ਪ੍ਰਥਮ ਸਿੱਖ ਰਾਜ ਦੀ ਸਥਾਪਨਾ ਕੋਈ ਸਧਾਰਨ ਮਸਲਾ ਨਹੀਂ ਸੀ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਸਿੰਘ ਬਹਾਦਰ ਨਾਲ ਮੇਲ ਵੱਡੇ ਅਰਥ ਰੱਖਦਾ ਹੈ | ਇਹ ਮੇਲ 3 ਸਤੰਬਰ 1708 ਨੂੰ ਗੋਦਾਵਰੀ ਦੇ ਕੰਢੇ ਹੋਇਆ, ਜਿੱਥੇ ਬੰਦਾ ਬਹਾਦਰ ਬੈਰਾਗੀ ਸਾਧੂਆਂ ਵਾਂਗ ਰਹਿੰਦਾ ਸੀ | ਕਸ਼ਮੀਰੀ ਪੰਡਿਤਾਂ ਦੀ ਰੱਖਿਆ ਕਰਨ ਹਿੱਤ ਦਿੱਲੀ ਦੇ ਚਾਂਦਨੀ ਚੌਕ ਵਿਚ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ, ਇਸ ਸ਼ਹਾਦਤ ਦੀ ਪੁਸ਼ਟੀ ਕਰਨ ਵਾਲੇ ਉਨ੍ਹਾਂ ਦੇ ਸਪੁੱਤਰ ਗੋਬਿੰਦ ਰਾਇ ਸਨ | ਜਿਨ੍ਹਾਂ 1699 ਨੂੰ ਵਿਸਾਖੀ ਮੌਕੇ ਸੰਗਤ ਤੋਂ 5 ਪਿਆਰਿਆਂ ਦੇ ਸਿਰਾਂ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਖੰਡੇ ਦੀ ਪਾਹੁਲ ਦਾ ਅੰਮਿ੍ਤ ਛਕਾਉਣ ਉਪਰੰਤ ਨਿਮਰਤਾ ਨਾਲ 5 ਪਿਆਰਿਆਂ ਹੱਥੋਂ ਖ਼ੁਦ ਵੀ ਅੰਮਿ੍ਤ ਛਕਿਆ ਸੀ | ਉਸ ਦਿਨ ਤੋਂ ਸਾਰੇ ਅੰਮਿ੍ਤਧਾਰੀ ਸਿੰਘਾਂ ਦੇ ਨਾਂ ਨਾਲ ਸਿੰਘ ਲੱਗਣਾ ਸ਼ੁਰੂ ਹੋਇਆ ਤਾਂ ਗੁਰੂ ਸਾਹਿਬ ਵੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਹੋ ਗਏ |

ਗੁਰੂ ਸਾਹਿਬ ਯਮੁਨਾ ਨਦੀ ਦੇ ਕੰਢੇ ਪਾਉਂਟਾ ਸਾਹਿਬ ਵਿਖੇ 1685 ਤੋਂ 1688 ਤੱਕ ਰਹਿ ਕੇ ਸਿੱਖ ਸੰਗਤ ਨੂੰ ਲੜਾਈ ਦੇ ਦਾਅ- ਪੇਚ ਸਿਖਾਉਂਦੇ ਰਹੇ ਤੇ ਦਸਮ ਗ੍ਰੰਥ ਦੀ ਰਚਨਾ ਵੀ ਕਰਦੇ ਰਹੇ | ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੀ ਚੜ੍ਹਤ ਵੇਖੀ ਤਾਂ ਉਹ ਪਾਸਾ ਪਰਤ ਕੇ ਮੁਗਲਾਂ ਦਾ ਸਾਥਾ ਦੇਣਾ ਮੰਨ ਗਏ | ਅੰਤਕਾਰ ਗੁਰੂ ਸਾਹਿਬ ਨੂੰ 1704 ਵਿਚ ਧਰਮ ਦੀ ਪਾਲਣਾ ਕਰਨ ਲਈ ਅਨੰਦਪੁਰ ਸਾਹਿਬ ਛੱਡਣਾ ਪਿਆ, ਚਮਕੌਰ ਸਾਹਿਬ ਦੀ ਗੜ੍ਹੀ ਵਿਚ ਮੁਗਲਾਂ ਨਾਲ ਟਾਕਰਾ ਕਰਨ ਲਈ ਮਜਬੂਰ ਹੋਣਾ ਪਿਆ, ਜਿੱਥੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਮੇਤ ਕੇਵਲ 40 ਸਿੱਖ ਹਜ਼ਾਰਾਂ ਮੁਗ਼ਲਾਂ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਪਾ ਗਏ | ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦਾ ਸੰਦੇਸ਼) ਲਿਖ ਕੇ ਵੰਗਾਰਿਆ | ਗੁਰੂ ਜੀ ਨੇ 1708 ਵਿਚ ਨਾਂਦੇੜ ਵਿਖੇ ਮਾਧੋ ਦਾਸ ਨੂੰ ਅੰਮਿ੍ਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਮੁਗਲ ਅੱਤਿਆਚਾਰ ਦਾ ਖਾਤਮਾ ਕਰਨ ਲਈ ਸਰਹਿੰਦ ਵੱਲ ਤੋਰਿਆ ਸੀ |
ਬੰਦਾ ਸਿੰਘ ਬਹਾਦਰ ਦੇ ਨਾਂਦੇੜ ਛੱਡਣ ਬਾਅਦ ਵਜ਼ੀਰ ਖਾਨ ਵਲੋਂ ਭੇਜੇ ਦੋ ਕਾਤਲਾਂ ਨੇ ਗੁਰੂ ਸਾਹਿਬ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ | ਗੁਰੂ ਜੀ ਦੇ 8 ਅਕਤੂਬਰ 1708 ਨੂੰ ਆਪਣਾ ਖਾਕੀ ਜਾਮਾ ਤਿਆਗਣ ਸਮੇਂ ਆਖਰੀ ਸ਼ਬਦ ਸਨ- ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ |
ਜਦੋਂ ਬੰਦਾ ਸਿੰਘ ਬਹਾਦਰ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਦਾ ਮੁਗਲਾਂ ਤੋਂ ਬਦਲਾ ਲੈਣ ਦਾ ਰੋਹ ਹੋਰ ਵੀ ਵਧ ਗਿਆ | ਚਪੜਚਿੜੀ ਦੀ ਲੜਾਈ ਇਸ ਦਾ ਪ੍ਰਤੀਕਰਮ ਸੀ ਤੇ ਸਿੱਖ ਰਾਜ ਦੀ ਸਥਾਪਨਾ ਇਸੇ ਦਾ ਅੰਜਾਮ ਸੀ | ਇਕ ਪਾਸੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੇ ਰੂਪ ਵਿਚ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾ ਕੇ ਨਵੇਂ ਮਨੁੱਖ ਦੀ ਸਿਰਜਣਾ ਕੀਤੀ ਤਾਂ ਬੰਦਾ ਸਿੰਘ ਬਹਾਦਰ ਨੇ ਸਿੱਖ ਪੰਥ ਦੇ ਸਮਾਜਿਕ ਤੇ ਸਿਆਸੀ ਪੱਖ ਨੂੰ ੳਭਾਰਿਆ | ਉਨ੍ਹਾਂ ਹੀ ਜ਼ਮੀਨ ਦੇ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਇਹੀਓ ਕਾਰਨ ਹੈ ਕਿ ਜੱਟ ਸਿੱਖ ਭਾਈਚਾਰਾ ਪਹਿਲਾਂ ਤੋਂ ਸੁਚੇਤ ਤੌਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਨਕਲਾਬ ਨਾਲ ਜੁੜਿਆ ਰਿਹਾ | ਪੰਜਾਬ ਦੀ ਕਿਸਾਨੀ 'ਤੇ ਖਾਸ ਕਰਕੇ ਜੱਟ ਕਿਸਾਨੀ ਅੱਜ ਵੀ ਅਚੇਤ ਰੂਪ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਇਨਕਲਾਬ ਨਾਲ ਜੁੜੀ ਹੋਈ ਹੈ | ਹੁਣ ਤਾਂ ਵੱਡੀ ਗਿਣਤੀ 'ਚ ਸਿੰਘ 3 ਸਤੰਬਰ ਵਾਲੇ ਦਿਨ ਨੇੜੇ ਹਜੂਰ ਸਾਹਿਬ ਜਾ ਕੇ ਹਾਜ਼ਰੀ ਭਰਦੇ ਹਨ, ਜਿਨ੍ਹਾਂ ਵਿਚ ਵਿਦੇਸ਼ ਵਸਦੇ ਜੱਟ ਸਿੱਖ ਵੀ ਸ਼ਾਮਿਲ ਹੁੰਦੇ ਹਨ | ਪਹਿਲਾਂ ਪਹਿਲ ਇਕ ਜਥਾ ਲੁਧਿਆਣੇ ਤੋਂ ਸੱਚਖੰਡ ਰੇਲਗੱਡੀ ਰਾਹੀਂ ਨਾਂਦੇੜ ਪਹੁੰਚਦਾ ਸੀ | ਪ੍ਰੰਤੂ ਇਸ ਸਾਲ ਇਹ ਜਥਾ ਇਕ ਬੱਸ ਰਾਹੀਂ ਰਵਾਨਾ ਹੋਇਆ | ਰਸਤੇ ਵਿਚ ਆਗਰਾ, ਗਵਾਲੀਅਰ, ਇੰਦੌਰ ਤੇ ਹੋਰ ਕਈ ਗੁਰਦੁਆਰਿਆਂ ਦੇ ਦਰਸ਼ਨ ਕਰਦਾ ਨਾਂਦੇੜ ਪਹੁੰਚਿਆ | ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਨੇ ਜਥੇ ਨੂੰ ਮਿਲ ਕੇ ਆਸ਼ੀਰਵਾਦ ਦਿੰਦਿਆਂ ਆਗੂਆਂ ਨੂੰ ਸਿਰੋਪਾ ਦੇ ਕੇ ਸਨਮਾਨ ਵੀ ਕੀਤਾ | ਇਸ ਵਾਰ ਮੇਰੇ 'ਤੇ ਵੀ ਕ੍ਰਿਪਾ ਹੋਈ ਹੈ | ਇੱਥੇ ਨਵੀਆਂ ਸਰਾਵਾਂ ਬਣ ਰਹੀਆਂ ਹਨ ਅਤੇ ਪਹਿਲਾਂ ਬਣੀਆਂ ਸਰਾਵਾਂ 'ਚ ਹੋਰ ਕਮਰੇ ਵਧਾਏ ਜਾ ਰਹੇ ਹਨ | ਗੋਦਾਵਰੀ ਨਦੀ ਨੇੜੇ ਸਥਿਤ ਗੁਰਦੁਆਰਾ ਲੰਗਰ ਸਾਹਿਬ ਵਿਖੇ 24 ਘੰਟੇ ਲੰਗਰ ਚਲਦਾ ਰਹਿੰਦਾ ਹੈ | ਇਸ ਗੁਰਦੁਆਰਾ ਸਾਹਿਬ ਦੇ ਨੇੜੇ ਇਕ ਵੱਡਾ ਬਾਜ਼ਾਰ ਵੀ ਵਿਕਸਿਤ ਹੋ ਗਿਆ ਹੈ ਜੋ ਦੇਰ ਰਾਤ ਤੱਕ ਖੁਲ੍ਹਾ ਰਹਿੰਦਾ ਹੈ | ਬੰਦਾ ਸਿੰਘ ਬਹਾਦਰ ਇਕ ਬੇਮਿਸਾਲ ਫ਼ੌਜੀ ਕਮਾਂਡਰ ਸੀ, ਜਿਸ ਨੂੰ ਪੰਜਾਬ ਵਿਚ ਮੁਗਲਾਂ ਦੇ ਜ਼ੁਲਮਾਂ ਵਿਰੁੱਧ ਲੜਨ ਲਈ ਦਸਵੇਂ ਪਾਤਸ਼ਾਹ ਨੇ ਚੁਣਿਆ ਸੀ | ਬੰਦਾ ਸਿੰਘ ਬਹਾਦਰ ਅੰਮਿ੍ਤ ਛਕਣ ਤੋਂ ਪਹਿਲਾਂ ਮਾਧੋ ਦਾਸ ਨਾਂਅ ਨਾਲ ਮਸ਼ਹੂਰ ਤਪੱਸਵੀ ਸਾਧੂ ਸੀ, ਜਿਸ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕੀਤਾ ਸੀ | ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਇਕ ਹੁਕਮਨਾਮਾ, ਇਕ ਤਲਵਾਰ ਤੇ 5 ਤੀਰ ਦੇ ਕੇ ਪੰਜਾਬ ਜਾ ਕੇ ਸਰਹਿੰਦ ਦੇ ਮੁਗਲ ਗਵਰਨਰ ਵਜ਼ੀਰ ਖ਼ਾਨ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਸੀ | ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚ ਕੇ ਸਿੱਖ ਲੜਾਕਿਆਂ ਤੇ ਸਥਾਨਕ ਕਿਸਾਨਾਂ ਦੀ ਫ਼ੌਜ ਇਕੱਠੀ ਕਰਕੇ ਚੱਪੜਚਿੜੀ ਦੀ ਲੜਾਈ ਵਿਚ ਮੁਗਲ ਫ਼ੌਜਾਂ ਨੂੰ ਹਰਾ ਕੇ ਸਰਹਿੰਦ 'ਤੇ ਕਬਜ਼ਾ ਕਰਕੇ ਪਹਿਲੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ | ਉਸ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਸਿੱਕੇ ਤੇ ਸਰਕਾਰੀ ਮੋਹਰਾਂ ਜਾਰੀ ਕਰਕੇ ਦਰਸਾਇਆ ਕਿ ਸੱਚੀ ਪ੍ਰਭੂਸੱਤਾ ਗੁਰੂਆਂ ਦੀ ਹੈ |
ਜਦੋਂ 12 ਮਈ 1710 ਨੂੰ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਸਿੱਖ ਫ਼ੌਜਾਂ ਨੇ ਚੱਪੜਚਿੜੀ ਦੀ ਇਤਿਹਾਸਕ ਲੜਾਈ ਵਿਚ ਸਰਹਿੰਦ ਦੇ ਮੁਗ਼ਲ ਗਵਰਨਰ ਵਜ਼ੀਰ ਖ਼ਾਨ ਨੂੰ ਹਰਾਇਆ ਤਾਂ ਮੁਗ਼ਲਾਂ ਕੋਲ ਤੋਪਖ਼ਾਨਾ, ਘੋੜਸਵਾਰ, ਹਾਥੀ ਤੇ ਵੱਡੀ ਹਥਿਆਰਬੰਦ ਫ਼ੌਜ ਸੀ | ਜਦਕਿ ਸਿੱਖ ਫ਼ੌਜ ਕੋਲ ਅਦੁੱਤੀ ਹੌਸਲਾ ਤੇ ਗੁਰੂਆਂ ਪ੍ਰਤੀ ਅਥਾਹ ਸ਼ਰਧਾ ਸੀ | ਯੁੱਧ ਦੌਰਾਨ ਭਾਈ ਫ਼ਤਿਹ ਸਿੰਘ ਨੇ ਵਜ਼ੀਰ ਖ਼ਾਨ 'ਤੇ ਜ਼ਬਰਦਸਤ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਮੁਗ਼ਲ ਫ਼ੌਜ ਮੈਦਾਨ ਛੱਡ ਕੇ ਭੱਜ ਗਈ | ਸਿੱਖਾਂ ਨੇ 14 ਮਈ 1710 ਨੂੰ ਸਰਹਿੰਦ 'ਤੇ ਕਬਜ਼ਾ ਕਰਕੇ ਪਹਿਲੇ ਖ਼ਾਲਸਾ ਰਾਜ ਦਾ ਝੰਡਾ ਲਹਿਰਾਇਆ | ਇਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਫ਼ਰੁਖ਼ਸੀਅਰ ਨੇ ਸਿੱਖਾਂ ਨੂੰ ਕੁਚਲਣ ਲਈ ਵੱਡੀ ਮੁਹਿੰਮ ਚਲਾਈ, ਅੰਤ ਬੰਦਾ ਸਿੰਘ ਬਹਾਦਰ ਦੀ ਫ਼ੌਜ ਨੂੰ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਅਬਦੁਸ ਸਮਦ ਖ਼ਾਨ ਦੀ ਅਗਵਾਈ ਵਾਲੀ ਮੁਗ਼ਲ ਫ਼ੌਜ ਨੇ ਘੇਰ ਲਿਆ | ਇਹ ਘੇਰਾ ਕਰੀਬ 8 ਮਹੀਨੇ ਚੱਲਿਆ ਤੇ ਰਾਸ਼ਨ-ਪਾਣੀ ਖ਼ਤਮ ਹੋਣ ਦੇ ਬਾਵਜੂਦ ਸਿੱਖ ਆਖ਼ਰੀ ਦਮ ਤੱਕ ਲੜੇ | ਅਖ਼ੀਰ ਦਸੰਬਰ 1715 'ਚ ਮੁਗ਼ਲਾਂ ਨੇ ਉਨ੍ਹਾਂ ਨੂੰ ਧੋਖੇ ਨਾਲ ਬੰਦੀ ਬਣਾ ਲਿਆ | ਬੰਦਾ ਸਿੰਘ ਬਹਾਦਰ ਤੇ ਸੈਂਕੜੇ ਸਿੱਖ ਕੈਦੀਆਂ ਨੂੰ ਲੋਹੇ ਦੇ ਪਿੰਜਰਿਆਂ ਤੇ ਜ਼ੰਜੀਰਾਂ ਵਿਚ ਜਕੜ ਕੇ ਦਿੱਲੀ ਲਿਆਂਦਾ ਗਿਆ | ਦਿੱਲੀ ਵਿਖੇ ਖ਼ਵਾਜਾ ਕੁਤਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ ਨੇੜੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਦੇ 4 ਸਾਲ ਦੇ ਪੁੱਤਰ ਅਜੈ ਸਿੰਘ ਨੂੰ ਉਨ੍ਹਾਂ ਦੀ ਗੋਦ ਵਿਚ ਬਿਠਾ ਕੇ ਕਤਲ ਕਰਕੇ ਉਸ ਦਾ ਕਾਲਜਾ ਕੱਢ ਕੇ ਬਾਬਾ ਜੀ ਦੇ ਮੰੂਹ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਗਈ | ਬਾਬਾ ਜੀ ਅਡੋਲ ਤੇ ਅਕਾਲ ਪੁਰਖ ਦੇ ਭਾਣੇ ਵਿਚ ਰਹੇ | ਇਸ ਤੋਂ ਬਾਅਦ ਉਨ੍ਹਾਂ ਦਾ ਮਾਸ ਗਰਮ ਜੰਬੂਰਾਂ ਨਾਲ ਨੋਚਿਆ, ਅੱਖਾਂ ਕੱਢੀਆਂ ਤੇ ਅੰਗ-ਅੰਗ ਕੱਟ ਕੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ | ਮਹਿਰੌਲੀ (ਦਿੱਲੀ) ਵਿਖੇ ਖਵਾਜਾ ਕੁਤਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ ਨੇੜੇ ਗੁਰਦਵਾਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਸੁਸ਼ੋਭਤ ਹੈ |
ਈਮੇਲ : sandhuguar@yahoo.com