਆਸੀ ਬਣੇ ਇਹ ਲੋਕ ਧਰਮ ਦੇ ਮੂਲ ਮਕਸਦ ਨੂੰ  ਪੂਰੀ ਤਰ੍ਹਾਂ ਭੁੱਲ ਚੁੱਕੇ ਸਨ | ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਧਰਮਾਂ 'ਚ ਵਿਆਪਤ ਕੁਰੀਤੀਆਂ ਦੇ ਪਰਿਪੇਖ 'ਚ ਇਨ੍ਹਾਂ ਦਾ ਖੰਡਨ ਕਰਨਾ ਹੀ ਨਹੀਂ, ਸਗੋਂ ਇਨ੍ਹਾਂ ਦਾ ਬਦਲ ਵੀ ਪ੍ਰਸਤੁਤ ਕਰਨਾ ਸੀ | ਉਨ੍ਹਾਂ ਨੂੰ  ਭਾਰਤ ਦੇ ਸਭ ਤੋਂ ਵੱਡੇ ਧਰਮ ਹਿੰਦੂ ਧਰਮ  ਦੇ ਵੱਡੇ ਜਨਸਮੂਹ ਤੇ ਰਾਜਸੀ ਸਰਪ੍ਰਸਤੀ ਹਾਸਿਲ ਇਸਲਾਮ ਨਾਲ ਦਸਤਪੰਜਾ ਲੈਣਾ ਪੈਣਾ ਸੀ | ਗੁਰੂ  ਜੀ ਨੇ ਤੱਤਕਾਲੀਨ ਧਾਰਮਿਕ ਪ੍ਰਬੰਧ 'ਚ ਵਿਆਪਤ ਕੁਰੀਤੀਆਂ ਦੇ ਖੰਡਨ ਲਈ ਬੇਹੱਦ ਤਾਰਕਿਕ ਅਤੇ ਵਿਗਿਆਨਕ ਪਹੁੰਚ ਅਪਣਾਈ | ਗੁਰੂ ਸਾਹਿਬ ਦੀ ਪ੍ਰਤੱਖਣੀ ਦਿ੍ਸ਼ਟੀ ਤੋਂ ਹਿੰਦੂ ਤੇ ਇਸਲਾਮ ਧਰਮ ਦੀ ਕੋਈ ਵੀ ਕੁਰੀਤੀ ਅਪਹੁੰਚ ਨਾ ਰਹੀ |   
ਇਸ ਦੇ ਨਾਲ ਹੀ ਮੱਧਕਾਲੀਨ ਭਾਰਤੀ ਸਮਾਜ 'ਚ ਜਾਤੀ ਪ੍ਰਥਾ ਵਰਗੀ ਭੈੜੀ ਕੁਰੀਤੀ ਸਦੀਆਂ ਤੋਂ ਵਿਆਪਤ ਸੀ | ਮੁਸਲਮਾਨਾਂ ਦੇ ਆਉਣ ਨਾਲ ਜਾਤੀ-ਪ੍ਰਥਾ ਨੂੰ  ਧੱਕਾ ਲੱਗਿਆਕਿਉਂਕਿ ਇਸਲਾਮ ਵਿਚ ਜਾਤ-ਪਾਤ ਦੇ ਆਧਾਰ 'ਤੇ ਭੇਦਭਾਵ ਨਹੀਂ ਸੀ ਤੇ ਉਹ ਸਮਾਨਤਾ ਦੇ ਅਧਿਕਾਰ ਨੂੰ  ਆਪਣਾ ਆਦਰਸ਼ ਮੰਨਦੇ ਸੀ | ਸ਼ਾਇਦ ਇਸਲਾਮ ਧਰਮ ਜਾਤੀ ਪ੍ਰਥਾ ਵਰਗੀ ਕੁਰੀਤੀ ਤੋਂ ਰਹਿਤ ਹੋਣ ਕਰਕੇ ਭਾਰਤਵਰਸ਼ ਵਿਚ ਬੜੀ ਤੇਜ਼ੀ ਨਾਲ ਫ਼ੈਲਿਆ | ਮੱਧਕਾਲੀਨ ਸਮਾਜ ਵਿਚ ਵਿਆਪਕ ਤੌਰ 'ਤੇ ਪਸਰੀ ਜਾਤੀ-ਪ੍ਰਥਾ ਵਰਗੀ ਲਾਅਨਤ ਖ਼ਿਲਾਫ਼ ਭਗਤ ਸਾਹਿਬਾਨ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ | ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਮਾਨਵੀ ਸਮਾਨਤਾ ਦੇ ਵਿਚਾਰਧਾਰਾਈ ਧਰਾਤਲ 'ਤੇ ਆਪਣਾ ਪ੍ਰਵਚਨ ਉਸਾਰਦੇ ਹਨ | ਗੁਰਬਾਣੀ ਦਾ ਕ੍ਰਾਂਤੀਕਾਰੀ ਪ੍ਰਵਚਨ ਵਰਣ ਵਿਵਸਥਾ ਦੀ ਮਿੱਥ ਨੂੰ  ਰੂਹਾਨੀ ਧਰਾਤਲ 'ਤੇ ਰੱਦ ਕਰਦੇ ਹਨ | ਗੁਰੂ ਜੀ ਜਾਤ-ਪਾਤ ਦਾ ਵਿਰੋਧ ਕਰਦੇ ਉਚਾਰਦੇ ਹਨ:-
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ¨
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ¨
ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ¨ (ਅੰਗ:15)
ਇਸ ਤੋਂ ਇਲਾਵਾ ਮੱਧਕਾਲੀਨ ਭਾਰਤੀ ਸਮਾਜ ਵਿਚ ਔਰਤ ਦੀ ਸਥਿਤੀ ਵੀ ਅਮਾਨਵੀ ਪ੍ਰਥਾਵਾਂ ਤੇ ਪ੍ਰਤਿਕੂਲ ਹਾਲਤਾਂ ਕਾਰਨ ਬੜੀ ਦਰਦਨਾਕ ਸੀ | ਹਿੰਦੂ ਸਮਾਜ ਨਾਲ ਕੰਨਿਆ ਹੱਤਿਆ, ਬਾਲ ਵਿਆਹ ਤੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਕਿਰਿਆਸ਼ੀਲ ਸਨ | ਕੰਨਿਆ ਦੇ ਜਨਮ ਨੂੰ  ਬਦਸ਼ਗਨੀ ਸਮਝ ਕੇ ਜਨਮ ਸਮੇਂ ਹੀ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ, ਜਿਹੜੀ ਕੰਨਿਆ ਦੀ ਹੱਤਿਆ ਨਾ ਕੀਤੀ ਜਾਂਦੀ ਤਾਂ ਉਸ ਦਾ ਬਾਲ ਅਵਸਥਾ ਵਿਚ ਵਿਆਹ ਕਰ ਦਿੱਤਾ ਜਾਂਦਾ ਸੀ | ਸਤੀ ਪ੍ਰਥਾ ਦੇ ਪ੍ਰਚੱਲਿਤ ਹੋਣ ਨਾਲ ਔਰਤ ਦੀ ਸਥਿਤੀ ਬੇਹੱਦ ਮਾੜੀ ਹੋ ਗਈ ਕਿਉਂਕਿ ਉਸ ਨੂੰ  ਜਿਉਂਦੇ ਜੀਅ ਮਰੇ ਪਤੀ ਨਾਲ ਸੜ ਕੇ ਮਰਨਾ ਪੈਂਦਾ ਸੀ | ਇਸੇ ਤਰ੍ਹਾਂ ਇਸਲਾਮ ਧਰਮ ਵਿਚ ਪਰਦਾ ਪ੍ਰਥਾ ਵਿਆਪਕ ਤੌਰ 'ਤੇ ਪ੍ਰਚੱਲਿਤ ਸੀ | ਮੱਧਕਾਲੀਨ ਸਮਾਜ-ਸੱਭਿਆਚਾਰ 'ਚ ਇਸਤਰੀ ਪ੍ਰਤੀ ਨਾਬਰਾਬਰੀ ਵਾਲੇ ਵਿਵਹਾਰ ਖ਼ਿਲਾਫ਼ ਗੁਰੂ ਜੀ ਨੇ ਆਵਾਜ਼ ਬੁਲੰਦ ਕਰਦਿਆਂ ਔਰਤ ਦੀ ਜੱਗ ਜਣਨੀ ਦੀ ਮਹੱਤਤਾ ਨੂੰ   ਪੁਨਰ ਸਥਾਪਿਤ ਕਰਨ ਦਾ ਵਡਮੁੱਲਾ ਕਾਰਜ ਕੀਤਾ ਹੈ |

-276 ਏਕਰੂਪ ਐਵੀਨਿਊ ਮਜੀਠਾ ਰੋਡ, ਅਮਿ੍ਤਸਰ |
ਮੋਬਾਈਲ : 81464-84447

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ : ਇਤਿਹਾਸ ਦੇ ਝਰੋਖੇ 'ਚੋਂ ਅਗਲੀ ਖ਼ਬਰ ਵਿਦੇਸ਼ੀ ਵਿਦਵਾਨ ਲੇਖਕਾਂ ਦੀ ਨਜ਼ਰ 'ਚ ਗੁਰੂ ਨਾਨਕ ਦੇਵ
Ad Position 24