(ਕੱਲ੍ਹ ਤੋਂ ਅੱਗੇ)
ਰਾਜਨੀਤੀ ਦੀ ਭਾਸ਼ਾ ਦੁਨੀਆ ਭਰ ਵਿਚ ਬਦਲ ਰਹੀ ਹੈ | ਇਹ ਵਰਤਾਰਾ ਸਰਬ ਵਿਆਪਕ ਬਣਦਾ ਜਾ ਰਿਹਾ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਯੁੱਧ ਵੇਲੇ ਜਿਹੋ ਜਿਹੀ ਭਾਸ਼ਾ ਵਰਤੀ ਉਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੀ ਰਾਜਨੀਤੀ ਹੁਣ ਧਮਕੀਆਂ, ਨੇਸਤੋਨਾਬੂਦ ਕਰ ਦੇਣ, ਐਟਮੀ ਹਥਿਆਰਾਂ ਦੇ ਦਾਬੇ ਤੇ ਧੱਕੇ ਨਾਲ ਦੇਸ਼ਾਂ 'ਤੇ ਕਬਜ਼ੇ ਕਰਨ ਵੱਲ ਮੁੜ ਗਈ ਹੈ | ਕੁਦਰਤੀ ਸ੍ਰੋਤਾਂ 'ਤੇ ਕਬਜ਼ੇ ਦੀ ਭਾਵਨਾ ਨਾਲ ਦੁਨੀਆ ਭਰ ਵਿਚ ਨਵੀਆਂ ਸਫਬੰਦੀਆਂ ਹੋ ਰਹੀਆਂ ਹਨ | ਇਸ ਨਾਲ ਭਾਸ਼ਾ ਦਾ ਲਹਿਜਾ ਤੇ ਧਿਰਾਂ ਦੀ ਤਾਕਤ ਦਾ ਤਵਾਜ਼ਨ ਵੀ ਬਦਲ ਰਿਹਾ ਹੈ | ਇਕ ਪਾਸੇ ਸਰਕਾਰਾਂ 'ਬਿੱਗ ਆਈਡੀਏ' ਵਾਲੀ ਭਾਸ਼ਾ ਵਰਤ ਕੇ ਲੋਕ ਮਾਨਸਿਕਤਾ ਨੂੰ ਕਾਬੂ ਕਰਨ ਦਾ ਯਤਨ ਕਰ ਰਹੀਆਂ ਹਨ, ਦੂਜੇ ਪਾਸੇ ਵਿਰੋਧੀ ਧਿਰਾਂ ਏਸੇ ਭਾਸ਼ਾ ਨੂੰ ਹਥਿਆਰ ਬਣਾ ਕੇ ਇਹ ਦੱਸਣ ਦਾ ਯਤਨ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਅਸਤਰ, ਸ਼ਸਤਰ ਉਨ੍ਹਾਂ ਵੱਲ ਹੀ ਚਲਾਏ ਜਾ ਰਹੇ ਹਨ, ਜਿਵੇਂ ਪੁਲਿਸ ਜਦੋਂ ਅੱਥਰੂ ਗੈਸ ਦੇ ਗੋਲੇ ਸੰਘਰਸ਼ ਕਰ ਰਹੇ ਲੋਕਾਂ ਵੱਲ ਸੁੱਟਦੀ ਹੈ ਤਾਂ ਸੰਘਰਸ਼ੀ ਧਿਰਾਂ ਵੀ ਅੱਗੋਂ ਉਹੀ ਗੋਲੇ ਚੁੱਕ ਚੁੱਕ ਕੇ ਪੁਲਿਸ ਵੱਲ ਸੁੱਟ ਦਿੰਦੀਆਂ ਹਨ | ਇਹੀ ਹਾਲ ਰਾਜਨੀਤੀ ਦੀ ਭਾਸ਼ਾ ਦਾ ਹੋਇਆ ਪਿਆ ਹੈ | ਸਰਕਾਰੀ ਭਾਸ਼ਾ ਵਿਰੋਧੀ ਧਿਰ ਵਲੋਂ ਮੁੜ ਸਰਕਾਰ ਵੱਲ ਸੇਧਿਤ ਕਰ ਦਿੱਤੀ ਜਾਂਦੀ ਹੈ |
ਭਾਸ਼ਾ ਦੇ ਦੋ ਸ਼ਬਦ ਦੇਸ਼ ਭਗਤੀ ਤੇ ਦੇਸ਼ ਧਰੋਹ ਨੂੰ ਮਜ਼ਾਕ ਬਣਾ ਦਿੱਤਾ ਗਿਆ ਹੈ | ਦੇਸ਼ ਭਗਤੀ ਨੂੰ ਆਪਣੀ ਵਿਚਾਰਧਾਰਾ ਨਾਲ ਜੋੜ ਕੇ ਨਵ-ਰਾਸ਼ਟਰਵਾਦੀ ਸੋਚ ਨੂੰ ਥੋਪਿਆ ਜਾ ਰਿਹਾ ਹੈ ਤੇ ਹਰ ਗੱਲ 'ਤੇ ਦੇਸ਼ ਧਰੋਹ ਦਾ ਡਰਾਵਾ ਦੇ ਕੇ ਵੱਖ-ਵੱਖ ਧਿਰਾਂ ਨੂੰ ਚੁੱਪ ਕਰਵਾਇਆ ਜਾ ਰਿਹਾ ਹੈ | ਦੇਸ਼ ਦੀਆਂ ਸਾਂਸਕ੍ਰਿਤਕ ਪਰੰਪਰਾਵਾਂ ਨੂੰ ਖ਼ਤਮ ਕਰਕੇ ਨਵੇਂ ਨਵੇਂ ਬਿਰਤਾਂਤ, ਮਿੱਥਾਂ, ਇਤਿਹਾਸਕ ਵਿਆਖਿਆਵਾਂ ਤੇ ਕੇਂਦਰੀਕਰਨ 'ਤੇ ਜ਼ੋਰ ਦੇ ਕੇ ਰਾਜਨੀਤੀ ਦੀ ਭਾਸ਼ਾ ਨੂੰ ਬੇਲਗਾਮ ਕੀਤਾ ਜਾ ਰਿਹਾ ਹੈ | ਇਸ ਲਈ ਬਾਕਾਇਦਾ ਆਈ.ਟੀ. ਸੈੱਲ ਤੇ ਅਨੇਕਾਂ ਸੰਸਥਾਵਾਂ ਕੰਮ ਕਰ ਰਹੀਆਂ ਹਨ | ਦੇਸ਼ ਦੀ ਬਹੁ-ਸੱਭਿਆਚਾਰਕ, ਬਹੁ-ਭਾਸ਼ਾਈ, ਬਹੁ-ਧਰਮੀ, ਬਹੁ-ਕੌਮੀ, ਬਹੁ-ਨਸਲੀ, ਤੇ ਬਹੁ-ਵਿਚਾਰਕ ਸੱਭਿਅਤਾ ਨੂੰ ਖੇਰੂੰ ਖੇਰੂੰ ਕੀਤਾ ਜਾ ਰਿਹਾ ਹੈ | 'ਤੂੰ ਤੜਾਕ' ਵਾਲੀ ਭਾਸ਼ਾ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ | ਜਦੋਂ ਅਸੀਂ ਦੇਸ਼ ਦੀ ਸੰਸਦ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚ ਵਿਚਾਰ-ਚਰਚਾ ਸੁਣਦੇ ਹਾਂ ਤਾਂ ਨਿੱਜੀ ਟਿੱਪਣੀਆਂ ਤੋਂ ਲੈ ਕੇ ਰਾਜਨੀਤੀ ਦੀ ਭਾਸ਼ਾ ਵਿਚ ਇਹੋ ਜਿਹਾ ਕੁਝ ਸੁਣਨ ਨੂੰ ਮਿਲਦਾ ਹੈ, ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ | ਟਵੀਟਾਂ, ਪ੍ਰੈੱਸ ਬਿਆਨਾਂ ਵਿਚ ਜਿਹੋ ਜਿਹੀ ਤੜਕ ਭੜਕ ਵਾਲੀ ਹਮਲਾਵਰ ਭਾਸ਼ਾ ਦੀ ਵਰਤੋਂ ਹੁੰਦੀ ਹੈ, ਬਿਲਕੁਲ ਅਜਿਹੀ ਭਾਸ਼ਾ ਚੋਣਾਂ ਵੇਲੇ ਜਾਤੀਆਂ, ਧਰਮਾਂ, ਵਰਗਾਂ, ਸ਼ਹਿਰੀ, ਪੇਂਡੂ, ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਵਿਚ ਨਵੇਂ ਰੂਪ ਵਿਚ ਪ੍ਰਗਟ ਹੁੰਦੀ ਹੈ | ਲੋਕ ਮਨਾਂ ਨੂੰ ਵੋਟ 'ਤੇ ਕੇਂਦਰਤ ਕਰਨ ਲਈ ਡੇਰਿਆਂ, ਧਰਮ ਸਥਾਨਾਂ ਨੂੰ ਰਾਜਨੀਤੀ ਦੇ ਸੰਦ ਬਣਾ ਕੇ ਉਨ੍ਹਾਂ ਦੀ ਭਾਸ਼ਾ ਨੂੰ ਆਪਣੇ ਹਿੱਤ ਨਾਲ ਜੋੜ ਲਿਆ ਜਾਂਦਾ ਹੈ |
ਜਿੱਥੋਂ ਤੱਕ ਨੈਤਿਕਤਾ ਦਾ ਸਵਾਲ ਹੈ, ਇਹ ਸ਼ਾਇਦ ਮਹਾਤਮਾ ਗਾਂਧੀ ਦੇ ਕਤਲ ਨਾਲ ਹੀ ਰਾਜਨੀਤੀ 'ਚੋਂ ਖ਼ਤਮ ਹੋ ਗਈ ਸੀ | ਹੌਲੀ-ਹੌਲੀ ਨੈਤਿਕਤਾ ਦੇ ਨਵੇਂ ਰਾਜਨੀਤਕ ਪੈਮਾਨੇ ਸਾਹਮਣੇ ਆਉਣ ਲੱਗੇ | ਜਦੋਂ ਰਾਜਨੀਤੀ ਵਿਚ ਚੁਣੇ ਹੋਏ ਮੈਂਬਰਾਂ ਦੀ ਖ਼ਰੀਦੋ-ਫ਼ਰੋਖਤ ਦਾ ਧੰਦਾ ਸ਼ੁਰੂ ਹੋਇਆ ਤਾਂ ਸਾਨੂੰ ਪਤਾ ਹੈ ਇਹ ਨੈਤਿਕਤਾ ਕਿਵੇਂ ਸ਼ਰਮ ਤੋਂ ਬੇਸ਼ਰਮੀ ਤੱਕ ਪਹੁੰਚ ਗਈ | ਅੱਜ ਇਸ ਨੂੰ ਨੈਤਿਕਤਾ ਦਾ ਪੈਮਾਨਾ ਮੰਨਿਆ ਹੀ ਨਹੀਂ ਜਾਂਦਾ | ਸਹੂਲਤ ਦੀ ਰਾਜਨੀਤੀ ਵਿਚ ਹਰ ਚੁਣਿਆ ਵਿਅਕਤੀ ਕਿਸੇ ਵੀ ਪਾਰਟੀ ਵਿਚ ਜਾ ਸਕਦਾ ਹੈ | ਨਵੀਂ ਜੋੜ-ਤੋੜ ਦੀ ਰਾਜਨੀਤੀ ਨੇ ਨਵੇਂ ਪੈਮਾਨੇ ਸਿਰਜ ਦਿਤੇ ਹਨ | ਉਹ ਭਾਵੇਂ ਕਿੰਨਾ ਦਾਗੀ ਹੋਵੇ ਸਰਕਾਰੀ ਸਫ਼ਾਂ ਵਿਚ ਜਾ ਕੇ ਬੇਦਾਗ ਹੋ ਜਾਂਦਾ ਹੈ | ਇਸ 'ਚੋਂ ਹੀ ਅਜਿਹੀ ਭਾਸ਼ਾ ਪੈਦਾ ਹੋਈ ਹੈ- ਲੋਟਸ ਆਪ੍ਰੇਸ਼ਨ, ਲੋਟਸ ਮਿਸ਼ਨ | ਪਾਰਲੀਮੈਂਟ, ਵਿਧਾਨ ਸਭਾਵਾਂ ਵਿਚ ਬਿਨਾਂ ਪੜਿ੍ਹਆਂ, ਬਿਨਾਂ ਵਿਚਾਰਿਆਂ, ਬਹਿਸ ਕੀਤਿਆਂ ਮਹੱਤਵਪੂਰਨ ਬਿੱਲ ਪਾਸ ਹੋ ਜਾਂਦੇ ਹਨ ਤੇ ਚੁਣੇ ਨੁਮਾਇੰਦੇ ਆਪਣੀ ਰਾਜਨੀਤੀ ਵਿਚ ਨਵੇਂ ਤਰਕ ਘੜ ਲੈਂਦੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਭਰਮਾਇਆ ਜਾ ਸਕੇ |
![]()
ਕਦੇ ਅਰਬਨ ਨਕਸਲ, ਕਦੇ ਟੁਕੜੇ-ਟੁਕੜੇ ਗੈਂਗ, ਕਦੇ ਪਾਕਿਸਤਾਨੀ, ਕਦੇ ਖ਼ਾਲਿਸਤਾਨੀ, ਕਦੇ ਚੀਨ ਪੱਖੀ, ਕਦੇ ਅਮਰੀਕਾ ਦਾ ਪਿਛਲੱਗ, ਕਦੇ ਇਜ਼ਰਾਈਲ ਪਿੱਤਰ ਭੂਮੀ, ਕਦੇ ਕਿਸੇ ਨੂੰ ਫਲਾਣੇ ਪਿੰਡ ਦਾ ਨਾਂਅ ਨਹੀਂ ਲੈਣਾ ਆਉਂਦਾ, ਇਹ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਨ ਵਾਲਿਆਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਤੇ ਆਪ ਸਭ ਤੋਂ ਜ਼ਿਆਦਾ ਪੰਜਾਬੀ ਦਾ ਘਾਣ ਕਰਨ ਵਾਲੇ, ਨਸ਼ੇ ਦੇ ਸੌਦਾਗਰ, ਚਿੱਟੇ ਦੇ ਵਪਾਰੀ, ਯੁੱਧ ਨਸ਼ਿਆਂ ਵਿਰੁੱਧ, ਸਿੱਖਿਆ ਕ੍ਰਾਂਤੀ, ਸਿਹਤ ਕ੍ਰਾਂਤੀ ਤੇ ਇਹੋ ਜਿਹੀ ਕਿੰਨੀ ਭਾਸ਼ਾ ਰਾਜਨੀਤੀ ਦੇ ਖੋਖਲੇਪਨ ਨੂੰ ਜ਼ਾਹਰ ਕਰਦੀ ਹੈ | ਇਸ ਭਾਸ਼ਾ ਦੀ ਨੈਤਿਕਤਾ ਵੀ ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ | 'ਆਮ' ਤੇ 'ਇਨਕਲਾਬ' ਵਰਗੇ ਸ਼ਬਦ ਆਪਣੀ ਨੈਤਿਕਤਾ ਹੀ ਗਵਾ ਬੈਠੇ ਲਗਦੇ ਹਨ |
ਕੋਈ ਸਮਾਂ ਸੀ ਜਦੋਂ ਸੱਤਾ ਦੀ ਭਾਸ਼ਾ ਬੜੀ ਟਕਸਾਲੀ, ਸਹਿਜ ਤੇ ਲੋਕ ਹਿਤੈਸ਼ੀ ਹੋਣ ਦਾ ਪ੍ਰਭਾਵ ਸਿਰਜਦੀ ਸੀ | ਪਰ ਜਿਵੇਂ-ਜਿਵੇਂ ਰਾਜਨੀਤੀ ਸੇਵਾ ਦੀ ਥਾਂ ਵਪਾਰਕ ਧੰਦਾ ਬਣ ਗਈ ਤਾਂ ਇਹ ਭਾਸ਼ਾ ਬਾਜ਼ਾਰਵਾਦੀ ਹੋ ਗਈ | ਵੋਟਾਂ ਦੀ ਖਰੀਦੋ ਫ਼ਰੋਖਤ, ਘਰੇਲੂ ਸਾਮਾਨ, ਨਸ਼ੇ, ਪੈਸੇ ਵੰਡਣ ਨਾਲ ਚੋਣਾਂ ਮਹਿੰਗੀਆਂ ਹੋ ਗਈਆਂ ਤੇ ਹੌਲੀ-ਹੌਲੀ ਇਸ ਵਿਚ ਅਪਰਾਧੀ ਵੀ ਸ਼ਾਮਿਲ ਹੋ ਗਏ | ਪੈਸੇ ਕਮਾਉਣ ਤੋਂ ਲੈ ਕੇ ਸਾਂਭਣ ਤੱਕ ਰਾਜਨੀਤੀ ਨੂੰ ਢਾਲ ਵਜੋਂ ਵਰਤਿਆ ਜਾ ਰਿਹਾ ਹੈ | ਗਾਰੰਟੀਆਂ, ਮੁਫ਼ਤਖੋਰੀ ਤੇ ਖਾਤਿਆਂ ਵਿਚ ਪੈਸੇ ਪਾ ਕੇ, ਮੁਫ਼ਤ ਬਿਜਲੀ, ਮੁਫ਼ਤ ਬੱਸ ਸਫ਼ਰ ਦੀ ਸਹੂਲਤ, ਤੀਰਥ ਦਰਸ਼ਨ ਵਰਗੇ ਲੋਕ ਲੁਭਾਵਨੇ ਹੱਥਕੰਡੇ ਸਿਰਫ਼ ਵੋਟਾਂ ਹਥਿਆਉਣ ਦਾ ਤਰੀਕਾ ਹਨ | ਇਨ੍ਹਾਂ ਨਾਲ ਲੋਕਾਂ ਦੇ ਮੁੱਦਿਆਂ ਨੂੰ ਦਫ਼ਨ ਕਰਕੇ ਆਪਣੀ ਪਿੱਠ ਥਾਪੜ ਕੇ ਇਹੋ ਜਿਹੇ ਬਿਰਤਾਂਤ ਸਿਰਜ ਲਏ ਜਾਂਦੇ ਹਨ ਕਿ ਸਰਕਾਰੀ ਖਜ਼ਾਨੇ ਖਾਲੀ ਪੀਪਿਆਂ ਤੋਂ ਵੀ ਵੱਧ ਖਾਲੀ ਹੋ ਜਾਂਦੇ ਹਨ | ਜਦੋਂ ਆਮਦਨੀ ਅਠੱਨੀ ਹੋਵੇ ਤਾਂ ਖਰਚਾ ਸੌ ਰੁਪਈਆ, ਤਾਂ ਕਰਜ਼ੇ ਹੜ੍ਹਾਂ ਦੀ ਮਾਰ ਵਾਂਗ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੰਦੇ ਹਨ |
ਅਜਿਹੀਆਂ ਸਥਿਤੀਆਂ ਵਿਚ ਜਦੋਂ ਕਿਸਾਨ, ਮੁਲਾਜ਼ਮ, ਵਿਦਿਆਰਥੀ, ਅਧਿਆਪਕ, ਸਫ਼ਾਈ ਸੇਵਕ, ਆਸ਼ਾ ਵਰਕਰ, ਮਨਰੇਗਾ ਕਾਮੇ, ਖੇਤ ਮਜ਼ਦੂਰ, ਆਂਗਣਵਾੜੀ ਵਰਕਰ ਸਭ ਨੂੰ ਪੁਲਿਸ ਦੀਆਂ ਲਾਠੀਆਂ ਤੇ ਪਾਣੀ ਦੀਆਂ ਬੁਛਾੜਾਂ ਨਿਹਾਲ ਕਰ ਰਹੀਆਂ ਹੋਣ ਤਾਂ ਸੰਘਰਸ਼ੀ ਧਿਰਾਂ ਨੂੰ ਰਾਜਨੀਤੀ ਦੇ ਵਿਰੋਧ ਵਿਚ ਭਾਸ਼ਾ ਦੇ ਆਪਣੇ ਬਿਰਤਾਂਤ ਸਿਰਜਣੇ ਚਾਹੀਦੇ ਹਨ | ਲੋਕਾਂ ਨੂੰ ਮੁਫ਼ਤਖੋਰੀ ਨੂੰ ਨਾਂਹ ਕਹਿ ਕੇ ਰੁਜ਼ਗਾਰ, ਸਿੱਖਿਆ, ਸਿਹਤ ਤੇ ਹੰਢਣਸਾਰ ਆਲਾਦੁਆਲਾ ਮੰਗਣਾ ਚਾਹੀਦਾ ਹੈ | ਰਾਜਨੀਤੀ ਦੀ ਬੇਸ਼ਰਮੀ ਵਾਲੀ ਭਾਸ਼ਾ ਤੇ ਅਨੈਤਿਕਤਾ ਤੋਂ ਲੋਕ ਅੱਕ ਚੁੱਕੇ ਹਨ | ਉਨ੍ਹਾਂ ਕੋਲ ਭਾਵੇਂ ਕੋਈ ਬਦਲ ਨਹੀਂ ਪਰ ਉਹ ਆਪਣੀ ਸੂਝ ਸਮਝ ਨਾਲ ਬਦਲ ਤਿਆਰ ਕਰਨ ਦੇ ਸਮਰੱਥ ਹਨ | ਇਹੀ ਰਾਜਨੀਤੀ ਦੇ ਚੰਗੇ ਭਵਿੱਖ ਦੀ ਆਸ ਹੈ, ਜਿਸ ਬਾਰੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ |
(ਸਮਾਪਤ)
-ਮੋਬਾਈਲ : 94173-58120