ਨਵੀਂ ਦਿੱਲੀ ਵਿਚ ਦੋ ਦਿਨਾ ਬਿ੍ਕਸ ਸੰਮੇਲਨ ਕਈ ਪੱਖਾਂ ਤੋਂ ਬੇਹੱਦ ਸਫ਼ਲ ਰਿਹਾ ਹੈ | ਭਾਰਤ ਨੇ ਇਸ 18ਵੇਂ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਜਿਸ ਤਰ੍ਹਾਂ ਦੀ ਪ੍ਰੋੜ੍ਹ ਸੂਝ ਦਾ ਪ੍ਰਗਟਾਵਾ ਕੀਤਾ ਹੈ ਅਤੇ ਜਿਸ ਤਰ੍ਹਾਂ ਸਾਰੇ ਮੈਂਬਰ ਦੇਸ਼ਾਂ ਵਿਚ ਤਵਾਜ਼ਨ ਬਿਠਾਉਣ ਦਾ ਯਤਨ ਕੀਤਾ ਹੈ, ਉਸ ਨੂੰ ਦੁਨੀਆ ਭਰ ਦੇ ਬਹੁਤੇ ਮੁਲਕਾਂ ਨੇ ਸਰਾਹਿਆ ਹੈ | ਇਸ ਦੇ ਮਹੱਤਵਪੂਰਨ ਮੈਂਬਰਾਂ ਰੂਸ ਅਤੇ ਚੀਨ ਨੇ ਅਜਿਹੀ ਪਹੁੰਚ ਅਪਣਾਈ ਸੀ ਕਿ ਅਮਰੀਕੀ ਡਾਲਰ ਦੀ ਥਾਂ 'ਤੇ ਆਪਸੀ ਤਜ਼ਾਰਤ ਲਈ ਕੋਈ ਆਪੋ-ਆਪਣੀਆਂ ਕਰੰਸੀਆਂ ਨੂੰ ਆਧਾਰ ਬਣਾਇਆ ਜਾਵੇ | ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਨੇ ਵੀ ਅਮਰੀਕੀ ਗਲਬੇ ਨੂੰ ਘਟਾਉਣ ਲਈ ਯੂਰੋ ਨਾਂਅ ਦੀ ਸਾਂਝੀ ਕਰੰਸੀ ਨੂੰ ਅਪਣਾ ਲਿਆ ਸੀ | ਬਿ੍ਕਸ ਸੰਗਠਨ ਦੇ ਮੈਂਬਰ ਦੇਸ਼ਾਂ ਦੀ ਆਬਾਦੀ ਦੁਨੀਆ ਭਰ ਦੇ ਮੁਕਾਬਲੇ ਵਿਚ ਲਗਭਗ ਅੱਧੀ ਹੈ ਅਤੇ ਇਨ੍ਹਾਂ ਦੀ ਅਰਥਵਿਵਸਥਾ ਵੀ ਕੌਮਾਂਤਰੀ ਤੌਰ 'ਤੇ 40 ਫ਼ੀਸਦੀ ਦੇ ਬਰਾਬਰ ਹੈ | ਭਾਰਤ ਦਾ ਚਾਹੇ ਅਮਰੀਕਾ ਨਾਲ ਹੁਣ ਤੱਕ ਵਪਾਰ ਸਮਝੌਤਾ ਸਿਰੇ ਨਹੀਂ ਚੜਿ੍ਹਆ ਪਰ ਯੂਰਪੀਅਨ ਯੂਨੀਅਨ ਅਤੇ ਬਰਤਾਨੀਆ ਨਾਲ ਇਸ ਦੇ ਵਪਾਰਕ ਸਮਝੌਤੇ ਹੋ ਚੁੱਕੇ ਹਨ |
ਇਸ ਲਈ ਹਾਲ ਦੀ ਘੜੀ ਚਾਹੇ ਬਿ੍ਕਸ ਦੇਸ਼ਾਂ ਵਿਚਕਾਰ ਆਪਸੀ ਤਜ਼ਾਰਤ ਲਈ ਸਾਂਝੀ ਵਪਾਰਕ ਕਰੰਸੀ ਦੀ ਗੱਲ ਸਿਰੇ ਨਹੀਂ ਚੜ੍ਹ ਸਕੀ ਪਰ ਭਾਰਤ ਇਸ ਦਿਸ਼ਾ ਵਿਚ ਸੰਭਲ ਕੇ ਅਤੇ ਸੂਝ ਨਾਲ ਕਦਮ ਉਠਾ ਰਿਹਾ ਹੈ, ਜਿਸ ਕਰਕੇ ਉਸ ਨੇ ਇਸ ਪਾਸੇ ਕੋਈ ਬਹੁਤੀ ਤੱਤਪਰਤਾ ਅਜੇ ਨਹੀਂ ਦਿਖਾਈ ਪਰ ਸਮੁੱਚੇ ਰੂਪ ਵਿਚ ਬਿ੍ਕਸ ਦੇਸ਼ਾਂ ਦੇ ਦਿੱਲੀ ਐਲਾਨਨਾਮੇ ਤੋਂ ਇਹ ਪ੍ਰਭਾਵ ਜ਼ਰੂਰ ਮਿਲਦਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ਼ ਨੀਤੀਆਂ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹੋਣ ਨੂੰ ਤਰਜੀਹ ਦੇ ਰਹੇ ਹਨ | ਕੌਮਾਂਤਰੀ ਵਪਾਰ ਵਿਚ ਅਮਰੀਕਾ ਲੜਖੜਾਉਂਦਾ ਨਜ਼ਰ ਆ ਰਿਹਾ ਹੈ | ਇਹ ਸੰਮੇਲਨ ਉਸ ਸਮੇਂ ਹੋਇਆ ਹੈ, ਜਦੋਂ ਰੂਸ ਅਤੇ ਯੂਕਰੇਨ ਵਿਚ ਵਰਿ੍ਹਆਂ ਤੋਂ ਸਖ਼ਤ ਲੜਾਈ ਚੱਲ ਰਹੀ ਹੈ | ਅਮਰੀਕਾ ਅਤੇ ਇਜ਼ਰਾਈਲ ਵਲੋਂ 6 ਕੁ ਮਹੀਨੇ ਪਹਿਲਾਂ ਈਰਾਨ 'ਤੇ ਕੀਤੇ ਗਏ ਹਮਲੇ ਅਤੇ ਹਾਰਮੁਜ਼ ਜਲਡਮਰੂ ਰਾਹੀਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਰੁਕਣ ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਆਰਥਿਕਤਾ ਡਗਮਗਾ ਚੁੱਕੀ ਹੈ | ਈਰਾਨ ਨੇ ਅਮਰੀਕੀ ਅੱਡਿਆਂ ਵਾਲੇ ਖਾੜੀ ਦੇਸ਼ਾਂ 'ਤੇ ਲਗਾਤਾਰ ਹਮਲੇ ਕੀਤੇ ਹਨ, ਜਿਸ ਨਾਲ ਦੋਹਾਂ ਧਿਰਾਂ ਵਿਚ ਤਕਰਾਰ ਬੇਹੱਦ ਵਧ ਚੁੱਕਾ ਹੈ | ਪਰ ਅਜਿਹੇ ਸਮੇਂ ਭਾਰਤ ਦੀ ਸਫ਼ਲ ਕੂਟਨੀਤੀ ਦੇ ਚਲਦਿਆਂ ਈਰਾਨ ਅਤੇ ਯੂਨਾਈਟਿਡ ਅਰਬ ਅਮੀਰਾਤ ਵਰਗੇ ਦੁਸ਼ਮਣ ਦੇਸ਼ ਵੀ ਇਕ ਸਾਂਝੇ ਮੰਚ 'ਤੇ ਪੁੱਜੇ ਹਨ | ਭਾਰਤ ਲਈ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਬਿ੍ਕਸ ਦੇਸ਼ਾਂ ਨੇ ਸਾਂਝੇ ਐਲਾਨਨਾਮੇ ਵਿਚ ਪਹਿਲਗਾਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਦੇਸ਼ਾਂ ਵਲੋਂ ਅੱਤਵਾਦੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ, ਉਨ੍ਹਾਂ ਦੀ ਵੀ ਸਖ਼ਤ ਆਲੋਚਨਾ ਐਲਾਨਨਾਮੇ ਵਿਚ ਸਾਹਮਣੇ ਆਈ ਹੈ | ਇਸ ਸੰਮੇਲਨ ਵਿਚ ਭਾਰਤ ਦਾ ਮੁੱਖ ਪ੍ਰਭਾਵ ਲਚੀਲਾਪਣ, ਸਹਿਯੋਗ ਅਤੇ ਸਥਿਰਤਾ ਦੇ ਵਿਚਾਰਾਂ ਵਾਲਾ ਰਿਹਾ ਹੈ, ਜਿਸ ਦੀ ਸਰਾਹਨਾ ਇਨ੍ਹਾਂ ਸਾਰੇ ਦੇਸ਼ਾਂ ਨੇ ਕੀਤੀ ਹੈ | ਇਸ ਐਲਾਨਨਾਮੇ 'ਚ ਗਾਜ਼ਾ ਵਿਚ ਫ਼ਲਸਤੀਨੀਆਂ ਦੇ ਅਧਿਕਾਰਾਂ ਨੂੰ ਮਾਨਤਾ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਅਮਰੀਕਾ ਵਲੋਂ ਆਪਣੇ ਢੰਗ-ਤਰੀਕੇ ਨਾਲ ਟੈਰਿਫ਼ ਲਗਾਉਣ ਦੀ ਨੀਤੀ ਨੂੰ ਵੀ ਨਕਾਰਿਆ ਗਿਆ ਹੈ | ਵੱਖ-ਵੱਖ ਸਥਿਤੀਆਂ ਵਿਚ ਘਿਰੇ ਅਤੇ ਅਲੱਗ-ਅਲੱਗ ਵਿਚਾਰਾਂ ਵਾਲੇ ਦੇਸ਼ਾਂ ਦਾ ਇਕੱਠੇ ਹੋ ਕੇ ਇਕਸੁਰ ਹੋ ਕੇ ਬੋਲਣਾ ਨਿਸਚੇ ਹੀ ਹੈਰਾਨ ਕਰਨ ਵਾਲਾ ਕਿਹਾ ਜਾ ਸਕਦਾ ਹੈ |
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਵੱਖਰੀ ਗੱਲਬਾਤ ਵੀ ਉਸਾਰੂ ਅਰਥਾਂ ਵਾਲੀ ਮੰਨੀ ਜਾ ਸਕਦੀ ਹੈ | ਚੀਨ ਦੇ ਮੁਖੀ ਸ਼ੀ ਜਿਨਪਿੰਗ ਨਾਲ ਮੋਦੀ ਦੇ ਆਪਸੀ ਵਪਾਰ ਅਤੇ ਸਰਹੱਦਾਂ ਦੀ ਗੁੰਝਲਦਾਰ ਸਮੱਸਿਆ ਸੰਬੰਧੀ ਵਿਸਥਾਰਤ ਵਿਚਾਰ ਵਟਾਂਦਰੇ ਨਾਲ ਇਹ ਗੱਲ ਵੀ ਪਰਪੱਕ ਹੋਈ ਹੈ ਕਿ ਆਉਂਦੇ ਸਮੇਂ ਵਿਚ ਇਹ ਦੋਵੇਂ ਦੇਸ਼ ਇਸ ਗੁੰਝਲਦਾਰ ਮਸਲੇ ਪ੍ਰਤੀ ਕੋਈ ਸੰਤੁਸ਼ਟੀਜਨਕ ਹੱਲ ਲੱਭਣ ਵਿਚ ਕਾਮਯਾਬ ਹੋ ਸਕਦੇ ਹਨ | ਦੁਨੀਆ ਭਰ ਦੇ ਮੀਡੀਆ ਨੇ ਵੀ ਇਸ ਸੰਮੇਲਨ ਸੰਬੰਧੀ ਆਪਣੇ ਪ੍ਰਤੀਕਰਮਾਂ ਵਿਚ ਭਾਰਤ ਦੀ ਸਰਾਹਨਾ ਕੀਤੀ ਹੈ | ਬਿ੍ਕਸ ਦੇਸ਼ਾਂ ਵਲੋਂ ਮਸਨੂਈ ਬੁੱਧੀ, ਆਪਸੀ ਵਪਾਰ ਅਤੇ ਸਹਿਯੋਗ ਦੀ ਭਾਵਨਾ ਨਾਲ ਤੁਰਨ ਦੀ ਚਾਹਨਾ ਜੇਕਰ ਅਮਲੀ ਰੂਪ ਵਿਚ ਸਫ਼ਲ ਹੁੰਦੀ ਹੈ ਤਾਂ ਇਸ ਨਾਲ ਕੌਮਾਂਤਰੀ ਮੰਚ 'ਤੇ ਦੇਸ਼ਾਂ ਦੀਆਂ ਉਲਝੀਆਂ ਗੁੰਝਲਾਂ ਨੂੰ ਸੁਲਝਾ ਸਕਣ ਦਾ ਰਾਹ ਜ਼ਰੂਰ ਪੱਧਰਾ ਹੁੰਦਾ ਹੈ | ਇਸ ਸੰਮੇਲਨ ਤੋਂ ਪੈਦਾ ਹੋਈ ਅਜਿਹੀ ਆਸ ਇਸ ਸਮੇਂ ਕੌਮਾਂਤਰੀ ਮੰਚ 'ਤੇ ਬੇਹੱਦ ਤਪ ਰਹੇ ਮਾਹੌਲ ਲਈ ਇਕ ਠੰਢੀ ਅਤੇ ਤਾਜ਼ਾ ਹਵਾ ਦਾ ਅਜਿਹਾ ਬੁੱਲਾ ਜ਼ਰੂਰ ਹੈ, ਜੋ ਵਾਤਾਵਰਨ ਨੂੰ ਸੁਖਾਵਾਂ ਬਣਾਉਣ ਵਿਚ ਸਹਾਈ ਹੋ ਸਕਦਾ ਹੈ |
-ਬਰਜਿੰਦਰ ਸਿੰਘ ਹਮਦਰਦ