05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜਦੋਂ ਗੁ. ਰਕਾਬ ਗੰਜ ਸਾਹਿਬ ਦੀ ਕੰਧ ਨੂੰ ਲੈ ਕੇ ਅੰਗਰੇਜ਼ ਸਰਕਾਰ ਨੇ ਹਾਰ ਮੰਨੀ

ਜਦੋਂ ਗੁ. ਰਕਾਬ ਗੰਜ ਸਾਹਿਬ ਦੀ ਕੰਧ ਨੂੰ ਲੈ ਕੇ ਅੰਗਰੇਜ਼ ਸਰਕਾਰ ਨੇ ਹਾਰ ਮੰਨੀ

Ad Position 21
No active advertisement
ਅਜੀਤ ਡੈਸਕ 05-10-2026

ਸਿੱਖ ਇਤਿਹਾਸ ਬਹੁਤ ਹੀ ਹੈਰਾਨੀਜਨਕ ਅਤੇ ਸ਼ਰਧਾ ਭਰਪੂਰ ਘਟਨਾਵਾਂ ਨਾਲ ਭਰਿਆ ਪਿਆ ਹੈ | ਵੱਡੀ ਗੱਲ ਇਹ ਹੈ ਕਿ ਇਹ ਸਭ ਘਟਨਾਵਾਂ ਸੱਚ 'ਤੇ ਆਧਾਰਿਤ ਹਨ ਅਤੇ ਇਨ੍ਹਾਂ ਵਿਚ ਮਿਥਿਹਾਸ ਦੀ ਕੋਈ ਜਗ੍ਹਾ ਨਹੀਂ ਹੈ | ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ  11 ਨਵੰਬਰ, 1675 ਨੂੰ  ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਅਤੇ ਉਸ ਥਾਂ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਹੈ | ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨਾਲ ਜੁੜਿਆ ਹੋਇਆ ਦੂਜਾ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿਚ ਸੰਸਦ ਭਵਨ ਦੇ ਨੇੜੇ ਸਥਿਤ ਹੈ | ਸ਼ਹਾਦਤ ਤੋਂ ਬਾਅਦ ਗੁਰੂ ਜੀ ਦੇ ਧੜ ਨੂੰ  ਭਾਈ ਲੱਖੀ ਸ਼ਾਹ ਵਣਜਾਰਾ ਅਤੇ ਉਨ੍ਹਾਂ ਦੇ ਪੁੱਤਰ ਚੁੱਕ ਕੇ ਮੁਗ਼ਲ ਹਕੂਮਤ ਦੇ ਪਹਿਰੇ ਨੂੰ  ਮਾਤ ਦਿੰਦੇ ਹੋਏ ਇਸ ਸਥਾਨ 'ਤੇ ਲੈ ਕੇ ਆਏ, ਜੋ ਉਨ੍ਹਾਂ ਦਾ ਆਪਣਾ ਘਰ ਸੀ, ਜਦੋਂ ਕਿ ਸੀਸ ਨੂੰ  ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਲੈ ਗਏ ਸਨ | 

ਗੁਰੂ ਜੀ ਦੀ ਧੜ ਦਾ ਸਤਿਕਾਰ ਸਹਿਤ ਅਤੇ ਸ਼ਾਹੀ ਫ਼ੌਜ ਤੋਂ ਬਚ ਕੇ ਸੰਸਕਾਰ ਕਰਨ ਲਈ ਭਾਈ ਲੱਖੀ ਸ਼ਾਹ ਨੇ ਆਪਣੇ ਪੂਰੇ ਘਰ ਨੂੰ  ਅਗਨ ਭੇਟ ਕਰ ਦਿੱਤਾ, ਤਾਂ ਕਿ ਕਿਸੇ ਨੂੰ  ਪਤਾ ਵੀ ਨਾ ਲੱਗੇ ਅਤੇ ਧੜ ਦਾ ਅੰਗੀਠਾ ਰਚਾਇਆ ਜਾ ਸਕੇ |  ਅੱਜ ਇਸ ਅਸਥਾਨ ਦੀ ਮਹੱਤਤਾ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਸਿੱਖਾਂ ਲਈ ਕੁਰਬਾਨੀ, ਸਮਰਪਣ ਅਤੇ ਅਟਲ ਸ਼ਰਧਾ ਦਾ ਪ੍ਰਤੀਕ ਬਣਿਆ ਹੋਇਆ ਹੈ | ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਸੰਨ 1783 ਵਿਚ ਸਰਦਾਰ ਬਘੇਲ ਸਿੰਘ ਨੇ ਦਿੱਲੀ ਫ਼ਤਹਿ ਕਰਨ ਸਮੇਂ ਇਸ ਇਤਿਹਾਸਕ ਸਥਾਨ ਦੀ ਨਿਸ਼ਾਨਦੇਹੀ ਕਰਕੇ ਕਰਵਾਈ ਸੀ | ਇਤਿਹਾਸ ਵਿਚ ਇਸ ਸਥਾਨ ਦਾ ਨਾਂਅ 'ਰਕਾਬ ਗੰਜ ਸਾਹਿਬ' ਰੱਖਣ ਦਾ ਵੀ ਆਪਣਾ ਪਿਛੋਕੜ ਹੈ | ਰਕਾਬ ਦਾ ਅਰਥ ਘੋੜੇ ਦੀ ਰਕਾਬ ਤੋਂ ਲਿਆ ਗਿਆ ਹੈ ਅਤੇ ਮੁਗ਼ਲਾਂ ਦੇ ਸਮੇਂ ਇਸ ਇਲਾਕੇ ਵਿਚ ਮੁਗ਼ਲ ਫ਼ੌਜਾਂ ਦੇ ਘੋੜਿਆਂ ਦੇ ਰਕਾਬ ਅਤੇ ਜੰਗੀ ਸਾਜੋ-ਸਾਮਾਨ ਬਣਦਾ ਸੀ, ਜਿਸ ਕਾਰਨ ਇਲਾਕੇ ਨੂੰ  ਇਸ ਸਾਮਾਨ ਦੇ ਬਾਜ਼ਾਰ ਹੋਣ ਕਾਰਨ ਇਲਾਕਾ ਰਕਾਬ ਗੰਜ ਕਿਹਾ ਜਾਂਦਾ ਸੀ ਅਤੇ ਉਸ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾਂਅ ਵੀ ਰਕਾਬ ਗੰਜ ਰੱਖਿਆ ਗਿਆ |  ਪਰ ਹੁਣ ਗੱਲ ਸੰਨ 1911 ਦੀ ਕਰਦੇ ਹਾਂ, ਜਦੋਂ ਹਿੰਦੋਸਤਾਨ ਦੀ ਰਾਜਧਾਨੀ ਕਲਕੱਤੇ ਤੋਂ ਬਦਲ ਕੇ ਦਿੱਲੀ ਨੂੰ  ਬਣਾਇਆ ਗਿਆ ਅਤੇ ਅੰਗਰੇਜ਼ਾਂ ਨੇ ਇਹ ਵੀ ਫ਼ੈਸਲਾ ਕਰ ਲਿਆ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਪੁਰਾਣੀ ਨੁੱਕਰ ਦੇ ਬਾਹਰ ਵਾਲੀ ਕੰਧ ਦੇ ਸਾਹਮਣੇ ਵਾਇਸਰਾਇ ਦੀ ਕੋਠੀ ਬਣਾਈ ਜਾਵੇ | ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਵਾਇਸਰਾਇ ਦੀ ਕੋਠੀ ਬਣਾਉਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ | ਉਨ੍ਹਾਂ ਦੇ ਮਨਾਂ ਵਿਚ ਬੜਾ ਘੁਮੰਡ ਸੀ ਕਿ ਛੇ-ਨੁਕਰੀ ਬਾਹਰਲੀ ਕੰਧ ਵਾਇਸਰਾਇ ਸਾਹਿਬ ਦੇ ਨਿਵਾਸ ਅੱਗੇ ਚੰਗੀ ਨਹੀਂ ਲੱਗੇਗੀ | ਸੰਨ 1912 ਵਿਚ ਸਰਕਾਰ ਨੇ ਜਾਣਬੁੱਝ ਕੇ ਗੁਰਦੁਆਰੇ ਅਤੇ ਬਾਹਰਲੀ ਕੰਧ ਦੇ ਵਿਚਕਾਰ ਆਉਣ ਵਾਲੀ ਜ਼ਮੀਨ ਮਹੰਤ ਪਾਸੋਂ ਪੈਸੇ ਦੇ ਕੇ ਮੁੱਲ ਖਰੀਦ ਲਈ | ਫਿਰ ਸੰਨ 1914 ਦੇ ਸ਼ੁਰੂ ਵਿਚ ਗੁਰਦੁਆਰੇ ਦੀ ਬਾਹਰਲੀ ਕੰਧ ਦਾ ਕੁਝ ਹਿੱਸਾ ਢਾਹਿਆ ਗਿਆ | ਇਸ ਘਟਨਾ ਨੂੰ  ਦੇਖ ਕੇ ਸੰਗਤਾਂ ਬਹੁਤ ਨਾਰਾਜ਼ ਹੋਈਆਂ ਅਤੇ ਇਸ ਗੱਲ ਦਾ ਗੁੱਸਾ ਮਨਾਉਣ ਲੱਗੀਆਂ | ਕੁਝ ਸਿੱਖਾਂ ਨੇ ਅੰਦੋਲਨ ਛੇੜ ਦਿੱਤਾ ਅਤੇ ਮੰਗ ਕੀਤੀ ਕਿ ਗੁਰਦੁਆਰੇ ਦੀ ਢਾਹੀ ਗਈ ਕੰਧ ਮੁੜ ਉਸਾਰੀ ਜਾਵੇ | 
ਪ੍ਰਸਿੱਧ ਇਤਿਹਾਸਕਾਰ ਪ੍ਰੋ. ਕਰਤਾਰ ਸਿੰਘ ਐਮ.ਏ. ਆਪਣੀ ਪੁਸਤਕ 'ਸਾਡਾ ਇਤਿਹਾਸ' ਵਿਚ ਲਿਖਦੇ ਸਨ ਕਿ ਉਸ ਸਮੇਂ ਸੰਸਾਰ ਦਾ ਪਹਿਲਾ ਮਹਾਂ ਯੁੱਧ ਛਿੜ ਪਿਆ ਪਰ ਸਿੱਖ ਅੰਗਰੇਜ਼ਾਂ ਦੀ ਇਸ ਔਕੜ ਸਮੇਂ ਜੰਗ ਵਿਚ ਮਦਦ ਕਰਨੀ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਸਰਕਾਰ ਦੀ ਵਧ-ਚੜ੍ਹ ਕੇ ਮਦਦ ਵੀ ਕੀਤੀ | ਪਰ ਜਿਉਂ ਹੀ ਜੰਗ ਖ਼ਤਮ ਹੋਈ ਤਾਂ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੀ ਕੰਧ ਦਾ ਮਸਲਾ ਫਿਰ ਉਠਾਇਆ ਪਰ ਅੰਗਰੇਜ਼ ਸਰਕਾਰ 'ਤੇ ਬਹੁਤਾ ਅਸਰ ਨਾ ਹੋਇਆ ਤੇ ਸਰਕਾਰ ਨੇ ਇਕ ਹੋਰ ਚਾਲ ਚੱਲ ਕੇ ਇਹ ਗੱਲ ਮੰਨ ਲਈ ਕਿ ਪੁਰਾਣੀ ਕੰਧ ਜਿਉਂ ਦੀ ਤਿਉਂ ਰਹਿਣ ਦਿੱਤੀ ਜਾਵੇਗੀ ਪਰ ਉਸ ਦੇ ਦੁਆਲੇ ਨਵੀਂ ਕੰਧ ਉਸਾਰ ਕੇ ਚੌਰਸ ਵਲਗਣ ਬਣਾ ਦਿੱਤੀ ਜਾਵੇਗੀ | ਪਰ ਸੰਗਤਾਂ ਇਸ ਗੱਲ 'ਤੇ ਅੜ ਗਈਆਂ ਕਿ ਕੰਧ ਦਾ ਪੁਰਾਣਾ ਹਿੱਸਾ ਮੁੜ ਬਣਾਇਆ ਜਾਵੇ | ਜਦੋਂ ਸਰਕਾਰ ਨਾ ਮੰਨੀ ਤਾਂ ਸਿੱਖਾਂ ਨੇ ਫ਼ੈਸਲਾ ਕੀਤਾ ਕਿ ਇਸ ਕੰਧ ਦੀ ਉਸਾਰੀ ਦੀ ਮੰਗ ਨੂੰ  ਲੈ ਕੇ ਸਿੰਘਾਂ ਦਾ ਸ਼ਹੀਦੀ ਜਥਾ ਦਿੱਲੀ ਜਾ ਕੇ ਕੰਧ ਦੀ ਉਸਾਰੀ ਕਰੇ | ਜਦੋਂ ਇਸ ਸ਼ਹੀਦੀ ਜਥੇ ਲਈ ਨਾਂਅ ਮੰਗੇ ਗਏ ਤਾਂ ਹਜ਼ਾਰਾਂ ਸਿੰਘਾਂ ਨੇ ਆਪਣੇ ਨਾਂਅ ਦਰਜ ਕਰਵਾ ਦਿੱਤੇ | ਅਨੇਕਾਂ ਸਿੰਘ-ਸਿੰਘਣੀਆਂ ਨੇ ਆਪਣੇ ਨਾਂਅ ਕੰਧ ਦੀ ਉਸਾਰੀ ਕਰਨ ਲਈ ਭੇਜ ਦਿੱਤੇ |
ਜਦੋਂ ਸੰਨ 1920 ਦੇ ਅਕਤੂਬਰ ਦੇ ਮਹੀਨੇ ਸਿੱਖ ਲੀਗ ਦਾ ਵੱਡਾ ਸਮਾਗਮ ਲਾਹੌਰ ਵਿਖੇ ਹੋਇਆ ਤਾਂ ਦਿੱਲੀ ਜਥੇ ਲਈ ਜਾਣ ਵਾਲੇ ਹਜ਼ਾਰਾਂ ਸਿੰਘ ਲਾਹੌਰ ਇਕੱਠੇ ਹੋ ਗਏ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਨੂੰ  ਬਣਾਉਣ ਲਈ ਲਾਹੌਰ ਇਕੱਠ ਵਿਚ ਇਹ ਫ਼ੈਸਲਾ ਹੋਇਆ ਕਿ ਪਹਿਲੀ ਦਸੰਬਰ 1920 ਨੂੰ  ਦਿੱਲੀ ਵਿਖੇ ਪਹੁੰਚਿਆ ਜਾਵੇ ਅਤੇ ਕੰਧ ਦੀ ਉਸਾਰੀ ਕਰ ਦਿੱਤੀ ਜਾਵੇ | ਪਰ ਹੁਣ ਸਰਕਾਰ ਵੀ ਸਿੱਖਾਂ ਦੇ ਰੋਹ ਅੱਗੇ ਝੁਕ ਗਈ ਅਤੇ ਸਰਕਾਰ ਨਹੀਂ ਸੀ ਚਾਹੁੰਦੀ ਕਿ ਮੰਗ ਨੂੰ  ਲਟਕਾਇਆ ਜਾਵੇ, ਜਿਸ ਕਾਰਨ ਸਿੱਖ ਜਗਤ ਵਿਚ ਰੋਸ ਵਧੇਰੇ ਫੈਲ ਜਾਵੇ | ਇਸ ਲਈ ਅੰਗਰੇਜ਼ ਸਰਕਾਰ ਨੇ ਉਸ ਤਾਰੀਖ਼ ਤੋਂ ਪਹਿਲਾ ਹੀ ਢਾਹੀ ਗਈ ਕੰਧ ਦੀ ਮੁੜ ਉਸਾਰੀ ਕਰ ਦਿੱਤੀ ਅਤੇ ਸਿੰਘਾਂ ਨੇ ਵੀ ਇਸੇ ਵਿਚ ਆਪਣੀ ਫ਼ਤਹਿ ਜਾਣ ਕੇ ਆਪਣਾ ਅੰਦੋਲਨ ਵਾਪਸ ਲੈ ਲਿਆ |

-ਮਕਾਨ ਨੰਬਰ 3098, ਸੈਕਟਰ 37-ਡੀ, ਚੰਡੀਗੜ੍ਹ |
ਮੋਬਾਈਲ : 98764-52223

Ad Position 22
No active advertisement
ਪਿਛਲੀ ਖ਼ਬਰ ਗੁ. ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜੋੜ ਮੇਲੇ 'ਤੇ ਵਿਸ਼ੇਸ਼ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਅਗਲੀ ਖ਼ਬਰ ਸੇਵਾ ਦੇ ਪੁੰਜ-ਭਾਈ ਬਹਿਲੋ ਸਭ ਤੋਂ ਪਹਿਲੋ
Ad Position 24