ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਬਿਜਲੀ ਦੀ ਸਪਲਾਈ ਨੂੰ ਲੈ ਕੇ ਵੱਡੀ ਹਲਚਲ ਮਚੀ ਰਹੀ ਹੈ | ਝੋਨੇ ਦੀ ਫ਼ਸਲ ਕਾਰਨ ਕਿਸਾਨ ਪਾਣੀ ਦੀ ਘਾਟ ਨੂੰ ਲੈ ਕੇ ਚਿੰਤਾਵਾਨ ਹਨ | ਸਨਅਤਕਾਰ ਵੱਡੀ ਪ੍ਰੇਸ਼ਾਨੀ ਵਿਚ ਨਜ਼ਰ ਆਉਂਦੇ ਰਹੇ ਹਨ | ਘਰਾਂ, ਦਫ਼ਤਰਾਂ ਅਤੇ ਹੋਰ ਅਦਾਰੇ ਵੀ ਸਖ਼ਤ ਗਰਮੀ ਵਿਚ ਅਣਐਲਾਨੇ ਵੱਡੇ-ਛੋਟੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਨਜ਼ਰ ਆਉਂਦੇ ਰਹੇ ਹਨ | ਕੁਝ ਸਰਕਾਰੀ ਅਤੇ ਨਿੱਜੀ ਖੇਤਰ ਦੇ ਬਿਜਲੀ ਪਲਾਂਟਾਂ ਦੇ ਕਈ ਯੂਨਿਟਾਂ ਵਿਚ ਨੁਕਸ ਪੈਦਾ ਹੋਣ ਕਰਕੇ ਵੀ ਬਿਜਲੀ ਦਾ ਉਤਪਾਦਨ ਘੱਟ ਰਿਹਾ | ਇਸ ਵਾਰ ਬਿਜਲੀ ਦੀ ਮੰਗ ਬੇਹੱਦ ਵੱਧ ਜਾਣ ਕਾਰਨ ਵੀ ਮਹਿਕਮੇ ਨੂੰ ਹੱਥਾਂ-ਪੈਰਾਂ ਦੀ ਪਈ ਰਹੀ ਹੈ | ਹੁਣ ਤੱਕ ਇਕ ਵੱਡੀ ਚਿੰਤਾ ਵਾਲੀ ਗੱਲ ਇਹ ਵੀ ਰਹੀ ਹੈ ਕਿ ਤਾਪ ਬਿਜਲੀ ਘਰਾਂ ਵਿਚ ਕੋਲੇ ਦੇ ਸਟਾਕ ਬਹੁਤ ਘੱਟ ਗਏ ਹਨ |
ਪੰਜਾਬ ਪ੍ਰਸ਼ਾਸਨ ਤਾਂ ਇਹ ਦਾਅਵਾ ਕਰਦਾ ਰਿਹਾ ਹੈ ਕਿ ਉਸ ਦੇ ਪਲਾਂਟਾਂ ਵਿਚ ਕੋਲੇ ਦੀ ਕਮੀ ਨਹੀਂ ਆਈ, ਪਰ ਨਿੱਜੀ ਪਲਾਂਟਾਂ ਸੰਬੰਧੀ ਇਸ ਕਮੀ ਦੀਆਂ ਖ਼ਬਰਾਂ ਨੇ ਚਿੰਤਾ ਜ਼ਰੂਰ ਪੈਦਾ ਕੀਤੀ ਹੈ | ਆਮ ਲੋਕ ਵੀ ਇਸ ਕਮੀ ਕਾਰਨ ਪ੍ਰੇਸ਼ਾਨ ਹੋਏ ਹਨ ਪਰ ਕਿਸਾਨਾਂ ਅਤੇ ਸਨਅਤਾਂ 'ਤੇ ਇਸ ਦਾ ਵੱਡਾ ਨਾਂਹ-ਪੱਖੀ ਅਸਰ ਪਿਆ ਹੈ | ਕੁੱਝ ਦਿਨ ਪਹਿਲਾਂ ਬਿਜਲੀ ਨਿਗਮ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਨੇ ਇਹ ਦਾਅਵਾ ਕੀਤਾ ਸੀ ਕਿ ਆਏ ਇਸ ਬਿਜਲੀ ਸੰਕਟ ਨੂੰ ਦੂਰ ਕਰ ਲਿਆ ਗਿਆ ਹੈ | ਉਨ੍ਹਾਂ ਸਭ ਨੂੰ ਨਿਰਵਿਘਨ ਬਿਜਲੀ ਦੇਣ ਦਾ ਯਕੀਨ ਵੀ ਦਿਵਾਇਆ ਸੀ | ਇਸੇ ਸੰਬੰਧ ਵਿਚ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਵੀ ਲਗਾਤਾਰ ਸਥਿਤੀ ਦੇ ਸੁਧਰਨ ਸੰਬੰਧੀ ਯਕੀਨ ਦਿਵਾਇਆ ਜਾ ਰਿਹਾ ਹੈ | ਉਨ੍ਹਾਂ ਇਹ ਗੱਲ ਜ਼ਰੂਰ ਮੰਨੀ ਕਿ ਬਿਜਲੀ ਦੀ ਮੰਗ ਦਾ ਅੰਕੜਾ ਬੇਹੱਦ ਵੱਧ ਜਾਣ ਕਾਰਨ ਮੁਸ਼ਕਿਲਾਂ ਜ਼ਰੂਰ ਪੇਸ਼ ਆਈਆਂ, ਪਰ ਹੁਣ ਇਹ ਹੱਲ ਕਰ ਲਿਆ ਗਿਆ ਹੈ | ਬਿਜਲੀ ਵਿਭਾਗ ਨੂੰ ਆਪਣੇ ਸਰੋਤਾਂ ਤੋਂ 5859 ਮੈਗਾਵਾਟ ਦਾ ਉਤਪਾਦਨ ਮਿਲ ਰਿਹਾ ਹੈ | ਇਸ ਦੇ ਬਾਵਜੂਦ ਨਿਗਮ ਨੂੰ 11000 ਮੈਗਾਵਾਟ ਤੋਂ ਵਧੇਰੇ ਬਿਜਲੀ ਬਾਹਰੋਂ ਖਰੀਦਣੀ ਪੈ ਰਹੀ ਹੈ | ਬਿਜਲੀ ਮੰਤਰੀ ਨੇ ਹੁਣ ਇਹ ਦਾਅਵਾ ਕੀਤਾ ਹੈ ਕਿ ਰਿਹਾਇਸ਼ੀ, ਵਪਾਰਕ, ਉਦਯੋਗਿਕ ਅਤੇ ਖੇਤੀਬਾੜੀ ਖੇਤਰ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਬਹਾਲ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਵਧੇਰੇ ਸੰਕਟ ਕੇਂਦਰ ਸਰਕਾਰ ਵਲੋਂ ਕੋਲੇ ਦੀ ਕੀਤੀ ਕਟੌਤੀ ਕਾਰਨ ਅਤੇ ਪੰਜਾਬ ਦਾ ਬਣਦਾ ਬਿਜਲੀ ਦਾ ਹਿੱਸਾ ਨਾ ਦੇਣ ਕਰਕੇ ਪੈਦਾ ਹੋਇਆ ਸੀ |
ਉਨ੍ਹਾਂ ਦਾਅਵਾ ਕੀਤਾ ਹੈ ਕਿ ਸੂਬੇ ਵਲੋਂ ਹੁਣ ਰਿਕਾਰਡ 17,423 ਮੈਗਾਵਾਟ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ ਸਾਰੇ 10 ਥਰਮਲ ਯੂਨਿਟ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ | ਹੁਣ ਇਹ ਵੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਵਿਚ ਸਰਕਾਰ ਆਪਣੇ ਕੀਤੇ ਵਾਅਦਿਆਂ ਅਤੇ ਪ੍ਰਗਟਾਈ ਵਚਨਬੱਧਤਾ 'ਤੇ ਕਿੰਨਾ ਕੁ ਸਮਾਂ ਸਥਿਰ ਰਹਿ ਸਕਦੀ ਹੈ | ਬਿਜਲੀ ਅੱਜ ਸਮੁੱਚੇ ਜੀਵਨ ਦਾ ਧੁਰਾ ਬਣੀ ਹੋਈ ਹੈ | ਇਸ ਖੇਤਰ ਵਿਚ ਚੰਗੀ ਪ੍ਰਾਪਤੀ ਹੀ ਜਨ-ਜੀਵਨ ਲਈ ਸੰਤੁਸ਼ਟੀ ਦਾ ਕਾਰਨ ਬਣਦੀ ਹੈ | ਪ੍ਰਸ਼ਾਸਨ ਦੀ ਇਹ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣਾ ਹਰ ਹੀਲਾ-ਵਸੀਲਾ ਵਰਤ ਕੇ ਇਸ ਅਹਿਮ ਖੇਤਰ ਦੀ ਕਾਰਗੁਜ਼ਾਰੀ ਨੂੰ ਸੰਤੁਸ਼ਟੀਜਨਕ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹੇ |
-ਬਰਜਿੰਦਰ ਸਿੰਘ ਹਮਦਰਦ