12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

'ਬਿ੍ਕਸ' ਦੀ ਸਾਰਥਕਤਾ

'ਬਿ੍ਕਸ' ਦੀ ਸਾਰਥਕਤਾ

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਵੀਂ ਦਿੱਲੀ ਵਿਚ ਬਿ੍ਕਸ ਦੇਸ਼ਾਂ ਦੇ ਹੋ ਰਹੇ ਸਿਖ਼ਰ ਸੰਮੇਲਨ ਵਿਚ ਕੌਮਾਂਤਰੀ ਮੰਚ 'ਤੇ ਚਲ ਰਹੇ ਹਰ ਤਰ੍ਹਾਂ ਦੇ ਮਹੱਤਵਪੂਰਨ ਘਟਨਾਕ੍ਰਮ ਬਾਰੇ ਮੈਂਬਰ ਦੇਸ਼ਾਂ ਨੇ ਵਿਚਾਰ-ਚਰਚਾ ਕੀਤੀ ਹੈ | ਦੋ ਦਿਨਾ ਸੰਮੇਲਨ ਦੇ ਸਨਿਚਰਵਾਰ ਨੂੰ  ਪਹਿਲੇ ਦਿਨ ਹੀ ਇਸ ਸੰਗਠਨ ਦੇ ਦੇਸ਼ਾਂ ਦੀ ਸਾਰਥਕ ਸੋਚ ਅਤੇ ਪਹੁੰਚ ਦਾ ਅਹਿਸਾਸ ਹੋਇਆ ਹੈ | ਇਸ ਸਾਲ ਇਸ ਸੰਗਠਨ ਦੀ 20ਵੀਂ ਵਰ੍ਹੇਗੰਢ ਹੈ | ਪਹਿਲਾਂ ਚਾਹੇ ਇਸ ਵਿਚ 5 ਦੇਸ਼ ਹੀ ਸ਼ਾਮਿਲ ਸਨ ਪਰ ਹੌਲੀ-ਹੌਲੀ ਇਹ ਕਾਫ਼ਲਾ ਵਧਦਾ ਗਿਆ ਅਤੇ ਇਸ ਸਮੇਂ ਇਸ ਦੇ ਮੈਂਬਰਾਂ ਦੀ ਗਿਣਤੀ 11 ਹੈ ਅਤੇ 10 ਇਸ ਦੇ ਭਾਈਵਾਲ (ਪਾਰਟਨਰ) ਮੈਂਬਰ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਇਹ ਕਿਹਾ ਹੈ ਕਿ ਬਿ੍ਕਸ ਨੇ ਕੌਮਾਂਤਰੀ ਮੰਚ 'ਤੇ ਇਕ ਵਿਸ਼ੇਸ਼ ਪਹਿਚਾਣ ਬਣਾਈ ਹੈ ਪਰ ਇਹ ਕਿਸੇ ਹੋਰ ਸੰਗਠਨ ਦੇ ਖ਼ਿਲਾਫ਼ ਨਹੀਂ ਹੈ | ਇਸ ਵਾਰ ਜਦੋਂ ਭਾਰਤ ਇਸ ਸੰਗਠਨ ਦੀ ਪ੍ਰਧਾਨਗੀ ਕਰ ਰਿਹਾ ਹੈ ਤਾਂ ਦੁਨੀਆ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ | ਰੂਸ-ਯੂਕਰੇਨ ਦੀ ਜੰਗ, ਪੱਛਮੀ ਏਸ਼ੀਆ ਦਾ ਗੰਭੀਰ ਸੰਕਟ ਅਤੇ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਪਾਰਕ ਟੈਰਿਫ਼ ਸੰਬੰਧੀ ਨੀਤੀਆਂ ਕਾਰਨ ਬਹੁਤੇ ਦੇਸ਼ ਇਕ ਵਿਸ਼ੇਸ਼ ਸੰਕਟਮਈ ਦੌਰ 'ਚੋਂ ਗੁਜ਼ਰ ਰਹੇ ਹਨ | ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਅਸੀਂ ਇਕ ਦੂਜੇ ਦੇ ਦਿ੍ਸ਼ਟੀਕੋਣ ਦਾ ਸਨਮਾਨ ਕਰਦੇ ਹਾਂ ਅਤੇ ਆਮ ਸਹਿਮਤੀ ਨਾਲ ਹੀ ਅੱਗੇ ਵਧਣ ਦਾ ਯਤਨ ਕਰਦੇ ਹਾਂ | ਇਸ ਨੂੰ  ਭਾਰਤ ਦੀ ਵੱਡੀ ਕੂਟਨੀਤਕ ਪ੍ਰਾਪਤੀ ਮੰਨਿਆ ਜਾ ਸਕਦਾ ਹੈ ਕਿ ਅਨੇਕਾਂ ਵਿਰੋਧਾਂ ਦੇ ਹੁੰਦਿਆਂ ਇਸ ਸੰਮੇਲਨ ਨੇ ਸਾਂਝੇ ਐਲਾਨਨਾਮੇ 'ਤੇ ਸਹਿਮਤੀ ਪ੍ਰਗਟਾਈ ਹੈ | ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਖਰੀ ਮੁਲਾਕਾਤ ਨੂੰ  ਵੀ ਇਸ ਲਈ ਅਹਿਮ ਕਿਹਾ ਜਾ ਸਕਦਾ ਹੈ ਕਿ ਦੂਸਰੀ ਵਾਰ ਇਹ ਮੁਲਾਕਾਤ ਥੋੜ੍ਹੇ ਸਮੇਂ ਦੇ ਅੰਤਰ 'ਚ ਹੀ ਹੋਈ ਹੈ | ਰੂਸ ਭਾਰਤ ਦਾ ਹਮੇਸ਼ਾ ਵੱਡਾ ਹਮਾਇਤੀ ਅਤੇ ਮਦਦਗਾਰ ਰਿਹਾ ਹੈ | ਅਮਰੀਕੀ ਰਾਸ਼ਟਰਪਤੀ ਦੀਆਂ ਧਮਕੀਆਂ ਦੇ ਬਾਵਜੂਦ ਇਹ ਦੋਵੇਂ ਦੇਸ਼ ਇਕੱਠੇ ਹੋ ਕੇ ਆਪਣੀ ਨਿਰੰਤਰ ਚਾਲ ਨਾਲ ਤੁਰਦੇ ਰਹੇ ਹਨ | ਇਸ ਮੁਲਾਕਾਤ ਵਿਚ ਵੀ ਦੋਹਾਂ ਦੇਸ਼ਾਂ ਨੇ ਹਰ ਖੇਤਰ ਵਿਚ ਵੱਧ ਤੋਂ ਵੱਧ ਸਹਿਯੋਗ ਵਧਾਉਣ ਦੀ ਗੱਲ ਕੀਤੀ ਹੈ | 

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸ਼ਮੂਲੀਅਤ ਨੇ ਵੀ ਬਿ੍ਕਸ ਦੀ ਭਾਵਨਾ ਨੂੰ  ਮਜ਼ਬੂਤ ਕੀਤਾ ਹੈ | ਅਮਰੀਕਾ ਨਾਲ ਉਲਝਦਿਆਂ ਈਰਾਨ ਜ਼ਰੂਰ ਵੱਡੇ ਸੰਕਟ 'ਚੋਂ ਗੁਜ਼ਰ ਰਿਹਾ ਹੈ ਪਰ ਉਥੋਂ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਦੀ ਸ਼ਮੂਲੀਅਤ ਨੇ ਵੀ ਇਸ ਦੇ ਪ੍ਰਭਾਵ ਨੂੰ  ਹੋਰ ਵਧਾਇਆ ਹੈ | ਇਸ ਸੰਮੇਲਨ ਵਿਚ ਪ੍ਰਵਾਨ ਕੀਤੇ ਗਏ ਐਲਾਨਨਾਮੇ ਵਿਚ ਅਪ੍ਰੈਲ, 2025 ਵਿਚ ਅੱਤਵਾਦੀ ਹਮਲੇ ਕਾਰਨ ਜੰਮੂ-ਕਸ਼ਮੀਰ ਵਿਚ ਵਾਪਰੇ ਪਹਿਲਗਾਮ ਦੇ ਦੁਖਾਂਤ ਦੀ ਵੀ ਸਖ਼ਤ ਨਿੰਦਾ ਕੀਤੀ ਗਈ ਹੈ | ਇਸ ਵਿਚ ਪਾਕਿਸਤਾਨ ਵਲੋਂ ਸਿੱਖਿਆ ਪ੍ਰਾਪਤ ਹਥਿਆਰਬੰਦ ਅੱਤਵਾਦੀਆਂ ਨੇ 26 ਵਿਅਕਤੀਆਂ ਨੂੰ  ਗੋਲੀਆਂ ਨਾਲ ਮਾਰ ਦਿੱਤਾ ਸੀ | ਸੰਗਠਨ ਵਲੋਂ ਇਸ ਦੀ ਆਲੋਚਨਾ ਕਰਦਿਆਂ ਕੌਮਾਂਤਰੀ ਅੱਤਵਾਦ ਦੇ ਨਾਲ-ਨਾਲ ਅੱਤਵਾਦੀ ਸੰਗਠਨਾਂ ਨੂੰ  ਆਰਥਿਕ ਸਹਾਇਤਾ ਦੇਣ ਵਾਲਿਆਂ ਦੀ ਵੀ ਸਖ਼ਤ ਆਲੋਚਨਾ ਕੀਤੀ ਗਈ ਹੈ ਅਤੇ ਅਜਿਹੇ ਖ਼ਤਰਨਾਕ ਸੰਗਠਨਾਂ ਨਾਲ ਸਖ਼ਤੀ ਨਾਲ ਨਿਪਟਣਾ ਵੀ ਬੇਹੱਦ ਜ਼ਰੂਰੀ ਕਰਾਰ ਦਿੱਤਾ ਗਿਆ ਹੈ | ਐਲਾਨਨਾਮੇ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਰਲਡ ਬੈਂਕ ਨੂੰ  ਵੀ ਇਹ ਅਪੀਲ ਕੀਤੀ ਗਈ ਹੈ ਕਿ ਉਹ ਮਜ਼ਬੂਤ ਹੁੰਦੀਆਂ ਵਿਵਸਥਾਵਾਂ ਵਾਲੇ ਦੇਸ਼ਾਂ ਲਈ ਸਹਾਈ ਹੋਣ | ਇਸ ਦੇ ਨਾਲ ਹੀ ਸਪੱਸ਼ਟ ਸ਼ਬਦਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਪਣਾਏ ਟੈਰਿਫ਼ ਲਗਾਉਣ ਦੇ ਤਰੀਕਿਆਂ ਦੀ ਵੀ ਆਲੋਚਨਾ ਕੀਤੀ ਗਈ ਹੈ | ਸੰਯੁਕਤ ਰੂਪ ਵਿਚ ਕੌਮਾਂਤਰੀ ਪ੍ਰਬੰਧ ਦੇ ਸੁਧਾਰ ਲਈ 10 ਨੁਕਾਤੀ ਪ੍ਰਸਤਾਵ ਤਿਆਰ ਕਰਕੇ ਅਗਲੇ ਸਿਖ਼ਰ ਸੰਮੇਲਨ ਤੱਕ ਉਨ੍ਹਾਂ ਦੇ ਆਧਾਰ 'ਤੇ ਇਕ ਬਿ੍ਕਸ ਸੁਧਾਰ ਰੋਡ ਮੈਪ ਬਣਾਉਣ ਸੰਬੰਧੀ ਸਹਿਮਤੀ ਪ੍ਰਗਟ ਕੀਤੀ ਗਈ ਹੈ |
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਇਹ ਟਿੱਪਣੀਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਲ ਰਾਮਾਫੋਸਾ ਦੀ ਹਾਜ਼ਰੀ ਵਿਚ ਕੀਤੀਆਂ ਗਈਆਂ, ਇਹ ਦੇਸ਼ ਬਿ੍ਕਸ ਦੇ ਪਹਿਲੇ ਮੈਂਬਰਾਂ ਵਿਚੋਂ ਹਨ | ਇਸ ਤੋਂ ਇਲਾਵਾ ਮਲੇਸ਼ੀਆ, ਇੰਡੋਨੇਸ਼ੀਆ, ਅਬੂਧਾਬੀ, ਇਥੋਪੀਆ, ਮਿਸਰ ਅਤੇ ਵੀਅਤਨਾਮ ਦੇ ਮੁਖੀਆਂ ਦਾ ਇਸ ਸੰਮੇਲਨ ਵਿਚ ਸ਼ਮੂਲੀਅਤ ਕਰਨਾ ਵੀ ਵੱਡਾ ਮਹੱਤਵ ਰੱਖਦਾ ਹੈ | ਭਾਰਤ ਨੇ ਸੰਯੁਕਤ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰਾਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਬਹੁਤੇ ਦੇਸ਼ਾਂ ਨੇ ਨਿਵੇਸ਼, ਰੱਖਿਆ, ਸੈਮੀਕੰਡਕਟਰ, ਬੁਨਿਆਦੀ ਢਾਂਚਾ, ਊਰਜਾ ਅਤੇ ਡਿਜੀਟਲ ਅਰਥ ਵਿਵਸਥਾ ਆਦਿ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਗਹਿਰ ਗੰਭੀਰ ਵਾਰਤਾ ਕੀਤੀ ਹੈ | ਪਹਿਲੇ ਦਿਨ ਦੇ ਸਾਰਥਕ ਸਿੱਟਿਆਂ ਤੋਂ ਦੂਸਰੇ ਦਿਨ ਦੀਆਂ ਸਥੂਲ ਪ੍ਰਾਪਤੀਆਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ | ਇਸ ਸੰਮੇਲਨ ਨੇ ਨਿਸਚੇ ਹੀ ਭਾਰਤ ਦੇ ਕੌਮਾਂਤਰੀ ਪ੍ਰਭਾਵ ਵਿਚ ਵੱਡਾ ਵਾਧਾ ਕਰਦਿਆਂ ਇਸ ਦੀਆਂ ਜ਼ਿੰਮੇਵਾਰੀਆਂ ਨੂੰ  ਹੋਰ ਵਧਾਇਆ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਜੋ ਏਕੇ ਨੂੰ ਵਿਉਂਤਬੰਦੀ ਦਾ ਧੁਰਾ ਬਣਾਉਣਗੇ, ਉਹੀ ਕਾਮਯਾਬ ਹੋਣਗੇ | —ਵੀਨਸ ਲੋਮਬਰਾਡੀ ਅਗਲੀ ਖ਼ਬਰ ਰਾਜਨੀਤੀ ਦੀ ਬਦਲਦੀ ਭਾਸ਼ਾ ਤੇ ਅਨੈਤਿਕਤਾ ਦੇ ਸਵਾਲ
Ad Position 24